ਦ੍ਰਿੜਤਾ ਨਾਲ ਸੱਚ ਉਤੇ ਲਿਖਣ ਵਾਲੇ ਮਸ਼ਹੂਰ ਲੇਖਕ ਸਲਮਾਨ ਰਸਦੀ ਉਤੇ ਅਮਰੀਕਾ ਵਿਚ ਹੋਏ ਹਮਲੇ ਉਤੇ ਇੰਡੀਆਂ ਵੱਲੋਂ ਨਾ ਬੋਲਣਾ ਅਤਿ ਦੁੱਖਦਾਇਕ : ਮਾਨ

ਫ਼ਤਹਿਗੜ੍ਹ ਸਾਹਿਬ, 15 ਅਗਸਤ ( ) “ਕਿਸੇ ਵੀ ਵਿਸ਼ੇ ਉਤੇ ਲਿਖਣ ਵਾਲੇ ਲੇਖਕ ਕਦੀ ਵੀ ਕਿਸੇ ਕੌਮ, ਧਰਮ, ਫਿਰਕੇ, ਕਬੀਲੇ ਆਦਿ ਨਾਲ ਬੱਝੇ ਨਹੀ ਹੁੰਦੇ ਬਲਕਿ ਉਨ੍ਹਾਂ ਦੀ ਸੋਚਣੀ ਅਤੇ ਦੂਰਅੰਦੇਸ਼ੀ ਵਿਸ਼ਾਲਤਾ ਨਾਲ ਭਰਪੂਰ ਹੁੰਦੀ ਹੈ ਅਤੇ ਲਿਖਦੇ ਸਮੇਂ ਹਰ ਤਰ੍ਹਾਂ ਦੀਆਂ ਵਲਗਣਾਂ ਤੋਂ ਉਪਰ ਉੱਠਕੇ ਮਨੁੱਖਤਾ, ਇਨਸਾਨੀਅਤ ਕਦਰਾਂ-ਕੀਮਤਾਂ ਉਤੇ ਅਤੇ ਹਰ ਤਰ੍ਹਾਂ ਦੇ ਹਕੂਮਤੀ ਜ਼ਬਰ-ਜੁਲਮ ਖਿਲਾਫ਼ ਆਵਾਜ਼ ਬੁਲੰਦ ਕਰਨ ਦੇ ਆਦੀ ਹੁੰਦੇ ਹਨ। ਬੀਤੇ ਕੁਝ ਦਿਨ ਪਹਿਲੇ ਮਸ਼ਹੂਰ ਲੇਖਕ ਸ੍ਰੀ ਸਲਮਾਨ ਰਸਦੀ ਜੋ ਸੋਲਨ (ਹਿਮਾਚਲ) ਦੇ ਜੰਮਪਲ ਹਨ, ਉਤੇ ਅਮਰੀਕਾ ਵਿਚ ਬਹੁਤ ਬੁਰੀ ਤਰ੍ਹਾਂ ਛੁਰਿਆ ਨਾਲ ਹਮਲਾ ਕੀਤਾ ਗਿਆ ਹੈ । ਬੇਸ਼ੱਕ ਉਹ ਮੁਸਲਿਮ ਕੌਮ ਨਾਲ ਸੰਬੰਧਤ ਹਨ, ਪਰ ਅਜਿਹੇ ਘਿਣੋਨੇ ਹਮਲਿਆ ਦੀ ਇੰਡੀਆਂ ਹਕੂਮਤ ਅਤੇ ਹਰ ਇਨਸਾਫ਼ ਪਸ਼ੰਦ ਵੱਲੋਂ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਨੀ ਬਣਦੀ ਹੈ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਇੰਡੀਆ ਦੀ ਮੁਤੱਸਵੀ ਮੋਦੀ ਹਕੂਮਤ ਵੱਲੋਂ ਉਪਰੋਕਤ ਮਸ਼ਹੂਰ ਲੇਖਕ ਉਤੇ ਹੋਏ ਜਾਨਲੇਵਾ ਹਮਲੇ ਦੀ ਅਮਰੀਕਾ ਵਿਚ ਹੋਈ ਕਾਰਵਾਈ ਦੀ ਇਨਸਾਨੀਅਤ ਦੇ ਨਾਤੇ ਨਿਖੇਧੀ ਨਾ ਕਰਨਾ ਫਿਰਕੂਆਨਾ ਸੋਚ ਨੂੰ ਪ੍ਰਤੱਖ ਕਰਦਾ ਹੈ । ਜੋ ਕਿ ਅਜਿਹਾ ਕਦਾਚਿਤ ਨਹੀ ਹੋਣਾ ਚਾਹੀਦਾ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੁਸਲਿਮ ਕੌਮ ਨਾਲ ਸੰਬੰਧਤ ਮਸ਼ਹੂਰ ਲੇਖਕ ਸਲਮਾਨ ਰਸਦੀ ਉਤੇ ਅਮਰੀਕਾ ਵਿਚ ਹੋਏ ਮੰਦਭਾਵਨਾ ਅਧੀਨ ਹਮਲੇ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਅਤੇ ਇੰਡੀਆਂ ਦੇ ਹੁਕਮਰਾਨਾਂ ਵੱਲੋਂ ਇਹ ਹੋਈ ਵੱਡੀ ਘਟਨਾ ਉਤੇ ਚੁੱਪ ਰਹਿਣ ਦੀ ਗੱਲ ਉਤੇ ਡੂੰਘਾਂ ਦੁੱਖ ਤੇ ਅਫ਼ਸੋਸ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਉਸ ਅਕਾਲ ਪੁਰਖ ਦੇ ਚਰਨਾਂ ਵਿਚ ਅਰਜੋਈ ਕੀਤੀ ਕਿ ਸ੍ਰੀ ਸਲਮਾਨ ਰਸਦੀ ਉਤੇ ਬੇਸ਼ੱਕ ਬਹੁਤ ਹੀ ਖ਼ਤਰਨਾਕ ਹਮਲਾ ਹੋਇਆ ਹੈ, ਪਰ ਉਹ ਜਲਦੀ ਤੋ ਜਲਦੀ ਸਰੀਰਕ ਅਤੇ ਮਾਨਸਿਕ ਤੌਰ ਤੇ ਤੰਦਰੁਸਤ ਹੋ ਕੇ ਆਪਣੀਆ ਬੇਬਾਕ ਲਿਖਤਾਂ ਅਤੇ ਵਿਚਾਰਾਂ ਰਾਹੀ ਸਮੁੱਚੇ ਸੰਸਾਰ, ਕੌਮਾਂ, ਧਰਮਾਂ, ਫਿਰਕਿਆ, ਕਬੀਲਿਆ ਨੂੰ ਅਗਵਾਈ ਦਿੰਦੇ ਰਹਿਣ ਅਤੇ ਸੱਚ ਨੂੰ ਉਜਾਗਰ ਕਰਦੇ ਰਹਿਣ ।

ਸ. ਮਾਨ ਨੇ ਇਕ ਵੱਖਰੇ ਬਿਆਨ ਰਾਹੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਾਬਕਾ ਵਾਇਸ ਚਾਂਸਲਰ ਅਤੇ ਹਰਮਨ ਪਿਆਰੇ ਲੇਖਕ ਸ. ਜੇ.ਐਸ. ਗਰੇਵਾਲ ਦੇ ਅਚਾਨਕ ਅਕਾਲ ਚਲਾਣਾ ਹੋ ਜਾਣ ਉਤੇ ਗਰੇਵਾਲ ਪਰਿਵਾਰ ਅਤੇ ਉਨ੍ਹਾਂ ਦੀ ਸਰਪ੍ਰਸਤੀ ਹੇਠ ਯੂਨੀਵਰਸਿਟੀ ਵਿਚ ਪੜ੍ਹੇ ਵੱਡੀ ਗਿਣਤੀ ਵਿਚ ਵਿਦਿਆਰਥੀਆਂ, ਪ੍ਰੌਫੈਸਰਾਂ, ਲੇਖਕਾਂ, ਬੁੱਧੀਜੀਵੀਆਂ, ਸੰਬੰਧੀਆਂ, ਮਿੱਤਰਾਂ ਨਾਲ ਡੂੰਘੇ ਦੁੱਖ ਦਾ ਇਜਹਾਰ ਕਰਦੇ ਹੋਏ ਅਤੇ ਉਸ ਅਕਾਲ ਪੁਰਖ ਦੇ ਚਰਨਾਂ ਵਿਚ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਦੇ ਹੋਏ ਡੂੰਘੀ ਹਮਦਰਦੀ ਪ੍ਰਗਟ ਕੀਤੀ । ਸ. ਮਾਨ ਅਤੇ ਪਾਰਟੀ ਨੇ ਸਮੂਹਿਕ ਤੌਰ ਤੇ ਇਹ ਵੀ ਅਰਜੋਈ ਕੀਤੀ ਕਿ ਉਨ੍ਹਾਂ ਦੀ ਪਵਿੱਤਰ ਆਤਮਾ ਨੂੰ ਗੁਰੂ ਸਾਹਿਬ ਆਪਣੇ ਚਰਨਾਂ ਵਿਚ ਨਿਵਾਸ ਬਖਸਣ ।

Leave a Reply

Your email address will not be published. Required fields are marked *