ਪਾਰਲੀਮੈਂਟ ਵਿਚ ਜੰਗਲੀ ਜੀਵਾਂ ਦੀ ਸੁਰੱਖਿਆ ਦੀ ਗੱਲ ਤਾਂ ਹੋ ਰਹੀ ਹੈ ਜੋ ਚੰਗੀ ਹੈ, ਪਰ ਮਨੁੱਖੀ ਕੀਮਤੀ ਜਾਨਾਂ ਨੂੰ ਮਾਓਵਾਦੀ, ਨਕਸਲਾਈਟ ਕਹਿਕੇ ਕਿਉਂ ਮਾਰਿਆ ਜਾ ਰਿਹਾ ਹੈ ? : ਮਾਨ
ਫ਼ਤਹਿਗੜ੍ਹ ਸਾਹਿਬ, 03 ਅਗਸਤ ( ) “ਪਾਰਲੀਮੈਂਟ ਦੇ ਸੈ਼ਸ਼ਨ ਦੀ ਕਾਰਵਾਈ ਦੌਰਾਨ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜੰਗਲੀ ਜੀਵਾਂ ਦੀ ਸੁਰੱਖਿਆ ਉਤੇ ਹੋ ਰਹੀ ਵਿਚਾਰ ਸਮੇਂ ਆਪਣੇ ਵਿਚਾਰ ਜਾਹਰ ਕਰਦੇ ਹੋਏ ਕਿਹਾ ਕਿ ਜੰਗਲੀ ਜੀਵਾਂ ਦੀ ਸੁਰੱਖਿਆ ਸੰਬੰਧੀ ਗੱਲ ਹੋਣਾ ਚੰਗੀ ਗੱਲ ਹੈ, ਪਰ ਮਨੁੱਖੀ ਕੀਮਤੀ ਜਾਨਾਂ ਜੋ ਸਾਡੇ ਆਪਣੇ ਮੁਲਕ ਦੇ ਨਾਗਰਿਕ ਹਨ, ਉਨ੍ਹਾਂ ਨੂੰ ਮਾਓਵਾਦੀ, ਨਕਸਲਾਈਟ ਕਹਿਕੇ ਸਾਡੀ ਫ਼ੌਜ, ਪੁਲਿਸ, ਅਰਧ ਸੈਨਿਕ ਬਲਾਂ ਵੱਲੋਂ ਮਨੁੱਖੀ ਹੱਕਾਂ ਦਾ ਉਲੰਘਣ ਕਰਦੇ ਹੋਏ ਕਿਉਂ ਮਾਰਿਆ ਜਾ ਰਿਹਾ ਹੈ ? ਇਸ ਬਾਰੇ ਪਾਰਲੀਮੈਂਟ ਮੈਬਰਾਨ ਅਤੇ ਮੌਜੂਦਾ ਬੀਜੇਪੀ ਦੀ ਮੋਦੀ ਹਕੂਮਤ ਇਥੋ ਦੇ ਨਿਵਾਸੀਆ ਨੂੰ ਸੰਤੁਸਟੀਜਨਕ ਜੁਆਬ ਦੇਵੇ ਜਾਂ ਫਿਰ ਇਸ ਹੋ ਰਹੇ ਜ਼ਬਰ ਜੁਲਮ ਨੂੰ ਪ੍ਰਵਾਨ ਕਰਕੇ ਅੱਗੋ ਲਈ ਅਜਿਹਾ ਨਿਜਾਮੀ ਪ੍ਰਬੰਧ ਕਰੇ ਕਿ ਇਥੋ ਦੇ ਕਿਸੇ ਨਾਗਰਿਕ ਜਾਂ ਘੱਟ ਗਿਣਤੀ ਕੌਮਾਂ ਨੂੰ ਬੁਰੇ ਨਾਮ ਦੇ ਕੇ ਨਿਸ਼ਾਨਾਂ ਬਣਾਉਦੇ ਹੋਏ ਮੰਦਭਾਵਨਾ ਅਧੀਨ ਮਾਰ ਮੁਕਾ ਦੇਣ ਦੇ ਦੁੱਖਦਾਇਕ ਅਮਲ ਤੁਰੰਤ ਬੰਦ ਕੀਤੇ ਜਾਣ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਾਰਲੀਮੈਂਟ ਵਿਚ ਜੰਗਲੀ ਜੀਵਾਂ ਦੀ ਸੁਰੱਖਿਆ ਉਤੇ ਹੋ ਰਹੇ ਵਿਚਾਰ-ਵਟਾਂਦਰੇ ਦੌਰਾਨ ਆਪਣੇ ਵਿਚਾਰਾਂ ਤੋਂ ਪਾਰਲੀਮੈਟ ਹਾਊਸ ਅਤੇ ਮੋਦੀ ਸਰਕਾਰ ਨੂੰ ਜਾਣੂ ਕਰਵਾਉਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋ ਜੰਗਲਾਂ ਵਿਚ ਰਹਿਣ ਵਾਲੇ ਆਦਿਵਾਸੀਆ, ਕਬੀਲਿਆ ਦਾ ਜੀਵਨ ਨਿਰਵਾਹ ਕੁਦਰਤੀ ਸਾਧਨਾਂ, ਖਣਿਜਾਂ ਦੀਆਂ ਖਾਨਾ ਉਤੇ ਨਿਰਭਰ ਹੈ, ਫਿਰ ਉਨ੍ਹਾਂ ਦੇ ਇਹ ਆਮਦਨ ਦੇ ਸੋਮਿਆ ਨੂੰ ਜ਼ਬਰੀ ਅਡਾਨੀ, ਅੰਬਾਨੀ ਵਰਗੇ ਧਨਾਂਢ ਲੋਕ ਖਾਨਾ ਉਤੇ ਜ਼ਬਰੀ ਕਬਜੇ ਕਰਕੇ ਉਨ੍ਹਾਂ ਦਾ ਜਿਊਣਾ ਦੁਭੱਰ ਕਿਉਂ ਕਰ ਰਹੇ ਹਨ ? ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਮੈਂ ਸਮੁੱਚੇ ਪਾਰਲੀਮੈਟ ਹਾਊਂਸ ਵਿਚ ਨਜ਼ਰ ਮਾਰਦਾ ਹਾਂ ਕਿ ਉਥੇ ਕੋਈ ਵੀ ਸਿੱਖ ਅਫਸਰ ਜਾਂ ਮੁਲਾਜਮ ਨਹੀ, ਤਾਂ ਹੁਕਮਰਾਨ ਜਮਾਤ ਦੇ ਵਿਤਕਰੇ ਭਰੇ ਅਮਲਾਂ ਤੇ ਕਾਰਵਾਈਆ ਉਤੇ ਇਕ ਵੱਡਾ ਪ੍ਰਸ਼ਨ ਚਿੰਨ੍ਹ ਲੱਗ ਜਾਂਦਾ ਹੈ ਕਿ ਜੋ ਇੰਡੀਆ ਦਾ ਵਿਧਾਨ ਬਰਾਬਰਤਾ ਦੇ ਅਧਿਕਾਰ ਤੇ ਹੱਕ ਪ੍ਰਦਾਨ ਕਰਦਾ ਹੈ, ਉਸ ਲੜੀ ਵਿਚ ਸਿੱਖ ਕੌਮ ਨੂੰ ਅਜਿਹੇ ਸਥਾਨਾਂ ਤੇ ਹੋਰ ਵੱਡੀਆ ਸੰਸਥਾਵਾਂ, ਸੁਪਰੀਮ ਕੋਰਟ, ਬਾਹਰਲੇ ਮੁਲਕਾਂ ਨਾਲ ਸੰਬੰਧਤ ਸਫੀਰਾਂ, ਚੋਣ ਕਮਿਸਨ ਇੰਡੀਆ, ਸੂਬਿਆਂ ਦੇ ਗਵਰਨਰ, ਹਾਈਕੋਰਟ ਦੇ ਮੁੱਖ ਜੱਜਾਂ ਆਦਿ ਅਹਿਮ ਅਹੁਦਿਆ ਉਤੇ ਸਿੱਖਾਂ ਨੂੰ ਨਜਰ ਅੰਦਾਜ ਕਰਨ ਦੀਆਂ ਕਾਰਵਾਈਆ ਪ੍ਰਤੱਖ ਕਰਦੀਆ ਹਨ ਕਿ ਅੱਜ ਵੀ ਹਰ ਖੇਤਰ ਵਿਚ ਸਿੱਖ ਕੌਮ ਨਾਲ ਹੁਕਮਰਾਨ ਮੰਦਭਾਵਨਾ ਅਧੀਨ ਵਿਤਕਰੇ ਕਰਦੇ ਆ ਰਹੇ ਹਨ । ਜੋ ਇਥੋ ਦੀ ਨਿਜਾਮੀ ਪ੍ਰਕਿਰਿਆ ਉਤੇ ਵੱਡਾ ਕਾਲਾ ਧੱਬਾ ਹੈ । ਜਿਸਨੂੰ ਤੁਰੰਤ ਦੂਰ ਕਰਦੇ ਹੋਏ ਅਮਲੀ ਰੂਪ ਵਿਚ ਬਰਾਬਰਤਾ ਦੇ ਅਮਲ ਨਜਰ ਆਉਣੇ ਚਾਹੀਦੇ ਹਨ । ਉਨ੍ਹਾਂ ਕਿਹਾ ਕਿ ਘੱਟ ਗਿਣਤੀ ਸਿੱਖ ਕੌਮ ਉਤੇ ਹਕੂਮਤੀ ਤਾਕਤ ਦੀ ਦੁਰਵਰਤੋ ਕਰਕੇ ਕੇਵਲ ਦਹਿਸਤ ਹੀ ਨਹੀ ਪਾਈ ਜਾ ਰਹੀ ਬਲਕਿ ਉਨ੍ਹਾਂ ਦੀ ਧਰਮ ਤਬਦੀਲੀ ਕਰਨ ਦੀਆਂ ਵੱਡੇ ਪੱਧਰ ਤੇ ਕਾਰਵਾਈਆ ਵੀ ਹੁੰਦੀਆ ਆ ਰਹੀਆ ਹਨ, ਜੋ ਗਹਿਰੀ ਚਿੰਤਾ ਦਾ ਵਿਸ਼ਾ ਹੈ ।