ਪਟਿਆਲਾ ਕਾਂਡ ਅਤੇ ਜੋਧਪੁਰ ਦੰਗੇ ਇਕੋ ਹੀ ਫਿਰਕੂ ਦਿਮਾਗ ਦੀ ਕਾਢ, ਹੁਕਮਰਾਨ ਆਪਣੇ ਸਵਾਰਥਾਂ ਦੀ ਪੂਰਤੀ ਲਈ ਨੀਵੀ ਤੋਂ ਨੀਵੀ ਹੱਦ ਤੱਕ ਜਾ ਸਕਦੈ : ਟਿਵਾਣਾ

ਫਤਹਿਗੜ੍ਹ ਸਾਹਿਬ, 04 ਮਈ ( ) “ਪੰਜਾਬ ਸੂਬੇ ਜਾਂ ਇੰਡੀਆਂ ਦੇ ਕਿਸੇ ਹੋਰ ਸੂਬੇ ਵਿਚ ਕਿਸੇ ਤਰ੍ਹਾਂ ਦਾ ਜਾਤ-ਪਾਤ ਜਾਂ ਧਰਮਾਂ ਦੇ ਮੁੱਦਿਆ ਨੂੰ ਲੈਕੇ ਕਿਸੇ ਤਰ੍ਹਾਂ ਦਾ ਕੋਈ ਟਕਰਾਅ ਜਾਂ ਨਫ਼ਰਤ ਨਹੀਂ ਹੈ । ਲੇਕਿਨ ਸੌੜੀ ਸੋਚ ਵਾਲੇ ਸਿਆਸਤਦਾਨ, ਹੁਕਮਰਾਨ ਅਕਸਰ ਹੀ ਆਪਣੇ ਸਿਆਸੀ ਅਤੇ ਮਾਲੀ ਸਵਾਰਥਾਂ ਦੀ ਪੂਰਤੀ ਲਈ ਖੁਦ ਹੀ ਏਜੰਸੀਆਂ ਰਾਹੀ ਅਜਿਹੀਆ ਮਨੁੱਖਤਾ ਵਿਰੋਧੀ ਸਾਜਿ਼ਸਾਂ ਨੂੰ ਅਮਲੀ ਰੂਪ ਦਿੰਦੇ ਹਨ, ਜਿਸ ਨਾਲ ਸਮੁੱਚੇ ਮੁਲਕ ਦੀ ਬਹੁਗਿਣਤੀ ਕੌਮੀ ਵਸੋਂ ਨੂੰ ਇਹ ਦਰਸਾਇਆ ਜਾ ਸਕੇ ਕਿ ਸਿੱਖ, ਮੁਸਲਿਮ, ਇਸਾਈ, ਕਬੀਲੇ ਆਦਿ ਹੀ ਦੰਗੇ-ਫਸਾਦਾਂ ਦੀ ਜੜ੍ਹ ਹਨ ਅਤੇ ਉਨ੍ਹਾਂ ਵਿਰੁੱਧ ਬਣਾਉਟੀ ਨਫਰਤ ਪੈਦਾ ਕਰਕੇ ਸਮੁੱਚੀ ਹਿੰਦੂ ਬਹੁਗਿਣਤੀ ਕੌਮ ਨੂੰ ਇਹ ਅਹਿਸਾਸ ਕਰਵਾਇਆ ਜਾਵੇ ਕਿ ਅਸੀਂ ਹੀ ਹਿੰਦੂ ਕੌਮ ਦੇ ਅਸਲੀ ਰੱਖਿਅਕ ਹਾਂ ਅਤੇ ਫਿਰ ਉਨ੍ਹਾਂ ਨੂੰ ਅਜਿਹੇ ਝੂਠ ਤੇ ਅਧਾਰਿਤ ਬਲੈਕਮੇਲ ਕਰਕੇ ਉਨ੍ਹਾਂ ਦੀਆਂ ਵੋਟਾਂ ਹੁਕਮਰਾਨ ਆਪਣੇ ਹੱਕ ਵਿਚ ਰੱਖ ਸਕਣ । ਦੂਸਰਾ ਅਜਿਹਾ ਨਫ਼ਰਤ ਭਰਿਆ ਮਾਹੌਲ ਬਣਾਕੇ ਘੱਟ ਗਿਣਤੀ ਮੁਸਲਿਮ, ਸਿੱਖ, ਇਸਾਈ, ਕਬੀਲਿਆ ਆਦਿ ਉਤੇ ਦਹਿਸਤ ਪਾ ਕੇ ਉਨ੍ਹਾਂ ਨੂੰ ‘ਹਿੰਦੂਰਾਸਟਰ’ ਦਾ ਵਿਰੋਧ ਕਰਨ ਤੋਂ ਰੋਕਿਆ ਜਾ ਸਕੇ । ਇਹ ਦੋਵੇ ਮੁੱਖ ਕਾਰਨ ਹਨ ਕਿ ਹੁਕਮਰਾਨ ਅਤੇ ਸਿਆਸਤਦਾਨ ਅਜਿਹੇ ਦੰਗੇ-ਫ਼ਸਾਦ ਕਰਵਾਉਣ ਅਤੇ ਦੋ ਫਿਰਕਿਆ ਵਿਚ ਨਫ਼ਰਤ ਪੈਦਾ ਕਰਨ ਦੀ ਨਿਰੰਤਰ ਗੰਦੀ ਖੇਡ ਖੇਡਦਾ ਆ ਰਿਹਾ ਹੈ । ਫਿਰ ਅਜਿਹੇ ਦੰਗਿਆ ਦੇ ਕਾਡਾਂ ਦੇ ਦੋਸ਼ ਕਦੀ ਮੁਸਲਿਮ, ਕਦੀ ਸਿੱਖ, ਕਦੀ ਇਸਾਈ, ਕਦੀ ਕਬੀਲਿਆ ਨੂੰ ਝੂਠੇ ਕੇਸਾਂ ਵਿਚ ਫਸਾਕੇ ਹੁਕਮਰਾਨ ਤਸੱਦਦ ਤੇ ਜੁਲਮ ਕਰਨ ਦੀ ਪ੍ਰਵਾਨਗੀ ਵੀ ਪ੍ਰਾਪਤ ਕਰ ਸਕਣ । ਅੱਜ ਹੁਕਮਰਾਨਾਂ ਅਤੇ ਸਿਆਸਤਦਾਨਾਂ ਦੀ ਇਹ ਮਨੁੱਖਤਾ ਵਿਰੋਧੀ ਘਿਣੋਨੀ ਖੇਡ ਨੂੰ ਵਿਸ਼ੇਸ਼ ਤੌਰ ਤੇ ਹਿੰਦੂ ਵੀਰਾਂ, ਬੁੱਧੀਜੀਵੀਆਂ, ਲਿਆਕਤਮੰਦਾਂ ਨੂੰ ਸਮਝਣ ਦੀ ਸਖ਼ਤ ਲੋੜ ਹੈ ਤਾਂ ਕਿ ਹੁਕਮਰਾਨ ਦੋਵੇ ਹੱਥਾਂ ਵਿਚ ਲੱਡੂ ਰੱਖਣ ਦੀ ਖੇਡ ਵਿਚ ਕਾਮਯਾਬ ਹੋ ਕੇ ਇਨਸਾਨੀਅਤ ਅਤੇ ਮਨੁੱਖਤਾ ਦਾ ਘਾਣ ਨਾ ਕਰ ਸਕੇ ਅਤੇ ਇਥੋ ਦੇ ਮਾਹੌਲ ਨੂੰ ਨਫ਼ਰਤ ਭਰਿਆ ਬਣਾਉਣ ਵਿਚ ਸਫਲ ਨਾ ਹੋ ਸਕੇ ।”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਟਿਆਲਾ ਹਿੰਦੂ-ਸਿੱਖਾਂ ਦੇ ਟਕਰਾਅ, ਜੋਧਪੁਰ ਅਤੇ ਜਹਾਂਗੀਰਪੁਰੀ ਦਿੱਲੀ ਵਿਖੇ ਹਿੰਦੂ-ਮੁਸਲਿਮ ਟਕਰਾਅ ਦੀਆਂ ਹੋਈਆ ਘਟਨਾਵਾ ਪਿੱਛੇ ‘ਹਿੰਦੂਰਾਸਟਰ’ ਦੀ ਗੱਲ ਕਰਨ ਵਾਲੇ ਬੀਜੇਪੀ-ਆਰ.ਐਸ.ਐਸ. ਦੇ ਮੁਤੱਸਵੀ ਸ਼ਰਾਰਤੀ ਦਿਮਾਗਾਂ ਦੇ ਹੋਣ ਦੀ ਗੱਲ ਕਰਦੇ ਹੋਏ, ਪੰਜਾਬ ਤੇ ਇੰਡੀਆਂ ਦੇ ਨਿਵਾਸੀਆ ਨੂੰ ਹੁਕਮਰਾਨਾਂ ਦੀ ਸਵਾਰਥੀ ਖੇਡ ਤੋਂ ਦੂਰ ਰਹਿਣ ਅਤੇ ਸਮਝਣ ਦੀ ਸੰਜ਼ੀਦਾ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਹਰ ਕੌਮ ਵਿਚ ਸ੍ਰੀ ਸਿੰਗਲੇ ਅਤੇ ਸ੍ਰੀ ਗੱਗੀ ਪੰਡਿਤ ਵਰਗੇ ਕੱਟੜਵਾਦੀ ਲੋਕ ਹੁੰਦੇ ਹਨ । ਜਿਨ੍ਹਾਂ ਦੇ ਕੱਟੜਵਾਦੀ ਖਿਆਲਾਂ ਦਾ ਨਜਾਇਜ ਫਾਇਦਾ ਉਠਾਕੇ ਹੁਕਮਰਾਨ ਅਤੇ ਸਿਆਸਤਦਾਨ ਇਨ੍ਹਾਂ ਦੀ ਅਛੋਪਲੇ ਢੰਗ ਨਾਲ ਦੁਰਵਰਤੋ ਕਰਨ ਵਿਚ ਕਾਮਯਾਬ ਹੋ ਜਾਂਦੇ ਹਨ ਅਤੇ ਅਮਨਮਈ ਮਾਹੌਲ ਨੂੰ ਜਾਣਬੁੱਝ ਕੇ ਗੰਧਲਾ ਕਰਕੇ ਆਪਣੇ ਸਵਾਰਥੀ ਹਿੱਤਾ ਦੀ ਪੂਰਤੀ ਕਰਨ ਦੀ ਤਾਕ ਵਿਚ ਰਹਿੰਦੇ ਹਨ । ਜਦੋਕਿ ਕੱਟੜਵਾਦੀ ਖਿਆਲਾਂ ਦੇ ਧਾਰਨੀ ਲੋਕਾਂ ਨੂੰ ਅਕਸਰ ਹੀ ਇਹ ਪਤਾ ਨਹੀ ਚੱਲਦਾ ਕਿ ਉਹ ਕਿਸੇ ਵੱਡੇ ਦੁਖਾਂਤ ਲਈ ਉਨ੍ਹਾਂ ਦੀ ਬੇਸਮਝੀ ਦੇ ਕਾਰਨ ਹੁਕਮਰਾਨ ਦੁਰਵਰਤੋ ਵੀ ਕਰ ਜਾਂਦੇ ਹਨ ਅਤੇ ਇਨਸਾਨੀਅਤ ਤੇ ਮਨੁੱਖਤਾ ਲਈ ਵੱਡਾ ਸਰਾਪ ਵੀ ਬਣ ਜਾਂਦੇ ਹਨ । ਉਨ੍ਹਾਂ ਕਿਹਾ ਕਿ ਜੇਕਰ ਸ੍ਰੀ ਸਿੰਗਲੇ ਨੂੰ ਕੁਝ ਸੂਝਵਾਨ ਹਿੰਦੂ ਵੀਰਾਂ ਨੇ ਲਾਹਨਤਾ ਪਾਈਆ ਹਨ ਤਾਂ ਇਹ ਵੀ ਸੱਚ ਹੈ ਕਿ ਲਾਹਨਤਾ ਪਾਉਣ ਵਾਲੇ ਹਿੰਦੂ ਵੀਰ ਤੀਖਣ ਬੁੱਧੀ ਤੇ ਦੂਰ ਅੰਦੇਸ਼ੀ ਦੀ ਸੋਚ ਰੱਖਣ ਦੇ ਮਾਲਕ ਦੇ ਨਾਲ-ਨਾਲ ਮਨੁੱਖਤਾ ਨੂੰ ਅਤੇ ਇਥੋ ਦੇ ਅਮਨ-ਚੈਨ ਨੂੰ ਡੂੰਘਾਂ ਪਿਆਰ ਕਰਨ ਵਾਲੀਆ ਸਖਸ਼ੀਅਤਾਂ ਹਨ ਜਿਨ੍ਹਾਂ ਨੂੰ ਸਿਆਸਤਦਾਨਾਂ ਦੀਆਂ ਸਾਜਿ਼ਸਾਂ ਦੀ ਡੂੰਘੀ ਪਕੜ ਦੀ ਗੁਰੂ ਵੱਲੋ ਬਖਸਿ਼ਸ਼ ਹੈ । ਇਸ ਲਈ ਕੋਈ ਵੀ ਹਿੰਦੂ, ਸਿੱਖ, ਮੁਸਲਿਮ, ਇਸਾਈ ਵੀਰ ‘ਕੱਟੜਵਾਦੀ ਸੋਚ’ ਵਿਚ ਉਲਝਕੇ ਇਨ੍ਹਾਂ ਸਵਾਰਥੀ ਸੋਚ ਵਾਲੇ ਸਿਆਸਤਦਾਨਾਂ ਤੇ ਹੁਕਮਰਾਨਾਂ ਦੇ ਕੁਹਾੜੇ ਦਾ ਦਸਤਾ ਬਣਨ ਦੀ ਬਿਲਕੁਲ ਗੁਸਤਾਖੀ ਨਾ ਕਰਨ ਕਿਉਂਕਿ ਦਸਤਾ ਬਣਨ ਉਪਰੰਤ ਉਸ ਕੁਹਾੜੇ ਨੇ ਬਹੁਤ ਹੀ ਬੇਰਹਿੰਮੀ ਅਤੇ ਗੈਰ-ਇਨਸਾਨੀਅਤ ਢੰਗ ਨਾਲ ਸਾਡੇ ਭਰਾਵਾਂ ਇਥੋ ਦੇ ਨਿਵਾਸੀਆ ਦਾ ਹੀ ਕਤਲੇਆਮ ਕਰਨਾ ਹੁੰਦਾ ਹੈ । ਜਿਸ ਨਾਲ ਦਸਤਾ ਬਣਨ ਵਾਲੇ ਨੂੰ ਜਾਂ ਉਸਦੇ ਸਮਾਜ ਨੂੰ ਕਿਸੇ ਤਰ੍ਹਾਂ ਦੀ ਰਤੀਭਰ ਵੀ ਕੋਈ ਪ੍ਰਾਪਤੀ ਨਹੀਂ ਹੋ ਸਕਦੀ । ਇਸ ਲਈ ਸਭ ਹਿੰਦੂ, ਮੁਸਲਿਮ, ਸਿੱਖ, ਇਸਾਈ ਵੀਰਾਂ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਇਹ ਸੰਜ਼ੀਦਾ ਅਪੀਲ ਹੈ ਕਿ ਉਹ ਹੁਕਮਰਾਨਾਂ ਅਤੇ ਸਿਆਸਤਦਾਨਾਂ ਦੀਆਂ ਅਜਿਹੀਆ ਸਵਾਰਥ ਭਰੀਆ ਸਾਜਿ਼ਸਾਂ ਜਾਂ ਸਮਾਜ ਵਿਰੋਧੀ ਕਾਰਵਾਈਆ ਦਾ ਹਿੱਸਾ ਨਾ ਬਣਨ ਅਤੇ ਆਪੋ-ਆਪਣੇ ਸਵਾਸਾਂ ਨੂੰ ਬਿਨ੍ਹਾਂ ਕਿਸੇ ਭੇਦਭਾਵ ਦੇ ਸਮੁੱਚੀ ਮਨੁੱਖਤਾ ਦੀ ਬਿਹਤਰੀ ਵਿਚ ਲਗਾ ਸਕਣ ਤਾਂ ਜਿਥੇ ਇਹ ਅਮਲ ਉਨ੍ਹਾਂ ਦੀ ਆਪਣੀ ਆਤਮਾ ਸ਼ਕਤੀ ਨੂੰ ਬਲ ਦੇਣਗੇ, ਉਥੇ ਸਮੁੱਚੇ ਸਮਾਜ, ਧਰਮ ਅਤੇ ਇਥੋ ਦੇ ਨਿਵਾਸੀਆ ਨੂੰ ਸਥਾਈ ਰਹਿਣ ਵਾਲਾ ਸਕੂਨ ਵੀ ਪ੍ਰਦਾਨ ਕਰਨਗੇ ।

Leave a Reply

Your email address will not be published. Required fields are marked *