ਆਰ.ਐਸ.ਐਸ. ਦੀ ਹਿੰਦੂਤਵ ਸੋਚ ਵਾਲੀ ਪ੍ਰੈਸ ਨੇ ਸ. ਮਾਨ ਦੇ ਵਿਚਾਰਾਂ ਨੂੰ ਮੰਦਭਾਵਨਾ ਅਧੀਨ ਤਰੋੜ-ਮਰੋੜਕੇ ਪੇਸ਼ ਕੀਤਾ : ਟਿਵਾਣਾ

ਬਤੌਰ ਐਮ.ਪੀ. ਦੀ ਸਹੁੰ ਚੁੱਕ ਕੇ ਪੰਜਾਬ ਅਤੇ ਸਿੱਖ ਕੌਮ ਦੀਆਂ ਭਾਵਨਾਵਾ ਨੂੰ ਪਾਰਲੀਮੈਂਟ ਵਿਚ ਉਠਾਉਣ ਦੀ ਜਿ਼ੰਮੇਵਾਰੀ ਨਿਭਾਵਾਂਗੇ 

ਫ਼ਤਹਿਗੜ੍ਹ ਸਾਹਿਬ, 15 ਜੁਲਾਈ ( ) “ਜਦੋਂ ਬੀਤੇ ਦਿਨੀ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ. ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਆਪਣੇ ਗ੍ਰਹਿ ਕਿਲ੍ਹਾ ਸ. ਹਰਨਾਮ ਸਿੰਘ (ਫ਼ਤਹਿਗੜ੍ਹ ਸਾਹਿਬ) ਤੋਂ ਦਿੱਲੀ ਪਾਰਲੀਮੈਂਟ ਦੀ ਸਹੁੰ ਚੁੱਕਣ ਲਈ ਜੈਕਾਰਿਆ ਦੀ ਗੂੰਜ ਵਿਚ ਚਾਲੇ ਪਾਏ ਤਾਂ ਸ. ਮਾਨ ਦਾ ਰਾਜਪੁਰਾ, ਸੰਭੂ, ਅੰਬਾਲਾ, ਕਰਨਾਲ, ਪਾਣੀਪਤ ਵਿਖੇ ਗਰਮਜੋਸ਼ੀ ਨਾਲ ਪੰਜਾਬੀਆਂ, ਹਿੰਦੂਆਂ, ਸਿੱਖਾਂ, ਮੁਸਲਮਾਨਾਂ, ਰੰਘਰੇਟਿਆ ਨੇ ਜੋਰਦਾਰ ਸਵਾਗਤ ਕੀਤਾ । ਕਰਨਾਲ ਵਿਖੇ ਜਦੋਂ ਉਨ੍ਹਾਂ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਆਪਣੇ ਵਿਧਾਨਿਕ ਹੱਕ ਹਕੂਕਾ ਦੀ ਗੱਲ ਕੀਤੀ ਤਾਂ ਆਰ.ਐਸ.ਐਸ. ਦੀ ਹਿੰਦੂਤਵ ਸੋਚ ਵਾਲੀ ਪ੍ਰੈਸ ਨੇ ਸ. ਮਾਨ ਦੇ ਉਸਾਰੂ ਅਤੇ ਦ੍ਰਿੜਤਾ ਪੂਰਵਕ ਵਿਚਾਰਾਂ ਨੂੰ ਉਜਾਗਰ ਕਰਨ ਦੀ ਬਜਾਇ ਤਰੋੜ-ਮਰੋੜਕੇ ਇੰਝ ਪੇਸ਼ ਕੀਤਾ ਜਿਵੇ ਉਹ ਪੰਜਾਬੀਆਂ ਅਤੇ ਸਿੱਖ ਕੌਮ ਦੀਆਂ ਭਾਵਨਾਵਾ ਦੇ ਉਲਟ ਦਿੱਲੀ ਵਿਖੇ ਜਾ ਕੇ ਸਹੁੰ ਨਹੀ ਚੁੱਕਣਗੇ । ਜਦੋਕਿ ਉਨ੍ਹਾਂ ਨੇ ਆਪਣੇ ਇੰਡੀਅਨ ਵਿਧਾਨ ਵਿਚ ਦਰਜ ਵਿਧਾਨਿਕ ਹੱਕਾਂ ਦੀ ਗੱਲ ਕਰਦੇ ਹੋਏ ਕਿਹਾ ਕਿ ਇੰਡੀਅਨ ਵਿਧਾਨ ਸਾਨੂੰ (ਸਿੱਖਾਂ) ਨੂੰ ਆਪਣੇ ਕਕਾਰਾਂ ਵਿਚ ਸ਼ਾਮਿਲ ਧਾਰਮਿਕ ਚਿੰਨ੍ਹ ਕਿਰਪਾਨ (ਸ੍ਰੀ ਸਾਹਿਬ) ਨੂੰ ਆਪਣੇ ਸਰੀਰ ਉਤੇ ਪਹਿਨਣ, ਨਾਲ ਲੈਕੇ ਜਾਣ ਅਤੇ ਰੱਖਣ ਦੀ ਪੂਰਨ ਆਜਾਦੀ ਦਿੰਦਾ ਹੈ । ਕਿਰਪਾਨ ਨੂੰ ਨਾਲ ਰੱਖਣ, ਲਿਜਾਣ ਦਾ ਉਨ੍ਹਾਂ ਦਾ ਵਿਧਾਨਿਕ ਹੱਕ ਹੈ । ਇਹ ਹੁਣ ਇੰਡੀਅਨ ਹਿੰਦੂਤਵ ਹੁਕਮਰਾਨਾਂ ਦੀ ਇੱਛਾ ਹੈ ਕਿ ਉਨ੍ਹਾਂ ਨੂੰ ਵਿਧਾਨਿਕ ਹੱਕ ਪ੍ਰਦਾਨ ਕਰਦੇ ਹਨ ਜਾਂ ਨਹੀਂ ? ਕਿਉਂਕਿ ਹਿੰਦੂਤਵ ਪਾਰਲੀਮੈਂਟ ਵਿਚ ਉਨ੍ਹਾਂ ਦੀ ਬਹੁਗਿਣਤੀ ਹੈ । 2% ਵਾਲੀ ਸਿੱਖ ਕੌਮ ਦੀ ਸਹੀ ਦਿਸ਼ਾ ਵੱਲ ਨੁਮਾਇੰਦਗੀ ਕਰਨ ਵਾਲਾ ਇਕੋ ਇਕ ਸ. ਸਿਮਰਨਜੀਤ ਸਿੰਘ ਮਾਨ ਮੈਂਬਰ ਪਾਰਲੀਮੈਟ ਹਨ । ਜਿਨ੍ਹਾਂ ਨੂੰ ਆਪਣੇ ਅਤੇ ਆਪਣੀ ਕੌਮ ਦੇ ਵਿਧਾਨਿਕ ਹੱਕਾਂ ਦੀ ਰਾਖੀ ਕਰਨ ਤੋਂ ਪਾਰਲੀਮੈਟ ਦੇ ਬਾਕੀ ਹਿੰਦੂਤਵ ਸੋਚ ਵਾਲੇ ਮੈਬਰ ਮੰਦਭਾਵਨਾ ਅਧੀਨ ਰੋਕਣਾ ਚਾਹੁੰਦੇ ਹਨ । ਇਹੀ ਵਜਹ ਹੈ ਕਿ ਇਨ੍ਹਾਂ ਦੀ ਆਰ.ਐਸ.ਐਸ. ਦੀ ਪ੍ਰੈਸ ਨੇ ਕਰਨਾਲ ਤੋ ਸ. ਮਾਨ ਵੱਲੋ ਆਪਣੇ ਵਿਧਾਨਿਕ ਹੱਕਾਂ ਦੀ ਗੱਲ ਕਰਦੇ ਹੋਏ ਪੇਸ਼ ਕੀਤੇ ਗਏ ਵਿਚਾਰਾਂ ਨੂੰ ਤਰੋੜ-ਮਰੋੜਕੇ ਪੇਸ਼ ਕਰਕੇ ਜਾਣਬੁੱਝ ਕੇ ਪੰਜਾਬੀਆਂ ਅਤੇ ਸਿੱਖ ਕੌਮ ਦੇ ਇਕੋ ਦ੍ਰਿੜ ਇਰਾਦੇ ਵਾਲੇ ਨੁਮਾਇੰਦੇ ਦੀ ਛਬੀ ਨੂੰ ਖਰਾਬ ਕਰਨ ਦੀ ਮਨਸਾ ਅਧੀਨ ਇਹ ਬਿਆਨ ਲਗਵਾਏ ਕਿ ‘ਉਹ ਕਿਰਪਾਨ ਨਾਲ ਹੀ ਸਹੁੰ ਚੁੱਕਣਗੇ’ ।”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਾਰਟੀ ਦੇ ਮੁੱਖ ਦਫਤਰ ਤੋਂ ਸੰਗਰੂਰ ਲੋਕ ਸਭਾ ਹਲਕੇ ਤੋਂ ਚੋਣ ਜਿੱਤਕੇ ਪਾਰਲੀਮੈਂਟ ਵਿਚ ਗਏ ਸਿੱਖ ਕੌਮ ਦੇ ਸਿਰਮੌਰ ਆਗੂ ਸ. ਸਿਮਰਨਜੀਤ ਸਿੰਘ ਮਾਨ ਵੱਲੋਂ ਬੀਤੇ ਕੱਲ੍ਹ ਕਰਨਾਲ ਵਿਖੇ ਪ੍ਰੈਸ ਮਿਲਣੀ ਦੌਰਾਨ ਹੋਈ ਗੱਲਬਾਤ ਨੂੰ ਸਹੀ ਰੂਪ ਵਿਚ ਪੇਸ਼ ਕਰਨ ਦੀ ਬਜਾਇ ਆਰ.ਐਸ.ਐਸ. ਦੇ ਇਸਾਰੇ ਤੇ ਹਿੰਦੂਤਵ ਪ੍ਰੈਸ ਵੱਲੋਂ ਇੰਡੀਆ, ਪੰਜਾਬੀਆਂ, ਸਿੱਖ ਕੌਮ ਅਤੇ ਬਾਹਰਲੇ ਮੁਲਕਾਂ ਵਿਚ ਸ. ਮਾਨ ਦੀ ਸਹੁੰ ਚੁੱਕਣ ਦੇ ਵਿਸ਼ੇ ਉਤੇ ਭੰਬਲਭੂਸਾ ਪਾਉਣ ਦੀ ਮੰਦਭਾਵਨਾ ਅਧੀਨ ਕੀਤੀ ਗਲਤ ਰਿਪੋਰਟ ਦੀ ਨਿਖੇਧੀ ਕਰਦੇ ਹੋਏ ਅਤੇ ਸਮੁੱਚੇ ਪੰਜਾਬੀਆਂ, ਸਿੱਖ ਕੌਮ, ਇੰਡੀਆ ਵਿਚ ਵੱਸਣ ਵਾਲੀਆ ਇਨਸਾਫ਼ ਪਸ਼ੰਦ ਕੌਮਾਂ, ਸਖਸ਼ੀਅਤਾਂ ਨੂੰ ਅਜਿਹੀ ਪ੍ਰੈਸ ਤੋਂ ਸੁਚੇਤ ਰਹਿਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਸ. ਟਿਵਾਣਾ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਕਿੰਨੀ ਸ਼ਰਮਨਾਕ ਗੱਲ ਹੈ ਕਿ ਜਿਨ੍ਹਾਂ 2% ਆਬਾਦੀ ਵਾਲਿਆ ਨੇ ਆਜ਼ਾਦੀ ਤੋਂ ਲੈਕੇ ਅੱਜ ਤੱਕ ਸਰਹੱਦਾਂ ਉਤੇ ਇਸ ਮੁਲਕ ਦੀ ਰੱਖਿਆ ਕਰਦੇ ਹੋਏ ਸ਼ਹਾਦਤਾਂ, ਕੁਰਬਾਨੀਆ ਦਿੱਤੀਆ ਅਤੇ ਜਿਨ੍ਹਾਂ ਦੇ ਗੁਰੂ ਸਾਹਿਬਾਨ ਨੇ ਗਵਾਲੀਅਰ ਦੇ ਕਿਲ੍ਹੇ ਵਿਚ ਬੰਦੀ ਹੁੰਦੇ ਹੋਏ ਛੇਵੀ ਪਾਤਸਾਹੀ ਨੇ ਆਪਣੇ ਨਾਲ ਰਿਹਾਈ ਸਮੇਂ 52 ਹਿੰਦੂਆਂ ਨੂੰ ਰਿਹਾਅ ਕਰਵਾਉਣ ਦੀ ਸ਼ਰਤ ਰੱਖਕੇ ਰਿਹਾਅ ਕਰਵਾਇਆ ਹੋਵੇ, ਜਿਨ੍ਹਾਂ ਹਿੰਦੂਆਂ ਦੇ ਸਵਾ-ਮਣ ਦੇ ਜਨੇਊ ਇਕੱਠੇ ਕਰਕੇ ਅਤੇ ਹਿੰਦੂਆਂ ਦਾ ਕਤਲੇਆਮ ਕਰਕੇ ਮੁਗਲ ਰਾਜੇ ਰੋਟੀ ਖਾਂਦੇ ਸਨ, ਉਨ੍ਹਾਂ ਹਿੰਦੂਆਂ ਦੇ ਧਰਮ ਅਤੇ ਉਨ੍ਹਾਂ ਦੇ ਜੀਵਨ ਦੀ ਰੱਖਿਆ ਕਰਨ ਹਿੱਤ ਸਾਡੇ ਨੌਵੀ ਪਾਤਸਾਹੀ ਸ੍ਰੀ ਗੁਰੂ ਤੇਗਬਹਾਦਰ ਸਾਹਿਬ ਨੇ ਮਨੁੱਖਤਾ ਲਈ ਦਿੱਲੀ ਦੇ ਚਾਂਦਨੀ ਚੌਕ ਵਿਚ ਸ਼ਹਾਦਤ ਦਿੱਤੀ ਹੋਵੇ, ਅੱਜ ਉਹ ਸਾਨੂੰ ਪੁੱਛ ਰਹੇ ਹਨ ਕਿ ਇੰਡੀਆ ਦੀ ਅਖੰਡਤਾ ਦੀ ਕੀ ਤੁਸੀ ਰਾਖੀ ਕਰੋਗੇ ? ਜਦੋਕਿ ਇਨ੍ਹਾਂ ਬਹੁਗਿਣਤੀ ਸੰਖਿਆ ਵਾਲੇ ਪਾਰਲੀਮੈਟ ਹਿੰਦੂਤਵ ਮੈਬਰਾਂ ਨੇ ਜੋ “ਮੈਂ ਰੱਬ ਦੇ ਨਾਮ ਤੇ ਸਹੁੰ ਖਾਂਦਾ ਹਾਂ ਕਿ ਮੈਂ ਕਾਨੂੰਨ ਦੁਆਰਾ ਸਥਾਪਿਤ ਕੀਤੇ ਗਏ ਭਾਰਤ ਦੇ ਸੰਵਿਧਾਨ ਪ੍ਰਤੀ ਸੱਚੇ ਵਿਸ਼ਵਾਸ ਅਤੇ ਵਫਾਦਾਰ ਰਹਾਂਗਾ, ਕਿ ਮੈਂ ਭਾਰਤ ਦੀ ਪ੍ਰਭੂਸਤਾ ਤੇ ਅਖੰਡਤਾ ਨੂੰ ਬਰਕਰਾਰ ਰੱਖਾਂਗਾ” ਜੋ ਸਹੁੰ ਚੁੱਕੀ ਹੈ, ਇਨ੍ਹਾਂ ਸਭ ਮੈਬਰਾਂ ਨੇ 1962 ਅਤੇ 2020 ਵਿਚ ਕ੍ਰਮਵਾਰ 39,000 ਅਤੇ 900 ਸਕੇਅਰ ਵਰਗ ਕਿਲੋਮੀਟਰ ਲਦਾਖ ਦਾ ਉਹ ਇਲਾਕਾ ਜੋ ਖ਼ਾਲਸਾ ਰਾਜ ਦੀਆਂ ਫ਼ੌਜਾਂ ਨੇ 1834 ਵਿਚ ਫਤਹਿ ਕੀਤਾ ਸੀ, ਉਹ ਚੀਨ ਦੇ ਸਪੁਰਦ ਕਰ ਦਿੱਤੇ ਹਨ । ਜੋ ਅਸੀ 1819 ਵਿਚ ਮਹਾਰਾਜਾ ਰਣਜੀਤ ਸਿੰਘ ਦੇ ਲਾਹੌਰ ਖ਼ਾਲਸਾ ਰਾਜ ਦਰਬਾਰ ਦੀਆਂ ਫ਼ੌਜਾਂ ਨੇ ਪੂਰੇ ਅਫਗਾਨੀਸਤਾਨ ਅਤੇ ਉਸਦੇ ਕਸਮੀਰ ਸੂਬੇ ਨੂੰ ਫਤਹਿ ਕਰਕੇ ਆਪਣੇ ਰਾਜ ਵਿਚ ਸਾਮਿਲ ਕੀਤਾ ਸੀ, ਉਹ ਇਨ੍ਹਾਂ ਨੇ ਅੱਧਾ ਕਸ਼ਮੀਰ ਪਾਕਿਸਤਾਨ ਨੂੰ ਦੇ ਦਿੱਤਾ ਹੈ, ਇਹ ਸਾਨੂੰ ‘ਅਖੰਡਤਾ’ ਦੀ ਗੱਲ ਕਰ ਰਹੇ ਹਨ ? ਇਹ ਹੁਣ ਦੱਸਣ ਕਿ ਅਖੰਡਤਾ ਦੀ ਰਾਖੀ ਸਿੱਖ ਕੌਮ ਹੈ ਜਾਂ ਇਹ ਪਾਰਲੀਮੈਂਟ ਵਿਚ ਬਹੁਗਿਣਤੀ ਵਿਚ ਬੈਠੇ ਹਿੰਦੂਤਵ ਸੋਚ ਵਾਲੇ ਪਾਰਲੀਮੈਟ ਮੈਬਰ ?

ਸ. ਟਿਵਾਣਾ ਨੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਪੰਜਾਬ ਸੂਬੇ ਅਤੇ ਸਿੱਖ ਕੌਮ ਦੀ ਸਹੀ ਦਿਸ਼ਾ ਵੱਲ ਨੁਮਾਇੰਦਗੀ ਕਰਨ ਵਾਲੀ ਜਥੇਬੰਦੀ ਅਤੇ ਸ. ਸਿਮਰਨਜੀਤ ਸਿੰਘ ਮਾਨ ਮੈਬਰ ਪਾਰਲੀਮੈਟ ਦੇ ਬਿਨ੍ਹਾਂ ਤੇ ਸਮੁੱਚੇ ਇੰਡੀਅਨ ਨਿਵਾਸੀਆ, ਧਰਮਾਂ, ਕੌਮਾਂ, ਕਬੀਲਿਆ, ਫਿਰਕਿਆ ਅਤੇ ਸੌੜੀ ਸੋਚ ਰੱਖਣ ਵਾਲੀ ਹਿੰਦੂਤਵ ਪ੍ਰੈਸ ਨੂੰ ਪ੍ਰਤੱਖ ਰੂਪ ਵਿਚ ਸਪੱਸਟ ਕੀਤਾ ਕਿ ਜੇਕਰ ਮੋਦੀ ਹਕੂਮਤ ਅਤੇ ਉਸਦੇ ਹੋਰ ਹਿੰਦੂਤਵ ਸੋਚ ਵਾਲੇ ਆਗੂ ਸ. ਸਿਮਰਨਜੀਤ ਸਿੰਘ ਮਾਨ ਦੇ ਵਿਧਾਨਿਕ ਹੱਕਾ ਨੂੰ ਪ੍ਰਦਾਨ ਕਰਦੇ ਹੋਏ 3 ਫੁੱਟੀ ਕਿਰਪਾਨ ਪਹਿਨਕੇ ਜਾਂ ਫੜਕੇ ਅੰਦਰ ਜਾਣ ਦੀ ਪ੍ਰਵਾਨਗੀ ਦੇਣਗੇ ਤਾਂ ਇਹ ਸਾਡੇ ਵਿਧਾਨਿਕ ਹੱਕ ਦੀ ਪੂਰਤੀ ਹੋਵੇਗੀ, ਜੇਕਰ ਉਹ ਮੰਦਭਾਵਨਾ ਅਧੀਨ ਸਾਡੇ ਸਰਬੱਤ ਦਾ ਭਲਾ ਚਾਹੁੰਣ ਵਾਲੇ ਸਿੱਖ ਧਰਮ ਦੇ ਚਿੰਨ੍ਹ ਕਿਰਪਾਨ ਨੂੰ ਅੰਦਰ ਲਿਜਾਣ ਤੋ ਜ਼ਬਰੀ ਰੋਕ ਕੇ ਸ. ਮਾਨ ਦੇ ਵਿਧਾਨਿਕ ਹੱਕ ਨੂੰ ਕੁੱਚਲਦੇ ਹਨ, ਤਾਂ ਇਹ ਕੌਮਾਂਤਰੀ ਪੱਧਰ ਤੇ ਇਥੋ ਦੇ ਹੁਕਮਰਾਨਾਂ ਦਾ ਇਕ ਵਾਰੀ ਫਿਰ ਸਿੱਖ ਕੌਮ ਨਾਲ ਵਿਧਾਨਿਕ ਤੌਰ ਤੇ ਜਿਆਦਤੀ ਕਰਨ ਦੀ ਆਵਾਜ ਉੱਠੇਗੀ । ਲੇਕਿਨ ਅਸੀ ਪੰਜਾਬੀਆਂ ਅਤੇ ਸਿੱਖ ਕੌਮ ਦੀਆਂ ਭਾਵਨਾਵਾ ਅਨੁਸਾਰ ਹਰ ਕੀਮਤ ਤੇ ਪਾਰਲੀਮੈਟ ਦੀ ਸਹੁੰ ਜ਼ਰੂਰ ਚੁੱਕਾਂਗੇ । ਪੰਜਾਬੀਆਂ ਅਤੇ ਸਿੱਖ ਕੌਮ ਨਾਲ ਲੰਮੇ ਸਮੇ ਤੋ ਹੁੰਦੀਆ ਆ ਰਹੀਆ ਬੇਇਨਸਾਫ਼ੀਆਂ, ਜ਼ਬਰ ਜੁਲਮ ਦੀ ਆਵਾਜ਼ ਸਹੁੰ ਚੁੱਕਣ ਉਪਰੰਤ ਪਾਰਲੀਮੈਟ ਵਿਚ ਨਿਰੰਤਰ ਉਠਾਉਦੇ ਰਹਾਂਗੇ ਅਤੇ ਇਨ੍ਹਾਂ ਦੇ ਮੰਦਭਾਵਨਾ ਭਰੇ ਮਨਸੂਬਿਆ ਨੂੰ ਕਦੀ ਵੀ ਸਫਲ ਨਹੀ ਹੋਣ ਦੇਵਾਂਗੇ ।

Leave a Reply

Your email address will not be published. Required fields are marked *