ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਪ੍ਰਸਾਰ ਲਈ ਐਸ.ਜੀ.ਪੀ.ਸੀ. ਆਪਣਾ ਟੀ.ਵੀ. ਚੈਨਲ ਤੁਰੰਤ ਸੁਰੂ ਕਰੇ, ਜਿਨ੍ਹਾਂ ਪੀ.ਟੀ.ਸੀ ਅਧਿਕਾਰੀਆਂ ਨੇ ਬੀਬੀਆਂ ਦਾ ਸ਼ੋਸ਼ਣ ਕੀਤਾ ਹੈ ਉਨ੍ਹਾਂ ਨਾਲੋ ਨਾਤਾ ਤੋੜੇ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 31 ਮਾਰਚ ( ) “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਬਾਣੀ ਤਾਂ ਮਨੁੱਖੀ ਕਦਰਾਂ-ਕੀਮਤਾਂ, ਉੱਚੇ-ਸੁੱਚੇ ਇਖ਼ਲਾਕ ਲਈ ਸਮੁੱਚੀ ਮਨੁੱਖਤਾ ਨੂੰ ਜਿਥੇ ਅਗਵਾਈ ਦਿੰਦੀ ਹੈ, ਉਥੇ ਸਾਨੂੰ ਸਮਾਜ ਵਿਚ ਅੱਛੇ ਸਲੀਕੇ ਨਾਲ ਜਿਊਂਣ ਅਤੇ ਲੋੜਵੰਦਾਂ ਦੀ ਬਾਂਹ ਫੜਨ ਦਾ ਰਸਤਾ ਵੀ ਦਿਖਾਉਦੀ ਹੈ । ਲੇਕਿਨ ਦੁੱਖ ਅਤੇ ਅਫ਼ਸੋਸ ਹੈ ਕਿ ਐਸ.ਜੀ.ਪੀ.ਸੀ. ਨੇ ਜਿਸ ਪੀਟੀਸੀ ਟੀ.ਵੀ. ਚੈਨਲ ਨੂੰ ਗੁਰਬਾਣੀ ਦੇ ਪ੍ਰਚਾਰ-ਪ੍ਰਸਾਰ ਲਈ ਜਿ਼ੰਮੇਵਾਰੀ ਸੌਪੀ ਹੋਈ ਹੈ, ਉਸਦੇ ਪ੍ਰਬੰਧਕਾਂ ਅਤੇ ਅਧਿਕਾਰੀਆਂ ਵੱਲੋਂ ਸਾਡੀਆਂ ਬੀਬੀਆਂ ਨੂੰ ਰੀਹੈਰਸਲ ਤੇ ਚੋਣ ਕਰਨ ਦੇ ਬਹਾਨੇ ਗੈਰ-ਇਖਲਾਕੀ ਢੰਗ ਨਾਲ ਸ਼ੋਸ਼ਣ ਕੀਤਾ ਜਾ ਰਿਹਾ ਹੈ, ਅਜਿਹੇ ਟੀ.ਵੀ. ਚੈਨਲ ਨਾਲ ਐਸ.ਜੀ.ਪੀ.ਸੀ. ਦੀ ਸਿੱਖ ਕੌਮ ਦੀ ਸੰਸਥਾਂ ਨੂੰ ਬਿਨ੍ਹਾਂ ਕਿਸੇ ਦੇਰੀ ਦੇ ਸਭ ਸੰਬੰਧ ਅਤੇ ਕੀਤੇ ਸਮਝੋਤੇ ਤੋੜਕੇ ਆਪਣੀਆ ਇਖਲਾਕੀ ਜਿ਼ੰਮੇਵਾਰੀਆਂ ਨੂੰ ਪੂਰਨ ਕਰਨਾ ਬਣਦਾ ਹੈ। ਇਸਦੇ ਨਾਲ ਹੀ ਆਪਣਾ ਟੀ.ਵੀ. ਚੈਨਲ ਦੀ ਪੂਰੀ ਜਿ਼ੰਮੇਵਾਰੀ ਨਾਲ ਸੁਰੂਆਤ ਕਰਨੀ ਚਾਹੀਦੀ ਹੈ । ਤਾਂ ਕਿ ਸਮੁੱਚੇ ਸੰਸਾਰ ਵਿਚ ਸਤਿਕਾਰੇ ਜਾਂਦੇ ਖ਼ਾਲਸਾ ਪੰਥ ਨਾਲ ਸੰਬੰਧਤ ਕੋਈ ਇਸ ਤਰ੍ਹਾਂ ਦੀ ਸੰਸਥਾਂ ਸਾਡੇ ਉੱਚੇ-ਸੁੱਚੇ ਇਖਲਾਕ ਅਤੇ ਅਕਸ ਨੂੰ ਧੁੰਦਲਾ ਨਾ ਕਰ ਸਕੇ ਅਤੇ ਦੁਸ਼ਮਣ ਜਮਾਤਾਂ ਨੂੰ ਸਾਡੀ ਕੌਮੀ ਪਹਿਚਾਣ ਵਿਰੁੱਧ ਪ੍ਰਚਾਰ ਕਰਨ ਦਾ ਮੌਕਾ ਨਾ ਮਿਲ ਸਕੇ।”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਪੀਟੀਸੀ ਚੈਨਲ ਦੇ ਪ੍ਰਬੰਧਕਾਂ ਅਤੇ ਅਧਿਕਾਰੀਆਂ ਵੱਲੋਂ ਬੀਬੀਆਂ ਨੂੰ ਪਾਣੀ ਵਿਚ ਨਸ਼ੇ ਵਾਲੀ ਵਸਤੂ ਪਿਲਾਕੇ ਉਨ੍ਹਾਂ ਨਾਲ ਸਰਮਿੰਦਗੀ ਭਰੀਆ ਕਾਰਵਾਈਆ ਕਰਨ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਅਤੇ ਐਸ.ਜੀ.ਪੀ.ਸੀ. ਨੂੰ ਤੁਰੰਤ ਅਜਿਹੇ ਸਿੱਖ ਕੌਮ ਨੂੰ ਬਦਨਾਮ ਕਰਨ ਵਾਲੇ ਟੀ.ਵੀ. ਚੈਨਲ ਨਾਲੋ ਨਾਤਾ ਤੋੜਕੇ ਗੁਰਬਾਣੀ ਦੇ ਪ੍ਰਚਾਰ-ਪ੍ਰਸਾਰ ਲਈ ਫੌਰੀ ਆਪਣਾ ਟੀ.ਵੀ. ਚੈਨਲ ਦੀ ਸੁਰੂਆਤ ਕਰਨ ਦੀ ਸੰਜ਼ੀਦਗੀ ਭਰੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਵੈਸੇ ਤਾਂ ਐਸ.ਜੀ.ਪੀ.ਸੀ. ਅਤੇ ਖ਼ਾਲਸਾ ਪੰਥ ਨਾਲ ਸੰਬੰਧਤ ਹਰ ਸਥਾਂਨ, ਗੁਰੂਘਰ ਜਾਂ ਕੋਈ ਵਿਦਿਅਕ ਤੇ ਸਿਹਤਕ ਸੰਸਥਾਂ ਵਿਚ ਕੰਮ ਕਰਨ ਵਾਲੇ ਉੱਚ ਅਧਿਕਾਰੀਆਂ ਤੋਂ ਲੈਕੇ ਸੇਵਾਦਾਰ ਤੱਕ ਉਨ੍ਹਾਂ ਇਨਸਾਨਾਂ ਦੀ ਚੋਣ ਹੋਣੀ ਚਾਹੀਦੀ ਹੈ ਜਿਨ੍ਹਾਂ ਵਿਚ ਵਿਦਿਅਕ ਯੋਗਤਾ ਦੇ ਨਾਲ-ਨਾਲ ਅਮਲੀ ਰੂਪ ਵਿਚ ਇਖਲਾਕੀ, ਸਮਾਜਿਕ, ਧਾਰਮਿਕ ਮਨੁੱਖਤਾ ਪੱਖੀ ਗੁਣਾਂ ਦੀ ਭਰਮਾਰ ਹੋਵੇ ਅਤੇ ਅਮਲੀ ਜੀਵਨ ਵਾਲੇ ਹੋਣ । ਤਾਂ ਕਿ ਸਾਡੀਆ ਇਨ੍ਹਾਂ ਸੰਸਥਾਵਾਂ ਵਿਚ ਸੇਵਾ ਕਰਨ ਵਾਲੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੇ ਜੀਵਨ ਤੋਂ ਸਭਨਾਂ ਨੂੰ ਸਰਬੱਤ ਦੇ ਭਲੇ ਅਤੇ ਇਨਸਾਨੀਅਤ ਪੱਖੀ ਖੂਸਬੋ ਤੋਂ ਕੋਈ ਵੀ ਇਨਸਾਨ ਪ੍ਰਭਾਵਿਤ ਹੋਏ ਬਿਨ੍ਹਾਂ ਨਾ ਰਹਿ ਸਕੇ । ਅਜਿਹੇ ਉਦਮ ਲਈ ਐਸ.ਜੀ.ਪੀ.ਸੀ. ਨੂੰ, ਐਸ.ਜੀ.ਪੀ.ਸੀ. ਦੇ ਅਧਿਕਾਰੀਆਂ ਵਿਚੋਂ ਜਾਂ ਬਾਹਰੋ ਜੋ ਸਖਸ਼ੀਅਤਾਂ ਵਿਦਵਤਾ ਦੀਆਂ ਮਾਲਕ ਹੋਣ ਅਤੇ ਜਿਨ੍ਹਾਂ ਦਾ ਜੀਵਨ ਮਨੁੱਖਤਾ ਨੂੰ ਸਮਰਪਿਤ ਹੋਵੇ, ਉਨ੍ਹਾਂ ਉਤੇ ਅਧਾਰਿਤ ਅਜਿਹੀਆ ਸੰਸਥਾਵਾਂ ਵਿਚ ਰੱਖੇ ਜਾਣ ਵਾਲੇ ਮੁਲਾਜ਼ਮਾਂ ਅਤੇ ਸੇਵਾਦਾਰਾਂ ਦੀ ਚੋਣ ਕਰਨ ਲਈ ਇਕ ਉੱਚਾ-ਸੁੱਚਾ ਚੋਣ ਬੋਰਡ ਬਣਾਇਆ ਜਾਵੇ । ਤਾਂ ਕਿ ਸਾਡੀਆ ਇਨ੍ਹਾਂ ਧਾਰਮਿਕ, ਵਿਦਿਅਕ, ਸਿਹਤਕ ਅਤੇ ਸੱਭਿਆਚਾਰਕ ਸੰਸਥਾਵਾਂ ਵਿਚ ਕੋਈ ਵੀ ਗੈਰ-ਇਖਲਾਕੀ ਅਤੇ ਦਾਗੀ ਵਿਅਕਤੀ ਉੱਚ ਅਹੁਦਿਆ ਜਾਂ ਹੋਰ ਸੇਵਾਵਾਂ ਉਤੇ ਦਾਖਲ ਹੀ ਨਾ ਹੋ ਸਕੇ ਅਤੇ ਸਾਡੀਆ ਇਨ੍ਹਾਂ ਸੰਸਥਾਵਾਂ ਦਾ ਚੌਗਿਰਦਾ ਗੁਰਬਾਣੀ ਦੀ ਖੂਸਬੋ ਭਰਿਆ ਅਤੇ ਅਕਰਸਿਕ ਬਣਿਆ ਰਹੇ, ਸਭ ਕੌਮਾਂ, ਧਰਮ, ਫਿਰਕੇ ਸਾਡੀਆ ਇਨ੍ਹਾਂ ਸੰਸਥਾਵਾਂ ਵੱਲ ਭੁੱਲਕੇ ਵੀ ਕੋਈ ਉਂਗਲ ਨਾ ਕਰ ਸਕਣ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਮੌਜੂਦਾ ਐਸ.ਜੀ.ਪੀ.ਸੀ. ਦੇ ਅਧਿਕਾਰੀ ਆਪਣੀ ਕੌਮੀ ਇਖਲਾਕ ਦੀ ਮਿਸਾਲ ਕਾਇਮ ਕਰਨ ਲਈ ਇਸ ਦਿਸ਼ਾ ਵੱਲ ਜਿਥੇ ਉਚੇਚੇ ਤੌਰ ਤੇ ਸਭ ਗੱਲਾਂ ਤੋ ਉੱਪਰ ਉੱਠਕੇ ਉਦਮ ਕਰਨਗੇ, ਉਥੇ ਬੀਤੇ 11 ਸਾਲਾਂ ਤੋਂ ਸਾਡੀ ਸਿੱਖ ਪਾਰਲੀਮੈਟ ਐਸ.ਜੀ.ਪੀ.ਸੀ. ਦੀ ਕੁੱਚਲੀ ਗਈ ਜਮਹੂਰੀਅਤ ਨੂੰ ਬਹਾਲ ਕਰਨ ਲਈ ਸੈਂਟਰ ਦੇ ਗ੍ਰਹਿ ਵਿਭਾਗ ਉਤੇ ਲਿਖਤੀ ਰੂਪ ਵਿਚ ਦਬਾਅ ਪਾ ਕੇ ਇਸਦੀਆਂ ਜਰਨਲ ਚੋਣਾਂ ਫੌਰੀ ਕਰਵਾਉਣ ਲਈ ਜਿ਼ੰਮੇਵਾਰੀ ਨਿਭਾਉਣਗੇ ਤਾਂ ਕਿ ਨਵੇ ਸਿਰੇ ਤੋਂ ਸਿੱਖ ਕੌਮ ਵਿਚੋ ਉੱਚੇ-ਸੁੱਚੇ ਇਖਲਾਕ ਵਾਲੇ ਮੈਬਰਾਂ ਦੀ ਸਿੱਖ ਕੌਮ ਚੋਣ ਕਰਕੇ ਐਸ.ਜੀ.ਪੀ.ਸੀ. ਸੰਸਥਾਂ ਦੇ ਪ੍ਰਬੰਧ ਨੂੰ ਪਾਰਦਰਸ਼ੀ ਬਣਾਉਣ ਵਿਚ ਯੋਗਦਾਨ ਪਾ ਸਕੇ । ਪੈਦਾ ਹੋ ਚੁੱਕੀਆ ਵੱਡੀਆ ਤਰੁੱਟੀਆ ਨੂੰ ਖ਼ਤਮ ਕਰਕੇ ਸਾਡੀ ਇਸ ਸੰਸਥਾਂ ਦੇ ਅਕਸ ਨੂੰ ਕੌਮਾਂਤਰੀ ਪੱਧਰ ਤੇ ਰੌਸਨਾ ਸਕੇ ।

Leave a Reply

Your email address will not be published. Required fields are marked *