ਕੌਮੀ ਇਨਸਾਫ਼ ਮੋਰਚੇ ਦੇ ਅਮਨਮਈ ਇਕੱਠ ਉਤੇ ਪੰਜਾਬ ਸਰਕਾਰ ਨੇ ਅੱਥਰੂ ਗੈਸ, ਲਾਠੀਚਾਰਜ ਤੇ ਜੁਲਮ ਕਰਕੇ ਵਿਧਾਨਿਕ ਲੀਹਾਂ ਨੂੰ ਕੁੱਚਲਣ ਦੀ ਕਾਰਵਾਈ ਕੀਤੀ : ਮਾਨ
ਫ਼ਤਹਿਗੜ੍ਹ ਸਾਹਿਬ, 08 ਜਨਵਰੀ ( ) “ਜਦੋਂ ਕੌਮੀ ਇਨਸਾਫ਼ ਮੋਰਚਾ ਮੋਹਾਲੀ ਦੀ ਅਗਵਾਈ ਕਰ ਰਹੀ ਕਮੇਟੀ ਮੈਬਰਾਂ ਤੇ ਕੰਨਵੀਨਰ ਨੇ ਬਹੁਤ ਸਮਾਂ ਪਹਿਲੇ ਇਹ ਐਲਾਨ ਕਰ ਦਿੱਤਾ ਸੀ ਕਿ 07 ਜਨਵਰੀ ਨੂੰ ਹੋਣ ਵਾਲਾ ਕੌਮੀ ਇਨਸਾਫ਼ ਮੋਰਚੇ ਦਾ ਮਾਰਚ ਬਿਲਕੁਲ ਜਮਹੂਰੀਅਤ ਅਤੇ ਅਮਨਮਈ ਲੀਹਾਂ ਤੇ ਕੀਤਾ ਜਾਵੇਗਾ ਅਤੇ ਸਰਕਾਰ ਨੂੰ ਲੰਮੇ ਸਮੇ ਤੋ ਗੈਰ ਕਾਨੂੰਨੀ ਤੌਰ ਤੇ ਵੱਖ-ਵੱਖ ਜੇਲ੍ਹਾਂ ਵਿਚ ਬੰਦੀ ਬਣਾਏ ਗਏ ਸਿੱਖਾਂ ਨੂੰ ਰਿਹਾਅ ਕਰਵਾਉਣ ਲਈ ਯਾਦ ਪੱਤਰ ਦਿੱਤਾ ਜਾਵੇਗਾ ਤਾਂ ਸ. ਭਗਵੰਤ ਸਿੰਘ ਮਾਨ ਦੀ ਪੰਜਾਬ ਸਰਕਾਰ ਨੇ ਸੈਟਰ ਦੇ ਮੁਤੱਸਵੀ ਹੁਕਮਰਾਨਾਂ ਦੀਆਂ ਗੁਪਤ ਹਦਾਇਤਾਂ ਉਤੇ ਜੋ 07 ਜਨਵਰੀ ਦੀ ਸਵੇਰ ਨੂੰ ਪੰਜਾਬ ਦੇ ਸਮੁੱਚੇ ਜਿ਼ਲ੍ਹਿਆਂ ਤੇ ਸ਼ਹਿਰਾਂ ਵਿਚ ਵੱਖ-ਵੱਖ ਪੰਥਕ ਪਾਰਟੀਆਂ ਦੇ ਆਗੂਆਂ ਦੇ ਘਰ ਘੇਰਕੇ ਉਨ੍ਹਾਂ ਨੂੰ ਘਰਾਂ ਵਿਚ ਹੀ ਬੰਦੀ ਬਣਾਇਆ । ਫਿਰ ਜਦੋ ਐਨੀ ਦਹਿਸਤ ਪਾਉਣ ਦੇ ਬਾਵਜੂਦ ਵੀ ਖਾਲਸਾ ਪੰਥ ਦੇ ਸਿਪਾਹੀ ਇਨਸਾਫ ਪ੍ਰਾਪਤ ਕਰਨ ਲਈ ਮੋਹਾਲੀ ਤੇ ਚੰਡੀਗੜ੍ਹ ਦੀਆਂ ਬਰੂਹਾਂ ਉਤੇ ਪਹੁੰਚਕੇ ਮਾਰਚ ਵਿਚ ਸਾਮਿਲ ਹੋਣ ਲਈ ਅੱਗੇ ਵੱਧਣ ਲੱਗੇ ਤਾਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਜੋ ਪੁਲਿਸ ਨੇ ਬਿਨ੍ਹਾਂ ਵਜਹ ਅੱਥਰੂ ਗੈਸ ਦੇ ਗੋਲੇ ਛੱਡਕੇ ਅਤੇ ਅੰਨ੍ਹੇਵਾਹ ਲਾਠੀਚਾਰਜ ਕਰਕੇ, ਠੰਡ ਦੇ ਦਿਨਾਂ ਵਿਚ ਪਾਣੀ ਦੀਆਂ ਬੁਛਾੜਾ ਮਾਰਕੇ ਨਿਹੱਥੇ ਅਤੇ ਨਿਰਦੋਸ਼ ਸਿੱਖਾਂ ਨੂੰ ਵੱਡੀ ਗਿਣਤੀ ਵਿਚ ਜਖਮੀ ਕੀਤਾ ਅਤੇ ਖਾਲਸਾ ਪੰਥ ਦੀ ਆਨ ਸਾਨ ਦੀ ਪ੍ਰਤੀਕ ਮਾਰਚ ਕਰ ਰਹੇ ਸਿੱਖਾਂ ਦੀਆਂ ਦਸਤਾਰਾਂ ਲਾਹਕੇ ਅਪਮਾਨ ਕੀਤਾ ਗਿਆ । ਪੰਜਾਬ ਸਰਕਾਰ ਦੇ ਇਹ ਮਨੁੱਖਤਾ ਵਿਰੋਧੀ ਅਤੇ ਵਿਧਾਨ ਵਿਰੋਧੀ ਅਮਲਾਂ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਉਹ ਥੋੜ੍ਹੀ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) 7 ਜਨਵਰੀ ਦੇ ਇਸ ਸੈਟਰ ਤੇ ਪੰਜਾਬ ਸਰਕਾਰ ਦੇ ਖਾਲਸਾ ਪੰਥ ਵਿਰੋਧੀ ਗੈਰ ਵਿਧਾਨਿਕ ਅਮਲਾਂ ਨੂੰ ਅਤਿ ਸ਼ਰਮਨਾਕ ਕਰਾਰ ਦਿੰਦੇ ਹੋਏ ਸੈਟਰ ਤੇ ਪੰਜਾਬ ਦੀਆਂ ਸਰਕਾਰਾਂ ਨੂੰ ਅਸਫਲ ਕਰਾਰ ਦਿੰਦਾ ਹੈ । ਕਿਉਂਕਿ ਅਮਨਮਈ ਤੇ ਜਮਹੂਰੀਅਤ ਢੰਗ ਨਾਲ ਆਵਾਜ ਉਠਾਉਣ ਵਾਲੇ ਪੰਜਾਬੀਆਂ ਤੇ ਸਿੱਖਾਂ ਤੇ ਜ਼ਬਰ ਢਾਹਕੇ ਖੁਦ ਹੀ ਇਹ ਦੋਵੇ ਸਰਕਾਰਾਂ ਆਪਣੇ ਆਪ ਨੂੰ ਰਾਜ ਭਾਗ ਨੂੰ ਸਹੀ ਢੰਗ ਨਾਲ ਨਾ ਚਲਾਉਣ ਲਈ ਅਸਫਲ ਸਾਬਤ ਕਰ ਦਿੱਤਾ ਹੈ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀ ਸਮੁੱਚੇ ਪੰਜਾਬ ਵਿਚ ਵੱਖ-ਵੱਖ ਪੰਥਕ ਸੰਗਠਨਾਂ ਦੇ ਆਗੂਆਂ ਨੂੰ ਸੈਕੜਿਆ ਦੀ ਗਿਣਤੀ ਵਿਚ ਤੜਕੇ ਸਵੇਰੇ ਹੀ ਭਾਰੀ ਫੌਰਸਾਂ ਨਾਲ ਉਨ੍ਹਾਂ ਦੇ ਘਰਾਂ ਨੂੰ ਘੇਰ ਲੈਣ ਅਤੇ ਮੋਹਾਲੀ ਵਿਖੇ ਗੈਰ ਵਿਧਾਨਿਕ ਢੰਗ ਰਾਹੀ ਦੁਸਮਣਾਂ ਦੀ ਤਰ੍ਹਾਂ ਤਸੱਦਦ, ਜੁਲਮ ਕਰਨ ਦੇ ਦੁੱਖਦਾਇਕ ਅਮਲਾਂ ਦੀ ਕਰੜੇ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਹੁਕਮਰਾਨਾਂ ਨੂੰ ਖਾਲਸਾ ਪੰਥ ਦੇ ਬੀਤੇ ਇਤਿਹਾਸ ਨੂੰ ਆਪਣੇ ਜਹਿਨ ਵਿਚ ਰੱਖਦੇ ਹੋਏ ਹੀ ਅਜਿਹੇ ਜ਼ਬਰ ਤੋ ਤੋਬਾ ਕਰਨੀ ਚਾਹੀਦੀ ਹੈ । ਜਦੋਕਿ ਹੁਕਮਰਾਨਾਂ ਨੂੰ ਪਤਾ ਹੈ ਕਿ ਸਿੱਖਾਂ ਨੇ ਜ਼ਬਰ ਜੁਲਮ ਅਤੇ ਬੇਇਨਸਾਫ਼ੀਆਂ ਵਿਰੁੱਧ ਜੂਝਦੇ ਹੋਏ ਕੇਵਲ ਬੰਦ-ਬੰਦ ਹੀ ਨਹੀ ਕਟਵਾਏ, ਖੋਪਰੀਆ ਲੁਹਾਈਆ, ਚੜਖੜੀਆਂ ਤੇ ਚੜੇ, ਆਪਣੇ ਮਾਸੂਮ ਬੱਚਿਆਂ ਦੇ ਟੋਟੇ ਕਰਵਾਕੇ ਬੀਬੀਆ ਨੇ ਗਲਾਂ ਵਿਚ ਪਵਾਏ, ਤੱਤੀ ਤਵੀਆ ਤੇ ਬੈਠੇ, ਦੇਗਾਂ ਵਿਚ ਉਬਾਲੇ ਗਏ । ਉਨ੍ਹਾਂ ਮਹਾਨ ਗੁਰੂ ਸਾਹਿਬਾਨ, ਸੰਤਾਂ, ਫਕੀਰਾਂ ਦੀ ਕੌਮ ਨੂੰ ਜ਼ਬਰ ਜੁਲਮ ਵਿਰੁੱਧ ਲੜਦੇ ਹੋਏ ਅਤੇ ਇਨਸਾਫ਼ ਲੈਣ ਤੋ ਦੁਨੀਆ ਦੀ ਕੋਈ ਵੀ ਤਾਕਤ ਅਤੇ ਵੱਡੇ ਤੋ ਵੱਡਾ ਜ਼ਬਰ ਦਬਾਅ ਨਹੀ ਸਕਦਾ । ਇਸ ਲਈ ਦੋਵੇ ਸੈਟਰ ਤੇ ਪੰਜਾਬ ਦੇ ਹੁਕਮਰਾਨਾਂ ਲਈ ਇਹ ਬਿਹਤਰ ਹੋਵੇਗਾ ਕਿ ਉਹ ਜਿਥੇ ਗੈਰ ਕਾਨੂੰਨੀ ਤੌਰ ਤੇ ਲੰਮੇ ਸਮੇ ਤੋ ਬੰਦੀ ਬਣਾਏ ਗਏ ਸਿੱਖਾਂ ਨੂੰ ਤੁਰੰਤ ਬਿਨ੍ਹਾਂ ਸ਼ਰਤ ਰਿਹਾਅ ਕਰਨ ਦੇ ਅਮਲ ਕਰਨ, ਉਥੇ ਖਨੌਰੀ ਬਾਰਡਰ ਤੇ ਬੀਤੇ 47 ਦਿਨਾਂ ਤੋ ਭੁੱਖ ਹੜਤਾਲ ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਜੋ ਸੁੱਕ ਕੇ ਤੀਲੇ ਦੀ ਤਰ੍ਹਾਂ ਹੋ ਗਏ ਹਨ ਅਤੇ ਕਿਸੇ ਸਮੇ ਵੀ ਕੋਈ ਦੁਖਦਾਇਕ ਘਟਨਾ ਵਾਪਰ ਸਕਦੀ ਹੈ, ਜਿਸ ਉਤੇ ਉੱਠੇ ਰੋਹ ਨੂੰ ਦੋਵੇ ਹਕੂਮਤਾਂ ਕਾਬੂ ਕਰਨ ਵਿਚ ਕਾਮਯਾਬ ਨਹੀ ਹੋ ਸਕਣਗੀਆ। ਇਸ ਲਈ ਬਿਹਤਰ ਹੋਵੇਗਾ ਕਿ ਪੰਜਾਬੀਆਂ ਤੇ ਸਿੱਖਾਂ ਨਾਲ ਗੈਰ ਕਾਨੂੰਨੀ ਢੰਗ ਨਾਲ ਅੜੀਅਲ ਸੋਚ ਅਧੀਨ ਕੀਤੇ ਜਾ ਰਹੇ ਜ਼ਬਰ ਨੂੰ ਬੰਦ ਕਰਕੇ ਪੰਜਾਬੀਆਂ, ਸਿੱਖਾਂ ਜਿੰਮੀਦਾਰਾਂ ਅਤੇ ਮਜਦੂਰਾਂ ਦੀਆਂ ਜਾਇਜ ਮੰਗਾਂ ਨੂੰ ਪ੍ਰਵਾਨ ਕਰਕੇ ਪੰਜਾਬ ਅਤੇ ਸਮੁੱਚੇ ਮੁਲਕ ਵਿਚ ਹੁਕਮਰਾਨਾਂ ਵਿਰੁੱਧ ਉੱਠ ਰਹੇ ਵੱਡੇ ਬਗਾਵਤੀ ਰੋਹ ਨੂੰ ਸ਼ਾਂਤ ਕੀਤਾ ਜਾਵੇ ਅਤੇ ਸਿੱਖ ਕੌਮ ਵਿਚ ਪਾਈ ਜਾਣ ਵਾਲੀ ਬੇਚੈਨੀ ਨੂੰ ਦੂਰ ਕੀਤਾ ਜਾਵੇ ।