ਸਾਡਾ ਮਕਸਦ ਜੰਗ ਹੋਣ ਦੀ ਸੂਰਤ ਵਿਚ ਪੰਜਾਬ, ਪੰਜਾਬੀਆਂ ਅਤੇ ਸਿੱਖ ਵਸੋਂ ਦਾ ਬਿਲਕੁਲ ਨੁਕਸਾਨ ਨਾ ਹੋਵੇ : ਮਾਨ
ਫ਼ਤਹਿਗੜ੍ਹ ਸਾਹਿਬ, 17 ਮਈ ( ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸੁਰੂ ਤੋਂ ਹੀ ਮਨੁੱਖਤਾ ਪੱਖੀ ਇਹ ਪਾਰਟੀ ਨੀਤੀ ਰਹੀ ਹੈ ਕਿ ਕਿਸੇ ਵੀ ਮੁਲਕ ਨਾਲ ਵਿਨਾਸਕਾਰੀ ਜੰਗ ਨਾ ਹੋਵੇ ਅਤੇ ਨਾ ਹੀ ਮਨੁੱਖਤਾ ਦਾ ਅਜਾਈ ਘਾਣ ਹੋਵੇ । ਇਸ ਲਈ ਅਸੀ ਹਰ ਤਰ੍ਹਾਂ ਦੀ ਜੰਗ ਦੇ ਸਖਤ ਵਿਰੁੱਧ ਹਾਂ । ਜੋ ਲੋਕ ਇੰਡੀਆ ਜਾਂ ਸੰਸਾਰ ਸਿਆਸਤ ਤੇ ਨਜਰ ਰੱਖਦੇ ਹੋਏ ਮੇਰੇ ਵੱਲੋ ਬੀਤੇ ਦਿਨੀਂ ਦਿੱਤੇ ਗਏ ਉਸ ਬਿਆਨ ਵਿਚ ਮੈਂ ਇੰਡੀਅਨ ਫੋਰਸਾਂ ਨੂੰ ਮਜਬੂਤ ਕਰਨ ਦੀ ਗੱਲ ਕੀਤੀ ਹੈ, ਉਹ ਕੇਵਲ ਜੰਗ ਹੋਣ ਦੀ ਸੂਰਤ ਵਿਚ ਚੜ੍ਹਦੇ ਪੰਜਾਬ ਦੇ ਨਿਵਾਸੀਆਂ ਦੀ ਹਰ ਤਰਫੋ ਹਿਫਾਜਤ ਅਤੇ ਹਮਲਾਵਰ ਵੱਲੋ ਪੰਜਾਬ, ਪੰਜਾਬੀਆਂ ਤੇ ਸਿੱਖ ਕੌਮ ਦਾ ਕਿਸੇ ਤਰ੍ਹਾਂ ਦਾ ਵੀ ਜਾਨੀ, ਮਾਲੀ ਨੁਕਸਾਨ ਨਾ ਹੋਣ ਦੀ ਭਾਵਨਾ ਨੂੰ ਮੁੱਖ ਰੱਖਕੇ ਦਿੱਤਾ ਸੀ । ਕਿਉਂਕਿ ਜੇਕਰ ਇੰਡੀਅਨ ਫੋਰਸਾਂ ਹਮਲਾਵਰ ਦੇ ਮੁਕਾਬਲੇ ਵਿਚ ਮਜਬੂਤ ਅਤੇ ਆਧੁਨਿਕ ਢੰਗ ਨਾਲ ਲੈਂਸ ਨਹੀ ਹੋਣਗੀਆ ਤਾਂ ਉਸ ਵਿਚ ਹਮਲੇ ਸਮੇਂ ਪੰਜਾਬੀਆਂ ਅਤੇ ਸਿੱਖ ਕੌਮ ਦੀ ਵਸੋਂ ਦਾ ਤਾਂ ਪੂਰਨ ਰੂਪ ਵਿਚ ਖਾਤਮਾ ਹੋ ਕੇ ਰਹਿ ਜਾਵੇਗਾ । ਫਿਰ ਪਹਿਲਗਾਮ ਵਿਖੇ ਹੋਏ ਸਾਜਸੀ ਹਮਲੇ ਦੀ ਇੰਡੀਅਨ ਇੰਨਟੈਲੀਜੈਸੀਆਂ ਨੇ ਅਗਾਊ ਤੌਰ ਤੇ ਸੂਚਨਾਂ ਕਿਉਂ ਨਾ ਦਿੱਤੀ ਅਤੇ ਚੁੱਪ ਚਪੀਤੇ ਇਹ ਦੁਖਾਂਤ ਵਾਪਰ ਗਿਆ । ਇੰਡੀਆ ਫ਼ੌਜ ਦੇ ਤਿੰਨ ਹਿੱਸੇ ਹਨ ਜਿਨ੍ਹਾਂ ਦੀਆਂ ਆਪੋ-ਆਪਣੀਆ ਖੂਫੀਆ ਵਿੰਗ (ਮਿਲਟਰੀ ਇੰਨਟੈਲੀਜੈਸ) ਹੈ । ਜਿਨ੍ਹਾਂ ਨੇ ਉਪਰੋਕਤ ਦੁਖਾਂਤ ਵਾਪਰਣ ਤੋ ਪਹਿਲੇ ਕੋਈ ਸੂਚਨਾਂ ਨਹੀ ਦਿੱਤੀ । ਮੈਂ ਨੇਵੀ ਦੀ ਤਕੜੇ ਹੋਣ ਦੀ ਗੱਲ ਨਹੀ ਕੀਤੀ ਬਲਕਿ ਖੂਫੀਆ ਏਜੰਸੀਆ ਦੀ ਅਸਫਲਤਾਂ ਦੀ ਗੱਲ ਕੀਤੀ ਹੈ । ਇਸ ਲਈ ਮੇਰਾ ਮੰਨਣਾ ਇਹ ਹੈ ਕਿ ਇੰਡੀਆਂ ਦੀਆਂ ਖੂਫੀਆ ਏਜੰਸੀਆਂ ਆਪਣੀ ਜਿੰਮੇਵਾਰੀ ਨਿਭਾਉਣ ਵਿਚ ਅਸਫਲ ਸਾਬਤ ਹੋ ਚੁੱਕੀਆ ਹਨ । ਇਸ ਨੂੰ ਮੁੱਖ ਰੱਖਕੇ ਹੀ ਸਾਡਾ ਬੀਤੇ ਦਿਨੀਂ ਦੇ ਬਿਆਨ ਦੀ ਭਾਵਨਾ ਹੈ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕੁਝ ਦਿਨ ਪਹਿਲੇ ਜੰਗ ਦੇ ਸੰਬੰਧ ਵਿਚ ਦਿੱਤੇ ਆਪਣੇ ਬਿਆਨ ਉਤੇ ਕੁਝ ਲੋਕਾਂ ਵੱਲੋਂ ਬਿਨ੍ਹਾਂ ਕਿਸੇ ਦੂਰ ਅੰਦੇਸ਼ੀ ਤੋਂ ਸਾਡੇ ਨੀਤੀ ਬਿਆਨ ਨੂੰ ਸਮਝਣ ਤੋਂ ਕੀਤੇ ਗਏ ਕਿੰਤੂ-ਪ੍ਰੰਤੂ ਉਤੇ ਆਪਣਾ ਪ੍ਰਤੀਕਰਮ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਕੁਝ ਲੋਕ ਇਸ ਗੱਲ ਤੇ ਇਤਰਾਜ ਕਰਦੇ ਹਨ ਕਿ ‘ਰੋਟੀ ਖਾਂਦੇ ਦੀ ਦਾਹੜੀ ਕਿਉਂ ਹਿੱਲਦੀ ਹੈ’, ਦੀ ਤਰਜ ਉਤੇ ਵਿਰੋਧਤਾ ਕਰਨ ਦੇ ਬਹਾਨੇ ਲੱਭਦੇ ਰਹਿੰਦੇ ਹਨ ਲੇਕਿਨ ਅਸਲ ਨੁਕਤੇ ਦੀ ਗੱਲ ਨੂੰ ਸਮਝਣ ਤੋ ਅਸਮਰੱਥ ਹੁੰਦੇ ਹਨ । ਉਨ੍ਹਾਂ ਕਿਹਾ ਕਿ ਇਥੇ ਇਹ ਵੀ ਵਰਨਣ ਕਰਨਾ ਜਰੂਰੀ ਹੈ ਕਿ ਬਾਬਾ ਵਿਰਸਾ ਸਿੰਘ ਡੇਰਾ ਵੱਲੋ ਬੀਤੇ ਸਮੇ ਵਿਚ ਖਾੜਕੂਆ ਦੇ ਭੇਂਖ ਵਿਚ ਕੁਝ ਬਣਾਉਟੀ ਸਿੱਖ ਬਣਾਕੇ, ਉਨ੍ਹਾਂ ਨੂੰ ਸਿੱਖੀ ਰਹੁ-ਰੀਤੀਆਂ ਬਾਰੇ ਟ੍ਰੇਨਿੰਗ ਦਿੱਤੀ ਗਈ ਸੀ। ਜੋ ਖਾੜਕੂ ਸਫਾ ਵਿਚ ਘੁਸਪੈਠ ਕਰਕੇ ਕੇਵਲ ਸਿੱਖ ਵਿਰੋਧੀ ਕਾਰਵਾਈ ਹੀ ਨਹੀ ਸਨ ਕਰਦੇ ਬਲਕਿ ਉਹ ਹਿੰਦੂਤਵ ਹੁਕਮਰਾਨਾਂ ਨੂੰ ਕੌਮ ਵਿਰੋਧੀ ਖੂਫੀਆ ਜਾਣਕਾਰੀਆ ਵੀ ਪ੍ਰਦਾਨ ਕਰਦੇ ਸਨ । ਮੈਨੂੰ ਜਾਪਦਾ ਹੈ ਕਿ ਜਿਸ ਸਿੰਘ ਨੇ ਮੇਰੇ ਬਿਆਨ ਉਤੇ ਕਿੰਤੂ ਪ੍ਰੰਤੂ ਕੀਤਾ ਹੈ, ਉਨ੍ਹਾਂ ਨੂੰ ਮੇਰੇ ਵੱਲੋ ਦਿੱਤੇ ਨਿੱਤੀ ਬਿਆਨ ਦੀ ਸਮਝ ਹੀ ਨਹੀ ਪਈ ਜਾਂ ਫਿਰ ਉਹ ਬਾਬਾ ਵਿਰਸਾ ਸਿੰਘ ਡੇਰੇ ਦੀ ਤਰ੍ਹਾਂ ਟ੍ਰੇਨਿੰਗ ਪ੍ਰਾਪਤ ਹਕੂਮਤੀ ਸਾਧਨ ਹਨ । ਦੂਸਰਾ ਸਾਡਾ ਮਕਸਦ ਪਾਕਿਸਤਾਨ ਜਾਂ ਕਿਸੇ ਹੋਰ ਮੁਲਕ ਨੂੰ ਦੁਸ਼ਮਣ ਗਰਦਾਨਣ ਦਾ ਨਹੀ ਹੈ । ਸਾਡਾ ਮਕਸਦ ਇੰਡੀਆ ਜਾਂ ਕੋਈ ਵੀ ਦੁਸਮਣ ਤਾਕਤ ਆਪਣੇ ਸਵਾਰਥੀ ਤੇ ਸਿਆਸੀ ਹਿੱਤਾ ਅਧੀਨ ਸਾਡੇ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਨਿਵਾਸੀਆ ਦਾ ਕੋਈ ਵੀ ਨੁਕਸਾਨ ਨਾ ਕਰ ਸਕੇ । ਇਸੇ ਲਈ ਹੀ ਇੰਡੀਅਨ ਫੋਰਸਾਂ ਨੂੰ ਸਮੇ ਦੇ ਹਾਣ ਦਾ ਬਣਾਉਣ ਦੀ ਗੱਲ ਕੀਤੀ ਗਈ ਹੈ ਨਾ ਕਿ ਖਾਲਿਸਤਾਨ ਦੀ ਕੌਮੀ ਲਹਿਰ ਨੂੰ ਕੰਮਜੋਰ ਕਰਨ ਦੀ । ਸਾਡਾ ਨਿਸ਼ਾਨਾਂ ਵੱਖਰੇ ਮੁਲਕ ਖਾਲਿਸਤਾਨ ਨੂੰ ਹੋਦ ਵਿਚ ਲਿਆਉਣਾ ਹੈ ਅਤੇ ਪ੍ਰਾਪਤੀ ਤੱਕ ਇਹੀ ਮਿਸਨ ਰਹੇਗਾ । ਲੇਕਿਨ ਹਰ ਤਰ੍ਹਾਂ ਦੇ ਮੁਹਾਜ ਉਤੇ ਜਿਥੇ ਪੰਜਾਬੀਆਂ ਤੇ ਸਿੱਖ ਕੌਮ ਨੂੰ ਨੁਕਸਾਨ ਹੁੰਦਾ ਹੋਵੇ ਉਸ ਨੂੰ ਹਰ ਕੀਮਤ ਤੇ ਰੋਕਣਾ ਅਤੇ ਜਿਥੇ ਆਜਾਦ ਖਾਲਿਸਤਾਨ ਵੱਲ ਵੱਧਣ ਦੀ ਗੱਲ ਹੋਵੇ ਉਸ ਨੂੰ ਉਤਸਾਹਿਤ ਕਰਨਾ ਹੈ । ਅਜਿਹੇ ਅਮਲ ਹੀ ਨਿਰੰਤਰ ਕਰਦੇ ਆ ਰਹੇ ਹਾਂ । ਇਸੇ ਸੋਚ ਅਧੀਨ ਅਸੀ ਸਰਹੱਦਾਂ ਖੋਲ੍ਹਣ, ਆਪਸੀ ਵਪਾਰ ਨੂੰ ਪ੍ਰਫੁੱਲਿਤ ਕਰਨ, ਪੰਜਾਬੀਆਂ ਤੇ ਸਿੱਖ ਕੌਮ ਦੀ ਮਾਲੀ ਹਾਲਤ ਬਿਹਤਰ ਬਣਾਉਣ ਦੀ ਜੋਰਦਾਰ ਗੱਲ ਕਰਦੇ ਆ ਰਹੇ ਹਾਂ । ਪਰ ਜਿਨ੍ਹਾਂ ਵੀਰਾਂ ਨੇ ਬੇਸਮਝੀ ਵਿਚ ਜਾਂ ਜਾਣਬੁੱਝ ਕੇ ਮੇਰੇ ਬਿਆਨ ਨੂੰ ਲੈਕੇ ਵਿਵਾਦ ਖੜ੍ਹਾ ਕਰਨ ਦੀ ਅਸਫਲ ਕੋਸਿਸ ਕੀਤੀ ਹੈ, ਉਨ੍ਹਾਂ ਤੇ ਉਨ੍ਹਾਂ ਦੇ ਆਕਾਵਾਂ ਨੂੰ ਅਸੀ ਪ੍ਰਤੱਖ ਸੰਦੇਸ ਦੇਣਾ ਚਾਹਵਾਂਗੇ ਕਿ ਨਾ ਤਾਂ ਜਮੀਨੀ, ਹਵਾਈ ਵਿਊਤਾ ਰਾਹੀ ਅਤੇ ਨਾ ਹੀ ਦਰਿਆਵਾ ਤੇ ਬਣੇ ਡੈਮਾਂ ਦੀ ਦੁਰਵਰਤੋ ਰਾਹੀ ਪੰਜਾਬੀਆਂ ਤੇ ਸਿੱਖ ਕੌਮ ਦਾ ਕੋਈ ਨੁਕਸਾਨ ਹੋਣ ਦੇਵਾਂਗੇ । ਨਾ ਹੀ ਹੁਕਮਰਾਨਾਂ ਨੂੰ ਪੰਜਾਬ, ਪੰਜਾਬੀਆਂ ਅਤੇ ਸਿੱਖ ਕੌਮ ਨੂੰ ਨਿਸ਼ਾਨਾਂ ਬਣਾਕੇ ਜੰਗ ਦੇ ਮੂੰਹ ਵਿਚ ਧਕੇਲਣ ਦੀ ਇਜਾਜਤ ਦੇਵਾਂਗੇ । ਮੈਂ ਤਾਂ ਖੁਦ ਲਹਿੰਦੇ ਪੰਜਾਬ ਦਾ ਵਾਸੀ ਹਾਂ ਉਥੇ ਸਾਡੀ ਜਮੀਨ ਹੈ, ਜਿਥੇ ਸਭ ਤੋ ਵਧੀਆ ਬਾਸਮਤੀ ਹੁੰਦੀ ਹੈ । ਚੇਨਾਬ ਦਰਿਆ ਦੇ ਪਾਣੀ ਨੂੰ ਰੋਕਣ ਦੀ ਗੱਲ ਕਰਕੇ ਇੰਡੀਅਨ ਹੁਕਮਰਾਨ ਇਨਸਾਨੀਅਤ ਅਤੇ ਮਨੁੱਖਤਾ ਵਿਰੋਧੀ ਅਮਲ ਕਰ ਰਹੇ ਹਨ । ਇਸ ਚੇਨਾਬ ਦੇ ਪਾਣੀ ਨੂੰ ਫੋਰੀ ਪਹਿਲੇ ਦੀ ਤਰ੍ਹਾਂ ਜਾਰੀ ਰੱਖਣਾ ਚਾਹੀਦਾ ਹੈ ।
ਉਨ੍ਹਾਂ ਕਿਹਾ ਕਿ ਜਿਥੋ ਤੱਕ ਖਾਲਿਸਤਾਨ ਨੂੰ ਹੋਦ ਵਿਚ ਲਿਆਉਣ ਦੀ ਗੱਲ ਹੈ ਉਸਦੇ ਸਭ ਢੰਗ-ਤਰੀਕਿਆ ਨੂੰ ਸਮੇ ਦੀ ਨਜਾਕਤ ਨੂੰ ਦੇਖਦੇ ਹੋਏ ਸਹੀ ਦਿਸ਼ਾ ਵੱਲ ਵਰਤੋ ਵੀ ਕਰਦੇ ਰਹਾਂਗੇ ਤਾਂ ਕਿ ਘੱਟ ਤੋ ਘੱਟ ਨੁਕਸਾਨ ਨਾਲ ਅਸੀ ਆਪਣੀ ਮਿੱਥੀ ਮੰਜਿਲ ਦੀ ਪ੍ਰਾਪਤੀ ਕਰ ਸਕੀਏ । ਨਾ ਕਿ ਹੁਕਮਰਾਨਾਂ ਦੇ ਸਾਜਸੀ ਜਾਲ ਵਿਚ ਫਸਕੇ ਭਰਾਮਾਰੂ ਜੰਗ ਨੂੰ ਉਤਸਾਹਿਤ ਕਰਦੇ ਹੋਏ ਖੁਦ ਹੀ ਕੌਮ ਦਾ ਨੁਕਸਾਨ ਕਰਨ ਦਾ ਕਾਰਨ ਬਣੀਏ । ਇਸ ਲਈ ਸਾਡੇ ਬਿਆਨ ਦੀ ਦੂਰਅੰਦੇਸ਼ੀ ਦੇ ਅਰਥ ਭਰਪੂਰ ਸ਼ਬਦਾਂ ਨੂੰ ਸਮਝਕੇ ਹੀ ਫਿਰ ਕੋਈ ਵਿਚਾਰ ਪੇਸ ਹੋਵੇ ਨਾ ਕਿ ਘੁੱਪ ਹਨ੍ਹੇਰੇ ਵਿਚ ਕਾਲੀ ਬਿੱਲੀ ਲੱਭਣ ਦੀ ਕੋਸਿਸ ਕੀਤੀ ਜਾਵੇ ।