ਸ. ਮਾਨ ਵੱਲੋਂ ਸ੍ਰੀ ਦਰਬਾਰ ਸਾਹਿਬ ਪਹੁੰਚਕੇ ਗੁਰੂ ਸਾਹਿਬ ਦਾ ਸੁਕਰਾਨੇ ਦੀ ਅਰਦਾਸ ਕਰਨ ਸਮੇਂ ਐਸ.ਜੀ.ਪੀ.ਸੀ. ਦੇ ਪ੍ਰਧਾਨ ਜਾਂ ਅਹੁਦੇਦਾਰਾਂ ਦਾ ਹਾਜ਼ਰ ਨਾ ਹੋਣਾ ਗੈਰ-ਜਿ਼ੰਮੇਵਰਾਨਾ : ਟਿਵਾਣਾ

ਅੰਮ੍ਰਿਤਸਰ, 06 ਜੁਲਾਈ ( ) “ਜਦੋਂ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸੰਗਰੂਰ ਲੋਕ ਸਭਾ ਹਲਕਾ ਦੀ ਜਿਮਨੀ ਚੋਣ ਨੂੰ ਜਿੱਤਕੇ ਸੰਸਾਰ ਵਿਚ ਵੱਸਣ ਵਾਲੇ ਪੰਜਾਬੀਆਂ ਅਤੇ ਸਿੱਖਾਂ ਦੀ ਆਨ-ਸਾਨ ਵਿਚ ਵਾਧਾ ਕੀਤਾ ਹੈ ਅਤੇ ਸਭ ਪੰਜਾਬੀ ਅਤੇ ਸਿੱਖ ਇਸ ਹੋਈ ਜਿੱਤ ਉਤੇ ਫਖ਼ਰ ਮਹਿਸੂਸ ਕਰਦੇ ਹੋਏ ਇਕ-ਦੂਸਰੇ ਨੂੰ ਮੁਬਾਰਕਬਾਦ ਦਿੰਦੇ ਹੋਏ ਉਸ ਅਕਾਲ ਪੁਰਖ ਦਾ ਸੁਕਰਾਨਾ ਕਰ ਰਹੇ ਹਨ, ਉਸ ਸਮੇਂ ਸ. ਸਿਮਰਨਜੀਤ ਸਿੰਘ ਮਾਨ ਵੱਲੋਂ ਸ੍ਰੀ ਦਰਬਾਰ ਸਾਹਿਬ ਵਿਖੇ ਬੀਤੇ ਕੱਲ੍ਹ ਨਤਮਸਤਕ ਹੋ ਕੇ ਗੁਰੂ ਸਾਹਿਬਾਨ ਦਾ ਸੁਕਰਾਨਾ ਕਰਨ ਦੇ ਸਮੇਂ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਜਾਂ ਹੋਰ ਅੰਤਰਿੰਗ ਕਮੇਟੀ ਮੈਬਰਾਂ ਵਿਚੋਂ ਕਿਸੇ ਵੱਲੋ ਵੀ ਨਾ ਤਾਂ ਦਰਬਾਰ ਸਾਹਿਬ ਦੇ ਬਾਹਰ ਪਹੁੰਚਣ ਤੇ ਉਨ੍ਹਾਂ ਨੂੰ ਜੀ-ਆਇਆ ਕਿਹਾ ਗਿਆ ਅਤੇ ਨਾ ਹੀ ਹੋਣ ਵਾਲੀ ਅਰਦਾਸ ਵਿਚ ਅਜਿਹੇ ਕਿਸੇ ਅਧਿਕਾਰੀ ਵੱਲੋ ਸਮੂਲੀਅਤ ਕੀਤੀ ਗਈ । ਇਹ ਅਮਲ ਐਸ.ਜੀ.ਪੀ.ਸੀ. ਉਤੇ ਮੌਜੂਦਾ ਕਾਬਜ ਅਹੁਦੇਦਾਰਾਂ ਦੀ ਗੈਰ-ਜਿ਼ੰਮੇਵਰਾਨਾ ਅਤੇ ਮੰਦਭਾਵਨਾ ਭਰੀ ਕਾਰਵਾਈ ਹੈ । ਜਦੋਕਿ ਦਿੱਲੀ ਦੇ ਮੁਤੱਸਵੀ ਹੁਕਮਰਾਨਾਂ ਜਾਂ ਹੋਰ ਹਿੰਦੂਤਵ ਵੱਡੀਆ ਸਖਸ਼ੀਅਤਾਂ ਵੱਲੋ ਸ੍ਰੀ ਦਰਬਾਰ ਸਾਹਿਬ ਪਹੁੰਚਣ ਤੇ ਸਣੇ ਐਸ.ਜੀ.ਪੀ.ਸੀ. ਦੇ ਪ੍ਰਧਾਨ ਅਤੇ ਅਹੁਦੇਦਾਰ ਉਨ੍ਹਾਂ ਦਾ ਸਵਾਗਤ ਕਰਨ ਲਈ ਇਕ ਦੂਸਰੇ ਤੋ ਅੱਗੇ ਹੋ ਕੇ ਅਜਿਹਾ ਕਰਦੇ ਅਕਸਰ ਦਿਖਾਈ ਦਿੰਦੇ ਹਨ । ਫਿਰ ਸਿੱਖ ਕੌਮ ਦੀ ਵੱਡਮੁੱਲੀ ਦ੍ਰਿੜ ਸਖਸ਼ੀਅਤ ਜੋ ਸੱਚ-ਹੱਕ ਦੀ ਗੱਲ ਨਿਰੰਤਰ ਕਰਦੀ ਆ ਰਹੀ ਹੈ ਅਤੇ ਜਿਸਨੂੰ ਸਿੱਖ ਕੌਮ ਨੇ ਸੰਗਰੂਰ ਲੋਕ ਸਭਾ ਹਲਕੇ ਤੋ ਜਿਤਾਕੇ ਵੱਡੀ ਮਾਨਤਾ ਤੇ ਸਤਿਕਾਰ ਦਿੱਤਾ ਹੈ, ਉਸ ਸਖਸ਼ੀਅਤ ਦੀ ਆਮਦ ਸਮੇਂ ਕਿਸੇ ਵੀ ਵੱਡੇ ਅਹੁਦੇਦਾਰ ਵੱਲੋ ਹਾਜ਼ਰ ਨਾ ਹੋਣਾ ਜਿਥੇ ਦੁੱਖਦਾਇਕ ਹੈ, ਉਥੇ ਇਹ ਕਾਰਵਾਈ ਇਹ ਵੀ ਪ੍ਰਤੱਖ ਕਰਦੀ ਹੈ ਕਿ ਅਜਿਹੇ ਅਧਿਕਾਰੀ ਤੇ ਅਹੁਦੇਦਾਰਾਂ ਨੇ ਆਪਣੇ ਆਪ ਨੂੰ ਹੁਕਮਰਾਨਾਂ ਤੇ ਸਿਆਸੀ ਆਗੂਆ ਦੇ ਗੁਲਾਮ ਬਣਾ ਰੱਖਿਆ ਹੈ । ਜਦੋਕਿ ਗੁਰੂ ਸਾਹਿਬਾਨ ਨੇ ਸਾਨੂੰ ਅਣਖ਼-ਗੈਰਤ ਦੀ ਜਿ਼ੰਦਗੀ ਜਿਊਂਣ ਅਤੇ ਕਿਸੇ ਦੀ ਵੀ ਗੁਲਾਮੀ ਨਾ ਪ੍ਰਵਾਨ ਕਰਨ ਦੇ ਆਦੇਸ਼ ਦਿੱਤੇ ਹੋਏ ਹਨ ।”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਕੱਲ੍ਹ ਸ. ਸਿਮਰਨਜੀਤ ਸਿੰਘ ਮਾਨ ਵਰਗੀ ਸਮੁੱਚੇ ਸੰਸਾਰ ਦੇ ਪੰਜਾਬੀਆਂ ਅਤੇ ਸਿੱਖਾਂ ਵਿਚ ਸਤਿਕਾਰੀ ਜਾਂਦੀ ਸਖਸ਼ੀਅਤ ਦੇ ਸਵਾਗਤ ਸਮੇਂ ਅਤੇ ਅਰਦਾਸ ਸਮੇਂ ਐਸ.ਜੀ.ਪੀ.ਸੀ. ਦੇ ਅਧਿਕਾਰੀਆ ਦੇ ਦੂਰ ਰਹਿਣ ਦੀਆਂ ਕਾਰਵਾਈਆ ਨੂੰ ਮੰਦਭਾਗਾ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋਂ ਸਮੁੱਚੇ ਪੰਜਾਬੀਆਂ ਤੇ ਸਿੱਖ ਕੌਮ ਨੇ ਇਨ੍ਹਾਂ ਦੀ ਪੁਰਾਤਨ ਰਵਾਇਤੀ ਲੀਡਰਸਿ਼ਪ ਨੂੰ ਆਪਣੇ ਵੋਟ ਹੱਕ ਰਾਹੀ ਪੂਰੀ ਤਰ੍ਹਾਂ ਦੁਰਕਾਰ ਦਿੱਤਾ ਹੈ ਅਤੇ ਜਿਨ੍ਹਾਂ ਦੀ ਸਿਆਸੀ, ਸਮਾਜਿਕ ਅਤੇ ਧਾਰਮਿਕ ਇਖਲਾਕ ਸਿੱਖ ਕੌਮ ਵਿਚ ਮਨਫੀ ਹੋ ਚੁੱਕਾ ਹੈ, ਉਹ ਅਜੇ ਵੀ ਹਿੰਦੂਤਵ ਹੁਕਮਰਾਨਾਂ ਅਤੇ ਪੰਥ ਵਿਰੋਧੀ ਸ਼ਕਤੀਆਂ ਦੀਆਂ ਸਿੱਖ ਵਿਰੋਧੀ ਸਾਜਿਸਾਂ ਦਾ ਜੇਕਰ ਹਿੱਸਾ ਬਣ ਰਹੇ ਹਨ ਤਾਂ ਇਸ ਤੋਂ ਵੱਡੀ ਸ਼ਰਮਨਾਕ ਅਤੇ ਨਮੋਸ਼ੀ ਵਾਲੀ ਗੱਲ ਇਨ੍ਹਾਂ ਲਈ ਹੋਰ ਕੀ ਹੋ ਸਕਦੀ ਹੈ ? ਉਨ੍ਹਾਂ ਕਿਹਾ ਕਿ ਅੱਜ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਨਾਲ ਜਦੋਂ ਹਿੰਦੂਤਵ ਹੁਕਮਰਾਨ ਅਤੇ ਅਫਸਰਸਾਹੀ ਹਰ ਖੇਤਰ ਵਿਚ ਗੈਰ ਵਿਧਾਨਿਕ ਅਤੇ ਗੈਰ-ਜਮਹੂਰੀਅਤ ਤਰੀਕੇ ਜ਼ਬਰ-ਜੁਲਮ ਅਤੇ ਬੇਇਨਸਾਫ਼ੀਆਂ ਵੱਡੇ ਪੱਧਰ ਤੇ ਨਿਰੰਤਰ ਕਰਦੇ ਆ ਰਹੇ ਹਨ, ਜਦੋ ਸਮੁੱਚੀ ਸਿੱਖ ਲੀਡਰਸਿ਼ਪ ਵੱਲੋ ਸਮੂਹਿਕ ਤੌਰ ਤੇ ਇਕ ਹੋ ਕੇ ਇਨ੍ਹਾਂ ਦੁਸ਼ਮਣ ਤਾਕਤਾਂ ਨੂੰ ਚੁਣੋਤੀ ਦੇਣ ਅਤੇ ਕੌਮਾਂਤਰੀ ਪੱਧਰ ਤੇ ਉਨ੍ਹਾਂ ਦੇ ਖੂੰਖਾਰ ਚਿਹਰੇ ਨੂੰ ਸਾਹਮਣੇ ਲਿਆਕੇ ਸਿੱਖ ਕੌਮ ਦੇ ਉੱਚੇ-ਸੁੱਚੇ ਇਖਲਾਕ ਅਤੇ ਅਮਲਾਂ ਦਾ ਇਜਹਾਰ ਕਰਨ ਦਾ ਸਮਾਂ ਹੈ, ਉਸ ਸਮੇਂ ਵੀ ਜੇਕਰ ਇਹ ਰਵਾਇਤੀ ਲੀਡਰਸਿ਼ਪ ਸਤਰੰਜ਼ੀ ਚਾਲਾਂ ਦੀ ਖੇਡ ਵਿਚ ਰੁੱਝੀ ਹੋਈ ਹੈ ਤਾਂ ਸਿੱਖ ਕੌਮ ਨੂੰ ਤੇ ਪੰਜਾਬੀਆਂ ਨੂੰ ਹੁਣ ਫੈਸਲਾ ਕਰ ਲੈਣਾ ਚਾਹੀਦਾ ਹੈ ਕਿ ਸਿਆਸੀ ਅਤੇ ਧਾਰਮਿਕ ਤੌਰ ਤੇ ਸਹਿਯੋਗ ਕਰਕੇ ਸ. ਸਿਮਰਨਜੀਤ ਸਿੰਘ ਮਾਨ ਵਰਗੀ ਦ੍ਰਿੜ ਇਰਾਦੇ ਵਾਲੀ ਸਖਸ਼ੀਅਤ ਨੂੰ ਮਜ਼ਬੂਤ ਕੀਤਾ ਜਾਵੇ । ਤਾਂ ਜੋ ਉਹ ਸਿੱਖਾਂ ਨਾਲ ਸਿਆਸੀ, ਸਮਾਜਿਕ, ਧਾਰਮਿਕ ਅਤੇ ਭੂਗੋਲਿਕ ਤੌਰ ਤੇ ਹੋ ਰਹੇ ਵੱਖਰੇਵਿਆ ਤੇ ਬੇਇਨਸਾਫ਼ੀਆਂ ਨੂੰ ਉਹ ਕੌਮਾਂਤਰੀ ਕਾਨੂੰਨਾਂ ਅਨੁਸਾਰ ਹੱਲ ਕਰਵਾ ਸਕਣ ਅਤੇ ਇਥੇ ਸਮੁੱਚੀਆਂ ਕੌਮਾਂ, ਧਰਮਾਂ ਤੇ ਵਰਗਾਂ ਤੇ ਅਧਾਰਿਤ ਸਰਬਸਾਂਝਾ ਰਾਜ ਪ੍ਰਬੰਧ ਕਾਇਮ ਕਰਨ ਦੀ ਕੌਮੀ ਤੇ ਇਨਸਾਨੀਅਤ ਪੱਖੀ ਜਿ਼ੰਮੇਵਾਰੀ ਨਿਭਾਅ ਸਕਣ ।

Leave a Reply

Your email address will not be published. Required fields are marked *