ਜੋ ਸਿੱਖ ਆਗੂ ਪਾਰਟੀਆਂ ਛੱਡਕੇ ਮੁਤੱਸਵੀਆਂ ਨਾਲ ਸਾਮਿਲ ਹੋ ਰਹੇ ਹਨ, ਉਨ੍ਹਾਂ ਉਤੇ ‘ਪਹਾੜਾਂ ਸਿੰਘ ਸੀ ਯਾਰ ਫਿਰੰਗੀਆਂ ਦਾ’ ਦੀ ਗੱਲ ਪੂਰੀ ਢੁੱਕਦੀ ਹੈ : ਮਾਨ

ਨੰਗੇ ਧੜ ਅਸੀਂ ਹੀ ਸ਼ਾਮ ਸਿੰਘ ਅਟਾਰੀ ਦੀ ਤਰ੍ਹਾਂ ਅਡੋਲ ਪੰਜਾਬੀਆਂ ਅਤੇ ਸਿੱਖ ਕੌਮ ਦੇ ਹੱਕ-ਹਕੂਕਾਂ ਲਈ ਜੂਝ ਰਹੇ ਹਾਂ

ਫ਼ਤਹਿਗੜ੍ਹ ਸਾਹਿਬ, 18 ਜਨਵਰੀ ( ) “ਪੰਜਾਬੀ ਅਤੇ ਸਿੱਖ ਕੌਮ ਆਪਣੀ ਅਣਖ਼-ਗੈਰਤ ਦੀ ਲੜਾਈ ਲੜ੍ਹ ਰਹੇ ਹਨ । ਅਸੈਬਲੀ ਜਾਂ ਪਾਰਲੀਮੈਂਟ ਚੋਣਾਂ ਤਾਂ ਇਕ ਆਪਣੀ ਮੰਜਿ਼ਲ ਉਤੇ ਪਹੁੰਚਣ ਦੇ ਰਾਹ ਦੇ ਪੜਾਅ ਹਨ । ਲੇਕਿਨ ਦੁੱਖ ਅਤੇ ਅਫ਼ਸੋਸ ਹੈ ਕਿ ਪੰਜਾਬ ਦੀਆਂ ਅਸੈਬਲੀ ਚੋਣਾਂ ਦਾ ਐਲਾਨ ਹੋਣ ਉਪਰੰਤ ਚੰਗੇ-ਚੰਗੇ ਨਾਮਵਰ ਸਿੱਖ ਆਪਣੇ ਸਿਆਸੀ ਅਤੇ ਪਰਿਵਾਰਿਕ ਮਾਲੀ ਸਵਾਰਥਾਂ ਦੀ ਪੂਰਤੀ ਦੇ ਗੁਲਾਮ ਬਣਕੇ ਨਿੱਤ ਦਿਹਾੜੇ ਇਕ ਦੂਸਰੀਆਂ ਪਾਰਟੀਆਂ ਵਿਚ ਆ-ਜਾ ਰਹੇ ਹਨ । ਜਦੋਕਿ ਸਿੱਖ ਕੌਮ ਦਾ ਇਖ਼ਲਾਕ ਅਜਿਹੀ ਸਵਾਰਥੀ ਖੇਡ ਤੇ ਕਾਰਵਾਈਆ ਕਰਨ ਦੀ ਬਿਲਕੁਲ ਇਜਾਜਤ ਨਹੀਂ ਦਿੰਦਾ । ਇਹ ਹੋਰ ਵੀ ਅਫਸੋਸ ਵਾਲੀ ਗੱਲ ਹੈ ਕਿ ਜਿਨ੍ਹਾਂ ਕਾਂਗਰਸ, ਬੀਜੇਪੀ-ਆਰ.ਐਸ.ਐਸ ਅਤੇ ਉਨ੍ਹਾਂ ਦੇ ਗੁਲਾਮ ਬਣੇ ਬਾਦਲ ਦਲੀਆ ਨੇ ਹਮੇਸ਼ਾਂ ਪੰਥ ਵਿਰੋਧੀ ਕਾਰਵਾਈਆ ਵਿਚ ਇਕ-ਦੂਸਰੇ ਨੂੰ ਸਾਥ ਦਿੰਦੇ ਆ ਰਹੇ ਹਨ, ਉਨ੍ਹਾਂ ਵਿਚ ਵਿਚਰਣ ਵਾਲੇ ਸਿੱਖ ਬੀਜੇਪੀ, ਆਰ.ਐਸ.ਐਸ, ਕਾਂਗਰਸ ਵਿਚ ਮੌਕਾਪ੍ਰਸਤੀ ਦੀ ਸੋਚ ਅਧੀਨ ਆ-ਜਾ ਰਹੇ ਹਨ। ਇਸ ਸਮੇ ਜੇਕਰ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਦੇ ਹੱਕ-ਹਕੂਕਾ ਅਤੇ ਉੱਚੇ-ਸੁੱਚੇ ਇਖਲਾਕ ਨੂੰ ਕਾਇਮ ਰੱਖਣ ਲਈ ਸਿਰਧੜ ਦੀ ਬਾਜੀ ਲਗਾਕੇ ਮੁਤੱਸਵੀ ਤਾਕਤਾਂ ਨਾਲ ਜਮਹੂਰੀਅਤ ਢੰਗਾਂ ਨਾਲ ਲੜ ਰਿਹਾ ਹੈ ਅਤੇ ਸੱਚ-ਹੱਕ ਦੀ ਆਵਾਜ ਬੁਲੰਦ ਕਰ ਰਿਹਾ ਹੈ ਤਾਂ ਉਹ ਕੇਵਲ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜੁਝਾਰੂ ਜਥੇਬੰਦੀ ਹੈ । ਜਿਸਨੇ ਪੰਜਾਬ ਦੀਆਂ ਚੋਣਾਂ ਵਿਚ ਇਨ੍ਹਾਂ ਤਾਕਤਾਂ ਨੂੰ ਹਰ ਖੇਤਰ ਵਿਚ ਚੁਣੋਤੀ ਦੇਣ ਲਈ ਹੁਣ ਤੱਕ 86 ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ ਅਤੇ ਸਾਡੇ ਵਿਚੋ ਕੋਈ ਵੀ ਇਨਸਾਨ ਇਸ ਭੰਬਲਭੂਸੇ ਵਾਲੀ ਸਥਿਤੀ ਵਿਚ ਵੀ ਅਡੋਲ ਆਪਣੇ ਕੌਮੀ ਨਿਸ਼ਾਨੇ ਪੰਜਾਬ ਅਤੇ ਸਿੱਖ ਕੌਮ ਪੱਖੀ ਅਮਲਾਂ ਦੀ ਪੂਰਤੀ ਕਰਨ ਲਈ ਸ਼ਾਮ ਸਿੰਘ ਅਟਾਰੀ ਦੀ ਤਰ੍ਹਾਂ ਅਡੋਲ ਜੂਝ ਰਹੇ ਹਾਂ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕਾਂਗਰਸ, ਬੀਜੇਪੀ-ਆਰ.ਐਸ.ਐਸ, ਬਾਦਲ ਦਲੀਆ, ਆਮ ਆਦਮੀ ਪਾਰਟੀ ਆਦਿ ਵਿਚ ਵਿਚਰਣ ਵਾਲੇ ਸਿੱਖਾਂ ਵੱਲੋ ਮੌਕਾਪ੍ਰਸਤੀ ਦੀ ਖੇਡ ਅਧੀਨ ਨਿੱਤ ਦਿਹਾੜੇ ‘ਗੰਗੇ ਗਏ ਗੰਗਾ ਰਾਮ, ਜਮਨਾ ਗਏ ਜਮਨਾਦਾਸ’ ਵਾਲੀ ਪੰਜਾਬੀ ਕਹਾਵਤ ਨੂੰ ਪੂਰਨ ਕਰਦੇ ਹੋਏ ਸਿਆਸੀ ਚੋਣ ਪਿੜ ਵਿਚ ਨਿੱਤ ਦਿਹਾੜੇ ਆਪਣੇ ਸਟੈਡ ਬਦਲਣ ਅਤੇ ਇਖਲਾਕ ਤੋ ਪਾਸੇ ਜਾਣ ਦੇ ਹੋ ਰਹੇ ਦੁੱਖਦਾਇਕ ਅਮਲਾਂ ਉਤੇ ਚੋਟ ਕਰਦੇ ਹੋਏ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਆਪਣੀ ਜਿ਼ੰਮੇਵਾਰੀ ਨੂੰ ਸਮਝਦੇ ਹੋਏ ਇਸ ਲੜਾਈ ਨੂੰ ਦ੍ਰਿੜਤਾ ਨਾਲ ਲੜਨ ਅਤੇ ਫਤਹਿ ਪ੍ਰਾਪਤ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਕਾਂਗਰਸ, ਬੀਜੇਪੀ-ਆਰ.ਐਸ.ਐਸ, ਬਾਦਲ ਦਲੀਆ ਵੱਲੋ ਤਾਂ ਪਹਿਲੋ ਹੀ ਸਿਧਾਤਿਕ ਅਤੇ ਇਨਸਾਨੀਅਤ ਪੱਖੀ ਕਦਰਾਂ-ਕੀਮਤਾਂ ਦਾ ਜਨਾਜ਼ਾਂ ਕੱਢਦੇ ਹੋਏ ਪਹਿਲੋ ਹੀ ਪੰਜਾਬ ਸੂਬੇ, ਪੰਜਾਬੀਆ ਅਤੇ ਸਿੱਖ ਕੌਮ ਦੀ ਬਿਹਤਰੀ ਕਰਨ ਅਤੇ ਇਥੋ ਦੀਆਂ ਸਮੱਸਿਆਵਾ ਨੂੰ ਹੱਲ ਕਰਨ ਤੋ ਪਿੱਠ ਮੋੜੀ ਜਾ ਚੁੱਕੀ ਹੈ । ਲੇਕਿਨ ਜੋ ਆਪਣੇ ਮੁਖੋਟੇ ਉਤੇ ਪੰਜਾਬ ਅਤੇ ਸਿੱਖ ਕੌਮ ਪੱਖੀ ਨਕਾਬ ਚੜ੍ਹਾਕੇ ਆਪਣੇ-ਆਪ ਨੂੰ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਹਿਤੈਸੀ ਸ਼ਾਬਤ ਕਰਨ ਉਤੇ ਲੱਗੇ ਹੋਏ ਹਨ ਅਤੇ ਪੰਜਾਬੀਆਂ ਨੂੰ ਝੂਠ ਤੇ ਅਧਾਰਿਤ ਵਾਅਦੇ, ਨਾਅਰੇ, ਮੁਫਤ ਸਹੂਲਤਾਂ ਦੇ ਐਲਾਨ ਕਰਕੇ ਬੀਤੇ ਕੁਝ ਸਮੇ ਤੋ ਗੁੰਮਰਾਹ ਕਰਨ ਦੀ ਕੋਸਿ਼ਸ਼ ਕਰਦੇ ਆ ਰਹੇ ਹਨ, ਇਨ੍ਹਾਂ ਦਿੱਲੀ ਦੇ ਵਪਾਰਿਕ ਸੋਚ ਵਾਲੇ ਸਵਾਰਥੀ ਆਗੂਆਂ ਅਤੇ ਪਾਰਟੀਆਂ ਦਾ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਨਾਲ ਕਿਸੇ ਤਰ੍ਹਾਂ ਦਾ ਕੋਈ ਲਗਾਅ ਜਾਂ ਦਿਲਚਸਪੀ ਨਹੀ ਹੈ । ਕੇਵਲ ਪੰਜਾਬੀਆਂ ਅਤੇ ਸਿੱਖ ਕੌਮ ਦੇ ਜਜਬਾਤਾਂ ਨੂੰ ਉਭਾਰਕੇ ਆਪਣੇ ਸਿਆਸੀ ਸਵਾਰਥਾਂ ਦੀ ਪੂਰਤੀ ਕਰਨ ਹਿੱਤ ਪੰਜਾਬ ਦੀ ਹਕੂਮਤ ਉਤੇ ਕਾਬਜ ਹੋ ਕੇ ਇਥੋ ਦੇ ਸਾਧਨਾਂ ਤੇ ਖਜਾਨੇ ਨੂੰ ਲੁੱਟਣ ਦੀ ਤਾਕ ਵਿਚ ਬੈਠੇ ਹਨ । ਇਸ ਲਈ ਆਮ ਆਦਮੀ ਪਾਰਟੀ ਜਾਂ ਸ੍ਰੀ ਕੇਜਰੀਵਾਲ ਵਰਗੇ ਦਿੱਲੀ ਦੇ ਆਗੂਆਂ ਦੇ ਕਿਸੇ ਵੀ ਤਰ੍ਹਾਂ ਦੇ ਝਾਸੇ ਜਾਂ ਫੋਕੇ ਐਲਾਨਾਂ ਵਿਚ ਨਹੀਂ ਆਉਣਾ ਚਾਹੀਦਾ ਅਤੇ ਨਾ ਹੀ ਇਨ੍ਹਾਂ ਈਸਟ ਇੰਡੀਆ ਕੰਪਨੀ ਦੀ ਤਰ੍ਹਾਂ ਪੰਜਾਬ ਸੂਬੇ ਤੇ ਕਾਬਜ ਹੋਣ ਦੇ ਅਮਲ ਕਰਨ ਵਾਲੇ ਲੋਕਾਂ ਉਤੇ ਕਿਸੇ ਤਰ੍ਹਾਂ ਦਾ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਵਿਸਵਾਸ ਕਰਨਾ ਚਾਹੀਦਾ ਹੈ ।

ਇਹ ਵੀ ਚੇਤੇ ਰੱਖਣਾ ਚਾਹੀਦਾ ਹੈ ਕਿ ਸ੍ਰੀ ਕੇਜਰੀਵਾਲ ਨੇ ਪ੍ਰੌ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਫਾਇਲ ਉਤੇ ਦਸਤਖਤ ਕਰਨ ਤੋ ਨਾਂਹ ਕਰਕੇ ਖੁਦ ਹੀ ਪ੍ਰਤੱਖ ਕਰ ਦਿੱਤਾ ਹੈ ਕਿ ਇਸ ਦਿੱਲੀ ਦੇ ਆਗੂ ਦਾ ਪੰਜਾਬ ਸੂਬੇ ਦੇ ਅਮਨ-ਚੈਨ ਅਤੇ ਇਥੇ ਵੱਸਣ ਵਾਲੇ ਪੰਜਾਬੀਆਂ ਜਾਂ ਸਿੱਖ ਕੌਮ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਵਿਚ ਕੋਈ ਇਮਾਨਦਾਰੀ ਤੇ ਦਿਲਚਸਪੀ ਨਹੀਂ ਹੈ । ਕੇਵਲ ਮੌਕਾਪ੍ਰਸਤੀ ਦੀ ਸੋਚ ਅਧੀਨ ਆਪਣੀਆ ਸਤਰੰਜੀ ਚਾਲਾਂ ਚੱਲਕੇ ਜਾਂ ਸੋਸਲ ਮੀਡੀਏ ਉਤੇ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਗੁੰਮਰਾਹ ਕਰਨ ਦੀ ਅਸਫਲ ਕੋਸਿ਼ਸ਼ ਕਰਕੇ ਪੰਜਾਬ ਸੂਬੇ ਉਤੇ ਮੰਦਭਾਵਨਾ ਅਧੀਨ ਕਾਬਜ ਹੋਣਾ ਲੋਚਦਾ ਹੈ । ਬੀਤੇ ਕੁਝ ਦਿਨ ਪਹਿਲੇ ਦਿੱਲੀ ਵਾਲਿਆ ਨੂੰ ਸੁਬੋਧਿਤ ਹੁੰਦੇ ਹੋਏ ਇਸਨੇ ਕਿਹਾ ਸੀ ਕਿ ਥੋੜਾ ਇੰਤਜਾਰ ਕਰੋ, ਦਿੱਲੀ ਦੇ ਨਿਵਾਸੀਆ ਨੂੰ ਪਾਣੀ ਦੀ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ । ਕਿਉਂਕਿ ਪੰਜਾਬ ਉਤੇ ਕਾਬਜ ਹੋ ਕੇ ਪੰਜਾਬ ਦੇ ਦਰਿਆਵਾ, ਨਹਿਰਾਂ ਦੇ ਪਾਣੀ ਅਤੇ ਇਥੋ ਦੇ ਡੈਮਾਂ ਤੋ ਪੈਦਾ ਹੋਣ ਵਾਲੀ ਬਿਜਲੀ ਦਿੱਲੀ ਵਾਲਿਆ ਨੂੰ ਦਿੱਤੀ ਜਾਵੇਗੀ । ਦੂਸਰਾ ਇਸਨੇ ਕੇਵਲ ਪ੍ਰੋ. ਭੁੱਲਰ ਦੀ ਫਾਇਲ ਉਤੇ ਕੇਵਲ ਇਕ ਵਾਰੀ ਹੀ ਦਸਤਖਤ ਕਰਨ ਤੋ ਨਾਂਹ ਨਹੀ ਕੀਤੀ ਬਲਕਿ ਇਹ ਅਮਲ ਚੌਥੀ ਵਾਰ ਹੋਇਆ ਹੈ । ਜਿਸ ਤੋ ਸਮੁੱਚੇ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਸ੍ਰੀ ਕੇਜਰੀਵਾਲ ਅਤੇ ਉਸਦੀ ਆਮ ਆਦਮੀ ਲੁਟੇਰੀ ਪਾਰਟੀ ਦੇ ਲੋਟੂ ਸੋਚ ਵਾਲੇ ਅਮਲਾਂ ਨੂੰ ਮੱਦੇਨਜਰ ਰੱਖਦੇ ਹੋਏ ਪੰਜਾਬ ਦੀਆਂ ਚੋਣਾਂ ਵਿਚ ਬਿਲਕੁਲ ਦੁਰਕਾਰਕੇ ਇਹ ਸੰਦੇਸ਼ ਦੇਣਾ ਚਾਹੀਦਾ ਹੈ ਕਿ ਪੰਜਾਬੀ ਅਤੇ ਸਿੱਖ ਕੌਮ ਕਿਸੇ ਵੀ ਬਾਹਰੀ ਦਿੱਲੀ ਅਤੇ ਮੁਤੱਸਵੀ ਹੁਕਮਰਾਨਾਂ ਦੇ ਏਜੰਟ ਨੂੰ ਪੰਜਾਬੀ ਅਤੇ ਸਿੱਖ ਕੌਮ ਆਪਣੇ ਰਾਜ ਭਾਗ ਦੀ ਵਾਗਡੋਰ ਕਤਈ ਨਹੀਂ ਸੌਪਣਗੇ । ਬਲਕਿ ਜੋ ਇਥੋ ਦੇ ਵਿਰਸੇ ਅਤੇ ਵਿਰਾਸਤ ਨਾਲ ਸੰਬੰਧਤ ਜੜ੍ਹ ਤੋ ਜੁੜੇ ਹੋਏ ਆਗੂ ਹਨ ਅਤੇ ਪੰਜਾਬ ਦੇ ਦਰਦ ਨਾਲ ਜੁੜੀ ਹੋਈ ਪਾਰਟੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹੈ, ਉਨ੍ਹਾਂ ਵੱਲੋ ਖੜ੍ਹੇ ਕੀਤੇ ਜਾਣ ਵਾਲੇ ਉਮੀਦਵਾਰਾਂ ਨੂੰ ਪੰਜਾਬੀ ਅਤੇ ਸਿੱਖ ਕੌਮ ਜਿਤਾਕੇ ਹਕੂਮਤ ਤੇ ਬਿਠਾਉਣਗੇ । ਸ. ਮਾਨ ਨੇ ਇਹ ਵੀ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬੀਆ ਤੇ ਸਿੱਖ ਕੌਮ ਨੂੰ ਗੁੰਮਰਾਹ ਕਰਨ ਲਈ ਆਪਣੀ ਪਾਰਟੀ ਦੇ ਪੰਜਾਬ ਦੇ ਮੁੱਖ ਮੰਤਰੀ ਦੀ ਰਾਏ ਲੈਣ ਲਈ ਜੋ ਵਟਸਅੱਪ ਫੋਨ ਨੰਬਰ ਜਾਰੀ ਕਰਕੇ ਡਰਾਮਾ ਰਚਿਆ ਹੈ, ਇਹ ਵੀ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਗੁੰਮਰਾਹ ਕਰਨ ਦਾ ਇਕ ਨਵਾਂ ਢੰਗ ਹੈ । ਜਿਸਦਾ ਸੱਚ ਉਸ ਸਮੇ ਸਾਹਮਣੇ ਆ ਜਾਂਦਾ ਹੈ ਕਿ ਸ੍ਰੀ ਕੇਜਰੀਵਾਲ ਕਹਿ ਰਹੇ ਹਨ ਕਿ 11 ਲੱਖ ਲੋਕਾਂ ਨੇ ਰਾਏ ਭੇਜੀ ਹੈ ਜਦੋਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੇ ਸ. ਹਰਪਾਲ ਸਿੰਘ ਚੀਮਾਂ ਇਹ ਗਿਣਤੀ 22 ਲੱਖ ਦੱਸ ਰਹੇ ਹਨ ਜਿਸ ਤੋ ਇਨ੍ਹਾਂ ਦੁਆਰਾ ਰਚੇ ਢਕੌਜ ਦਾ ਅਸਲ ਸੱਚ ਖੁਦ-ਬ-ਖੁਦ ਸਾਹਮਣੇ ਆ ਜਾਂਦਾ ਹੈ । 

Leave a Reply

Your email address will not be published. Required fields are marked *