ਪੰਜਾਬੀ ਗਾਈਕ ਦਲਜੀਤ ਦੁਸਾਂਝ ਵੱਲੋਂ, ਸਿੱਖ ਕੌਮ ਦੇ ਕਾਤਲ ਵਜੀਰ ਏ ਆਜਮ ਨਾਲ ਪਾਈ ਜਾ ਰਹੀ ਸਾਂਝ ਦੀ ਗੱਲ ਖਾਲਸਾ ਪੰਥ ਲਈ ਸਮਝ ਤੋਂ ਬਾਹਰ ਹੈ : ਮਾਨ
ਫ਼ਤਹਿਗੜ੍ਹ ਸਾਹਿਬ, 09 ਜਨਵਰੀ ( ) “ਜਦੋਂ ਦਲਜੀਤ ਸਿੰਘ ਦੁਸਾਂਝ ਵਰਗੇ ਪੰਜਾਬੀ ਦੇ ਹਰਮਨ ਪਿਆਰੇ ਗਾਇਕ ਨੂੰ ਆਪਣੀ ਕਲਾਕਾਰੀ ਦੇ ਗੁਣ ਦੀ ਬਦੌਲਤ ਸਮੁੱਚੇ ਸੰਸਾਰ ਦੀਆਂ ਕੌਮਾਂ, ਧਰਮਾਂ ਨਿਵਾਸੀਆ ਤੋ ਇਕ ਅਥਾਂਹ ਸਨਮਾਨ ਤੇ ਸਤਿਕਾਰ ਮਿਲ ਰਿਹਾ ਹੈ, ਤਾਂ ਐਨੀ ਮਹਾਨਤਾ ਭਰੀ ਪਿਆਰ ਤੇ ਸਤਿਕਾਰ ਖੱਟਣ ਵਾਲੇ ਪੰਜਾਬੀ ਗਾਇਕ ਨੂੰ ਕੀ ਲੋੜ ਸੀ ਕਿ ਉਹ ਪੰਜਾਬੀਆਂ, ਪੰਜਾਬ ਅਤੇ ਸਿੱਖ ਕੌਮ ਦੀ ਦੁਸਮਣ ਜਮਾਤ ਬੀਜੇਪੀ-ਆਰ.ਐਸ.ਐਸ ਦੇ ਸੈਟਰ ਦੇ ਵਜੀਰ ਏ ਆਜਮ ਅਤੇ ਸਿੱਖ ਕੌਮ ਦੇ ਕਾਤਲ ਨੂੰ ਮਿਲਣ ਲਈ ਜਾਣ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਦਲਜੀਤ ਸਿੰਘ ਦੁਸਾਂਝ ਵਰਗੇ ਹਰਮਨ ਪਿਆਰੇ ਗਾਇਕ ਵੱਲੋ ਸਿੱਖ ਕੌਮ ਦੀ ਕਾਤਲ ਜੂੰਡਲੀ ਵਜੀਰ ਏ ਆਜਮ ਮੋਦੀ, ਗ੍ਰਹਿ ਵਜੀਰ ਅਮਿਤ ਸ਼ਾਹ, ਵਿਦੇਸ ਵਜੀਰ ਜੈਸੰਕਰ, ਰੱਖਿਆ ਵਜੀਰ ਰਾਜਨਾਥ ਸਿੰਘ, ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਅ ਮੁੱਖੀ ਰਵੀ ਸਿਨ੍ਹਾ ਅਤੇ ਸਾਬਕਾ ਰਾਅ ਮੁੱਖੀ ਸੰਮਤ ਗੋਇਲ ਜਿਨ੍ਹਾਂ ਨੇ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਤੇ ਸੁਖਦੂਲ ਸਿੰਘ ਕੈਨੇਡਾ, ਅਵਤਾਰ ਸਿੰਘ ਖੰਡਾ ਬਰਤਾਨੀਆ, ਪਰਮਜੀਤ ਸਿੰਘ ਪੰਜਵੜ ਤੇ ਲਖਬੀਰ ਸਿੰਘ ਰੋਡੇ ਪਾਕਿਸਤਾਨ, ਦੀਪ ਸਿੰਘ ਸਿੱਧੂ ਹਰਿਆਣਾ, ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਤੇ ਗੁਰਪ੍ਰੀਤ ਸਿੰਘ ਹਰੀਨੌ ਪੰਜਾਬ, ਗੁਰਪਤਵੰਤ ਸਿੰਘ ਪੰਨੂ ਨੂੰ ਅਮਰੀਕਾ ਵਿਚ ਮਾਰਨ ਦੀ ਕੋਸਿਸ ਕੀਤੀ ਸੀ, ਉਸ ਕਾਤਲ ਜੂੰਡਲੀ ਅਤੇ ਉਨ੍ਹਾਂ ਦੇ ਮੁੱਖੀ ਸ੍ਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਕੇ ਆਪਣੀ ਹਰਮਨ ਪਿਆਰੀ ਗਾਇਕੀ ਵਾਲੀ ਸਖਸੀਅਤ ਉਤੇ ਪੰਜਾਬੀਆਂ ਤੇ ਸਿੱਖਾਂ ਦੇ ਮਨਾਂ ਵਿਚ ਦਾਗੀ ਬਣਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸ. ਦਲਜੀਤ ਸਿੰਘ ਦੁਸਾਂਝ ਨੂੰ ਅਜਿਹਾ ਪੰਜਾਬ ਤੇ ਸਿੱਖ ਕੌਮ ਵਿਰੋਧੀ ਅਮਲ ਕਰਨ ਤੋ ਪਹਿਲੇ ਇਹ ਤਾਂ ਆਪਣੇ ਜਹਿਨ ਵਿਚ ਰੱਖਣਾ ਚਾਹੀਦਾ ਸੀ ਕਿ ਬੀਤੇ 30-30, 40-40 ਸਾਲਾਂ ਤੋ ਗੈਰ ਵਿਧਾਨਿਕ ਢੰਗ ਨਾਲ ਬੰਦੀ ਬਣਾਏ ਗਏ ਸਿੱਖਾਂ ਦੀ ਰਿਹਾਈ ਲਈ ਜੋ ਬੀਤੇ 2 ਸਾਲਾਂ ਤੋ ਚੰਡੀਗੜ੍ਹ ਦੀ ਜੜ੍ਹ ਵਿਚ ਮੋਹਾਲੀ ਵਿਖੇ ਕੌਮੀ ਇਨਸਾਫ ਮੋਰਚਾ ਚੱਲ ਰਿਹਾ ਹੈ ਅਤੇ ਜਿਨ੍ਹਾਂ ਨੂੰ ਬੀਤੇ ਦਿਨੀਂ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਸੈਟਰ ਦੀ ਹਦਾਇਤ ਉਤੇ ਅੱਥਰੂ ਗੈਸ, ਅੰਨ੍ਹੇਵਾਹ ਲਾਠੀਚਾਰਜ, ਪਾਣੀ ਦੀਆਂ ਬੁਛਾੜਾ ਮਾਰਕੇ ਪੰਜਾਬੀਆਂ ਤੇ ਸਿੱਖਾਂ ਨੂੰ ਜਖਮੀ ਕਰਦੇ ਹੋਏ ਗੈਰ ਵਿਧਾਨਿਕ ਕਾਰਵਾਈਆ ਕੀਤੀਆ ਹਨ । ਦੂਸਰੇ ਪਾਸੇ ਖਨੌਰੀ ਵਿਖੇ ਕਿਸਾਨੀ ਤੇ ਮਜਦੂਰੀ ਮੰਗਾਂ ਦੀ ਪ੍ਰਾਪਤੀ ਲਈ ਬੀਤੇ 47 ਦਿਨਾਂ ਤੋ ਭੁੱਖ ਹੜਤਾਲ ਤੇ ਬੈਠੇ ਸ. ਜਗਜੀਤ ਸਿੰਘ ਡੱਲੇਵਾਲ ਜੋ ਆਪਣੇ ਮਿਸਨ ਦੀ ਪ੍ਰਾਪਤੀ ਲਈ ਸ਼ਹੀਦੀ ਵੱਲ ਵੱਧ ਰਹੇ ਹਨ ਅਤੇ ਸੈਟਰ ਦੇ ਹੁਕਮਰਾਨਾਂ ਉਤੇ ਪੰਜਾਬੀਆਂ ਤੇ ਸਿੱਖ ਲੀਡਰਸਿਪ ਦਾ ਕਿਸੇ ਤਰ੍ਹਾਂ ਦਾ ਨੁਕਸਾਨ ਹੋਣ ਦਾ ਕੋਈ ਰਤੀਭਰ ਵੀ ਸਹਿਮ ਜਾਂ ਪ੍ਰਭਾਵ ਨਹੀ । ਫਿਰ ਪੰਜਾਬ ਦੇ ਕੀਮਤੀ ਪਾਣੀਆਂ, ਬਿਜਲੀ ਪੈਦਾ ਕਰਨ ਵਾਲੇ ਹੈੱਡਵਰਕਸਾਂ, ਪੰਜਾਬੀ ਬੋਲਦੇ ਇਲਾਕਿਆ, ਭਾਖੜਾ-ਬਿਆਸ ਮੈਨੇਜਮੈਟ ਬੋਰਡ ਉਤੇ ਸੈਟਰ ਦਾ ਕਬਜਾ ਕਰਨ ਅਤੇ ਹੁਣ ਸਾਜਸੀ ਢੰਗ ਨਾਲ ਚੰਡੀਗੜ੍ਹ ਜੋ ਪੰਜਾਬੀਆਂ ਨੂੰ ਉਜਾੜਕੇ ਬਣਾਇਆ ਗਿਆ ਹੈ ਅਤੇ ਜੋ ਪੰਜਾਬ ਦੀ ਰਾਜਧਾਨੀ ਹੈ, ਉਸ ਨੂੰ ਪੱਕੇ ਤੌਰ ਤੇ ਯੂਟੀ ਬਣਾਕੇ ਸਾਡੇ ਤੋ ਹਰਿਆਣਾ, ਹਿਮਾਚਲ, ਰਾਜਸਥਾਂਨ ਆਦਿ ਇਲਾਕਿਆ ਨੂੰ ਖੋਹਣ ਦੀ ਤਰ੍ਹਾਂ ਇਸ ਉਤੇ ਵੀ ਸੈਟਰ ਦਾ ਕਬਜਾ ਕਰਨ ਦੇ ਦੁੱਖਦਾਇਕ ਅਮਲ ਕੀਤੇ ਜਾ ਰਹੇ ਹਨ । ਪੰਜਾਬ ਨੂੰ ਕੋਈ ਵੱਡੀ ਇੰਡਸਟਰੀ ਨਹੀ ਦਿੱਤੀ ਜਾ ਰਹੀ ਅਤੇ ਸਾਡੀਆ ਸਰਹੱਦਾਂ ਨੂੰ ਖੋਲਕੇ ਕਿਸਾਨਾਂ ਤੇ ਵਪਾਰੀਆ ਦੀ ਮਾਲੀ ਹਾਲਤ ਨੂੰ ਬਿਹਤਰ ਬਣਾਉਣ ਲਈ ਜਾਣਬੁੱਝ ਕੇ ਕੋਈ ਅਮਲ ਨਹੀ ਕੀਤਾ ਜਾ ਰਿਹਾ । ਹਰ ਖੇਤਰ ਵਿਚ ਪੰਜਾਬੀਆਂ ਤੇ ਸਿੱਖਾਂ ਨਾਲ ਵਿਤਕਰੇ, ਜ਼ਬਰ ਜੁਲਮ, ਬੇਇਨਸਾਫੀਆਂ ਕਰਨ ਵਾਲੀ ਅਤੇ ਸਿੱਖਾਂ ਦੇ ਕਾਤਲ ਕਰਨ ਵਾਲੀ ਬੀਜੇਪੀ-ਆਰ.ਐਸ.ਐਸ ਜਮਾਤ ਦੇ ਮੁੱਖੀ ਨਾਲ ਉਹ ਬਤੌਰ ਸਿੱਖ ਗਾਇਕ ਹੋਣ ਦੇ ਨਾਤੇ ਕਿਸ ਮਕਸਦ ਲਈ ਮੁਲਾਕਾਤਾਂ ਕਰਕੇ ਆਪਣੀ ਵਿਅਕਤੀਗਤ ਸਖਸੀਅਤ ਨੂੰ ਸੱਕੀ ਬਣਾ ਰਹੇ ਹਨ ।