ਆਮ ਆਦਮੀ ਪਾਰਟੀ ਦੇ ਪੰਜਾਬ ਦੇ ਵਜ਼ੀਰਾਂ ਵੱਲੋਂ ਨਿਰਾਰਥਕ ਸ੍ਰੀ ਰਾਘਵ ਚੱਢਾ ਦੇ ਹੱਕ ਵਿਚ ਬਿਆਨ ਦੇਣਾ ਉਨ੍ਹਾਂ ਦੀ ਸਿਆਸੀ ਮਜ਼ਬੂਰੀ, ਲੇਕਿਨ ਪੰਜਾਬੀਆਂ ਦੀ ਨਹੀਂ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 13 ਜੁਲਾਈ ( ) “ਬੀਜੇਪੀ-ਆਰ.ਐਸ.ਐਸ. ਦੇ ਏਜੰਟ ਸ੍ਰੀ ਰਾਘਵ ਚੱਢਾ ਤੋਂ ਵਧੇਰੇ ਪੜ੍ਹੇ-ਲਿਖੇ, ਤੁਜਰਬੇਕਾਰ, ਚਾਰਟਡ ਅਕਾਊਟੈਟ ਪੰਜਾਬ ਵਿਚ ਵੱਡੀ ਗਿਣਤੀ ਵਿਚ ਹਨ । ਜੋ ਕਿ ਪੰਜਾਬ ਸੂਬੇ ਅਤੇ ਪੰਜਾਬੀਆਂ ਨੂੰ ਸਮਰਪਿਤ ਵੀ ਹਨ । ਫਿਰ ਉਸਦੇ ਲੰਡਨ ਤੋਂ ਸੀ.ਏ. ਕਰਨ ਨੂੰ ਵੱਡੀ ਕਾਬਲੀਅਤ ਦਰਸਾਕੇ ਚੋਰ ਦਰਵਾਜਿਓ ਦਿੱਲੀ ਵਾਲੇ ਮੁਤੱਸਵੀਆਂ ਦਾ ਕਬਜਾ ਕਰਵਾਉਣ ਦੀ ਸ. ਭਗਵੰਤ ਸਿੰਘ ਮਾਨ ਦੀ ਕੀ ਮਜ਼ਬੂਰੀ ਹੈ ? ਦੂਸਰਾ ਜੋ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਵਜ਼ੀਰਾਂ ਵੱਲੋਂ ਸ੍ਰੀ ਰਾਘਵ ਚੱਢਾ ਦੇ ਹੱਕ ਵਿਚ ਬਿਆਨ ਆਇਆ ਹੈ, ਇਹ ਵੀ ਸ੍ਰੀ ਕੇਜਰੀਵਾਲ ਤੇ ਰਾਘਵ ਚੱਢਾ ਦੇ ਆਦੇਸ਼ਾਂ ਤੋ ਹੀ ਕੀਤਾ ਗਿਆ ਹੈ । ਕਿਉਂਕਿ ਜੋ ਇਹ ਪੰਜਾਬ ਦੇ ਵਜ਼ੀਰ ਬਣੇ ਹਨ, ਇਹ ਸ੍ਰੀ ਕੇਜਰੀਵਾਲ ਤੇ ਰਾਘਵ ਚੱਢਾ ਦੇ ਰਹਿਮੋ-ਕਰਮ ਤੇ ਹਨ । ਫਿਰ ਇਹ ਵਜ਼ੀਰ ਪੰਜਾਬ ਸੂਬੇ ਤੇ ਪੰਜਾਬੀਆਂ ਦੀ ਅਣਖ ਗੈਰਤ ਨੂੰ ਕਿਵੇ ਕਾਇਮ ਰੱਖ ਸਕਦੇ ਹਨ ਅਤੇ ਪੰਜਾਬ ਨਾਲ ਹੋ ਰਹੇ ਵਿਤਕਰੇ ਜ਼ਬਰ ਜੁਲਮਾਂ ਤੋ ਕਿਸ ਤਰ੍ਹਾਂ ਨਿਜਾਤ ਦਿਵਾ ਸਕਦੇ ਹਨ ?”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਵਜ਼ੀਰਾਂ ਵੱਲੋਂ ‘ਕੰਧ ਉਤੇ ਲਿਖੇ ਸੱਚ’ ਨੂੰ ਪੜ੍ਹਨ ਅਤੇ ਪ੍ਰਵਾਨ ਕਰਨ ਤੋ ਬਿਨ੍ਹਾਂ ਇਕਦਮ ਸਮੂਹਿਕ ਤੌਰ ਤੇ ਦਿੱਲੀ ਦੇ ਉਸ ਆਰ.ਐਸ.ਐਸ. ਦੇ ਕਰਿੰਦੇ, ਜਿਸਦੀ ਪੰਜਾਬ ਸੂਬੇ ਅਤੇ ਪੰਜਾਬੀਆਂ ਲਈ ਨਾ ਕੋਈ ਦੇਣ ਹੈ ਅਤੇ ਨਾ ਹੀ ਕੋਈ ਸੁਹਿਰਦਤਾ, ਉਸਦੇ ਪੱਖ ਵਿਚ ਗੈਰ ਦਲੀਲ ਢੰਗ ਨਾਲ ਬਿਆਨ ਦੇਣ ਅਤੇ ਆਪਣੀਆ ਵਿਜਾਰਤਾ ਬਚਾਉਣ ਦੀਆਂ ਕੀਤੀਆ ਜਾ ਰਹੀਆ ਕੋਸਿ਼ਸ਼ਾਂ ਸੰਬੰਧੀ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਨ੍ਹਾਂ ਆਮ ਆਦਮੀ ਪਾਰਟੀ ਦੇ ਵਜ਼ੀਰਾਂ ਦੀ ਤਾਂ ਆਪਣੀਆ ਵਜ਼ੀਰੀਆਂ ਬਚਾਉਣ ਲਈ ਅਜਿਹੀ ਨਿਰਾਰਥਕ ਬਿਆਨਬਾਜੀ ਦੇਣਾ ਮਜਬੂਰੀ ਹੋ ਸਕਦੀ ਹੈ । ਲੇਕਿਨ ਜਿਨ੍ਹਾਂ ਪੰਜਾਬ ਨਿਵਾਸੀਆ ਤੇ ਸਿੱਖ ਕੌਮ ਵੱਲੋ ਲੰਮੇ ਸਮੇ ਤੋ ਹਰ ਖੇਤਰ ਵਿਚ ਜ਼ਬਰ ਜੁਲਮ, ਵਿਤਕਰੇ, ਪੰਜਾਬ ਦੇ ਵਿਧਾਨਿਕ ਹੱਕਾਂ ਨੂੰ ਕੁੱਚਲਕੇ ਪੰਜਾਬ ਨੂੰ ਲੁੱਟਣ ਅਤੇ ਦਿੱਲੀ ਵਾਲਿਆ ਵੱਲੋ ਗੈਰ ਵਿਧਾਨਿਕ ਤਰੀਕੇ ਪੰਜਾਬ ਸੂਬੇ ਦੇ ਨਿਜਾਮ ਉਤੇ ਕਬਜੇ ਕਰਨ ਦੇ ਅਮਲ ਹੁੰਦੇ ਆ ਰਹੇ ਹਨ, ਉਨ੍ਹਾਂ ਪੰਜਾਬੀਆਂ ਅਤੇ ਸਿੱਖ ਕੌਮ ਦੀ ਕਿਸੇ ਤਰ੍ਹਾਂ ਦੀ ਕੋਈ ਮਜਬੂਰੀ ਨਹੀ । ਉਹ ਪੰਜਾਬ ਦੇ ਹੱਕ-ਸੱਚ ਦੀ ਗੱਲ ਕਰ ਰਹੇ ਹਨ । ਦੂਸਰਾ ਜਿਸ ਢੰਗ ਨਾਲ ਪੰਜਾਬ ਦੇ ਮੁੱਖ ਸਕੱਤਰ ਵੱਲੋ ਸ੍ਰੀ ਰਾਘਵ ਚੱਢਾ ਦੀ ਨਿਯੁਕਤੀ ਦੇ ਪੱਤਰ ਨੂੰ ਹੀ ਇਕ ਪੰਜਾਬ ਸਰਕਾਰ ਦਾ ਨੋਟੀਫਿਕੇਸ਼ਨ ਦੱਸਕੇ ਸ੍ਰੀ ਚੱਢਾ ਨੂੰ ਸਲਾਹਕਾਰ ਬੋਰਡ ਦਾ ਚੇਅਰਮੈਨ ਬਣਾਉਣ ਤੇ ਵਜ਼ੀਰੀ ਦੇ ਬਰਾਬਰ ਰੁਤਬਾ ਦੇਣ ਦੀ ਗੱਲ ਕੀਤੀ ਗਈ ਹੈ, ਇਹ ਬਿਲਕੁਲ ਗੈਰ ਵਿਧਾਨਿਕ ਅਮਲ ਹੈ ਅਤੇ ਵਿਧਾਨਿਕ ਨਿਯਮਾਂ ਦੀਆਂ ਧੱਜੀਆ ਉਡਾਣ ਦੇ ਤੁੱਲ ਕਾਰਵਾਈ ਹੈ । ਅਜਿਹਾ ਕੋਈ ਵੀ ਨੋਟੀਫਿਕੇਸਨ ਗਵਰਨਰ ਪੰਜਾਬ ਦੀ ਪ੍ਰਵਾਨਗੀ ਤੇ ਦਸਤਖਤਾਂ ਤੋ ਬਗੈਰ ਜਾਰੀ ਨਹੀ ਹੋ ਸਕਦਾ । ਜੋ ਆਮ ਆਦਮੀ ਪਾਰਟੀ ਦੇ ਕੰਨਵੀਨਰ ਸ੍ਰੀ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਇਨ੍ਹਾਂ ਦਾ ਜਮੂਰਾ ਸ੍ਰੀ ਰਾਘਵ ਚੱਢਾ ਪੰਜਾਬੀਆਂ ਨਾਲ ਮੁਕਾਰਤਾ ਭਰੀ ਖੇਡ, ਖੇਡ ਰਹੇ ਹਨ ਉਸ ਤੋ ਪ੍ਰਤੱਖ ਹੋ ਜਾਂਦਾ ਹੈ ਕਿ ਨਾ ਸ੍ਰੀ ਕੇਜਰੀਵਾਲ, ਨਾ ਸ. ਭਗਵੰਤ ਸਿੰਘ ਮਾਨ, ਨਾ ਹੀ ਸ੍ਰੀ ਰਾਘਵ ਚੱਢਾ ਪੰਜਾਬ ਸੂਬੇ ਅਤੇ ਪੰਜਾਬੀਆਂ ਦੀ ਕੋਈ ਬਿਹਤਰੀ ਕਰ ਸਕਣਗੇ ਅਤੇ ਨਾ ਹੀ ਲੰਮੇ ਸਮੇ ਤੋ ਪੰਜਾਬੀਆ ਨੂੰ ਦਰਪੇਸ਼ ਆ ਰਹੇ ਗੰਭੀਰ ਮਸਲਿਆ ਦਾ ਹੱਲ ਕਰਨ ਦੀ ਇਨ੍ਹਾਂ ਦੀ ਸਮਰੱਥਾਂ ਹੈ । ਕੇਵਲ ਤੇ ਕੇਵਲ ਆਪਣੇ ਆਰ.ਐਸ.ਐਸ. ਵਿਚ ਬੈਠੇ ਪੰਜਾਬ ਸੂਬੇ ਤੇ ਪੰਜਾਬ ਵਿਰੋਧੀ ਅਕਾਵਾਂ ਦੀਆਂ ਸਾਜਿ਼ਸਾਂ ਨੂੰ ਇਕ-ਇਕ ਕਰਕੇ ਅਮਲੀ ਰੂਪ ਦੇ ਰਹੇ ਹਨ । ਇਹੀ ਵਜਹ ਹੈ ਕਿ 4 ਮਹੀਨਿਆ ਬਾਅਦ ਹੀ ਪੰਜਾਬ ਨਿਵਾਸੀ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਤਾਕਤ ਵਿਚ ਲਿਆਂਦਾ ਸੀ, ਉਹ ਅੱਜ ਇਨ੍ਹਾਂ ਵਿਰੁੱਧ ਆਪਣਾ ਗੁੱਸਾ ਜਾਹਰ ਕਰਦੇ ਹੋਏ ਕੇਵਲ ਸੰਗਰੂਰ ਲੋਕ ਸਭਾ ਚੋਣਾਂ ਵਿਚ ਹੀ ਸਬਕ ਨਹੀ ਸਿਖਾਇਆ, ਅੱਜ ਵੀ ਹਰ ਖੇਤਰ ਵਿਚ ਇਸ ਆਮ ਆਦਮੀ ਪਾਰਟੀ ਦਾ ਵਿਰੋਧ ਹੋਣਾ ਇਹ ਪ੍ਰਤੱਖ ਕਰਦਾ ਹੈ ਕਿ ਪੰਜਾਬੀਆਂ ਦੀਆਂ ਭਾਵਨਾਵਾ ਨੂੰ ਕੁੱਚਲਕੇ ਤਾਨਾਸਾਹੀ ਸੋਚ ਅਧੀਨ ਉਪਰੋਕਤ ਤਿਕੜੀ ਵੱਲੋ ਕੀਤੇ ਜਾ ਰਹੇ ਅਮਲ ਇਨ੍ਹਾਂ ਦੀ ਸਰਕਾਰ ਦਾ ਅੰਤ ਕਰਨ ਲਈ ਹੀ ਕਾਫੀ ਹਨ । ਬੇਸ਼ੱਕ ਸ. ਭਗਵੰਤ ਸਿੰਘ ਮਾਨ ਪੰਜਾਬ ਦੇ ਜੰਮਪਲ ਹਨ, ਪਰ ਜਿਵੇ 1947 ਵਿਚ ਜਵਾਹਰ ਲਾਲ ਨਹਿਰੂ, ਗਾਂਧੀ ਅਤੇ ਪਟੇਲ ਨੇ ਮਾਸਟਰ ਤਾਰਾ ਸਿੰਘ ਨੂੰ ਸਾਜ਼ਸੀ ਢੰਗ ਨਾਲ ਘੇਰ ਲਿਆ ਸੀ, ਉਸੇ ਤਰ੍ਹਾਂ ਇਸ ਬੀਜੇਪੀ-ਆਰ.ਐਸ.ਐਸ. ਦੀ ਸੋਚ ਉਤੇ ਅਮਲ ਕਰ ਰਹੇ ਸ੍ਰੀ ਕੇਜਰੀਵਾਲ ਤੇ ਸ੍ਰੀ ਰਾਘਵ ਚੱਢਾ ਨੇ ਪੂਰੀ ਤਰ੍ਹਾਂ ਸ. ਭਗਵੰਤ ਸਿੰਘ ਮਾਨ ਨੂੰ ਜਕੜ ਲਿਆ ਹੈ । ਇਹੀ ਵਜਹ ਹੈ ਕਿ ਪਹਿਲੇ 7 ਗੈਰ ਪੰਜਾਬੀਆਂ ਅਤੇ ਗੈਰ ਤੁਜਰਬੇਕਾਰ ਲੋਕਾਂ ਨੂੰ ਰਾਜ ਸਭਾ ਮੈਬਰ ਬਣਾਇਆ ਗਿਆ । ਹੁਣ ਸਮੁੱਚੇ ਪੰਜਾਬੀਆਂ ਅਤੇ ਆਮ ਆਦਮੀ ਪਾਰਟੀ ਦੇ ਸਿਰਕੱਢ ਵਿਦਵਾਨਾਂ ਅਤੇ ਸੰਜ਼ੀਦਾ ਸਖਸ਼ੀਅਤਾਂ ਨੂੰ ਨਜ਼ਰ ਅੰਦਾਜ ਕਰਕੇ ਦਿੱਲੀ ਦੀ ਸੋਚ ਤੇ ਚੱਲਣ ਵਾਲੇ ਸ੍ਰੀ ਰਾਘਵ ਚੱਢਾ ਨੂੰ ਪੰਜਾਬ ਦੇ ਹਰ ਕੰਮ ਵਿਚ ਦਖਲ ਦੇਣ ਲਈ ਪੰਜਾਬ ਯੋਜਨਾ ਬੋਰਡ ਦਾ ਗੈਰ ਵਿਧਾਨਿਕ ਢੰਗ ਨਾਲ ਚੇਅਰਮੈਨ ਬਣਾਇਆ ਗਿਆ ਹੈ ਅਤੇ ਜਿਸਦੀ ਪੰਜਾਬੀਆਂ ਅਤੇ ਸਿੱਖ ਕੌਮ ਵੱਲੋ ਉੱਚੀ ਆਵਾਜ਼ ਵਿਚ ਵਿਰੋਧ ਹੋਣ ਦੇ ਬਾਵਜੂਦ ਵੀ ਇਹ ਆਰ.ਐਸ.ਐਸ. ਦੇ ਚੇਲੇ ਆਪਣੀਆ ਸਾਜਿ਼ਸਾਂ ਨੂੰ ਨੇਪਰੇ ਚਾੜਨ ਵਿਚ ਮਸਰੂਫ ਹਨ । ਪਰ ਪੰਜਾਬੀ ਅਤੇ ਸਿੱਖ ਕੌਮ ਇਸ ਤਿੱਕੜੀ ਨੂੰ ਪੰਜਾਬੀਆਂ ਤੇ ਸਿੱਖ ਕੌਮ ਦੀ ਅਣਖ ਗੈਰਤ ਨੂੰ ਸੱਟ ਮਾਰਨ ਦੀ ਨਾ ਤਾਂ ਇਜਾਜਤ ਦੇਵੇਗੀ ਅਤੇ ਨਾ ਹੀ ਅਜਿਹੇ ਗੈਰ ਵਿਧਾਨਿਕ ਤਰੀਕੇ ਕੀਤੀ ਗਈ ਪੰਜਾਬ ਤੋ ਬਾਹਰ ਦੀ ਨਿਯੁਕਤੀ ਨੂੰ ਪੰਜਾਬੀ ਅਤੇ ਸਿੱਖ ਕੌਮ ਪ੍ਰਵਾਨ ਕਰਨਗੇ ।

Leave a Reply

Your email address will not be published. Required fields are marked *