ਇੰਗਲਿਸ ਅਤੇ ਪੰਜਾਬੀ ਦੇ ਚਾਰ ਅਖ਼ਬਾਰਾਂ ਅਤੇ ਅਦਾਰੇ 1984 ਵਿਚ ਬਲਿਊ ਸਟਾਰ ਦਾ ਫ਼ੌਜੀ ਹਮਲਾ ਕਰਵਾਉਣ ਲਈ ਮੁੱਖ ਦੋਸ਼ੀ ਹਨ : ਮਾਨ

ਚੰਡੀਗੜ੍ਹ, 30 ਮਈ ( ) “ਜਦੋਂ ਵੀ ਕਿਸੇ ਮੁਲਕ, ਸੂਬੇ ਦਾ ਹੁਕਮਰਾਨ ਉਥੋਂ ਦੇ ਨਿਵਾਸੀਆ ਨਾਲ ਗੈਰ-ਵਿਧਾਨਿਕ ਤੇ ਗੈਰ-ਸਮਾਜਿਕ ਢੰਗਾਂ ਰਾਹੀ ਜ਼ਬਰ-ਜੁਲਮ ਜਾਂ ਕਤਲੇਆਮ ਕਰਨ ਦੀਆਂ ਦੁੱਖਦਾਇਕ ਕਾਰਵਾਈਆ ਕਰਦਾ ਹੈ, ਤਾਂ ਉਸ ਵਿਚ ਜ਼ਮਹੂਰੀਅਤ ਦਾ ਚੌਥਾ ਮਜ਼ਬੂਤ ਥੰਮ ਮੰਨੀ ਜਾਂਦੀ ਪ੍ਰੈਸ, ਮੀਡੀਆ ਅਤੇ ਅਖ਼ਬਾਰਾਂ ਵੱਲੋਂ ਨਿਰਪੱਖਤਾ ਤੇ ਇਮਾਨਦਾਰੀ ਨਾਲ ਆਪਣੀ ਜਿ਼ੰਮੇਵਾਰੀ ਨਾ ਨਿਭਾਕੇ, ਹੁਕਮਰਾਨਾਂ ਪੱਖੀ ਕੀਤੀਆ ਜਾ ਰਹੀਆ ਕਾਰਵਾਈਆ ਅਜਿਹੇ ਜ਼ਬਰ-ਜੁਲਮਾਂ ਲਈ ਜਿ਼ੰਮੇਵਾਰ ਹੁੰਦੇ ਹਨ । ਜੋ 1984 ਵਿਚ ਮਰਹੂਮ ਇੰਦਰਾ ਗਾਂਧੀ ਹਕੂਮਤ ਸਮੇਂ ਰੂਸ, ਬਰਤਾਨੀਆ ਅਤੇ ਇੰਡੀਆਂ ਦੀਆਂ ਫ਼ੌਜਾਂ ਵੱਲੋਂ ਸਾਂਝੇ ਤੌਰ ਤੇ ਸਿੱਖ ਕੌਮ ਦੇ ਸਰਬਉੱਚ ਅਸਥਾਂਨ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ੍ਰੀ ਦਰਬਾਰ ਸਾਹਿਬ ਉਤੇ ਫੌ਼ਜੀ ਹਮਲਾ ਕਰਕੇ, ਉਸ ਰੁਹਾਨੀਅਤ ਦੇ ਕੇਦਰ ਵਿਖੇ 25 ਹਜਾਰ ਦੇ ਕਰੀਬ ਨਿਰਦੋਸ਼ ਅਤੇ ਨਿਹੱਥੇ ਸਰਧਾਲੂਆਂ ਦਾ ਕਤਲੇਆਮ ਕਰਕੇ ਖੂਹ ਵਹਾਇਆ ਗਿਆ, ਉਸ ਸਮੇਂ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਵਿਰੁੱਧ ਸਾਜ਼ਸੀ ਢੰਗ ਨਾਲ ਜ਼ਹਿਰ ਉਗਲਕੇ ਜੋ ਸਾਜਿ਼ਸ ਰਚੀ ਗਈ, ਉਸ ਵਿਚ ਉਸ ਸਮੇਂ ਦੇ ਅੰਗਰੇਜ਼ੀ ਟ੍ਰਿਬਿਊਨ, ਇੰਡੀਅਨ ਐਕਸਪ੍ਰੈਸ, ਟਾਈਮਜ ਆਫ਼ ਇੰਡੀਆ ਅਤੇ ਹਿੰਦ ਪ੍ਰੈਸ ਪੰਜਾਬ ਕੇਸਰੀ ਦੇ ਅਖਬਾਰ ਸਿੱਧੇ ਤੌਰ ਤੇ ਜਿ਼ੰਮੇਵਾਰ ਰਹੇ ਹਨ । ਜਿਨ੍ਹਾਂ ਨੇ ਆਪੋ-ਆਪਣੇ ਅਖ਼ਬਾਰਾਂ ਵਿਚ ਸਿੱਖ ਕੌਮ ਵਿਰੁੱਧ ਤੱਥਾਂ ਤੋ ਕੋਹਾ ਦੂਰ ਨਫਰਤ ਭਰੇ ਲੇਖ ਲਿਖਕੇ ਪਹਿਲੇ ਨਫਰਤ ਪੈਦਾ ਕੀਤੀ, ਫਿਰ ਬਲਿਊ ਸਟਾਰ ਦਾ ਫ਼ੌਜੀ ਹਮਲਾ ਕਰਨ ਲਈ ਸਾਜ਼ਸੀ ਢੰਗ ਨਾਲ ਮਾਹੌਲ ਪੈਦਾ ਕੀਤਾ । ਅੱਜ ਵੀ ਇਹ ਅਖਬਾਰ ਤੇ ਅਦਾਰੇ ਉਸੇ ਪੰਜਾਬ ਤੇ ਸਿੱਖ ਵਿਰੋਧੀ ਸੋਚ ਤੇ ਅਮਲ ਕਰਦੇ ਨਜ਼ਰ ਆ ਰਹੇ ਹਨ ਜੋਕਿ ਜਰਨਲਿਜਮ ਦੇ ਨਾਮ ਉਤੇ ਇਹ ਇਕ ਕਾਲਾ ਧੱਬਾ ਅਤੇ ਸਮਾਜ ਵਿਰੋਧੀ ਦੁੱਖਦਾਇਕ ਵਰਤਾਰਾ ਹੋ ਰਿਹਾ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਉਪਰੋਕਤ ਅੰਗਰੇਜ਼ੀ ਦੇ ਅਖਬਾਰਾਂ ਦਾ ਟ੍ਰਿਬਿਊਨ, ਇੰਡੀਅਨ ਐਕਸਪ੍ਰੈਸ, ਟਾਈਮਜ ਆਫ ਇੰਡੀਆ, ਪੰਜਾਬ ਕੇਸਰੀ ਗਰੁੱਪ ਅਤੇ ਇਨ੍ਹਾਂ ਦੇ ਕ੍ਰਮਵਾਰ ਸੰਪਾਦਕ ਰਹਿ ਚੁੱਕੇ ਮਰਹੂਮ ਸ੍ਰੀ ਪ੍ਰੇਮ ਭਾਟੀਆ, ਅਰੂਣ ਸੋਰੀ, ਗਿਰੀਲਾਲ ਜੈਨ ਅਤੇ ਲਾਲਾ ਜਗਤ ਨਰਾਇਣ ਸਿੱਧੇ ਤੌਰ ਤੇ ਪੰਜਾਬ ਦੇ ਮਾਹੌਲ ਨੂੰ ਵਿਸਫੋਟਕ ਬਣਾਉਣ ਅਤੇ ਮਨੁੱਖਤਾ ਦਾ ਕਤਲੇਆਮ ਕਰਵਾਉਣ ਦੇ ਮੁੱਖ ਦੋਸ਼ੀ ਕਰਾਰ ਦਿੰਦੇ ਹੋਏ ਅਤੇ ਅੱਜ ਵੀ ਇਨ੍ਹਾਂ ਵੱਲੋ ਉਸੇ ਸੋਚ ਤੇ ਅਮਲ ਕਰਨ ਉਤੇ ਡੂੰਘਾਂ ਦੁੱਖ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਨ੍ਹਾਂ ਨੇ 1984 ਤੋ ਪਹਿਲੇ ਆਪੋ-ਆਪਣੇ ਅਖਬਾਰਾਂ ਵਿਚ ਗੁੰਮਰਾਹਕੁੰਨ ਪ੍ਰਚਾਰ ਕਰਕੇ ਸਿੱਖ ਕੌਮ ਨੂੰ ਨਿਸ਼ਾਨਾਂ ਬਣਾਉਣ ਦੀ ਸਾਜਿਸ ਰਚੀ। ਜਦੋਕਿ ਅਖਬਾਰਾਂ, ਪੱਤਰਕਾਰਾਂ, ਬਿਜਲੀ ਮੀਡੀਏ ਦੀ ਇਹ ਜਿ਼ੰਮੇਵਾਰੀ ਹੁੰਦੀ ਹੈ ਕਿ ਅਜਿਹੇ ਸਮੇਂ ਆਪਣੇ ਮੁਲਕ ਜਾਂ ਸੂਬੇ ਦੇ ਨਿਵਾਸੀਆ ਨੂੰ ਦ੍ਰਿੜਤਾ ਨਾਲ ਸੱਚ-ਝੂਠ ਦੀ ਸਹੀ ਜਾਣਕਾਰੀ ਦੇਣ ਅਤੇ ਹਕੂਮਤੀ ਮਨੁੱਖਤਾ ਵਿਰੋਧੀ ਸਾਜਿ਼ਸਾਂ ਤੋ ਜਨਤਾ ਨੂੰ ਜਾਗਰੂਕ ਵੀ ਕਰਦੇ ਰਹਿਣ । ਪਰ ਇਨ੍ਹਾਂ ਨੇ ਇਹ ਆਪਣੀ ਜਿ਼ੰਮੇਵਾਰੀ ਆਪਣੇ ਇਖਲਾਕ, ਸੱਚ-ਹੱਕ ਨੂੰ ਕਾਇਮ ਰੱਖਦੇ ਹੋਏ ਨਾ ਨਿਭਾਕੇ ਪੱਖਪਾਤੀ ਭੂਮਿਕਾ ਨਿਭਾਕੇ ਉਪਰੋਕਤ ਚਾਰੇ ਅਦਾਰਿਆ ਨੇ ਸਿੱਖ ਕੌਮ ਵਿਰੁੱਧ ਮਾਹੌਲ ਉਸਾਰਿਆ । ਫਿਰ ਬਲਿਊ ਸਟਾਰ ਦਾ ਫੌ਼ਜੀ ਹਮਲੇ ਦਾ ਇਨਸਾਨੀਅਤ ਵਿਰੋਧੀ ਕਾਰਾ ਕਰਵਾਇਆ । ਅੱਜ ਵੀ ਇਹ ਅਖ਼ਬਾਰ, ਅਦਾਰੇ ਅਤੇ ਸੰਪਾਦਕ ਸਿੱਖ ਮਰਦਾ ਦੇ ਨਾਮ ਨਾਲ ‘ਸਿੰਘ’ ਅਤੇ ਸਿੱਖ ਬੀਬੀਆਂ ਦੇ ਨਾਮ ਨਾਲ ‘ਕੌਰ’ ਨਾ ਲਿਖਕੇ ਅਤੇ ਸਿੱਖ ਕੌਮ ਵਿਰੁੱਧ ਵੱਡੇ-ਵੱਡੇ ਲੇਖ ਲਿਖਕੇ ਪੰਜਾਬ ਵਿਚ ਗੁੰਮਰਾਹਕੁੰਨ ਪ੍ਰਚਾਰ ਕਰ ਰਹੇ ਹਨ । ਪੰਜਾਬ ਵਿਚ ਬਣਾਉਟੀ ਤੌਰ ਤੇ ਕਾਨੂੰਨੀ ਵਿਵਸਥਾਂ ਦੇ ਖ਼ਤਰੇ ਹੋਣ ਦੀ ਗੱਲ ਖੜ੍ਹੀ ਕਰਕੇ ਇਥੇ ਫੌ਼ਜ, ਅਰਧ ਸੈਨਿਕ ਬਲਾਂ ਨੂੰ ਤਾਇਨਾਤ ਕਰਨ ਅਤੇ ਦਹਿਸਤ ਪਾਉਣ ਦੇ ਮਨੁੱਖਤਾ ਵਿਰੋਧੀ ਅਮਲਾਂ ਵਿਚ ਮਸਰੂਫ ਹਨ । ਜੋ ਕਿ ਬਹੁਤ ਹੀ ਅਫ਼ਸੋਸਨਾਕ ਅਤੇ ਪੰਜਾਬ ਵਰਗੇ ਅਮਨਮਈ ਸੂਬੇ ਅਤੇ ਵਿਸਾਲ ਮਨ-ਆਤਮਾ ਰੱਖਣ ਵਾਲੀ ਸਿੱਖ ਕੌਮ ਵਿਰੁੱਧ ਅਮਲ ਕੀਤੇ ਜਾ ਰਹੇ ਹਨ । ਜਿਸਦੀ ਬਦੌਲਤ ਸਾਡੀ ਸੂਝਵਾਨ ਖ਼ਾਲਿਸਤਾਨ ਪੱਖੀ ਨੌਜ਼ਵਾਨੀ ਨੂੰ ਗੈਰ-ਦਲੀਲ ਢੰਗ ਨਾਲ ਨਿਸ਼ਾਨਾਂ ਬਣਾਕੇ ਕਤਲੇਆਮ ਕੀਤਾ ਜਾ ਰਿਹਾ ਹੈ । ਜੋ ਤੁਰੰਤ ਬੰਦ ਹੋਣਾ ਚਾਹੀਦਾ ਹੈ ਅਤੇ ਪੰਜਾਬ ਨੂੰ ਸਾਜਿਸਾਂ ਦੀ ਪ੍ਰਯੋਗਸਾਲਾਂ ਤੋ ਦੂਰ ਰੱਖਕੇ ਹੀ ਸਮੁੱਚੇ ਇੰਡੀਆਂ ਦੇ ਅਮਨ ਚੈਨ ਤੇ ਜਮਹੂਰੀਅਤ ਨੂੰ ਕਾਇਮ ਰੱਖਿਆ ਜਾ ਸਕੇਗਾ, ਅਜਿਹਾ ਕਰਨ ਲਈ ਹੁਕਮਰਾਨਾਂ ਵੱਲੋ ਅਜਿਹੇ ਮੁਤੱਸਵੀ ਸੋਚ ਵਾਲੇ ਅਖਬਾਰਾਂ ਦੀ ਦੁਰਵਰਤੋ ਨਹੀ ਬਲਕਿ ਸੰਜ਼ੀਦਗੀ ਨਾਲ ਇੰਡੀਆ ਵੱਲੋ ਸਿੱਖ ਕੌਮ ਨਾਲ ਟੇਬਲਟਾਕ ਕਰਕੇ ਮਸਲਿਆ ਦਾ ਹੱਲ ਕਰਨਾ ਪਵੇਗਾ ।

Leave a Reply

Your email address will not be published. Required fields are marked *