ਸ. ਪ੍ਰਕਾਸ਼ ਸਿੰਘ ਬਾਦਲ ਦੀ ਅੱਛੀ ਸਿਹਤਯਾਬੀ ਲਈ ਅਰਦਾਸ ਕਰਦੇ ਹਾਂ : ਮਾਨ

ਫ਼ਤਹਿਗੜ੍ਹ ਸਾਹਿਬ, 14 ਜੂਨ ( ) “ਭਾਵੇਕਿ ਸ. ਪ੍ਰਕਾਸ਼ ਸਿੰਘ ਬਾਦਲ ਸਾਡੀ ਸਿਆਸੀ, ਧਾਰਮਿਕ, ਸਮਾਜਿਕ ਤੌਰ ਤੇ ਨਿਰੰਤਰ ਗੈਰ ਦਲੀਲ ਢੰਗ ਨਾਲ ਵਿਰੋਧਤਾ ਵੀ ਕਰਦੇ ਆ ਰਹੇ ਹਨ ਅਤੇ ਜਿਸ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਪੱਖੀ ਮੁੱਦਿਆ ਦੇ ਹੱਲ ਲਈ ਅਸੀ ਨਿਰੰਤਰ ਦ੍ਰਿੜਤਾ ਨਾਲ ਲੜਦੇ ਆ ਰਹੇ ਹਾਂ, ਸੰਘਰਸ਼ ਕਰਦੇ ਆ ਰਹੇ ਹਾਂ, ਉਸ ਲਈ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਦੇ ਪਰਿਵਾਰ ਦੇ ਸਿਆਸੀ ਅਤੇ ਮਾਲੀ ਸਵਾਰਥ ਵੀ ਜਿ਼ੰਮੇਵਾਰ ਹਨ । ਪਰ ਅਸੀ ਆਪਣੀ ਇਨਸਾਨੀਅਤ ਵਾਲੀ ਸੋਚ ਉਤੇ ਹਮੇਸ਼ਾਂ ਦੀ ਤਰ੍ਹਾਂ ਪਹਿਰਾ ਦਿੰਦੇ ਹੋਏ ਉਨ੍ਹਾਂ ਦੀ ਅੱਛੀ ਸਿਹਤਯਾਬੀ ਲਈ ਉਸ ਅਕਾਲ ਪੁਰਖ ਦੇ ਚਰਨਾਂ ਵਿਚ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਉਨ੍ਹਾਂ ਨੂੰ ਜਲਦੀ ਤੋ ਜਲਦੀ ਤੰਦਰੁਸਤੀ ਬਖਸਣ ।”

ਇਹ ਵਿਚਾਰ ਅੱਜ ਇਥੇ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਪ੍ਰਕਾਸ਼ ਸਿੰਘ ਬਾਦਲ ਵੱਲੋਂ ਆਪਣੀ ਬਿਮਾਰੀ ਨੂੰ ਲੈਕੇ ਫੋਰਟਿਸ ਹਸਪਤਾਲ ਵਿਚ ਦਾਖਲ ਹੋਣ ਤੇ ਜੇਰੇ ਇਲਾਜ ਅਧੀਨ ਹੋਣ ਉਤੇ ਉਨ੍ਹਾਂ ਦੀ ਅੱਛੀ ਸਿਹਤਯਾਬੀ ਦੇ ਲਈ ਉਸ ਅਕਾਲ ਪੁਰਖ ਦੇ ਚਰਨਾਂ ਵਿਚ ਅਰਦਾਸ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਦਾਸ ਨਿਰੰਤਰ ਪੰਜਾਬ ਸੂਬੇ, ਪੰਜਾਬੀਆਂ, ਪੰਜਾਬੀਅਤ ਅਤੇ ਸਿੱਖ ਕੌਮ ਪੱਖੀ ਸੋਚ ਨੂੰ ਲੈਕੇ ਲੰਮੇ ਸਮੇ ਤੋ ਜਮਹੂਰੀਅਤ ਅਤੇ ਅਮਨਮਈ ਢੰਗ ਨਾਲ ਸੰਘਰਸ਼ ਕਰਦਾ ਆ ਰਿਹਾ ਹੈ ਅਤੇ ਮਿੱਥੇ ਕੌਮੀ ਨਿਸ਼ਾਨੇ ਦੀ ਮੰਜਿਲ ਪ੍ਰਾਪਤ ਕਰਨ ਲਈ ਪੂਰੀ ਸੰਜ਼ੀਦਗੀ ਨਾਲ ਯਤਨਸ਼ੀਲ ਹੈ । ਭਾਵੇ ਹੋਰ ਆਗੂ ਜਾਂ ਪੰਜਾਬ ਨਾਲ ਸੰਬੰਧਤ ਪਾਰਟੀਆ ਸਾਡੀ ਸੋਚ ਨੂੰ ਸਹਿਯੋਗ ਕਰਨ ਜਾਂ ਨਾ ਕਰਨ ਪਰ ਅਸੀ ਆਪਣੀ ਕੌਮੀ ਤੇ ਇਨਸਾਨੀ ਫਰਜਾਂ ਦੀ ਪੂਰਤੀ ਲਈ ਦ੍ਰਿੜਤਾ ਨਾਲ ਆਪਣੀ ਯਥਾਸ਼ਕਤੀ, ਉਸ ਅਕਾਲ ਪੁਰਖ ਵੱਲੋ ਮਿਲੀ ਬੁੱਧੀ ਅਤੇ ਹਿੰਮਤ ਦੀ ਵਰਤੋ ਕਰਦੇ ਹੋਏ ਨਿਰੰਤਰ ਸੰਘਰਸ਼ ਜਾਰੀ ਰੱਖਾਂਗੇ ਅਤੇ ਕਦੀ ਵੀ ਵਿਰੋਧੀ ਭਾਵਨਾ ਰੱਖਣ ਵਾਲੇ ਕਿਸੇ ਆਗੂ ਪ੍ਰਤੀ ਉਸਦੀ ਜਿ਼ੰਦਗੀ ਨੂੰ ਲੈਕੇ ਨਾ ਕਦੇ ਮੰਦਭਾਵਨਾ ਰੱਖੀ ਹੈ ਅਤੇ ਨਾ ਹੀ ਰੱਖਾਂਗੇ ।

Leave a Reply

Your email address will not be published. Required fields are marked *