ਹਰਿਆਣਾ ਦੀ ਖੱਟਰ ਸਰਕਾਰ ਤੇ ਜਿ਼ਲ੍ਹਾ ਪ੍ਰੀਸ਼ਦ ਅੰਬਾਲਾ ਵੱਲੋਂ ਗੁਰਦੁਆਰਾ ਮੰਜੀ ਸਾਹਿਬ ਅਤੇ ਪੰਜੋਖੜਾ ਸਾਹਿਬ ਤਿਰੰਗੇ ਝੁਲਾਉਣ ਦੇ ਹੁਕਮ ਤਾਨਾਸਾਹੀ ਅਤੇ ਅਸਹਿ : ਮਾਨ

ਜੋ ਵੀ ਸਿੱਖ ਮੁਤੱਸਵੀਆਂ ਦੇ ਪੰਥ ਵਿਰੋਧੀ ਹੁਕਮਾਂ ਨੂੰ ਮੰਨਕੇ ਅਵੱਗਿਆ ਕਰਨਗੇ, ਉਹ ਖ਼ਾਲਸਾ ਪੰਥ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਤਨਖਾਹੀਏ ਹੋਣਗੇ 

ਫ਼ਤਹਿਗੜ੍ਹ ਸਾਹਿਬ, 09 ਅਗਸਤ ( ) “ਸ੍ਰੀ ਮੋਦੀ ਦੀ ਸੈਟਰ ਹਕੂਮਤ, ਬੀਜੇਪੀ-ਆਰ.ਐਸ.ਐਸ. ਵਰਗੇ ਕੱਟੜਵਾਦੀ ਸੰਗਠਨ ਇਥੋ ਦੇ ਅਮਨਮਈ ਤੇ ਜਮਹੂਰੀਅਤ ਪੱਖੀ ਮਾਹੌਲ ਨੂੰ ਕਿਸ ਹੱਦ ਤੱਕ ਵਿਸਫੋਟਕ ਬਣਾ ਰਹੇ ਹਨ, ਉਹ ਇਸ ਗੱਲ ਤੋਂ ਪ੍ਰਤੱਖ ਹੋ ਜਾਂਦਾ ਹੈ ਕਿ ਹਰਿਆਣਾ ਦੀ ਖੱਟਰ ਸਰਕਾਰ ਅਤੇ ਜਿ਼ਲ੍ਹਾ ਪ੍ਰੀਸ਼ਦ ਅੰਬਾਲਾ ਦੇ ਮੁੱਖ ਕਾਰਜਕਾਰਨੀ ਅਫਸਰ/ਕਮ ਨੋਡਲ ਅਫਸਰ ‘ਹਰ ਘਰ ਤਿਰੰਗਾ’ ਦੇ ਮੰਦਭਾਵਨਾ ਭਰੇ ਮਕਸਦ ਅਧੀਨ ਸਾਡੇ ਗੁਰੂਘਰਾਂ ਉਤੇ ਤਿਰੰਗੇ ਝੁਲਾਉਣ ਦੇ ਲਿਖਤੀ ਹੁਕਮ ਕਰ ਰਹੇ ਹਨ ਜੋ ਕਿ ਜਿ਼ਲ੍ਹਾ ਪ੍ਰੀਸ਼ਦ ਅੰਬਾਲਾ ਦੇ ਲੈਟਰਹੈੱਡ ਦੇ ਪੱਤਰ ਨੰਬਰ ਡੀ.ਐਮ.ਐਮ.ਯੂ/ਏ.ਐਮ.ਬੀ./2022/379-382 ਮਿਤੀ 06 ਅਗਸਤ 2022 ਰਾਹੀ ਗੁਰੂਘਰਾਂ ਜਿਨ੍ਹਾਂ ਵਿਚ ਗੁਰਦੁਆਰਾ ਮੰਜੀ ਸਾਹਿਬ ਅੰਬਾਲਾ ਅਤੇ ਗੁਰਦੁਆਰਾ ਪੰਜੋਖੜਾ ਸਾਹਿਬ ਅੰਬਾਲਾ ਕੈਟ ਨੂੰ 15 ਅਗਸਤ ਨੂੰ ਤਿਰੰਗੇ ਝੁਲਾਉਣ ਦੇ ਤਾਨਾਸਾਹੀ ਪੰਥਕ ਰਵਾਇਤਾ, ਆਨਸਾਨ ਦੀ ਤੋਹੀਨ ਕਰਨ ਵਾਲੇ ਨਾ ਮੰਨਣ ਯੋਗ ਹੁਕਮ ਕੀਤੇ ਗਏ ਹਨ । ਜਿਸਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜਿਥੇ ਅਤਿ ਸਖਤ ਸ਼ਬਦਾਂ ਵਿਚ ਨਿੰਦਾ ਕਰਦਾ ਹੈ, ਉਥੇ ਮੁਤੱਸਵੀ ਬੀਜੇਪੀ ਦੀ ਹਰਿਆਣਾ ਹਕੂਮਤ ਅਤੇ ਜਿ਼ਲ੍ਹਾ ਪ੍ਰੀਸਦ ਅੰਬਾਲਾ ਦੇ ਜਿ਼ੰਮੇਵਾਰ ਅਧਿਕਾਰੀਆ ਨੂੰ ਖ਼ਬਰਦਾਰ ਕਰਨਾ ਚਾਹੇਗਾ ਕਿ ਅਜਿਹੇ ਖ਼ਾਲਸਾ ਪੰਥ ਦੀਆਂ ਗੁਰੂ ਸਾਹਿਬਾਨ ਵੱਲੋ ਸਦੀਆਂ ਤੋ ਤਹਿ ਕੀਤੀਆ ਅਤੇ ਚੱਲਦੀਆ ਆ ਰਹੀਆ ਰਵਾਇਤਾ ਦੀ ਤੋਹੀਨ ਕਰਨ ਵਾਲੇ ਕਿਸੇ ਵੀ ਨਾਦਰਸਾਹੀ ਹੁਕਮ ਨੂੰ ਪ੍ਰਵਾਨ ਨਹੀ ਕਰਾਂਗੇ । ਜੇਕਰ ਗੁਰੂਘਰਾਂ ਦੇ ਪ੍ਰਬੰਧਕਾਂ ਜਾਂ ਬੀਜੇਪੀ ਦੇ ਗੁਲਾਮ ਬਣੇ ਕਿਸੇ ਸਿੱਖ ਅਧਿਕਾਰੀ ਜਾਂ ਪ੍ਰਬੰਧਕ ਨੇ ਗੁਰੂਘਰ ਉਤੇ ਤਿਰੰਗਾ ਝੁਲਾਉਣ ਦੀ ਗੁਸਤਾਖੀ ਕਰਕੇ ਗੁਰੂਘਰਾਂ ਦੀਆਂ ਮਹਾਨ ਮਰਿਯਾਦਾਵਾ ਨੂੰ ਤੋੜਨ ਦੀ ਗੁਸਤਾਖੀ ਕੀਤੀ ਤਾਂ ਉਹ ਮੀਰੀ-ਪੀਰੀ ਦੇ ਮਹਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਦੋਖੀ ਅਤੇ ਦੋਸ਼ੀ ਹੋਣਗੇ ਅਤੇ ਉਨ੍ਹਾਂ ਨੂੰ ਪੰਥਕ ਰਵਾਇਤਾ ਅਨੁਸਾਰ ਤਨਖਾਹੀਏ ਹੋਣਗੇ । ਜਿਨ੍ਹਾਂ ਨੂੰ ਸਿੱਖ ਕੌਮ ਕਤਈ ਵੀ ਮੁਆਫ਼ ਨਹੀ ਕਰੇਗੀ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਰਿਆਣਾ ਦੀ ਬੀਜੇਪੀ ਖੱਟਰ ਸਰਕਾਰ ਅਤੇ ਉਥੋ ਦੀ ਜਿ਼ਲ੍ਹਾ ਪ੍ਰੀਸ਼ਦ ਦੇ ਉਨ੍ਹਾਂ ਅਧਿਕਾਰੀਆ ਜਿਨ੍ਹਾਂ ਨੇ ਆਪਣੇ ਦਸਤਖਤਾਂ ਹੇਠ ਅਜਿਹੇ ਪੰਥਕ ਵਿਰੋਧੀ ਰਵਾਇਤਾ ਵਾਲੇ ਲਿਖਤੀ ਹੁਕਮ ਜਾਰੀ ਕੀਤੇ ਹਨ, ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦਿਆ ਅਤੇ ਸਿੱਖ ਕੌਮ ਦੇ ਰੋਹ ਦੇ ਮਾਰੂ ਨਤੀਜਿਆ ਪ੍ਰਤੀ ਖਬਰਦਾਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸਿੱਖ ਕੌਮ ਆਪਣੇ ਦੋਵੇ ਸਮੇ “ਚੌਕੀਆ, ਝੰਡੇ, ਬੂੰਗੇਂ ਜੁੱਗੋ-ਜੁੱਗ ਅਟੱਲ” ਅਤੇ ‘ਝੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ’ ਦੀ ਅਰਦਾਸ ਕਰਦੀ ਹੈ । ਜੋ ਸਰਬੱਤ ਦੇ ਭਲੇ ਦੇ ਨਾਲ-ਨਾਲ ਹਰ ਖੇਤਰ ਵਿਚ ‘ਫਤਹਿ’ ਦੀ ਪ੍ਰਤੀਕ ਦੀ ਫਖਰ ਵਾਲੀ ਕੌਮੀ ਭਾਵਨਾ ਨੂੰ ਨਿਰੰਤਰ ਉਜਾਗਰ ਕਰਦੀ ਆ ਰਹੀ ਹੈ । ਉਨ੍ਹਾਂ ਕਿਹਾ ਕਿ ਅਜਿਹੇ ਤਾਨਾਸਾਹੀ ਪੰਥ ਵਿਰੋਧੀ ਹੁਕਮ ਦੇ ਵਾਲੇ ਸਿਆਸਤਦਾਨਾਂ ਤੇ ਅਧਿਕਾਰੀਆ ਨੂੰ ਇਹ ਗਿਆਨ ਹੋਣਾ ਚਾਹੀਦਾ ਹੈ ਕਿ ਜਦੋਂ ਹਿੰਦੂ ਬਹੂ-ਬੇਟੀਆ ਨੂੰ ਮੁਗਲ ਜ਼ਬਰੀ ਚੁੱਕ ਕੇ ਲੈ ਜਾਂਦੇ ਸਨ, ਤਾਂ ਸਾਡੇ ਨਿਹੰਗ ਸਿੰਘ ਫ਼ੌਜਾਂ ਇਸ ਖਾਲਸਾਈ ਝੰਡੇ ਦੀ ਅਗਵਾਈ ਹੇਠ ਅਤੇ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ਦੇ ਜੈਕਾਰਿਆ ਨਾਲ ਜਾਬਰਾਂ ਉਤੇ ਹਮਲੇ ਕਰਕੇ ਇਨ੍ਹਾਂ ਧੀਆਂ-ਭੈਣਾਂ ਨੂੰ ਬਾਇੱਜ਼ਤ ਉਨ੍ਹਾਂ ਦੇ ਘਰੋ-ਘਰੀ ਪਹੁੰਚਾਉਣ ਦੀ ਜਿ਼ੰਮੇਵਾਰੀ ਨਿਭਾਉਦੇ ਰਹੇ ਹਨ। ਇਸੇ ਕੇਸਰੀ ਝੰਡੇ ਤੇ ਜੈਕਾਰਿਆ ਨਾਲ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਹਿੰਦੂਆਂ ਦੇ ਤਿਲਕ ਜੰਜੂ ਦੀ ਰਾਖੀ ਲਈ ਦਿੱਲੀ ਦੇ ਚਾਂਦਨੀ ਚੌਕ ਵਿਚ ਖੁਦ ਆਪ ਅਤੇ ਆਪਣੇ ਸਿੱਖਾਂ ਦੀਆਂ ਸ਼ਹਾਦਤਾਂ ਦਿੱਤੀਆ ਹਨ । ਪਾਕਿਸਤਾਨ-ਬੰਗਲਾਦੇਸ਼ ਦੀਆਂ ਸਰਹੱਦਾਂ ਉਤੇ ਜੰਗਾਂ-ਯੁੱਧਾਂ ਨੂੰ ਫਤਹਿ ਕਰਨ ਵਾਲੀਆ ਸਿੱਖ ਰੈਜਮੈਟਾਂ ਅਤੇ ਫ਼ੌਜਾਂ ਨੇ ਹੀ ਇਹ ਵੱਡੇ ਜੋਖਮ ਭਰੇ ਅਤੇ ਕੁਰਬਾਨੀਆ ਭਰੇ ਮਿਸਨ ਨੂੰ ਕੇਸਰੀ ਝੰਡਿਆ ਅਤੇ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ਦੇ ਜੈਕਾਰਿਆ ਹੇਠ ਹੀ ਫਤਹਿ ਕੀਤੇ ਸੀ । 2020 ਵਿਚ ਜਦੋਂ ਚੀਨ ਨੇ ਲਦਾਖ ਉਤੇ ਕਬਜਾ ਕਰਨ ਦੀ ਮੰਦਭਾਵਨਾ ਅਧੀਨ ਹਮਲਾ ਕੀਤਾ ਸੀ ਤਾਂ ਸਿੱਖ ਫ਼ੌਜਾਂ ਤੇ ਜਰਨੈਲਾਂ ਨੇ ਇਸ ਕੇਸਰੀ ਨਿਸ਼ਾਨ ਅਤੇ ਜੈਕਾਰਿਆ ਦੀ ਗੂੰਜ ਵਿਚ ਜਾ ਕੇ ਜਿਸ ਲਦਾਖ ਦੀ ਟੀਸੀ ਉਤੇ ਇਹ ਕੇਸਰੀ ਨਿਸ਼ਾਨ ਸਾਹਿਬ ਦਾ ਝੰਡਾ ਗੱਡਿਆ ਸੀ, ਉਸ ਉਪਰੰਤ ਚੀਨੀ ਫ਼ੌਜਾਂ ਇਕ ਕਦਮ ਵੀ ਅੱਗੇ ਨਹੀ ਸੀ ਵੱਧ ਸਕੀਆ ਅਤੇ ਰੱਖਿਆ ਵਜ਼ੀਰ ਸ੍ਰੀ ਰਾਜਨਾਥ ਸਿੰਘ ਨੇ ਖੁਦ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ਦੇ ਜੈਕਾਰੇ ਲਗਾਏ ਸਨ । 

ਉਨ੍ਹਾਂ ਇਤਿਹਾਸ ਦਾ ਵੇਰਵਾ ਦਿੰਦੇ ਹੋਏ ਕਿਹਾ ਕਿ ਜਦੋ ਗੁਰੂ ਸਾਹਿਬਾਨ ਦੇ ਪੁੱਤਰ ਨੇ ਉਸ ਸਮੇ ਦੇ ਜਾਲਮ ਬਾਦਸਾਹ ਅੱਗੇ ਗੁਰਬਾਣੀ ਪੜ੍ਹਦਿਆ ਹੋਇਆ ‘ਮਿੱਟੀ ਮੁਸਲਮਾਨ ਕੀ’ ਦੇ ਸਥਾਂਨ ਤੇ ‘ਮਿੱਟੀ ਬੇਈਮਾਨੀ ਕੀ’ ਗਲਤ ਪੜ੍ਹਕੇ ਸਿੱਖੀ ਮਰਿਯਾਦਾਵਾ ਦਾ ਉਲੰਘਣ ਕੀਤਾ ਸੀ, ਤਾਂ ਗੁਰੂ ਸਾਹਿਬ ਨੇ ਆਪਣੇ ਉਸ ਪੁੱਤਰ ਨੂੰ ਸਦਾ ਲਈ ਪੰਥ ਨਿਕਾਲਾ ਦੇ ਦਿੱਤਾ ਸੀ । ਇਸ ਲਈ ਕੋਈ ਵੀ ਸਿੱਖ ਬੀਜੇਪੀ-ਆਰ.ਐਸ.ਐਸ. ਜਾਂ ਹੋਰ ਮੁਤੱਸਵੀ ਹਕੂਮਤ ਨਾਲ ਸਾਂਝ ਰੱਖਣ ਵਾਲੇ ਸੰਗਠਨਾਂ ਦੇ ਅਜਿਹੇ ਕਿਸੇ ਵੀ ਪੰਥ ਵਿਰੋਧੀ ਹੁਕਮ ਨੂੰ ਕਦੀ ਵੀ ਪ੍ਰਵਾਨ ਨਹੀ ਕਰੇਗਾ । ਬਲਕਿ ਜੋ ਹੁਕਮ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਸਾਹਿਬਾਨ ਨੇ ਸਾਨੂੰ ਬਖਸਿਸ ਕੀਤੇ ਹਨ, ਅਸੀ ਉਨ੍ਹਾਂ ਉਤੇ ਹੀ ਪਹਿਰਾ ਦਿੰਦੇ ਆ ਰਹੇ ਹਾਂ ਅਤੇ ਪਹਿਰਾ ਦਿੰਦੇ ਰਹਾਂਗੇ । ਜਾਬਰ ਅਤੇ ਜਾਲਮ ਹੁਕਮਰਾਨ ਦੇ ਕਿਸੇ ਅਜਿਹੇ ਪੰਥ ਵਿਰੋਧੀ ਹੁਕਮ ਨੂੰ ਸਿੱਖ ਕੌਮ ਨੇ ਨਾ ਬੀਤੇ ਸਮੇ ਵਿਚ ਪ੍ਰਵਾਨ ਕੀਤਾ ਹੈ ਨਾ ਅਜੋਕੇ ਸਮੇ ਵਿਚ ਜਾਂ ਆਉਣ ਵਾਲੇ ਸਮੇ ਵਿਚ ਕਰਾਂਗੇ । ਆਪਣੇ ਗੁਰੂ ਦੇ ਹੁਕਮਾਂ ਉਤੇ ਹੀ ਫੁੱਲ ਚੜਾਵਾਂਗੇ । ਕਿਉਂਕਿ ਉਨ੍ਹਾਂ ਦੇ ਹੁਕਮ ਜਿਥੇ ਹਰ ਦੀਨ-ਦੁੱਖੀ, ਲੋੜਵੰਦ, ਬੇਸਹਾਰਾ, ਯਤੀਮਾ ਦੀ ਆਪਣੇ ਦਸਵੰਧ ਵਿਚੋ ਮਦਦ ਕਰਨ ਜਾਂ ਹੱਥੀ ਸੇਵਾ ਕਰਕੇ ਉਨ੍ਹਾਂ ਦੇ ਕਸਟਾਂ ਨੂੰ ਦੂਰ ਕਰਨ ਲਈ, ਸਰਬੱਤ ਦੇ ਭਲੇ ਦੀ ਸੋਚ ਵਾਲੇ ਹਨ, ਉਥੇ ਹਰ ਤਰ੍ਹਾਂ ਦੇ ਜ਼ਬਰ ਜੁਲਮ ਜਾਂ ਜਾਲਮ ਦਾ ਸਿੱਖੀ ਰਵਾਇਤਾ ਅਨੁਸਾਰ ਟਾਕਰਾ ਕਰਨ ਅਤੇ ਉਨ੍ਹਾਂ ਦਾ ਖਾਤਮਾ ਕਰਨ ਦਾ ਆਦੇਸ ਵੀ ਦਿੰਦੇ ਹਨ । ਸ. ਮਾਨ ਨੇ ਜਿਥੇ ਗੁਰਦੁਆਰਾ ਮੰਜੀ ਸਾਹਿਬ ਅੰਬਾਲਾ ਅਤੇ ਪੰਜੋਖੜਾ ਸਾਹਿਬ ਦੇ ਗੁਰੂਘਰਾਂ ਉਤੇ ਮਰਿਯਾਦਾ ਦੇ ਉਲਟ ਤਿਰੰਗੇ ਝੰਡੇ ਝੁਲਾਉਣ ਦੇ ਹੁਕਮਾਂ ਨੂੰ ਨਾਦਰਸਾਹੀ ਕਰਾਰ ਦਿੰਦੇ ਹੋਏ ਵਿਰੋਧਤਾ ਕੀਤੀ ਹੈ ਅਤੇ ਅਪ੍ਰਵਾਨ ਕਰਨ ਦੀ ਸਿੱਖਾਂ ਨੂੰ ਅਪੀਲ ਕੀਤੀ ਹੈ, ਉਥੇ ਜੋ ਸਿੱਖ ਰਵਾਇਤਾ ਦੇ ਉਲਟ ਜਾ ਕੇ ਬੀਜੇਪੀ ਜਾਂ ਆਰ.ਐਸ.ਐਸ. ਦੇ ਦਬਾਅ ਹੇਠ ਅਜਿਹੀ ਗੁਸਤਾਖੀ ਕਰਨਗੇ, ਉਨ੍ਹਾਂ ਨੂੰ ਉਚੇਚੇ ਤੌਰ ਤੇ ਸਿੱਖ ਕੌਮ ਦੇ ਵੱਡੇ ਰੋਹ ਦਾ ਸਾਹਮਣਾ ਕਰਨ ਅਤੇ ਸ੍ਰੀ ਅਕਾਲ ਤਖਤ ਸਾਹਿਬ ਵੱਲੋ ਤਨਖਾਹੀਆ ਕਰਾਰ ਦੇਣ ਦੇ ਸਿੱਟਿਆ ਤੋ ਵੀ ਖਬਰਦਾਰ ਕੀਤਾ । ਹਰਿਆਣੇ ਦੀ ਅੰਬਾਲਾ ਜਿ਼ਲ੍ਹਾ ਪ੍ਰੀਸ਼ਦ ਵੱਲੋ ਪੰਥ ਮਰਿਯਾਦਾ ਵਿਰੋਧੀ ਕੀਤੇ ਗਏ ਲਿਖਤੀ ਹੁਕਮਾਂ ਦੀ ਨਕਲ ਕਾਪੀ ਵੀ ਜਾਣਕਾਰੀ ਹਿੱਤ ਪ੍ਰੈਸ ਨੋਟ ਨਾਲ ਭੇਜੀ ਜਾਂਦੀ ਹੈ ।

Leave a Reply

Your email address will not be published. Required fields are marked *