ਬੀਬੀ ਹਰਭਜਨ ਕੌਰ ਸਪੁੱਤਰੀ ਸ. ਹਰਬੰਸ ਸਿੰਘ ਸਿੱਧੂ ਮੜਾਕਾ ਹਾਊਂਸ ਮੁਕਤਸਰ ਦੇ ਅਕਾਲ ਚਲਾਣੇ ਨਾਲ ਸਾਨੂੰ ਅਤੇ ਖ਼ਾਲਸਾ ਪੰਥ ਨੂੰ ਅਸਹਿ ਘਾਟਾ ਪਿਆ : ਮਾਨ
ਫ਼ਤਹਿਗੜ੍ਹ ਸਾਹਿਬ, 26 ਜਨਵਰੀ ( ) “ਬੀਬੀ ਹਰਭਜਨ ਕੌਰ ਸਪੁੱਤਰੀ ਸ. ਹਰਬੰਸ ਸਿੰਘ ਸਿੱਧੂ ਮੜਾਕਾ ਹਾਊਂਸ ਮੁਕਤਸਰ ਜੋ ਕਿ ਮੇਰੇ ਮਾਸੀ ਜੀ ਦੀ ਵੱਡੀ ਸਪੁੱਤਰੀ ਅਤੇ ਮੇਰੇ ਵੱਡੇ ਭੈਣਜੀ ਸਨ, ਉਹ ਆਪਣੇ ਸਵਾਸਾਂ ਦੀ ਪੂੰਜੀ ਪੂਰਨ ਕਰਦੇ ਹੋਏ ਅੱਜ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ । ਜਿਨ੍ਹਾਂ ਦੇ ਚਲੇ ਜਾਣ ਨਾਲ ਕੇਵਲ ਸਾਡੇ ਸਮੁੱਚੇ ਪਰਿਵਾਰਿਕ ਮੈਬਰਾਂ ਨੂੰ ਹੀ ਗਹਿਰਾ ਦੁੱਖ ਨਹੀਂ ਪਹੁੰਚਿਆ ਅਤੇ ਸਾਨੂੰ ਵੱਡਾ ਘਾਟਾ ਹੀ ਨਹੀਂ ਪਿਆ, ਉਨ੍ਹਾਂ ਦੇ ਚਲੇ ਜਾਣ ਨਾਲ ਪੰਜਾਬ ਸੂਬੇ ਦੇ ਕਲਾਕ੍ਰਿਤੀ (ਆਰਟ) ਦੇ ਖੇਤਰ ਵਿਚ ਬਹੁਤ ਵੱਡਾ ਕਦੀ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ । ਕਿਉਂਕਿ ਸਾਡੇ ਭੇਣ ਜੀ ਨੇ ਯੂਨੀਵਰਸਿਟੀ ਆਫ਼ ਪੈਰਿਸ (ਫ਼ਰਾਂਸ) ਸੌਰਬੋਨ (Sorbonne) ਤੋਂ ਇਸ ਕਲਾਕ੍ਰਿਤੀ ਦੀ ਵੱਡੀ ਡਿਗਰੀ ਹਾਸਿਲ ਕੀਤੀ ਸੀ । ਇਸ ਉਪਰੰਤ ਚੰਡੀਗੜ੍ਹ ਦੇ ਅਜਾਇਬਘਰ ਦੇ ਵੱਡੇ ਅਫ਼ਸਰ ਦੀ ਸੇਵਾ ਨਿਭਾਈ । ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਦੋਵੇ ਅਜਾਇਬਘਰਾਂ ਦੇ ਮੁੱਖ ਅਫਸਰ ਦੀ ਸੇਵਾ ਕਰਦੇ ਰਹੇ ਹਨ । ਉਨ੍ਹਾਂ ਨੇ ਪੰਜਾਬ ਦੀ ਹਰਮਨਪਿਆਰੀ ਸਖਸ਼ੀਅਤ ਸ. ਐਮ.ਐਸ. ਰੰਧਾਵਾ ਜੋ ਕਿ ਆਰਟ ਦੇ ਖੇਤਰ ਵਿਚ ਮੋਹਰਲੀਆ ਕਤਾਰਾਂ ਵਿਚ ਉਦਮ ਕਰਦੇ ਰਹੇ ਹਨ । ਇਤਿਹਾਸਕਾਰ ਅਤੇ ਸੂਝਵਾਨ ਲੇਖਕ ਸਨ, ਉਨ੍ਹਾਂ ਨਾਲ ਵੀ ਲੰਮਾਂ ਸਮਾਂ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਦੀ ਵੱਡੀ ਸੇਵਾ ਕੀਤੀ ਸੀ । ਜਿਸ ਨਾਲ ਅੱਜ ਸਮੁੱਚੇ ਪੰਜਾਬੀਆਂ, ਸਿੱਖ ਕੌਮ ਅਤੇ ਕਲਾਕ੍ਰਿਤੀ ਖੇਤਰ ਨਾਲ ਸੰਬੰਧਤ ਨਿਵਾਸੀਆ ਨੂੰ ਵੀ ਉਨ੍ਹਾਂ ਦੇ ਚਲੇ ਜਾਣ ਦਾ ਗਹਿਰਾ ਦੁੱਖ ਹੋਇਆ ਹੈ ।”
ਇਸ ਦੁੱਖ ਦਾ ਪ੍ਰਗਟਾਵਾ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਪਣੇ ਮਾਸੀ ਜੀ ਦੀ ਲੜਕੀ ਵੱਡੀ ਭੈਣਜੀ ਬੀਬੀ ਹਰਭਜਨ ਕੌਰ ਜੀ ਦੇ ਇਸ ਫਾਨੀ ਦੁਨੀਆਂ ਤੋ ਚਲੇ ਜਾਣ ਉਤੇ ਗਹਿਰਾ ਦੁੱਖ ਜਾਹਰ ਕਰਦੇ ਹੋਏ ਅਤੇ ਉਨ੍ਹਾਂ ਦੀ ਪਵਿੱਤਰ ਆਤਮਾ ਦੀ ਸ਼ਾਂਤੀ ਲਈ ਗੁਰੂ ਚਰਨਾਂ ਵਿਚ ਅਰਦਾਸ ਕਰਦੇ ਹੋਏ ਜਿਥੇ ਕੀਤਾ, ਉਥੇ ਸਭਨਾਂ ਨੂੰ ਗੁਰੂ ਦੇ ਭਾਣੇ ਵਿਚ ਰਹਿਣ ਦੀ ਸ਼ਕਤੀ ਬਖਸਣ ਦੀ ਅਰਜੋਈ ਵੀ ਕੀਤੀ ।