ਪਾਕਿਸਤਾਨ ਵਿਚ ਸ. ਰਣਜੀਤ ਸਿੰਘ ਅਤੇ ਸ. ਕੁਲਜੀਤ ਸਿੰਘ ਸਿੱਖਾਂ ਦੇ ਹੋਏ ਕਤਲ ਅਤਿ ਦੁੱਖਦਾਇਕ ਅਤੇ ਅਸਹਿ : ਮਾਨ

ਆਜਾਦ ਬਾਦਸਾਹੀ ਸਿੱਖ ਰਾਜ ਨੂੰ ਕਾਇਮ ਕਰਨ ਤੋਂ ਬਿਨ੍ਹਾਂ ਸਿੱਖ ਕੌਮ ਉਤੇ ਹੋ ਰਹੇ ਜ਼ਬਰ-ਜੁਲਮ ਬੰਦ ਨਹੀਂ ਹੋ ਸਕਣਗੇ 

ਫ਼ਤਹਿਗੜ੍ਹ ਸਾਹਿਬ, 16 ਮਈ ( ) “ਬੀਤੇ ਦਿਨੀਂ ਪਾਕਿਸਤਾਨ ਵਿਚ ਜੋ ਦੋ ਸਿੱਖਾਂ ਸ. ਰਣਜੀਤ ਸਿੰਘ ਅਤੇ ਸ. ਕੁਲਜੀਤ ਸਿੰਘ ਦਾ ਕਤਲ ਕੀਤਾ ਗਿਆ ਹੈ, ਇਹ ਸਮੁੱਚੀ ਸਿੱਖ ਕੌਮ ਲਈ ਬਹੁਤ ਹੀ ਦੁੱਖਦਾਇਕ ਅਤੇ ਅਸਹਿ ਵਰਤਾਰਾ ਹੋਇਆ ਹੈ ਜੋ ਕਿ ਇਥੇ ਰਹਿਣ ਵਾਲੇ ਸਿੱਖਾਂ ਦੀ ਸੁਰੱਖਿਆ ਦਾ ਅਤਿ ਸੰਜ਼ੀਦਾ ਵਿਸ਼ਾ ਹੈ । ਕਿਉਂਕਿ ਬੀਤੇ ਸਮੇਂ ਵਿਚ ਆਈ.ਐਸ.ਆਈ.ਐਸ. ਨੇ ਇਰਾਕ ਵਿਚ ਇਸੇ ਤਰ੍ਹਾਂ 38 ਸਿੱਖਾਂ ਦਾ ਕਤਲੇਆਮ ਕਰ ਦਿੱਤਾ ਸੀ, ਗੁਰਦੁਆਰਾ ਗੁਰੂ ਹਰਰਾਇ ਸਾਹਿਬ ਕਾਬੁਲ ਵਿਖੇ 2020 ਵਿਚ 25 ਸਿੱਖਾਂ ਦਾ ਕਤਲੇਆਮ ਹੋਇਆ ਸੀ । ਜਦੋਂ 2000 ਵਿਚ ਅਮਰੀਕਾ ਦੇ ਪ੍ਰੈਜੀਡੈਟ ਬਿਲ ਕਲਿਟਨ ਦੇ ਇੰਡੀਆ ਦੌਰੇ ਸਮੇਂ ਜੰਮੂ-ਕਸ਼ਮੀਰ ਦੇ ਚਿੱਠੀਸਿੰਘਪੁਰਾ ਵਿਖੇ 43 ਨਿਰਦੋਸ਼ ਅਤੇ ਨਿਹੱਥੇ ਸਿੱਖਾਂ ਦਾ ਇੰਡੀਅਨ ਫ਼ੌਜ ਵੱਲੋ ਕਤਲੇਆਮ ਕੀਤਾ ਗਿਆ ਸੀ । ਪੇਸਾਵਰ ਵਿਚ ਵੀ ਇਕ ਸਿੱਖ ਡਾਕਟਰ ਦਾ ਕਤਲ ਕਰ ਦਿੱਤਾ ਗਿਆ ਸੀ । ਜਿਸ ਤੋਂ ਇਹ ਪ੍ਰਤੱਖ ਹੋ ਜਾਂਦਾ ਹੈ ਕਿ ਸਿੱਖ ਕੌਮ ਦਾ ਆਪਣਾ ਆਜਾਦ ਮੁਲਕ ਨਾ ਹੋਣ ਦੀ ਬਦੌਲਤ ਹੀ ਇੰਡੀਆ ਵਿਚ ਅਤੇ ਦੂਸਰੇ ਮੁਲਕਾਂ ਵਿਚ ਸੁਰੱਖਿਆ ਦੀ ਕੋਈ ਗਾਰੰਟੀ ਨਹੀਂ ਹੈ । ਅਜਿਹੇ ਬਣੇ ਹਾਲਾਤ ਇਸ ਗੱਲ ਦੀ ਜੋਰਦਾਰ ਸੰਜ਼ੀਦਾ ਮੰਗ ਕਰਦੇ ਹਨ ਕਿ ਸਿੱਖਾਂ ਦੀ ਹਰ ਪੱਖੋ ਸੁਰੱਖਿਆ ਲਈ ਉਨ੍ਹਾਂ ਦਾ ਆਪਣਾ ਆਜਾਦ ਬਾਦਸਾਹੀ ਸਿੱਖ ਰਾਜ ਹਰ ਕੀਮਤ ਤੇ ਕਾਇਮ ਹੋਵੇ । ਸਾਡੇ ਗੁਰੂ ਸਾਹਿਬਾਨ ਨੇ ਵੀ ਅਮਨਮਈ ਅਤੇ ਜਮਹੂਰੀਅਤ ਢੰਗਾਂ ਰਾਹੀ ਸਿੱਖ ਕੌਮ ਦੀ ਪ੍ਰਭੂਸਤਾ ਨੂੰ ਕਾਇਮ ਕਰਨ ਦੀ ਗੱਲ ਕਹੀ ਹੈ । ਜੇਕਰ ਸਾਡਾ ਇਹ ਆਜਾਦ ਬਾਦਸਾਹੀ ਸਿੱਖ ਸਟੇਟ ਹੋਵੇਗਾ, ਤਦ ਹੀ ਅਸੀ ਅਜਿਹੀਆ ਦੁੱਖਦਾਇਕ ਘਟਨਾਵਾ ਸਮੇ ਆਪਣੇ ਮੁਲਕ ਦੀ ਸਿਆਸੀ ਤਾਕਤ ਦੀ ਵਰਤੋ ਕਰਦੇ ਹੋਏ ਨਿਰਦੋਸ਼ ਸਿੱਖਾਂ ਨੂੰ ਮਾਰਨ ਵਾਲੀਆ ਸ਼ਕਤੀਆਂ ਜਾਂ ਗੁਆਂਢੀ ਮੁਲਕਾਂ ਵਿਰੁੱਧ ਆਪਣੇ ਕਮਾਡੋਆ ਰਾਹੀ ਕਾਰਵਾਈ ਕਰਨ ਦੇ ਸਮਰੱਥ ਹੋ ਸਕਾਂਗੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਪਾਕਿਸਤਾਨ ਵਿਚ ਦੋ ਕਾਰੋਬਾਰੀ ਸਿੱਖ ਨੌਜ਼ਵਾਨਾਂ ਨੂੰ ਕਤਲ ਕਰ ਦੇਣ ਦੇ ਦੁਖਾਂਤ ਉਤੇ ਪੀੜ੍ਹਤ ਪਰਿਵਾਰਾਂ ਨਾਲ ਡੂੰਘੀ ਹਮਦਰਦੀ ਪ੍ਰਗਟ ਕਰਦੇ ਹੋਏ ਅਤੇ ਪਾਕਿਸਤਾਨ ਦੀ ਮੌਜੂਦਾ ਹਕੂਮਤ ਨੂੰ ਉਥੇ ਵੱਸਣ ਵਾਲੇ ਸਿੱਖਾਂ ਦੀ ਸੰਜ਼ੀਦਗੀ ਨਾਲ ਹਿਫਾਜਤ ਕਰਨ ਅਤੇ ਉਨ੍ਹਾਂ ਦੀਆਂ ਜਿੰਦਗਾਨੀਆਂ ਨੂੰ ਯਕੀਨੀ ਸੁਰੱਖਿਅਤ ਰੱਖਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਿਸ ਆਜਾਦ ਬਾਦਸਾਹੀ ਸਿੱਖ ਰਾਜ ਦੀ ਅੱਜ ਸਿੱਖ ਕੌਮ ਨੂੰ ਸਖਤ ਲੋੜ ਹੈ, ਉਸਦੀ ਅਸੀ 11 ਮਈ 2022 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਪਲੈਕਸ ਦੇ ਇਤਿਹਾਸਿਕ ਸ. ਤੇਜਾ ਸਿੰਘ ਸਮੁੰਦਰੀ ਹਾਲ ਵਿਚ ਸਮੁੱਚੀਆਂ ਪੰਥਕ ਜਥੇਬੰਦੀਆਂ ਦੀ ਐਸ.ਜੀ.ਪੀ.ਸੀ. ਦੇ ਪ੍ਰਧਾਨ ਡਾ. ਹਰਜਿੰਦਰ ਸਿੰਘ ਧਾਮੀ ਵੱਲੋਂ ਸੱਦੀ ਮੀਟਿੰਗ ਵਿਚ 1946 ਵਿਚ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਾਊਂਸ ਰਾਹੀ ਪਾਸ ਕੀਤੇ ਗਏ ਖ਼ਾਲਿਸਤਾਨ ਦੇ ਮਤੇ ਨੂੰ ਫਿਰ ਦੁਹਰਾਉਦੇ ਹੋਏ ਅਤੇ ਸਮੁੱਚੇ ਹਾਜਰੀਨ ਮੈਬਰਾਂ ਦੀ ਪ੍ਰਵਾਨਗੀ ਲੈਦੇ ਹੋਏ ਜੋ ਮਤਾ ਪਾਸ ਕੀਤਾ ਹੈ, ਉਹ ਅਜੋਕੇ ਸਮੇ ਦੀ ਵੱਡੀ ਪ੍ਰਾਪਤੀ ਹੈ ਕਿ ਸਮੁੱਚੀ ਸਿੱਖ ਲੀਡਰਸਿ਼ਪ ਨੇ ਸਿੱਖ ਕੌਮ ਉਤੇ ਹੋ ਰਹੇ ਜ਼ਬਰ ਜੁਲਮ, ਬੇਇਨਸਾਫ਼ੀਆਂ ਅਤੇ ਵਿਤਕਰਿਆ ਨੂੰ ਮੁੱਖ ਰੱਖਦੇ ਹੋਏ ਆਪਣੇ ਆਜਾਦ ਬਾਦਸਾਹੀ ਸਿੱਖ ਸਟੇਟ ਨੂੰ ਕਾਇਮ ਕਰਨ ਦੀ ਪ੍ਰਵਾਨਗੀ ਦਿੱਤੀ ਹੈ । ਜਦੋ ਤੱਕ ਅਸੀ ਸਭ ਇਸ ਮਿਸ਼ਨ ਦੀ ਪ੍ਰਾਪਤੀ ਲਈ ਸੰਜ਼ੀਦਗੀ ਨਾਲ ਸਮੂਹਿਕ ਉਦਮ ਨਹੀਂ ਕਰਦੇ ਅਤੇ ਆਪਣਾ ਆਜਾਦ ਬਾਦਸਾਹੀ ਸਿੱਖ ਸਟੇਟ ਕਾਇਮ ਨਹੀ ਕਰ ਲੈਦੇ, ਉਦੋ ਤੱਕ ਸਾਨੂੰ ਹਿੰਦੂਤਵ ਹੁਕਮਰਾਨਾਂ ਦੇ ਉਪਰੋਕਤ ਜ਼ਬਰ ਜੁਲਮਾਂ, ਬੇਇਨਸਾਫ਼ੀਆਂ, ਵਿਤਕਰਿਆ ਦਾ ਸਾਹਮਣਾ ਕਰਨਾ ਪਵੇਗਾ । ਅਸੀ ਇਜਰਾਇਲ ਦੀ ਤਰ੍ਹਾਂ ਆਪਣੀ ਕੌਮੀ ਆਜਾਦੀ ਪ੍ਰਾਪਤ ਕਰਕੇ ਅਤੇ ਆਪਣਾ ਮੁਲਕ ਕਾਇਮ ਕਰਕੇ ਹੀ ਅਜਿਹੇ ਜ਼ਬਰਾਂ ਤੋਂ ਸਦਾ ਲਈ ਛੁਟਕਾਰਾ ਪਾ ਸਕਦੇ ਹਾਂ ।

Leave a Reply

Your email address will not be published. Required fields are marked *