ਜਦੋਂ ਇੰਡੀਆਂ ਤੇ ਪੰਜਾਬ ਸਰਕਾਰ ਨੂੰ ਸ਼ਰਾਰਤੀ ਸਿੰਗਲੇ ਦੀ ਭੜਕਾਊ ਬਿਆਨਬਾਜੀ ਬਾਰੇ ਪਤਾ ਸੀ, ਫਿਰ ਸਹੀ ਸਮੇਂ ਉਤੇ ਉਸ ਵਿਰੁੱਧ ਕਾਰਵਾਈ ਕਿਉਂ ਨਹੀਂ ਕੀਤੀ ਗਈ ? : ਮਾਨ

ਫ਼ਤਹਿਗੜ੍ਹ ਸਾਹਿਬ, 02 ਮਈ ( ) “ਪਟਿਆਲਾ ਨਿਜਾਮ, ਪਟਿਆਲਾ ਪੁਲਿਸ ਅਤੇ ਪੰਜਾਬ ਸਰਕਾਰ ਨੇ ਸ. ਬਰਜਿੰਦਰ ਸਿੰਘ ਪਰਵਾਨਾ ਨੂੰ ਪਟਿਆਲਾ ਕਾਂਡ ਦਾ ਮੁੱਖੀ ਦੋਸ਼ੀ ਘੋਸਿਤ ਕਰਕੇ ਗ੍ਰਿਫ਼ਤਾਰੀ ਵੀ ਕਰ ਲਈ ਅਤੇ ਸਿੱਖ ਕੌਮ ਨੂੰ ਬਦਨਾਮ ਕਰਨ ਦੀ ਅਸਫਲ ਕੋਸਿ਼ਸ਼ ਵੀ ਕਰ ਲਈ, ਪਰ ਜਦੋਂ ਇਨ੍ਹਾਂ ਨੂੰ ਸਿਵ ਸੈਨਾ ਦੇ ਸਿੰਗਲੇ ਵੱਲੋਂ ਦਿੱਤੀ ਭੜਕਾਊ ਬਿਆਨਬਾਜੀ ਬਾਰੇ ਪੂਰੀ ਜਾਣਕਾਰੀ ਸੀ ਕਿ ਇਸ ਬਿਆਨ ਨਾਲ ਸਿੱਖ ਕੌਮ ਵਿਚ ਵੱਡਾ ਰੋਹ ਉੱਠੇਗਾ ਅਤੇ ਗੜਬੜ ਹੋਵੇਗੀ, ਫਿਰ ਸਿੰਗਲਾ ਜਿਸਨੇ ਇਕ ਡੂੰਘੀ ਸਾਜਿ਼ਸ ਤਹਿਤ ਇਹ ਅੱਗ ਲਗਾਈ ਹੈ, ਉਸ ਵਿਰੁੱਧ ਪੰਜਾਬ ਸਰਕਾਰ, ਪਟਿਆਲਾ ਪੁਲਿਸ ਅਤੇ ਪਟਿਆਲਾ ਪ੍ਰਸ਼ਾਸ਼ਨ ਨੇ ਸਹੀ ਸਮੇ ਤੇ ਸਹੀ ਕਾਰਵਾਈ ਕਰਕੇ ਇਸ ਹੋਈ ਗੜਬੜ ਨੂੰ ਰੋਕਣ ਦੀ ਜਿ਼ੰਮੇਵਾਰੀ ਕਿਉਂ ਨਹੀਂ ਨਿਭਾਈ ? ਦੂਸਰਾ ਸਿੰਗਲੇ ਵਰਗੇ ਸਮਾਜ ਵਿਚ ਕੁੜੱਤਣ ਤੇ ਨਫ਼ਰਤ ਪੈਦਾ ਕਰਨ ਵਾਲੇ ਸ਼ਰਾਰਤੀ ਨੂੰ ਸਰਕਾਰ ਨੇ ਇਕ ਥਾਣੇਦਾਰ ਏ.ਐਸ.ਆਈ, ਦੋ ਹੈੱਡਕਾਸਟੇਬਲ ਅਤੇ ਸੱਤ ਸਿਪਾਹੀ, 10 ਬੰਦਿਆਂ ਦੀ ਨਫਰੀ ਦੀ ਸੁਰੱਖਿਆ ਕਿਸ ਖੁਸ਼ੀ ਵਿਚ ਦਿੱਤੀ ਹੋਈ ਹੈ? ਕੀ ਇਨ੍ਹਾਂ ਸਰਕਾਰੀ ਸੁਰੱਖਿਆ ਮੁਲਾਜ਼ਮਾਂ ਨੇ ਉਸ ਵੱਲੋ ਕੀਤੀ ਭੜਕਾਊ ਬਿਆਨਬਾਜੀ ਬਾਰੇ ਅਗਾਊ ਆਪਣੀ ਅਫਸਰਾਨ ਨੂੰ ਸੂਚਿਤ ਕੀਤਾ ? ਜੇ ਕੀਤਾ, ਫਿਰ ਸਹੀ ਸਮੇ ਤੇ ਪੁਲਿਸ ਤੇ ਨਿਜਾਮ ਨੇ ਪ੍ਰਬੰਧ ਕਿਉਂ ਨਹੀਂ ਕੀਤਾ ? ਜੇ ਨਹੀਂ ਕੀਤਾ ਤਾਂ ਇਨ੍ਹਾਂ ਸੁਰੱਖਿਆ ਮੁਲਾਜ਼ਮਾਂ ਨੂੰ ਤੁਰੰਤ ਉਸਦੀ ਸੁਰੱਖਿਆ ਤੋ ਵਾਪਸ ਲਾਇਨ ਹਾਜਰ ਕਰਨਾ ਚਾਹੀਦਾ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਟਿਆਲਾ ਵਿਖੇ ਦੋ ਦਿਨ ਪਹਿਲੇ ਸਿਵ ਸੈਨਿਕਾਂ ਅਤੇ ਸਿੱਖ ਜਥੇਬੰਦੀਆਂ ਵਿਚਕਾਰ ਹੋਏ ਤਨਾਅ ਅਤੇ ਝਗੜੇ ਉਤੇ ਪਟਿਆਲਾ ਨਿਜਾਮ, ਪਟਿਆਲਾ ਪੁਲਿਸ ਅਤੇ ਪੰਜਾਬ ਸਰਕਾਰ ਨੂੰ ਪੰਜਾਬ ਦੀ ਜਨਤਾ ਦੀ ਕਚਹਿਰੀ ਵਿਚ ਖੜ੍ਹਾ ਕਰਦੇ ਹੋਏ ਅਤੇ ਆਪਣੀਆ ਜਿ਼ੰਮੇਵਾਰੀਆ ਨੂੰ ਸਹੀ ਸਮੇ ਤੇ ਨਾ ਨਿਭਾਉਣ ਦੀ ਬਦੌਲਤ ਇਸ ਬਣੇ ਹਾਲਾਤਾਂ ਲਈ ਸਰਕਾਰ, ਨਿਜਾਮ ਅਤੇ ਸ਼ਰਾਰਤੀ ਸਿਵ ਸੈਨਾ ਆਗੂ ਸਿੰਗਲਾ ਨੂੰ ਮੁੱਖ ਤੌਰ ਤੇ ਦੋਸ਼ੀ ਠਹਿਰਾਉਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਵਿਧਾਨ ਦੀ ਧਾਰਾ 14 ਰਾਹੀ ਇਥੇ ਵੱਸਣ ਵਾਲੇ ਹਿੰਦੂ, ਮੁਸਲਮਾਨ, ਸਿੱਖ, ਇਸਾਈ ਸਭਨਾਂ ਨੂੰ ਹਰ ਖੇਤਰ ਵਿਚ ਬਰਾਬਰਤਾ ਦੇ ਅਧਿਕਾਰ ਤੇ ਹੱਕ ਹਾਸਿਲ ਹਨ । ਫਿਰ ਸਿੰਗਲੇ ਵਰਗੇ ਫਿਰਕੂਆ ਨੂੰ ਸਰਕਾਰੀ ਸੁਰੱਖਿਆ ਪ੍ਰਦਾਨ ਕਰਕੇ ਬਰਾਬਰਤਾ ਦੀ ਸੋਚ ਤੇ ਅਮਲਾਂ ਦਾ ਮਜਾਕ ਹਕੂਮਤੀ ਪੱਧਰ ਤੇ ਕਿਉਂ ਉਡਾਇਆ ਜਾ ਰਿਹਾ ਹੈ ? ਉਨ੍ਹਾਂ ਕਿਹਾ ਕਿ ਬੇਸੱਕ ਅਸੀ ਸਿੱਖ ਕੌਮ ਇੰਡੀਆ ਵਿਚ ਘੱਟ ਗਿਣਤੀ ਵਿਚ ਹਾਂ, ਪਰ ਅਸੀ ਕਦੀ ਵੀ ਦੂਸਰੇ ਦਰਜੇ ਦੇ ਸਹਿਰੀ ਬਣਕੇ ਨਹੀ ਵਿਚਰੇ । ਸਾਨੂੰ ਸਾਡੇ ਗੁਰੂ ਸਾਹਿਬਾਨ ਦੀ ਸਭ ਬਰਾਬਰਤਾ ਦੇ ਆਧਾਰ ਤੇ ਹੱਕ ਦਿੱਤੇ ਹੋਏ ਹਨ । ਕਿਉਂਕਿ ਮੁਗਲ ਹਕੂਮਤ ਸਮੇ ਕੋਈ ਸਿੱਖ ਘੋੜਸਵਾਰੀ ਨਹੀ ਸੀ ਕਰ ਸਕਦਾ, ਦਸਤਾਰ ਉਤੇ ਕਲਗੀ ਨਹੀ ਸੀ ਸਜਾ ਸਕਦਾ, ਉੱਚਾ ਥੜਾ ਬਣਾਕੇ ਨਹੀ ਸੀ ਬੈਠ ਸਕਦਾ, ਬਾਜ ਨਹੀ ਸੀ ਰੱਖ ਸਕਦਾ ਅਤੇ ਆਪਣੇ ਕੋਲ ਹਥਿਆਰ ਵੀ ਨਹੀ ਸੀ ਰੱਖ ਸਕਦਾ । ਪਰ ਸਾਡੀ ਛੇਵੀ ਪਾਤਸਾਹੀ ਸ੍ਰੀ ਹਰਗੋਬਿੰਦ ਸਾਹਿਬ ਜੀ ਨੇ ਬਰਾਬਰਤਾ ਦੀ ਸੋਚ ਨੂੰ ਲਾਗੂ ਕਰਦੇ ਹੋਏ ਬਾਦਸ਼ਾਹਾਂ ਦੀ ਤਰ੍ਹਾਂ ਥੜਾ ਸਾਹਿਬ (ਅਕਾਲ ਤਖ਼ਤ ਸਾਹਿਬ) ਬਣਾਕੇ ਵਿਚਰਦੇ ਤੇ ਸਿੱਖ ਕੌਮ ਨੂੰ ਆਦੇਸ਼ ਦਿੰਦੇ ਰਹੇ, ਉਨ੍ਹਾਂ ਨੇ ਆਪਣੇ ਕੋਲ ਬਾਜ ਵੀ ਰੱਖਿਆ, ਕਲਗੀ ਵੀ ਪਹਿਨੀ, ਘੋੜੇ ਵੀ ਵੱਡੀ ਗਿਣਤੀ ਵਿਚ ਰੱਖੇ ਅਤੇ ਸਿੱਖਾਂ ਨੂੰ ਧਨ-ਦੌਲਤਾਂ ਦੀ ਬਜਾਇ ਘੋੜੇ ਤੇ ਹਥਿਆਰ ਭੇਜਣ ਦੇ ਹੁਕਮ ਕੀਤੇ । ਅਜਿਹਾ ਕਰਦੇ ਹੋਏ ਉਨ੍ਹਾਂ ਨੇ ਅਤਿ ਬਦਤਰ ਹਾਲਾਤਾਂ ਵਿਚ ਵੀ ਸਿੱਖ ਕੌਮ ਦੀ ਨਿਰਾਲੀ ਅਤੇ ਵੱਖਰੀ ਪਹਿਚਾਣ ਨੂੰ ਆਨ-ਸਾਨ ਨਾਲ ਕਾਇਮ ਰੱਖਿਆ ਅਤੇ ਸਾਨੂੰ ਉਪਰੋਕਤ ਸਭ ਹੁਕਮ ਵੀ ਕੀਤੇ । ਕੋਈ ਵੀ ਹੁਕਮਰਾਨ ਸਾਡੀ ਅਣਖ਼-ਗੈਰਤ ਨੂੰ ਨਹੀਂ ਕੁੱਚਲ ਸਕਦਾ । ਕੁਝ ਫਿਰਕੂ ਸੰਗਠਨ ਅਤੇ ਉਨ੍ਹਾਂ ਦੇ ਆਗੂਆਂ ਨੂੰ ਸਰਕਾਰੀ ਸੁਰੱਖਿਆ ਪ੍ਰਦਾਨ ਕਰਕੇ ਅਤੇ ਸਿੱਖ ਕੌਮ ਵਿਰੁੱਧ ਊਲ-ਜਲੂਲ ਬੋਲਣ ਦੀ ਪ੍ਰਵਾਨਗੀ ਦੇ ਕੇ ਹੁਕਮਰਾਨ ਖੁਦ ਹੀ ਮਾਹੌਲ ਨੂੰ ਵਿਸਫੋਟਕ ਬਣਾ ਰਹੇ ਹਨ । ਜਦੋਕਿ ਸਿੱਖ ਕੌਮ ਤਾਂ ਅੱਜ ਵੀ ‘ਭੈ ਕਾਹੁ ਕੋ ਦੈਤਿ ਨਾਹਿ, ਨਾ ਭੈ ਮਾਨਤਿ ਆਨਿ’ ਦੇ ਹੁਕਮ ਅਨੁਸਾਰ ਜਿ਼ੰਦਗੀ ਜਿਊਂਣ ਵਿਚ ਵਿਸਵਾਸ ਰੱਖਦੀ ਹੈ । ਪਰ ਸਿੱਖ ਕੌਮ ਆਪਣੇ ਗੁਰੂ ਸਾਹਿਬਾਨ, ਕੌਮੀ ਨਾਇਕਾਂ ਵਿਰੁੱਧ ਸਾਜ਼ਸੀ ਪ੍ਰਚਾਰ ਨੂੰ ਕਤਈ ਵੀ ਸਹਿਣ ਨਹੀ ਕਰ ਸਕਦੀ ।

ਸ. ਮਾਨ ਨੇ ਸਰਕਾਰ ਅਤੇ ਪਟਿਆਲਾ ਨਿਜਾਮ ਨੂੰ ਖਬਰਦਾਰ ਕਰਦੇ ਹੋਏ ਕਿਹਾ ਕਿ ਪਟਿਆਲਾ ਵਿਖੇ ਨਫ਼ਰਤ ਪੈਦਾ ਕਰਨ ਵਾਲੀਆ ਤਾਕਤਾਂ ਤੇ ਸਰਾਰਤੀ ਅਨਸਰਾਂ ਵਿਰੁੱਧ ਸਹੀ ਸਮੇ ਤੇ ਸਹੀ ਅਮਲ ਕਰਨ ਦੀ ਬਜਾਇ ਜੋ ਹੁਣ ਵੱਡੀ ਗਿਣਤੀ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਆਗੂਆ ਅਤੇ ਹੋਰ ਸਿੱਖ ਨੌਜ਼ਵਾਨਾਂ ਨੂੰ ਬਿਨ੍ਹਾਂ ਵਜਹ ਨਿਸਾਨਾ ਬਣਾਕੇ ਉਨ੍ਹਾਂ ਦੇ ਘਰਾਂ ਉਤੇ ਰੇਡਾ ਮਾਰੀਆ ਜਾ ਰਹੀਆ ਹਨ ਜਾਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੇ ਅਮਲ ਹੋ ਰਹੇ ਹਨ, ਇਹ ਸਰਕਾਰ ਦੀ ਤੇ ਨਿਜਾਮ ਦੀ ਦੂਜੀ ਵੱਡੀ ਗੁਸਤਾਖੀ ਹੋਵੇਗੀ ਜੋ ਮਾਹੌਲ ਨੂੰ ਸਹੀ ਕਰਨ ਦੀ ਬਜਾਇ ਇਹ ਗ੍ਰਿਫ਼ਤਾਰੀਆ ਕਰਕੇ ਸਿਵ ਸੈਨਾ ਦੀ ਤਰ੍ਹਾਂ ਭੜਕਾਊ ਬਣਾ ਰਹੀ ਹੈ, ਜਿਸਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਬਿਲਕੁਲ ਬਰਦਾਸਤ ਨਹੀ ਕਰੇਗੀ । ਇਸ ਲਈ ਇਹ ਬਿਹਤਰ ਹੋਵੇਗਾ ਕਿ ਰੇਡਾ ਮਾਰਨ ਤੇ ਗ੍ਰਿਫ਼ਤਾਰੀਆ ਕਰਨ ਦੀ ਭੜਕਾਊ ਕਾਰਵਾਈ ਤੁਰੰਤ ਬੰਦ ਕੀਤੀ ਜਾਵੇ ਅਤੇ ਜਿਨ੍ਹਾਂ ਸ਼ਰਾਰਤੀ ਅਨਸਰਾਂ ਨੇ ਪਟਿਆਲਾ ਵਿਖੇ ਅਜਿਹਾ ਮਾਹੌਲ ਪੈਦਾ ਕੀਤਾ ਹੈ, ਉਨ੍ਹਾਂ ਨੂੰ ਸਖਤੀ ਨਾਲ ਹੁਕਮਰਾਨ ਨੱਥ ਪਾਵੇ, ਵਰਨਾ ਇਸਦੇ ਨਿਕਲਣ ਵਾਲੇ ਮਾਰੂ ਨਤੀਜਿਆ ਲਈ ਸੈਟਰ ਦੀ ਮੋਦੀ ਹਕੂਮਤ, ਪੰਜਾਬ ਦੀ ਭਗਵੰਤ ਸਿੰਘ ਮਾਨ ਹਕੂਮਤ ਅਤੇ ਪਟਿਆਲਾ ਪ੍ਰਸ਼ਾਸ਼ਨ ਸਿੱਧੇ ਤੌਰ ਤੇ ਜਿ਼ੰਮੇਵਾਰ ਹੋਵੇਗਾ, ਸਿੱਖ ਕੌਮ ਨਹੀਂ । ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਗ੍ਰਿਫ਼ਤਾਰੀਆ ਅਤੇ ਰੇਡਾ ਦਾ ਸਿਲਸਿਲਾ ਬੰਦ ਕਰਕੇ ਮਾਹੌਲ ਨੂੰ ਖੁਸਗਵਾਰ ਬਣਾਉਣ ਲਈ ਦੋਵੇ ਸਰਕਾਰਾਂ ਅਤੇ ਨਿਜਾਮ ਆਪਣੀ ਜਿ਼ੰਮੇਵਾਰੀ ਨਿਭਾਉਣਗੇ ਅਤੇ ਅਸੀ ਕਿਸੇ ਵੀ ਤਾਕਤ ਨੂੰ ਪੰਜਾਬ ਦੇ ਮਾਹੌਲ ਨੂੰ ਫਿਰ ਤੋ ਵਿਸਫੋਟਕ ਬਣਾਉਣ ਦੀ ਇਜਾਜਤ ਨਹੀ ਦੇਵਾਂਗੇ ।

Leave a Reply

Your email address will not be published. Required fields are marked *