ਹਿੰਦੂਤਵ ਸੋਚ ਦੇ ਮਾਲਕ ਜਿਵੇਂ ਲੰਮੇਂ ਸਮੇਂ ਤੋਂ ਸਿੱਖ ਕੌਮ ਦੇ ਮਹਾਨ ਇਤਿਹਾਸ ਨੂੰ ਬਦਲਦੇ ਆ ਰਹੇ ਹਨ, ਉਹ ਅੱਜ ਵੀ ਤੇਜ਼ੀ ਨਾਲ ਜਾਰੀ ਹੈ, ਕੌਮੀ ਵਿਦਵਾਨ ਸੁਚੇਤ ਹੋਣ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 23 ਜੁਲਾਈ ( ) “ਸਮੁੱਚੇ ਪੰਜਾਬੀਆਂ, ਸਿੱਖ ਕੌਮ ਅਤੇ ਸੱਚ-ਹੱਕ ‘ਤੇ ਪਹਿਰਾ ਦੇਣ ਵਾਲੀਆ ਇਸ ਸੰਸਾਰ ਵਿਚ ਵਿਚਰ ਰਹੀਆ ਸਖਸ਼ੀਅਤਾਂ ਨੂੰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਾ ਸੁਕਰਾਨਾ ਕਰਨਾ ਬਣਦਾ ਹੈ, ਜਿਨ੍ਹਾਂ ਨੇ ਇਸ ਮੁਲਕ ਦੇ ਬੀਤੇ 65 ਸਾਲਾਂ ਤੋਂ ਸਾਜਿ਼ਸਾਂ ਰਾਹੀ ‘ਪਾੜੋ ਅਤੇ ਰਾਜ ਕਰੋ’ ਦੀ ਨੀਤੀ ਉਤੇ ਅਮਲ ਕਰਦੇ ਆ ਰਹੇ ਹਿੰਦੂਤਵ ਸੋਚ ਦੇ ਮਾਲਕ ਕਾਂਗਰਸ, ਬੀਜੇਪੀ-ਆਰ.ਐਸ.ਐਸ, ਆਮ ਆਦਮੀ ਪਾਰਟੀ ਅਤੇ ਖੱਬੇਪੱਖੀ ਸੋਚ ਵਾਲੇ ਹੁਕਮਰਾਨਾਂ ਦੀ ਮੰਦਭਾਵਨਾ ਭਰੀ ਅਤਿ ਖ਼ਤਰਨਾਕ ਸੋਚ, ਉਨ੍ਹਾਂ ਦੀਆਂ ਫ਼ੌਜਾਂ, ਪੁਲਿਸ, ਕਾਨੂੰਨ, ਅਦਾਲਤਾਂ, ਸਾਧਨਾਂ ਅਤੇ ਸ. ਮਾਨ ਵਿਰੁੱਧ ਪੀਲੀ ਪੱਤਰਕਾਰੀ ਦੀ ਸੋਚ ਅਧੀਨ ਪ੍ਰਚਾਰ ਕਰਦੀ ਆ ਰਹੀ ਪ੍ਰੈਸ, ਬਿਜਲਈ ਮੀਡੀਆ ਅਤੇ ਇਥੋ ਤੱਕ ਸ. ਮਾਨ ਨੇ ਆਪਣੀ ਮੌਤ ਦੀ ਪ੍ਰਵਾਹ ਨਾ ਕਰਦੇ ਹੋਏ ਉਨ੍ਹਾਂ ਨਾਲ ਆਪਣੀ ਮਨੁੱਖਤਾ, ਇਨਸਾਨੀਅਤ ਤੇ ਸਿੱਖ ਕੌਮ ਪੱਖੀ ਸੋਚ ਨੂੰ ਪ੍ਰਫੁੱਲਿਤ ਕਰਨ ਲਈ ਅਤੇ ਇਨ੍ਹਾਂ ਸਭ ਤਾਕਤਾਂ ਨਾਲ ਹਰ ਤਰ੍ਹਾਂ ਆਢਾ ਲੈਣ ਲਈ ਬੀਤੇ ਕੁਝ ਦਿਨ ਪਹਿਲੇ ਇਕ ਅਜਿਹੇ ਗੰਭੀਰ ਵਿਸ਼ੇ ਉਤੇ ਕੇਵਲ ਪੰਜਾਬ, ਇੰਡੀਆ ਜਾਂ ਬਾਹਰਲੇ ਮੁਲਕਾਂ ਵਿਚ ਬਹਿਸ ਹੀ ਨਹੀ ਛੇੜੀ ਬਲਕਿ ਇਸ ਸੁਰੂ ਹੋਈ ਬਹਿਸ ਨੂੰ ਦਿੱਲੀ ਅਤੇ ਪੰਜਾਬ ਦੀ ਲੰਮੇ ਸਮੇ ਤੋਂ ਚੱਲਦੀ ਆ ਰਹੀ ਲੜਾਈ ਨੂੰ ਦ੍ਰਿੜਤਾ ਨਾਲ ਲੜਨ ਅਤੇ ਆਪਣੀ ਸਰਬੱਤ ਦੇ ਭਲੇ ਵਾਲੀ ਸੋਚ ਨੂੰ ਅੱਗੇ ਵਧਾਉਣ ਅਤੇ ਇਸ ਦਿੱਲੀ ਤੇ ਪੰਜਾਬ ਦੀ ਲੜਾਈ ਨੂੰ ਨਿਰਨਾਇਕ ਬਣਾਉਣ ਦੀ ਉਸਾਰੂ ਦਲੀਲ ਪੂਰਵਕ ਜੰਗ ਛੇੜ ਦਿੱਤੀ ਹੈ । ਜਿਸ ਵਿਚ ਜਿਵੇਂ ਖ਼ਾਲਸਾ ਪੰਥ ਬੀਤੇ ਸਮੇ ਦੇ ਵੱਡੇ ਇਤਿਹਾਸਿਕ ਜੰਗੀ ਘੱਲੂਘਾਰਿਆ ਵਿਚ ਫਤਹਿ ਪ੍ਰਾਪਤ ਕਰਦਾ ਰਿਹਾ ਹੈ, ਹੁਣ ਇਸ ਵਿਚਾਰਧਾਰਾ ਦੀ ਇਕ ਵਿਸ਼ੇਸ਼ ਮਕਸਦ ਨਾਲ ਸੁਰੂ ਹੋਈ ਜੰਗ ਵੀ ਸੂਝਵਾਨ ਵਿਦਵਾਨਾਂ, ਅਜੋਕੀ ਹਰ ਗੱਲ ਦੀ ਜਾਣਕਾਰੀ ਰੱਖਣ ਵਾਲੀ ਨੌਜ਼ਵਾਨੀ ਅਤੇ ਆਪਣੇ ਸਿੱਖ ਕੌਮ ਦੇ ਮਹਾਨ ਇਤਿਹਾਸਿਕ ਫਲਸਫੇ ਦੀ ਬਦੌਲਤ ਇਸ ਵਿਚ ਅਵੱਸ ਫ਼ਤਹਿ ਪ੍ਰਾਪਤ ਕਰੇਗੀ ।”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਕ ਮਨੁੱਖਤਾ, ਅਮਨ-ਚੈਨ, ਜਮਹੂਰੀਅਤ ਅਤੇ ਸਰਬੱਤ ਦੇ ਭਲੇ ਵਾਲੀ ਕੌਮੀ ਸੋਚ, ਜਿਸ ਨੂੰ ਇਥੋ ਦੇ ਹੁਕਮਰਾਨ ਹਰ ਪਾਸਿਓ ਸਾਜ਼ਸੀ ਹਮਲੇ ਕਰਕੇ ਸਿੱਖ ਕੌਮ ਦੇ ਉਸਾਰੂ ਪੱਖ ਨੂੰ ਦਬਾਕੇ ਅਤੇ ਉਸ ਪੱਖ ਨੂੰ ਨਾਂਹਵਾਚਕ ਬਣਾਕੇ ਸਮੁੱਚੇ ਸੰਸਾਰ ਵਿਚ ਬਦਨਾਮ ਕਰਨ ਤੇ ਨਿਸ਼ਾਨਾਂ ਬਣਾਉਣ ਦੇ ਅਮਲ ਕਰਦੇ ਆ ਰਹੇ ਹਨ । ਇਸ ਛਿੜੀ ਬਹਿਸ ਨਾਲ ਆਉਣ ਵਾਲੇ ਸਮੇ ਵਿਚ ਪੰਜਾਬ ਸੂਬੇ ਅਤੇ ਸਿੱਖ ਕੌਮ ਵੱਲੋਂ ਚੰਗੇ ਨਤੀਜੇ ਆਉਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਿਵੇ ਹਿੰਦੂਤਵ ਹੁਕਮਰਾਨ ਸਾਡੇ ਗੁਰੁ ਸਾਹਿਬਾਨ, ਸ਼ਹਾਦਤਾਂ ਪਾਉਣ ਵਾਲੇ ਸਿੱਖਾਂ, ਗਦਰੀ ਬਾਬਿਆ ਦੇ ਫਖਰ ਵਾਲੇ ਇਤਿਹਾਸ, ਸ਼ਹੀਦੀਆਂ ਦੇ ਵੱਡੇ ਸੱਚ ਨੂੰ ਦਬਾਕੇ, 1947 ਦੇ ਸਮੇਂ ਅਤੇ ਉਸ ਤੋਂ ਬਾਅਦ ਦੇ ਬਣਾਉਟੀ ਤੌਰ ਤੇ ਪ੍ਰਵਾਨਿਤ ਕਰਵਾਏ ਗਏ ਸ਼ਹੀਦਾਂ ਨੂੰ, ਸਾਡੇ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦੇ ਬਰਾਬਰ ਰੁਤਬੇ ਦੇਣ ਦੀਆਂ ਸਾਜਿ਼ਸਾਂ ਤੇ ਅਮਲ ਕਰਦੇ ਆ ਰਹੇ ਹਨ । ਉਸੇ ਤਰ੍ਹਾਂ ਦੀ ਪ੍ਰਤੱਖ ਮਿਸ਼ਾਲ ਹੁਣੇ ਹੀ ਸਾਹਮਣੇ ਆਈ ਹੈ ਕਿ ਸਾਡੇ 6 ਪਾਤਸਾਹੀਆ ਨੂੰ ਗੁਰਤਾਗੱਦੀ ਸਮੇਂ ਸਿੱਖੀ ਰਵਾਇਤਾ ਅਨੁਸਾਰ ਨਿਭਾਈਆ ਗਈਆ ਕੌਮੀ ਰਸਮਾਂ ਪੂਰੀਆਂ ਕਰਨ ਵਾਲੇ ਬਾਬਾ ਬੁੱਢਾ ਜੀ ਜਿਨ੍ਹਾਂ ਦਾ ਇਤਿਹਾਸ ਬਚਪਨ ਤੋਂ ਮੱਝਾਂ ਚਾਰਨ ਦੇ ਨਾਲ ਸੁਰੂ ਹੋਇਆ ਹੈ, ਉਨ੍ਹਾਂ ਨੂੰ ਇਹ ਹਿੰਦੂਤਵ ਸੋਚ ਵਾਲਿਆ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਛੇਵੀ ਜਮਾਤ ਦੇ ਸਿਲੇਬਸ ਵਿਚ ‘ਗਊਆ ਚਾਰਨ’ ਦਰਜ ਕਰਕੇ ਸਾਡੇ ਕੌਮੀ ਇਤਿਹਾਸ ਨੂੰ ਹਿੰਦੂਤਵ ਸੋਚ ਵੱਲ ਮੋੜਨ ਦੇ ਅਤਿ ਦੁੱਖਦਾਇਕ ਅਮਲ ਹੋ ਰਹੇ ਹਨ । ਇਸੇ ਸੋਚ ਅਧੀਨ ਬੱਚਿਆਂ ਦੀਆਂ ਕਿਤਾਬਾਂ ਵਿਚ ਲੰਮੇ ਸਮੇ ਤੋਂ ਸਾਡੇ ਗੁਰੂ ਸਾਹਿਬਾਨ ਦੀ ਬਹੁਤ ਹੀ ਸਤਿਕਾਰਿਤ ਅਤੇ ਕੁਰਬਾਨੀ ਵਾਲੀ ਅਮਲੀ ਰੂਪੀ ਛਬੀ ਨੂੰ ਵਿਗਾੜਨ ਅਤੇ ਦਾਗੀ ਕਰਨ ਦੀਆਂ ਕੋਸਿ਼ਸ਼ਾਂ ਹੁੰਦੀਆਂ ਆ ਰਹੀਆ ਹਨ । ਇਸ ਪਿੱਛੇ ਇਨ੍ਹਾਂ ਹਿੰਦੂਤਵ ਸ਼ਕਤੀਆਂ ਦਾ ਇਕੋ ਇਕ ਮਕਸਦ ਹੈ ਕਿ ਸਿੱਖ ਕੌਮ ਨੂੰ ਜਿਸ ਸਿੱਖ ਇਤਿਹਾਸ ਤੋਂ ਵੱਡੀ ਸੇਧ ਅਤੇ ਸ਼ਕਤੀ ਮਿਲਦੀ ਹੈ ਅਤੇ ਅੱਜ ਸਿੱਖ ਇਤਿਹਾਸ, ਸਿੱਖ ਧਰਮ, ਸਿੱਖ ਕੌਮ ਕੌਮਾਂਤਰੀ ਪੱਧਰ ਉਤੇ ਸਤਿਕਾਰਿਤ ਰੂਪ ਵਿਚ ਪ੍ਰਵਾਨ ਹੁੰਦੀ ਜਾ ਰਹੀ ਹੈ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੋਚ ਤੇ ਅਧਾਰਿਤ ਸਿੱਖ ਕੌਮ ਸਮੁੱਚੀਆਂ ਕੌਮਾਂ, ਧਰਮਾਂ, ਕਬੀਲਿਆ, ਫਿਰਕਿਆ ਦਾ ਅਤੇ ਅਮੀਰ-ਗਰੀਬ, ਊਚ-ਨੀਚ, ਜਾਤ-ਪਾਤ ਤੋਂ ਨਿਰਲੇਪ ਇਥੇ ਸਭਨਾਂ ਦਾ ਸਾਂਝਾ ਹਲੀਮੀ ਰਾਜ ਕਾਇਮ ਕਰਨਾ ਚਾਹੁੰਦੀ ਹੈ । ਉਸਨੂੰ ਇਨ੍ਹਾਂ ਸਾਜ਼ਸੀ ਅਮਲਾਂ ਰਾਹੀ ਸਿੱਖ ਕੌਮ ਦਾ ਇਤਿਹਾਸ ਬਦਲਕੇ,ਸਿੱਖ ਕੌਮ ਦੇ ਨਾਇਕਾਂ ਨੂੰ ਖਲਨਾਇਕ ਸਾਬਤ ਕਰਕੇ ਅਤੇ ਆਪਣੇ ਹਿੰਦੂਤਵ ਸੋਚ ਵਾਲੇ ਨਿਰਰਾਥਕ ਆਗੂਆਂ ਨੂੰ ਨਾਇਕ ਸਾਬਤ ਕੀਤਾ ਜਾ ਸਕੇ । ਸਿੱਖ ਧਰਮ ਅਤੇ ਸਿੱਖ ਕੌਮ ਨੂੰ ਈਰਖਾਵਾਦੀ ਸੋਚ ਅਧੀਨ ਜ਼ਲੀਲ ਕੀਤਾ ਜਾ ਸਕੇ । ਲੇਕਿਨ ਸਿੱਖ ਕੌਮ ਅੱਜ ਐਨੀ ਜਾਗਰੂਕ ਹੋ ਚੁੱਕੀ ਹੈ ਕਿ ਇਹ ਹਿੰਦੂਤਵ ਸੋਚ ਵਾਲੇ ਇਥੇ ਬਹੁਗਿਣਤੀ ਹੋਣ ਦੇ ਬਾਵਜੂਦ ਵੀ ‘ਪੰਜਾਬ ਵੱਸਦਾ ਗੁਰੂਆਂ ਦੇ ਨਾਮ ਤੇ’, ਸਿੱਖ ਧਰਮ ਅਤੇ ਉਸ ਸਿੱਖੀ ਸੋਚ ਦਾ ਮੰਦਭਾਵਨਾ ਅਧੀਨ ਹੁਣ ਨੁਕਸਾਨ ਨਹੀ ਕਰ ਸਕੇਗੀ । ਬਲਕਿ ਇਹ ਸਰਬੱਤ ਦੇ ਭਲੇ ਵਾਲੀ ਮਨੁੱਖਤਾ ਪੱਖੀ ਸੋਚ ਦਾ ਆਉਣ ਵਾਲੇ ਸਮੇ ਵਿਚ ਪੰਜਾਬ ਜਾਂ ਇੰਡੀਆਂ ਵਿਚ ਹੀ ਨਹੀ ਬਲਕਿ ਕੌਮਾਂਤਰੀ ਪੱਧਰ ਤੇ ਡੰਕਾ ਵੱਜਣ ਤੋ ਕੋਈ ਇਨਕਾਰੀ ਨਹੀ ਹੋ ਸਕੇਗਾ । ਉਨ੍ਹਾਂ ਸਿੱਖ ਕੌਮ ਨਾਲ ਸੰਬੰਧਤ ਸਮੁੱਚੀ ਸੁਹਿਰਦ ਸਿੱਖ ਨੌਜ਼ਵਾਨੀ, ਬੋਧਿਕ ਅਤੇ ਵਿਦਵਤਾ ਦੇ ਮਾਲਕ ਵਿਦਵਾਨਾਂ, ਇਤਿਹਾਸਕਾਰਾਂ, ਕਾਲਜਾਂ, ਯੂਨੀਵਰਸਿਟੀਆਂ ਵਿਚ ਕੰਮ ਅਤੇ ਖੋਜ਼ ਕਰ ਰਹੇ ਸਿੱਖ ਪ੍ਰੌਫੈਸਰਾਂ, ਡਾਕਟਰਾਂ ਆਦਿ ਸਭਨਾਂ ਨੂੰ ਇਸ ਅਤਿ ਸੰਜ਼ੀਦਾ ਸਮੇਂ ਆਪੋ-ਆਪਣੇ ਨਿੱਜੀ ਤੌਰ ਤੇ ਜਾਂ ਸਮੂਹਿਕ ਤੌਰ ਤੇ ਆਪਣੇ ਸਿੱਖ ਧਰਮ ਅਤੇ ਸਿੱਖ ਸੋਚ ਦੇ ਵੱਡਮੁੱਲੇ ਪੱਖਾਂ ਨੂੰ ਦ੍ਰਿੜਤਾਂ ਅਤੇ ਵਿਦਵਤਾਂ ਨਾਲ ਉਜਾਗਰ ਕਰਨ ਅਤੇ ਹਿੰਦੂਤਵ ਮੰਦਭਾਵਨਾ ਭਰੀਆਂ ਸ਼ਕਤੀਆਂ ਨੂੰ ਬਾਦਲੀਲ ਢੰਗ ਨਾਲ ਅਲੱਗ-ਥਲੱਗ ਕਰਨ ਜਿ਼ੰਮੇਵਾਰੀ ਨਿਭਾਉਣ ਦੀ ਜੋਰਦਾਰ ਅਪੀਲ ਵੀ ਕੀਤੀ।

Leave a Reply

Your email address will not be published. Required fields are marked *