ਬੀਜੇਪੀ, ਕੈਪਟਨ ਅਮਰਿੰਦਰ ਸਿੰਘ ਅਤੇ ਸ. ਢੀਂਡਸਾ ਵਿਚਕਾਰ ਚੋਣ ਸੀਟਾਂ ਦੀ ਹੋਈ ਵੰਡ ਵਿਚ ਖ਼ਾਲਸਾ ਪੰਥ ਦੀ ਨੁਮਾਇੰਦਗੀ ਕਿਥੇ ਹੈ ? : ਮਾਨ
ਫ਼ਤਹਿਗੜ੍ਹ ਸਾਹਿਬ, 19 ਜਨਵਰੀ ( ) “ਆਰ.ਐਸ.ਐਸ ਦੀਆਂ ਮੁਤੱਸਵੀ ਅਤੇ ਫਿਰਕੂ ਆਦੇਸ਼ਾਂ ਉਤੇ ਅਮਲ ਕਰਨ ਵਾਲੀ ਬੀਜੇਪੀ ਦੀ ਪਾਰਟੀ ਅਤੇ ਇਨ੍ਹਾਂ ਨੂੰ ਸਮਰਪਿਤ ਹੋ ਕੇ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਅਤੇ ਸ. ਸੁਖਦੇਵ ਸਿੰਘ ਢੀਂਡਸਾ ਦੀ ਅਕਾਲੀ ਦਲ ਸੰਯੁਕਤ ਪਾਰਟੀ ਦੀਆਂ ਆਪਸੀ ਸੀਟਾਂ ਦੀ ਵੰਡ ਨੂੰ ਲੈਕੇ ਜੋ ਸਮਝੋਤਾ ਅੱਜ ਸਿਰੇ ਚੜਿਆ ਹੈ, ਉਸ ਵਿਚ 62-65 ਸੀਟਾਂ ਉਤੇ ਪੰਜਾਬ ਵਿਚ ਬੀਜੇਪੀ ਲੜ੍ਹੇਗੀ, 38-40 ਸੀਟਾਂ ਉਤੇ ਪੰਜਾਬ ਲੋਕ ਕਾਂਗਰਸ ਕੈਪਟਨ ਅਮਰਿੰਦਰ ਸਿੰਘ ਦੇ ਉਮੀਦਵਾਰ ਲੜ੍ਹਨਗੇ ਅਤੇ 10-12 ਸੀਟਾਂ ਉਤੇ ਸੰਯੁਕਤ ਅਕਾਲੀ ਦਲ ਸ. ਸੁਖਦੇਵ ਸਿੰਘ ਢੀਂਡਸਾ ਦੇ ਉਮੀਦਵਾਰ ਚੋਣਾਂ ਲੜ੍ਹਨਗੇ । ਵੈਸੇ ਤਾਂ ਜੋ ਸਿੱਖ ਆਗੂਆਂ ਨੇ ਅਜਿਹੀਆ ਪੰਜਾਬ ਅਤੇ ਸਿੱਖ ਕੌਮ ਵਿਰੋਧੀ ਪਾਰਟੀਆਂ ਅੱਗੇ ਸਿਆਸੀ ਤੇ ਆਤਮ ਸਮਰਪਨ ਕਰਕੇ ਪੂਰਨ ਰੂਪ ਵਿਚ ਆਪਣੇ ਆਪ ਨੂੰ ਉਨ੍ਹਾਂ ਦੇ ਹਵਾਲੇ ਕਰ ਦਿੱਤਾ ਹੈ, ਉਨ੍ਹਾਂ ਦਾ ਆਪਣਾ ਵਜੂਦ ਉਸੇ ਦਿਨ ਖਤਮ ਹੋ ਗਿਆ ਹੈ । ਜੇਕਰ ਇਕ ਮਿੰਟ ਲਈ ਇਹ ਮੰਨ ਵੀ ਲਿਆ ਜਾਵੇ ਕਿ ਪੰਜਾਬ ਲੋਕ ਕਾਂਗਰਸ ਜਾਂ ਸੰਯੁਕਤ ਅਕਾਲੀ ਦਲ ਦੇ ਆਗੂ ਬਾਹਰੀ ਰੂਪ ਵਿਚ ਸਿੱਖ ਨਜ਼ਰ ਆਉਦੇ ਹਨ, ਪਰ ਵੇਖਣ ਵਾਲੀ ਗੱਲ ਇਹ ਹੈ ਕਿ ਇਸ ਵੰਡ ਵਿਚ ਖਾਲਸਾ ਪੰਥ ਦੀ ਨੁਮਾਇੰਦਗੀ ਅਤੇ ਆਵਾਜ ਕਿਥੇ ਹੈ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਭਾਜਪਾ, ਪੰਜਾਬ ਲੋਕ ਕਾਂਗਰਸ, ਸੰਯੁਕਤ ਅਕਾਲੀ ਦਲ ਦੌਰਾਨ ਪੰਜਾਬ ਦੀਆਂ ਚੋਣ ਸੀਟਾਂ ਨੂੰ ਲੈਕੇ ਉਪਰੋਕਤ ਹੋਈ ਵੰਡ ਉਤੇ ਕੈਪਟਨ ਅਮਰਿੰਦਰ ਸਿੰਘ, ਸੁਖਦੇਵ ਸਿੰਘ ਢੀਂਡਸਾ ਅਤੇ ਇਸਦੇ ਨਾਲ ਹੀ ਪੰਥਦਰਦੀ ਸਿੱਖਾਂ ਨੂੰ ‘ਖਾਲਸਾ ਪੰਥ’ ਦੀ ਨੁਮਾਇੰਦਗੀ ਬਾਰੇ ਸੰਜ਼ੀਦਾ ਪ੍ਰਸ਼ਨ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਿਸ ਅਕਾਲੀ ਦਲ ਬਾਦਲ ਨੂੰ ਭੋਲੇ ਭਾਲੇ ਸਿੱਖ ਖਾਲਸਾ ਪੰਥ ਦੀ ਨੁਮਾਇੰਦਗੀ ਕਰਨ ਵਾਲੀ ਜਮਾਤ ਲੰਮਾਂ ਸਮਾਂ ਸਮਝਦੇ ਰਹੇ, ਉਹ ਤਾਂ ਬੀਜੇਪੀ ਨਾਲ ਨੂੰਹ ਮਾਸ ਦਾ ਰਿਸਤਾ ਦਾ ਰਾਗ ਅਲਾਪਕੇ ਬਹੁਤ ਪਹਿਲੇ ਹੀ ਬੀਜੇਪੀ ਅਤੇ ਆਰ.ਐਸ.ਐਸ. ਦੇ ਗੁਲਾਮ ਬਣ ਚੁੱਕੇ ਸਨ ਅਤੇ 1996 ਵਿਚ ਮੋਗਾ ਵਿਖੇ ਕੀਤੀ ਰੈਲੀ ਵਿਚ ਸਿੱਖੀ ਅਤੇ ਪੰਜਾਬ ਦੀ ਸੋਚ ਨੂੰ ਇਨ੍ਹਾਂ ਆਗੂਆਂ ਨੇ ਸਦਾ ਲਈ ਦਫਨਾਕੇ ਆਪਣੇ ਆਪ ਨੂੰ ਬੀਜੇਪੀ ਦਾ ਇਕ ਅੰਗ ਪ੍ਰਵਾਨ ਕਰ ਲਿਆ ਸੀ ਅਤੇ ਆਪਣੀ ਵੱਖਰੀ ਕੌਮੀ ਪਹਿਚਾਣ ਖਤਮ ਕਰ ਦਿੱਤੀ ਸੀ । ਲੇਕਿਨ ਜੋ ਉਨ੍ਹਾਂ ਵਿਚੋ ਸਿਧਾਤਿਕ ਸੋਚ ਦਾ ਹਵਾਲਾ ਦੇਕੇ ਸ. ਢੀਂਡਸਾ ਅਤੇ ਸ. ਬ੍ਰਹਮਪੁਰਾ ਵਰਗੇ ਕੁਝ ਸਮਾਂ ਪਹਿਲਾ ਵੱਖਰੇ ਹੋਏ ਸਨ, ਉਨ੍ਹਾਂ ਵਿਚੋ ਸ. ਬ੍ਰਹਮਪੁਰਾ ਤਾਂ ਪਹਿਲੋ ਹੀ ਆਪਣੀ ਮਾਂ ਪਾਰਟੀ ਬਾਦਲ ਦਲੀਆ ਵਿਚ ਚਲੇ ਗਏ ਹਨ ਅਤੇ ਸ. ਢੀਂਡਸਾ ਨੇ ਆਪਣੇ ਸਿਆਸੀ ਸਵਾਰਥਾਂ ਦੀ ਪੂਰਤੀ ਲਈ ਪੰਜਾਬ ਅਤੇ ਸਿੱਖ ਕੌਮ ਵਿਰੋਧੀ ਜਮਾਤ ਬੀਜੇਪੀ ਨੂੰ ਸਮਰਪਿਤ ਹੁੰਦੇ ਹੋਏ ਚੋਣ ਸਮਝੋਤਾ ਕਰ ਲਿਆ ਹੈ । ਜਿਥੋ ਤੱਕ ਕੈਪਟਨ ਅਮਰਿੰਦਰ ਸਿੰਘ ਦਾ ਸਵਾਲ ਹੈ, ਉਹ ਤਾਂ ਪਹਿਲੋ ਵੀ ਪੰਜਾਬੀਆਂ ਅਤੇ ਸਿੱਖ ਕੌਮ ਦਾ ਖੂਨ ਪੀਣ ਤੇ ਕਤਲੇਆਮ ਕਰਨ ਵਾਲੀ ਕਾਂਗਰਸ ਜਮਾਤ ਦਾ ਹਿੱਸਾ ਸਨ ਅਤੇ ਅੱਜ ਵੀ ਕਾਂਗਰਸ ਤੋ ਵੀ ਖਤਰਨਾਕ ਜਮਾਤ ਬੀਜੇਪੀ ਦਾ ਅੰਗ ਬਣ ਚੁੱਕੇ ਹਨ । ਹੁਣ ਸਿੱਖ ਕੌਮ ਅਤੇ ਪੰਥਦਰਦੀ ਪੰਜਾਬੀਆਂ ਲਈ ਇਹ ਸਮਾਂ ਅਤਿ ਸੰਜ਼ੀਦਗੀ ਨਾਲ ਸੋਚਣ ਅਤੇ ਸਹੀ ਦਿਸ਼ਾ ਵੱਲ ਅਮਲ ਕਰਨ ਦਾ ਹੈ ਕਿ ਜਦੋ ਇਹ ਸਭ ਨੀਲੀਆ, ਕੇਸਰੀ ਦਸਤਾਰਾਂ ਵਾਲੇ ਰਵਾਇੱਤੀ ਅਖੌਤੀ ਅਕਾਲੀ ਕਾਂਗਰਸ, ਬੀਜੇਪੀ-ਆਰ.ਐਸ.ਐਸ ਦਾ ਅੰਗ ਬਣ ਚੁੱਕੇ ਹਨ ਤਾਂ ਹੁਣ ਗੁਰੂ ਸਾਹਿਬਾਨ ਦੁਆਰਾ ਸਮੁੱਚੀ ਮਨੁੱਖਤਾ ਦੀ ਬਿਹਤਰੀ ਲਈ ਝੁਲਾਏ ਗਏ ਕੇਸਰੀ ਨਿਸਾਨ ਸਾਹਿਬ ਅਤੇ ਇਨਸਾਨੀਅਤ ਪੱਖੀ ਸੋਚ ਤੇ ਖਾਲਸਾ ਪੰਥ ਦੀ ਇਸ ਸਮੇ ਸਹੀ ਰੂਪ ਵਿਚ ਨੁਮਾਇੰਦਗੀ ਕਰਨ ਵਾਲੀ ਸਿਆਸੀ ਜਮਾਤ ਕਿਹੜੀ ਹੈ ਅਤੇ ਆਉਣ ਵਾਲੇ ਸਮੇ ਵਿਚ ਖਾਲਸਾ ਪੰਥ ਦੀ ਸੋਚ ਨੂੰ ਕੌਮਾਂਤਰੀ ਪੱਧਰ ਤੇ ਉਜਾਗਰ ਕਰਨ ਵਾਲੀਆ ਕਿਹੜੀਆ ਸਖਸ਼ੀਅਤਾਂ ਹਨ ? ਆਪਣੇ ਮਨ-ਆਤਮਾ ਵਿਚ ਪੂਰੀ ਸੰਜ਼ੀਦਗੀ ਨਾਲ ਉਪਰੋਕਤ ਉਤਪੰਨ ਹੋਈ ਸਥਿਤੀ ਦੇ ਹੱਲ ਲਈ ਸਮੁੱਚੇ ਪੰਜਾਬੀ ਅਤੇ ਸਿੱਖ ਕੌਮ ਦੂਰ ਅੰਦੇਸ਼ੀ ਨਾਲ ਹੁਣ ਫੈਸਲਾ ਕਰਨ ਕਿ ਅੱਜ ਚੋਣ ਮੈਦਾਨ-ਏ-ਜੰਗ ਵਿਚ ਜੇਕਰ ਖ਼ਾਲਸਾ ਪੰਥ ਅਤੇ ਇਨਸਾਨੀ ਕਦਰਾਂ-ਕੀਮਤਾਂ ਦੀ ਨੁਮਾਇੰਦਗੀ ਕਰਨ ਵਾਲੀ ਜਮਾਤ ਅਤੇ ਵਿਸਵਾਸ ਕਰਨ ਵਾਲੀ ਜਮਾਤ ਕੋਈ ਰਹਿ ਗਈ ਹੈ ਤਾਂ ਉਹ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹੀ ਹੈ । ਇਸ ਲਈ ਸਮੁੱਚੇ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਇਸ ਅਤਿ ਨਾਜੁਕ ਸਮੇ ਵਿਚ ਸਾਡੀ ਅਪੀਲ ਹੈ ਕਿ ਉਹ ਕਾਂਗਰਸ, ਬੀਜੇਪੀ-ਆਰ.ਐਸ.ਐਸ, ਬਾਦਲ ਦਲੀਆ ਅਤੇ ਆਰ.ਐਸ.ਐਸ. ਦੀ ਬੀ-ਟੀਮ ਆਮ ਆਦਮੀ ਪਾਰਟੀ ਆਦਿ ਉਤੇ ਕਿਸੇ ਤਰ੍ਹਾਂ ਦਾ ਵਿਸਵਾਸ ਕਰਨ ਦੀ ਗੁਸਤਾਖੀ ਨਾ ਕਰਕੇ ਪੰਜਾਬ ਸੂਬੇ ਅਤੇ ਪੰਜਾਬੀਆਂ ਦੇ ਸੁਨਹਿਰੇ ਭਵਿੱਖ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਪੰਜਾਬ ਦੇ ਚੋਣ ਮੈਦਾਨ ਵਿਚ ਉਤਾਰੇ ਗਏ ਨਿਧੜਕ ਤੇ ਦ੍ਰਿੜ ਇਰਾਦੇ ਵਾਲੇ ਉਮੀਦਵਾਰਾਂ ਨੂੰ ਜਿਤਾਉਣ ਤਾਂ ਕਿ ਸਮੁੱਚੇ ਪੰਜਾਬੀਆਂ ਅਤੇ ਸਿੱਖ ਕੌਮ ਦੀਆਂ ਲੰਮੇ ਸਮੇ ਤੋ ਭਾਵਨਾਵਾ ਦੀ ਪੂਰਤੀ ਵਿਚ ਪੈਦਾ ਹੋਈ ਰੁਕਾਵਟ ਨੂੰ ਖਤਮ ਕਰਕੇ ਉਨ੍ਹਾਂ ਦੀਆਂ ਇਸਾਵਾ ਦੀ ਪੂਰਤੀ ਵਾਲੀ ਸਮੁੱਚੇ ਪੰਜਾਬੀਆ ਤੇ ਖਾਲਸਾ ਪੰਥ ਦੀ ਪੰਜਾਬ ਵਿਚ ਸਰਕਾਰ ਕਾਇਮ ਹੋ ਸਕੇ ਅਤੇ ਕੌਮਾਂਤਰੀ ਪੱਧਰ ਤੇ ਇਕ ਵਾਰੀ ਫਿਰ ਖਾਲਸਾਈ ਕੇਸਰੀ ਨਿਸਾਨਾਂ ਦਾ ਬੋਲਬਾਲਾ ਹੋ ਸਕੇ।