ਸ੍ਰੀ ਕੇਜਰੀਵਾਲ ਹੁਣ ਰਾਜ ਸਭਾ ਮੈਂਬਰ ਬਣਨ ਦੀ ਬਜਾਇ, ਆਪਣੀ ਸਰਕਾਰ ਤੋਂ ਪੰਜਾਬੀਆਂ ਦੇ ਮਸਲਿਆ ਨੂੰ ਹੱਲ ਕਰਵਾਉਣ ਦੇ ਅਮਲ ਕਰਨ ਤਾਂ ਬਿਹਤਰ ਹੋਵੇਗਾ : ਮਾਨ
ਫ਼ਤਹਿਗੜ੍ਹ ਸਾਹਿਬ, 27 ਫਰਵਰੀ ( ) “ਸੰਜੀਵ ਅਰੋੜਾ ਜੋ ਆਮ ਆਦਮੀ ਪਾਰਟੀ ਦੇ ਪੰਜਾਬ ਤੋ ਰਾਜ ਸਭਾ ਮੈਬਰ ਹਨ, ਉਨ੍ਹਾਂ ਦੀ ਰਾਜ ਸਭਾ ਮੈਬਰੀ ਸੀਟ ਤੋਂ ਅਸਤੀਫਾ ਦਿਵਾਕੇ ਜੋ ਆਮ ਆਦਮੀ ਪਾਰਟੀ ਦੇ ਸੁਪਰੀਮੋ ਰਾਜ ਸਭਾ ਮੈਬਰ ਬਣਨਾ ਚਾਹੁੰਦੇ ਹਨ, ਇਹ ਤਾਂ ਇਕ ਗੈਰ ਇਖਲਾਕੀ ਅਮਲ ਹਨ ਉਹ ਦਿੱਲੀ ਦੀ ਪਾਰਲੀਮੈਟ ਵਿਚ ਜਾ ਕੇ ਕੀ ਕਰਨਗੇ ? ਜਦੋਕਿ ਪੰਜਾਬ ਵਿਚ ਉਨ੍ਹਾਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ । ਜੋ ਅਨੇਕਾ ਗੰਭੀਰ ਮਸਲਿਆ ਦਾ ਸਾਹਮਣਾ ਕਰ ਰਹੀ ਹੈ । ਇਥੇ ਬੇਰੁਜਗਾਰੀ, ਵੱਡੇ ਪੱਧਰ ਤੇ ਫੈਲੀ ਹੋਈ ਹੈ । ਇਥੋ ਦੇ ਨਿਵਾਸੀਆ ਨੂੰ ਸਹੀ ਰੂਪ ਵਿਚ ਮੈਡੀਕਲ ਸਹੂਲਤਾਂ ਨਹੀ ਮਿਲ ਰਹੀਆ । ਇਥੋ ਤੱਕ ਗਰੀਬ ਲੋਕਾਂ ਕੋਲ ਇਕ ਕਮਰੇ ਵਾਲੇ ਮਕਾਨ ਹਨ ਜਿਸ ਵਿਚ ਉਹ ਆਪਣੇ ਧੀ-ਪੁੱਤਰ, ਜਵਾਈ ਦੇ ਨਾਲ-ਨਾਲ ਬਾਰਿਸ ਆਦਿ ਵਿਚ ਡੰਗਰ-ਵੱਛੇ ਵੀ ਉਸੇ ਕਮਰੇ ਵਿਚ ਬੰਨਦੇ ਹਨ । ਅਜਿਹੀ ਸਥਿਤੀ ਵਿਚ ਜੀਵਨ ਗੁਜਾਰ ਰਹੇ ਵੱਡੀ ਗਿਣਤੀ ਵਿਚ ਗਰੀਬ ਪੰਜਾਬੀਆਂ ਲਈ ਇਹ ਸਰਕਾਰ ਜਦੋ ਕੋਈ ਅਮਲੀ ਰੂਪ ਵਿਚ ਕੁਝ ਨਹੀ ਕਰ ਰਹੀ, ਤਾਂ ਸ੍ਰੀ ਕੇਜਰੀਵਾਲ ਨੂੰ ਚਾਹੀਦਾ ਹੈ ਕਿ ਉਹ ਆਪਣੀ ਸਰਕਾਰ ਤੋ ਪੰਜਾਬੀਆਂ ਦੇ ਦਰਪੇਸ ਆ ਰਹੇ ਮਸਲਿਆ ਨੂੰ ਹੱਲ ਕਰਵਾਉਣ ਲਈ ਉਦਮ ਕਰਨ ਨਾ ਕਿ ਰਾਜ ਸਭਾ ਮੈਬਰ ਜਾਂ ਹੋਰ ਉੱਚ ਅਹੁਦਿਆ ਵੱਲ ਭੱਜਣ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ੍ਰੀ ਕੇਜਰੀਵਾਲ ਵੱਲੋ ਜਦੋ ਦਿੱਲੀ ਵਿਚੋ ਸਿਆਸੀ ਤੇ ਸਮਾਜਿਕ ਜਿੰਮੇਵਾਰੀ ਖਤਮ ਹੋ ਗਈ ਹੈ ਤਾਂ ਉਨ੍ਹਾਂ ਦਾ ਸਮੁੱਚਾ ਅਮਲ ਦਿੱਲੀ ਦੀ ਪਾਰਲੀਮੈਟ ਵਿਚ ਪਹੁੰਚਣ ਤੇ ਕੇਦਰਿਤ ਹੋਣਾ, ਅਹੁਦਿਆ ਦੀਆਂ ਲਾਲਸਾਵਾ ਨੂੰ ਪ੍ਰਤੱਖ ਕਰਨ ਅਤੇ ਪੰਜਾਬੀਆ ਨੂੰ ਦਰਪੇਸ ਆ ਰਹੇ ਮਸਲਿਆ ਨੂੰ ਆਪਣੀ ਸਰਕਾਰ ਤੋ ਹੱਲ ਕਰਵਾਉਣ ਵੱਲ ਧਿਆਨ ਨਾ ਹੋਣ ਉਤੇ ਗਹਿਰਾ ਦੁੱਖ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਇਕ ਵੱਖਰੇ ਬਿਆਨ ਵਿਚ ਸੈਟਰ ਦੇ ਹੁਕਮਰਾਨਾਂ ਵੱਲੋ ਇਹ ਜਾਣਕਾਰੀ ਦੇਣਾ ਕਿ ਕੁੰਭ ਦੇ ਮੇਲੇ ਵਿਚ 63 ਕਰੋੜ ਨਿਵਾਸੀਆ ਨੇ ਇਸਨਾਨ ਕੀਤਾ ਹੈ । ਜੋ ਕਿ ਇਨ੍ਹਾਂ ਦੀ ਆਸਥਾ ਤੇ ਸਰਧਾ ਨਾਲ ਸੰਬੰਧ ਰੱਖਦਾ ਹੈ । ਜਿਸ ਵਿਚ ਸਾਨੂੰ ਕੋਈ ਕਿੰਤੂ ਪ੍ਰੰਤੂ ਨਹੀ ਬਲਕਿ ਅਸੀ ਇਨ੍ਹਾਂ ਦੇ ਧਾਰਮਿਕ ਮਰਿਯਾਦਾਵਾ ਦਾ ਸਤਿਕਾਰ ਕਰਦੇ ਹਾਂ ਪਰ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਜਿਸ ਗੰਗਾ ਵਿਚ 63 ਕਰੋੜ ਨਿਵਾਸੀਆ ਨੇ ਇਸਨਾਨ ਕੀਤਾ ਹੈ ਉਸ ਵਿਚ ਤਾਂ ਫੈਕਟਰੀਆਂ, ਸਹਿਰਾਂ, ਪਿੰਡਾਂ ਦੇ ਸੀਵਰੇਜ ਦਾ ਮਲ-ਮੂਤਰ ਸਭ ਇਸ ਗੰਗਾ, ਯਮੂਨਾ ਇਥੋ ਤੱਕ ਕਿ ਪੰਜਾਬ ਦੇ ਬਿਆਸ ਦਰਿਆਵਾ ਵਰਗੇ ਵਿਚ ਵੀ ਇਹ ਮਲ ਮੂਤਰ ਤੇ ਬੁੱਢੇ ਨਾਲੇ ਦਾ ਗੰਦਾ ਪਾਣੀ ਜਾ ਰਿਹਾ ਹੈ । ਜਿਸ ਨਾਲ ਇਥੋ ਦੇ ਨਿਵਾਸੀਆ ਦੀ ਸਿਹਤ ਨਾਲ ਵੱਡੀ ਖਿਲਵਾੜ ਹੋ ਰਹੀ ਹੈ । ਇਥੇ ਇਹ ਵੀ ਵਰਣਨ ਕਰਨਾ ਜਰੂਰੀ ਹੈ ਕਿ ਦਮਦਮੀ ਟਕਸਾਲ ਦੇ ਮੁੱਖੀ ਹਰਨਾਮ ਸਿੰਘ ਧੂੰਮਾ ਵੀ ਗੰਗਾ ਇਸਨਾਨ ਕਰਕੇ ਆਏ ਹਨ ਅਤੇ ਉਸਦਾ ਜਲ ਵੀ ਪੀਤਾ ਹੈ ਅਤੇ ਹੋਰਨਾਂ ਸਰਧਾਲੂਆਂ ਨੇ ਵੀ ਅਜਿਹਾ ਜਰੂਰ ਕੀਤਾ ਹੋਵੇਗਾ । ਇਥੋ ਤੱਕ ਵਜੀਰ ਏ ਆਜਮ ਸ੍ਰੀ ਮੋਦੀ ਜੋ ਵਾਰਨਾਸੀ ਤੋ ਐਮ.ਪੀ ਹਨ, ਉਹ ਵੀ ਜਦੋ ਵਾਰਨਾਸੀ ਜਾਂਦੇ ਹਨ ਤਾਂ ਉਨ੍ਹਾਂ ਦਾ ਪਖਾਨਾ ਵੀ ਇਸ ਗੰਗਾ ਵਿਚ ਜਾਂਦਾ ਹੈ । ਜਦੋ ਇਹ ਮੁਲਕ ਦੇ ਮੁੱਖੀ ਤੇ ਜਿੰਮੇਵਾਰ ਸੱਜਣ ਇਨ੍ਹਾਂ ਪਵਿੱਤਰ ਦਰਿਆਵਾ, ਨਦੀਆ ਵਿਚ ਪੈਣ ਵਾਲੇ ਸੀਵਰੇਜ, ਫੈਕਟਰੀਆ ਦੇ ਗੰਦ ਦੀ ਸਫਾਈ ਨਹੀ ਕਰਦੇ, ਇਸ ਪਾਣੀ ਨੂੰ ਵਰਤੋ ਵਿਚ ਲਿਆਉਣ ਦੇ ਕਾਬਲ ਨਹੀ ਬਣਾਉਦੇ ਫਿਰ ਇਹ ਆਪਣੀਆ ਧਾਰਮਿਕ ਮਰਿਯਾਦਾਵਾ, ਰਹੁਰੀਤੀਆ ਦੀ ਜਿੰਮੇਵਾਰੀ ਕਿਵੇ ਨਿਭਾਅ ਸਕਣਗੇ ?
ਸ. ਮਾਨ ਨੇ ਸਮੁੱਚੇ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਉਚੇਚੇ ਤੌਰ ਤੇ ਅਪੀਲ ਕਰਦੇ ਹੋਏ ਕਿਹਾ ਕਿ 14 ਮਾਰਚ ਨੂੰ ਖਾਲਸਾ ਪੰਥ ਦਾ ਮਹਾਨ ਦਿਹਾੜਾ ਹੋਲਾ ਮਹੱਲਾ ਆ ਰਿਹਾ ਹੈ, ਜੋ ਕਿ ਤਖਤ ਸ੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਵਿਖੇ ਖਾਲਸਾਈ ਰਵਾਇਤਾ ਅਨੁਸਾਰ ਧੂੰਮਧਾਮ ਨਾਲ ਸਮੁੱਚੀ ਕੌਮ ਮਨਾ ਰਹੀ ਹੈ । ਜਿਥੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਮੀਰੀ-ਪੀਰੀ ਕਾਨਫਰੰਸ ਕੀਤੀ ਜਾ ਰਹੀ ਹੈ, ਉਥੇ ਸਮੁੱਚੇ ਪੰਜਾਬੀ ਅਤੇ ਸਿੱਖ ਕੌਮ ਸਰਧਾ ਤੇ ਸਤਿਕਾਰ ਸਹਿਤ ਪਹੁੰਚਕੇ ਇਸ ਮੀਰੀ ਪੀਰੀ ਕਾਨਫਰੰਸ ਵਿਚ ਦਿੱਤੇ ਜਾਣ ਵਾਲੇ ਸੁਨੇਹੇ ਨੂੰ ਪਿੰਡ-ਪਿੰਡ, ਗਲੀ-ਗਲੀ ਵਿਚ ਪਹੁੰਚਾਉਣ ਲਈ ਸਹਿਯੋਗ ਕਰਨ ।