ਨਵਾਂਸ਼ਹਿਰ ਤੋਂ ਸਿੱਖ ਲਿਟਰੇਚਰ ਰੱਖਣ ਦੇ ਦੋਸ਼ ਵਿਚ ਕੁਝ ਸਮਾਂ ਪਹਿਲੇ ਗ੍ਰਿਫ਼ਤਾਰ ਕੀਤੇ ਗਏ ਅਰਵਿੰਦਰ ਸਿੰਘ ਉਤੇ ਜੇਲ੍ਹ ਵਿਚ ਹੀ ਹੋਰ ਕੇਸ ਪਾਉਣਾ ਹਕੂਮਤੀ ਜ਼ੁਲਮ : ਮਾਨ

ਫ਼ਤਹਿਗੜ੍ਹ ਸਾਹਿਬ, 26 ਜੁਲਾਈ ( ) “ਕੁਝ ਅਰਸਾ ਪਹਿਲੇ ਨਵਾਂਸ਼ਹਿਰ ਤੋਂ ਪੁਲਿਸ ਨੇ ਤਿੰਨ ਸਿੱਖ ਨੌਜ਼ਵਾਨਾਂ ਨੂੰ ਸਿੱਖ ਲਿਟਰੇਚਰ ਰੱਖਣ ਅਤੇ ਪੜ੍ਹਨ ਦੇ ਦੋਸ਼ ਅਧੀਨ ਗ੍ਰਿਫ਼ਤਾਰ ਕੀਤਾ ਸੀ । ਜਦੋਕਿ ਸਿੱਖ ਲਿਟਰੇਚਰ ਪੜ੍ਹਨਾਂ ਤੇ ਰੱਖਣਾ ਇੰਡੀਅਨ ਵਿਧਾਨ ਜਾਂ ਸੰਸਾਰ ਦੇ ਹੋਰ ਕਿਸੇ ਕਾਨੂੰਨ ਵਿਚ ਕਿਸੇ ਤਰ੍ਹਾਂ ਦਾ ਕੋਈ ਜੁਰਮ ਜਾਂ ਦੋਸ਼ ਨਹੀ ਹੈ । ਇੰਡੀਅਨ ਹੁਕਮਰਾਨ ਅਤੇ ਉਨ੍ਹਾਂ ਦੀ ਸੋਚ ਉਤੇ ਕੰਮ ਕਰਨ ਵਾਲੀਆ ਪੰਜਾਬ ਦੀਆਂ ਸਰਕਾਰਾਂ ਸਰਬੱਤ ਦਾ ਭਲਾ ਲੋੜਨ ਵਾਲੀ ਸਿੱਖ ਕੌਮ ਅਤੇ ਸਿੱਖ ਨੌਜ਼ਵਾਨੀ ਨੂੰ ਕਿਸ ਤਰ੍ਹਾਂ ਨਿਰਆਧਾਰ ਨਿਰਾਰਥਕ ਗੱਲਾਂ ਦਾ ਸਹਾਰਾ ਲੈਕੇ ਗ੍ਰਿਫ਼ਤਾਰ ਕਰਦੇ ਹਨ ਅਤੇ ਉਨ੍ਹਾਂ ਉਤੇ ਗੈਰ ਵਿਧਾਨਿਕ ਢੰਗ ਰਾਹੀ ਜ਼ਬਰ ਜੁਲਮ ਕਰਦੇ ਹਨ । ਇਹ ਉਪਰੋਕਤ ਗ੍ਰਿਫ਼ਤਾਰ ਕੀਤੇ ਗਏ 3 ਨੌਜ਼ਵਾਨਾਂ ਨਾਲ ਹੋਈ ਵਧੀਕੀ ਪ੍ਰਤੱਖ ਤੌਰ ਤੇ ਸਾਬਤ ਕਰਦੀ ਹੈ ਕਿ ਹੁਕਮਰਾਨਾਂ ਵੱਲੋਂ ਸਿੱਖ ਕੌਮ ਨੂੰ ਨਿਰੰਤਰ ਬਿਨ੍ਹਾਂ ਵਜਹ ਨਿਸ਼ਾਨਾਂ ਬਣਾਕੇ ਜ਼ਬਰ ਜੁਲਮ ਵੀ ਢਾਹਿਆ ਜਾਂਦਾ ਆ ਰਿਹਾ ਹੈ ਅਤੇ ਸਿੱਖ ਕੌਮ ਨੂੰ ਬਦਨਾਮ ਵੀ ਕੀਤਾ ਜਾਂਦਾ ਆ ਰਿਹਾ ਹੈ । ਜਿਸਦੀ ਅਸੀ ਉਸ ਸਮੇ ਵੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕੀਤੀ ਸੀ ਅਤੇ ਪਾਰਟੀ ਵੱਲੋ ਸ. ਜਸਕਰਨ ਸਿੰਘ ਕਾਹਨਸਿੰਘਵਾਲਾ ਜਰਨਲ ਸਕੱਤਰ, ਗੁਰਨਾਮ ਸਿੰਘ ਸਿੰਗੜੀਵਾਲਾ ਯੂਥ ਪ੍ਰਧਾਨ ਹੁਸਿਆਰਪੁਰ ਅਤੇ ਹੋਰਨਾਂ ਆਗੂਆਂ ਵੱਲੋਂ ਇਸ ਗੈਰ ਕਾਨੂੰਨੀ ਗ੍ਰਿਫ਼ਤਾਰੀ ਵਿਰੁੱਧ ਵੱਡਾ ਦਿਖਾਵਾ ਕਰਦੇ ਹੋਏ ਆਵਾਜ ਉਠਾਈ ਗਈ ਸੀ । ਦੁੱਖ ਅਤੇ ਅਫਸੋਸ ਹੈ ਕਿ ਉਨ੍ਹਾਂ 3 ਗ੍ਰਿਫ਼ਤਾਰ ਕੀਤੇ ਗਏ ਨੌਜ਼ਵਾਨਾਂ ਵਿਚੋ ਕਾਕਾ ਅਰਵਿੰਦਰ ਸਿੰਘ ਉਰਫ ਮਿੱਠਾ ਸਿੰਘ ਗੁਰਸਿੱਖ ਨੌਜ਼ਵਾਨ ਜੋ ਹੁਕਮਰਾਨਾਂ ਦਾ ਉਸ ਸਮੇ ਤੋ ਬੰਦੀ ਹੈ ਉਸ ਉਤੇ ਖਮਾਣੋ ਪੁਲਿਸ ਵੱਲੋ ਕੇਸ ਨੰਬਰ-6 ਅਸਲਾ ਐਕਟ ਤਹਿਤ ਇਕ ਹੋਰ ਮੰਦਭਾਵਨਾ ਅਧੀਨ ਕੇਸ ਦਰਜ ਕਰ ਦਿੱਤਾ ਗਿਆ ਹੈ ਅਤੇ ਉਸ ਲਈ ਰਿਮਾਡ ਮੰਗਿਆ ਜਾ ਰਿਹਾ ਹੈ । ਅਜਿਹੀਆ ਪੁਲਿਸ ਅਤੇ ਸਰਕਾਰ ਦੀਆਂ ਗੈਰ ਵਿਧਾਨਿਕ ਕਾਰਵਾਈਆ ਦੀ ਅਸੀ ਜਿਥੇ ਪੁਰਜੋਰ ਸ਼ਬਦਾਂ ਵਿਚ ਨਿੰਦਾ ਕਰਦੇ ਹਾਂ, ਉਥੇ ਇਸਦੇ ਨਿਕਲਣ ਵਾਲੇ ਭਿਆਨਕ ਨਤੀਜਿਆ ਲਈ ਹੁਕਮਰਾਨਾਂ ਅਤੇ ਸੌੜੀ ਸੋਚ ਵਾਲੀ ਪੁਲਿਸ ਅਫਸਰਸਾਹੀ ਨੂੰ ਖਬਰਦਾਰ ਕਰਦੇ ਹਾਂ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਿੱਖ ਸਾਹਿਤ ਰੱਖਣ ਦੇ ਦੋਸ਼ ਵਿਚ ਕੁਝ ਸਾਲ ਪਹਿਲੇ ਗ੍ਰਿਫ਼ਤਾਰ ਕੀਤੇ ਗਏ 3 ਨੌਜ਼ਵਾਨਾਂ ਵਿਚੋਂ ਅਰਵਿੰਦਰ ਸਿੰਘ ਨਾਮ ਦੇ ਨੌਜ਼ਵਾਨ ਉਤੇ ਤਸੱਦਦ ਢਾਹੁਣ ਦੀ ਮੰਦਭਾਵਨਾ ਅਧੀਨ ਨਵਾਂ ਅਸਲਾ ਕੇਸ ਦਰਜ ਕਰਨ ਅਤੇ ਉਸਦਾ ਪੁਲਿਸ ਰਿਮਾਡ ਲੈਣ ਦੀ ਮਨੁੱਖਤਾ ਵਿਰੋਧੀ ਅਮਲਾਂ ਦੀ ਜੋਰਦਾਰ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਸੰਬੰਧਤ ਪੁਲਿਸ ਅਧਿਕਾਰੀਆ ਤੇ ਹੁਕਮਰਾਨਾਂ ਨੂੰ ਸੰਜ਼ੀਦਗੀ ਨਾਲ ਖ਼ਬਰਦਾਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਪਹਿਲੇ ਤਾਂ ਹੁਕਮਰਾਨ ਸਿੱਖ ਨੌਜ਼ਵਾਨਾਂ ਨੂੰ ਮਨਘੜਤ ਕਹਾਣੀਆ ਬਣਾਕੇ ਸੰਗੀਨ ਜੁਰਮਾਂ ਦੇ ਦੋਸ਼ਾਂ ਤੇ ਧਰਾਵਾਂ ਅਧੀਨ ਗ੍ਰਿਫ਼ਤਾਰ ਕਰਕੇ ਜ਼ਬਰੀ ਬੰਦੀ ਬਣਾਉਦੇ ਹੋਏ ਤਸੱਦਦ ਢਾਹੁੰਦੇ ਹਨ, ਜਦੋ ਉਨ੍ਹਾਂ ਦੀਆਂ ਕਾਨੂੰਨੀ ਸਜਾਵਾਂ ਪੂਰੀਆਂ ਹੋ ਜਾਂਦੀਆ ਹਨ, ਤਾਂ ਉਨ੍ਹਾਂ ਉਤੇ ਜੇਲ੍ਹ ਵਿਚ ਬੈਠੇ ਹੋਏ ਹੀ ਪਤਾ ਨਹੀ ਕਿੱਥੋ ਮਨਘੜਤ ਬਹਾਨਿਆ ਅਧੀਨ ਹੋਰ ਨਵੇ ਕੇਸ ਦਰਜ ਕਰਕੇ ਉਨ੍ਹਾਂ ਦੀ ਸਜ਼ਾ ਨੂੰ ਵਧਾਉਣ ਜਾਂ ਉਨ੍ਹਾਂ ਦਾ ਪੁਲਿਸ ਰਿਮਾਡ ਲੈਣ ਦੀਆਂ ਗੈਰ ਕਾਨੂੰਨੀ ਕਾਰਵਾਈਆ ਕੀਤੀਆ ਜਾਂਦੀਆ ਆ ਰਹੀਆ ਹਨ । ਜੋ ਅਸਹਿ ਹੈ । ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਕਾਕਾ ਅਰਵਿੰਦਰ ਸਿੰਘ ਦੇ ਪਰਿਵਾਰ ਵਿਚੋ ਕੇਵਲ ਉਸਦੀ ਇਕੋ ਇਕ ਬਜੁਰਗ ਮਾਤਾ ਹੈ ਜੋ ਲੰਮੇ ਸਮੇ ਤੋ ਆਪਣੇ ਪੁੱਤਰ ਦੇ ਰਿਹਾਅ ਹੋਣ ਦੀ ਉਡੀਕ ਵਿਚ ਹੈ । ਸਾਨੂੰ ਇਸ ਗੱਲ ਦਾ ਵੀ ਗਹਿਰਾ ਦੁੱਖ ਹੈ ਕਿ ਹਿੰਦੂਤਵ ਸੋਚ ਵਾਲੇ ਜੱਜ ਝੱਟ ਅਜਿਹੇ ਨਿਰਦੋਸ਼ ਸਿੱਖਾਂ ਦੇ ਕੇਸ ਵਿਚ ਪੁਲਿਸ ਤੇ ਜੁਡੀਸੀਅਲ ਰਿਮਾਡ ਦੇ ਦਿੰਦੇ ਹਨ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਮੰਗ ਕਰਦਾ ਹੈ ਕਿ ਕਾਕਾ ਅਰਵਿੰਦਰ ਸਿੰਘ ਉਤੇ ਨਵਾਂ ਅਸਲੇ ਦਾ ਦਰਜ ਕੀਤਾ ਗਿਆ ਝੂਠਾਂ ਕੇਸ ਹੁਕਮਰਾਨ ਤੇ ਪੁਲਿਸ ਵਾਪਸ ਲੈਕੇ ਆਪਣੀ ਮਾਤਾ ਦੇ ਇਕੋ ਇਕ ਸਹਾਰੇ ਨੂੰ ਰਿਹਾਅ ਕੀਤਾ ਜਾਵੇ ਅਤੇ ਸਿੱਖ ਨੌਜ਼ਵਾਨੀ ਨੂੰ ਘਸੀਆ-ਪਿੱਟੀਆ ਦਲੀਲਾਂ ਅਧੀਨ ਗ੍ਰਿਫ਼ਤਾਰ ਕਰਕੇ ਅਤੇ ਝੂਠੇ ਕੇਸ ਪਾ ਕੇ ਤਸੱਦਦ ਜੁਲਮ ਢਾਹੁਣ ਦੇ ਗੈਰ ਕਾਨੂੰਨੀ ਅਮਲ ਬੰਦ ਕੀਤੇ ਜਾਣ ਵਰਨਾ ਆਉਣ ਵਾਲੇ ਸਮੇ ਵਿਚ ਅਜਿਹੀਆ ਕਾਰਵਾਈਆ ਦੀ ਬਦੌਲਤ ਨਿਕਲਣ ਵਾਲੇ ਭਿਆਨਕ ਨਤੀਜਿਆ ਲਈ ਹੁਕਮਰਾਨ ਅਤੇ ਉਨ੍ਹਾਂ ਦੀਆਂ ਸਾਜਿ਼ਸਾਂ ਨੂੰ ਪੂਰਨ ਕਰਨ ਵਾਲੀ ਪੁਿਲਸ ਤੇ ਸਿਵਲ ਅਫਸਰਸਾਹੀ ਸਿੱਧੇ ਤੌਰ ਤੇ ਜਿ਼ੰਮੇਵਾਰ ਹੋਵੇਗੀ ਅਤੇ ਜਿਨ੍ਹਾਂ ਵੱਲੋ ਅਜਿਹੇ ਕੀਤੇ ਗਏ ਅਨਾਇਤਕ ਕੰਮਾਂ ਦੀ ਬਦੌਲਤ ਉਨ੍ਹਾਂ ਦੀ ਆਪਣੀ ਆਤਮਾ ਵੀ ਉਨ੍ਹਾਂ ਨੂੰ ਕਦੀ ਮੁਆਫ਼ ਨਹੀ ਕਰ ਸਕੇਗੀ ।

Leave a Reply

Your email address will not be published. Required fields are marked *