ਟੋਰਾਂਟੋਂ ਦੇ ਨਿਜ਼ਾਮ ਵੱਲੋਂ ਸਿੱਖ ਸੁਰੱਖਿਆ ਗਾਰਡਾਂ ਨੂੰ ਦਾੜ੍ਹੀ ਰੱਖਣ ਦੀ ਬਦੌਲਤ ਨੌਕਰੀਆਂ ਤੋਂ ਜੁਆਬ ਦੇਣ ਦੀ ਕਾਰਵਾਈ ਅਤਿ ਦੁੱਖਦਾਇਕ ਅਤੇ ਵੱਡੀ ਬੇਇਨਸਾਫ਼ੀ ਵਾਲੀ : ਮਾਨ

ਮਿਸਟਰ ਜਸਟਿਨ ਟਰੂਡੋਂ ਸਿੱਖ ਕੌਮ ਦੇ ਇਸ ਸਵੈਮਾਨ ਨੂੰ ਠੇਸ ਪਹੁੰਚਾਉਣ ਵਾਲੇ ਮਾਮਲੇ ਵਿਚ ਫੌਰੀ ਕਾਰਵਾਈ ਕਰਨ

ਫ਼ਤਹਿਗੜ੍ਹ ਸਾਹਿਬ, 06 ਜੁਲਾਈ ( ) “ਟੋਰਾਂਟੋਂ ਦੇ ਨਿਜ਼ਾਮ ਨੇ ਜੋ ਉਥੇ ਨੌਕਰੀਆਂ ਕਰ ਰਹੇ ਸਿੱਖ ਸੁਰੱਖਿਆ ਗਾਰਡਾਂ ਨੂੰ ਆਪਣੇ ਧਰਮ ਨਾਲ ਸੰਬੰਧਤ ਕੇਸ-ਦਾੜ੍ਹੀ ਰੱਖਣ ਦੀ ਬਦੌਲਤ ਨੌਕਰੀਆਂ ਵਿਚੋਂ ਕੱਢਣ ਦੇ ਹੁਕਮ ਕੀਤੇ ਹਨ, ਅਜਿਹਾ ਅਮਲ ਤਾਂ ਹਿੰਦੂਤਵ ਹੁਕਮਰਾਨਾਂ ਦੀ ਸੌੜ੍ਹੀ ਸੋਚ ਦੀ ਤਰ੍ਹਾਂ ਕੈਨੇਡਾ ਵਿਚ ਵੱਸਣ ਵਾਲੇ ਅਤੇ ਉਥੋ ਦੇ ਹਰ ਖੇਤਰ ਵਿਚ ਮਿਹਨਤ ਕਰਕੇ ਯੋਗਦਾਨ ਪਾਉਣ ਵਾਲੇ ਸਿੱਖਾਂ ਨਾਲ ਵੱਡਾ ਘੋਰ ਵਿਤਕਰਾ ਹੈ । ਜਦੋਕਿ ਕੈਨੇਡਾ ਦੇ ਸਮੁੱਚੇ ਹੁਕਮਰਾਨਾਂ ਨੂੰ ਇਸ ਗੱਲ ਦੀ ਭਰਪੂਰ ਜਾਣਕਾਰੀ ਹੈ ਕਿ ਇਕ ਸਿੱਖ ਵਿਅਕਤੀ ਨੂੰ ਆਪਣੇ ਕੇਸਾਂ (ਦਾੜ੍ਹੀ) ਨਾਲ ਡੂੰਘਾਂ ਪਿਆਰ ਤੇ ਸਤਿਕਾਰ ਹੈ । ਕਿਉਂਕਿ ਇਹ ਕੇਸ ਸਾਡੇ ਸਿੱਖ ਧਰਮ ਦੇ ਕਕਾਰਾਂ ਵਿਚ ਆਉਦੇ ਹਨ । ਜਿਨ੍ਹਾਂ ਤੋਂ ਬਿਨ੍ਹਾਂ ਇਕ ਸਿੱਖ ਦਾ ਜੀਵਨ ਨਿਰਵਾਹ ਕਰਨਾ ਜਿਊਂਦੇ ਹੀ ਮੌਤ ਦੇ ਬਰਾਬਰ ਹੋ ਜਾਂਦਾ ਹੈ । ਇਸਦੇ ਬਾਵਜੂਦ ਵੀ ਅਤੇ ਹੁਕਮਰਾਨਾਂ ਨੂੰ ਸਾਡੇ ਸਿੱਖ ਧਰਮ ਦੀ ਜਾਣਕਾਰੀ ਹੋਣ ਉਪਰੰਤ ਵੀ ਸਿੱਖਾਂ ਲਈ ਅਜਿਹਾ ਹੁਕਮ ਕਰਨਾ ਜਿਥੇ ਸਾਡੀ ਸਮਝ ਤੋ ਬਾਹਰ ਹੈ, ਉਥੇ ਅਤਿ ਦੁੱਖਦਾਇਕ ਅਤੇ ਸਮੁੱਚੇ ਸੰਸਾਰ ਵਿਚ ਵੱਸਣ ਵਾਲੀ ਸਿੱਖ ਕੌਮ ਲਈ ਅਸਹਿ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਟੋਰਾਂਟੋਂ ਦੇ ਪ੍ਰਸ਼ਾਸ਼ਕੀ ਅਫਸਰਾਨ ਅਤੇ ਮੋਢੀਆਂ ਵੱਲੋ ਸਿੱਖ ਕੌਮ ਵਿਰੋਧੀ ਕੀਤੇ ਗਏ ਇਸ ਹੁਕਮ ਦੀ ਜਿਥੇ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਾ ਹੈ, ਉਥੇ ਟੋਰਾਂਟੋਂ ਦੀ ਨਿਜ਼ਾਮੀ ਅਫਸਰਸਾਹੀ ਨੂੰ ਇਸ ਕੀਤੇ ਗਏ ਸਿੱਖ ਕੌਮ ਵਿਰੋਧੀ ਫੈਸਲੇ ਉਤੇ ਫਿਰ ਤੋ ਸੰਜ਼ੀਦਗੀ ਨਾਲ ਗੌਰ ਕਰਨ ਅਤੇ ਇਸ ਲਗਾਈ ਗਈ ਸ਼ਰਤ ਨੂੰ ਖਤਮ ਕਰਨ ਦੀ ਮੰਗ ਕਰਦਾ ਹੈ, ਉਥੇ ਕੈਨੇਡਾ ਦੇ ਵਜ਼ੀਰ-ਏ-ਆਜ਼ਮ ਮਿਸਟਰ ਜਸਟਿਨ ਟਰੂਡੋਂ ਨੂੰ ਇਹ ਅਪੀਲ ਕਰਦਾ ਹੈ ਕਿ ਉਹ ਤੁਰੰਤ ਇਸ ਹੋਈ ਅਵੱਗਿਆ ਵਿਚ ਦਖਲ ਦੇ ਕੇ ਸਿੱਖ ਮਨਾਂ ਨੂੰ ਪਹੁੰਚੀ ਠੇਸ ਅਤੇ ਦੁੱਖ ਨੂੰ ਰਾਹਤ ਦੇਣ ਦੀ ਜਿ਼ੰਮੇਵਾਰੀ ਨਿਭਾਉਣ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਟੋਰਾਂਟੋਂ ਵਿਖੇ ਸਿੱਖ ਸੁਰੱਖਿਆ ਗਾਰਡਾਂ ਵੱਲੋਂ ਨਿਭਾਈ ਜਾ ਰਹੀ ਸੇਵਾ ਦੇ ਦੌਰਾਨ ਉਥੋ ਦੇ ਨਿਜਾਮ ਵੱਲੋ ਦਾੜ੍ਹੀ ਵਾਲੇ ਸਿੱਖਾਂ ਨੂੰ ਨੌਕਰੀਆਂ ਤੋਂ ਜੁਆਬ ਦੇਣ ਅਤੇ ਇਸ ਸਿੱਖ ਵਿਰੋਧੀ ਸ਼ਰਤ ਨੂੰ ਲਾਗੂ ਕਰਨ ਉਤੇ ਡੂੰਘਾਂ ਦੁੱਖ ਤੇ ਅਫਸੋਸ ਜਾਹਰ ਕਰਦੇ ਹੋਏ ਸੰਬੰਧਤ ਹੁਕਮਰਾਨਾਂ ਨੂੰ ਇਸ ਕੀਤੇ ਗਏ ਸਿੱਖ ਵਿਰੋਧੀ ਫੈਸਲੇ ਤੇ ਫਿਰ ਗੌਰ ਕਰਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸਾਡੇ ਸਿੱਖ ਨੌਜ਼ਵਾਨ ਉੱਚ ਦਰਜੇ ਦੀ ਤਾਲੀਮ ਹਾਸਿਲ ਕਰਨ ਲਈ ਆਪਣੇ ਮਾਪਿਆ ਦੇ ਖਜਾਨੇ ਵਿਚੋ ਵੱਡੀਆ ਰਕਮਾਂ ਖਰਚ ਕਰਕੇ ਕੈਨੇਡਾ ਵਰਗੇ ਅਗਾਹਵਾਧੂ ਮੁਲਕਾਂ ਵਿਚ ਜਾਂਦੇ ਹਨ । ਉਥੇ ਆਪਣੀ ਤਾਲੀਮ ਹਾਸਿਲ ਕਰਨ ਦੇ ਨਾਲ-ਨਾਲ, ਵੱਖ-ਵੱਖ ਅਦਾਰਿਆ, ਕਾਰੋਬਾਰਾਂ ਵਿਚ ਮਿਹਨਤ ਕਰਕੇ ਆਪਣਾ ਅਤੇ ਆਪਣੇ ਪਰਿਵਾਰਿਕ ਮੈਬਰਾਂ ਦੀ ਦੇਖਭਾਲ ਕਰਨ ਦੇ ਨਾਲ-ਨਾਲ ਕੈਨੇਡਾ ਦੀ ਹਰ ਖੇਤਰ ਵਿਚ ਹੋਣ ਵਾਲੀ ਤਰੱਕੀ ਵਿਚ ਵੀ ਯੋਗਦਾਨ ਪਾਉਦੇ ਆ ਰਹੇ ਹਨ ਅਤੇ ਕੈਨੇਡਾ ਦੇ ਕਾਨੂੰਨਾਂ ਅਤੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਉਸਦੇ ਨਿਜ਼ਾਮ ਨੂੰ ਸਹੀ ਢੰਗ ਨਾਲ ਚਲਾਉਣ ਵਿਚ ਵੀ ਹਰ ਤਰ੍ਹਾਂ ਸਹਿਯੋਗ ਕਰਦੇ ਹਨ । ਇਸ ਲਈ ਕੈਨੇਡਾ ਦੇ ਕਿਸੇ ਵੀ ਸ਼ਹਿਰ ਜਾਂ ਸਟੇਟ ਵਿਚ ਸਿੱਖ ਬੱਚੇ-ਬੱਚੀਆਂ ਵੱਲੋ ਆਪਣੀ ਨੌਕਰੀ ਕਰਦੇ ਹੋਏ, ਜੇਕਰ ਪ੍ਰਬੰਧਕ ਅਜਿਹੀਆ ਬੇਹੁੱਦਾ ਸ਼ਰਤਾਂ ਸਖਤੀ ਨਾਲ ਲਾਗੂ ਕਰਨਗੇ ਤਾਂ ਸਾਡੇ ਨੌਜ਼ਵਾਨ ਜੋ ਇਨ੍ਹਾਂ ਮੁਲਕਾਂ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਪਹੁੰਚੇ ਹੋਏ ਹਨ ਉਨ੍ਹਾਂ ਦੇ ਭਵਿੱਖ ਉਤੇ ਬਹੁਤ ਵੱਡਾ ਜਿਥੇ ਪ੍ਰਸ਼ਨ ਚਿੰਨ੍ਹ ਲੱਗ ਜਾਵੇਗਾ, ਉਥੇ ਕੈਨੇਡਾ ਦੇ ਜਮਹੂਰੀਅਤ ਪਸ਼ੰਦ ਮੁਲਕ ਦੇ ਪ੍ਰਬੰਧ ਉਤੇ ਵੀ ਵੱਡਾ ਧੱਬਾ ਲੱਗ ਜਾਵੇਗਾ । ਇਸ ਲਈ ਸਾਡੀ ਕੈਨੇਡਾ ਦੇ ਵਜ਼ੀਰ-ਏ-ਆਜਮ ਅਤੇ ਟੋਰਾਂਟੋਂ ਦੇ ਪ੍ਰਬੰਧਕੀ ਨਿਜ਼ਾਮ ਨੂੰ ਇਹ ਅਪੀਲ ਹੈ ਕਿ ਉਹ ਤੁਰੰਤ ਗੈਰ-ਜਮਹੂਰੀਅਤ ਤੇ ਸਿੱਖ ਵਿਰੋਧੀ ਕੀਤੇ ਗਏ ਫੈਸਲੇ ਨੂੰ ਵਾਪਸ ਲੈਕੇ ਕੈਨੇਡਾ ਵਿਚ ਵੱਸਣ ਵਾਲੇ ਸਿੱਖ ਨੌਜ਼ਵਾਨਾਂ ਅਤੇ ਸਿੱਖਾਂ ਨਾਲ ਹੋਣ ਵਾਲੀ ਜਿਆਦਤੀ ਨੂੰ ਬੰਦ ਕਰਵਾਇਆ ਜਾਵੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸਾਡੇ ਕੈਨੇਡਾ ਦੇ ਵਜ਼ੀਰ ਸ. ਹਰਜੀਤ ਸਿੰਘ ਸੱਜਣ ਅਤੇ ਦੂਸਰੇ ਹੋਰ ਸਿਰਕੱਢ ਸਿੱਖ ਸਖਸ਼ੀਅਤਾਂ ਇਸ ਗੰਭੀਰ ਮੁੱਦੇ ਉਤੇ ਤੁਰੰਤ ਸਮੂਹਿਕ ਤੌਰ ਤੇ ਕੈਨੇਡਾ ਸਰਕਾਰ ਕੋਲ ਮੁੱਦਾ ਉਠਾਉਦੇ ਹੋਏ ਸਿੱਖ ਨੌਜ਼ਵਾਨੀ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਦੀ ਜਿ਼ੰਮੇਵਾਰੀ ਨਿਭਾਉਣਗੇ।

Leave a Reply

Your email address will not be published. Required fields are marked *