ਆਪਣੀਆਂ ਮੰਗਾਂ ਦੇ ਹੱਕ ਵਿਚ ਕਿਸਾਨਾਂ ਨੂੰ ਸੰਭੂ ਤੋਂ ਦਿੱਲੀ ਵੱਲ ਜ਼ਮਹੂਰੀਅਤ ਤੇ ਅਮਨਮਈ ਢੰਗ ਨਾਲ ਕੂਚ ਕਰਨ ਦੇ ਅਮਲ ਨੂੰ ਰੋਕਣਾ ਗੈਰ ਵਿਧਾਨਿਕ ਅਤੇ ਦੁੱਖਦਾਇਕ : ਮਾਨ
ਫ਼ਤਹਿਗੜ੍ਹ ਸਾਹਿਬ, 09 ਦਸੰਬਰ ( ) “ਦਸੰਬਰ 2021 ਵਿਚ ਸਮੁੱਚੀਆਂ ਕਿਸਾਨ ਜਥੇਬੰਦੀਆਂ ਵੱਲੋ ਜੋ ਆਪਣੀਆ ਜਾਇਜ ਮੰਗਾਂ ਜਿਨ੍ਹਾਂ ਵਿਚ ਉਤਪਾਦ ਫਸਲਾਂ ਦੀ ਐਮ.ਐਸ.ਪੀ ਤਹਿ ਕਰਵਾਉਣ, ਸੁਆਮੀਨਾਥਨ ਰਿਪੋਰਟ ਲਾਗੂ ਕਰਨ, ਕਿਸਾਨੀ ਕਰਜਿਆ ਤੇ ਲੀਕ ਮਾਰਨ ਅਤੇ 3 ਕਿਸਾਨ ਮਾਰੂ ਕਾਨੂੰਨਾਂ ਨੂੰ ਰੱਦ ਕਰਵਾਉਣ ਆਦਿ ਮੰਗਾਂ ਸੰਬੰਧੀ ਸਵਾ ਸਾਲ ਦਿੱਲੀ ਵਿਖੇ ਬਹੁਤ ਹੀ ਅਨੁਸਾਸਿਤ ਅਤੇ ਜਮਹੂਰੀਅਤ ਢੰਗ ਨਾਲ ਕਿਸਾਨਾਂ ਦਾ ਅੰਦੋਲਨ ਚੱਲਦਾ ਰਿਹਾ । ਆਖਿਰ ਸਰਕਾਰ ਨੇ ਆਪਣੀ ਜਿੱਦ ਛੱਡਕੇ ਕਿਸਾਨ ਆਗੂਆਂ ਨਾਲ ਗੱਲਬਾਤ ਕਰਦੇ ਹੋਏ ਕਿਸਾਨ ਮਾਰੂ 3 ਕਾਨੂੰਨਾਂ ਨੂੰ ਰੱਦ ਕਰਨ ਅਤੇ ਉਪਰੋਕਤ ਮੰਗਾਂ ਨੂੰ ਪੂਰਨ ਕਰਨ ਦੀ ਗੱਲ ਕਰਕੇ ਇਹ ਕਿਸਾਨ ਅੰਦੋਲਨ ਖਤਮ ਕਰਵਾਇਆ ਸੀ । ਲੇਕਿਨ ਦੁੱਖ ਅਤੇ ਅਫਸੋਸ ਹੈ ਕਿ ਕਿਸਾਨਾਂ ਨਾਲ ਜਨਤਕ ਤੌਰ ਤੇ ਕੀਤੇ ਗਏ ਵਾਦਿਆ ਅਨੁਸਾਰ ਸੈਟਰ ਦੀ ਬੀਜੇਪੀ-ਆਰ.ਐਸ.ਐਸ. ਸਰਕਾਰ ਨੇ ਬੇਈਮਾਨੀ ਕਰਦੇ ਹੋਏ ਕਿਸਾਨਾਂ ਨਾਲ ਧੋਖਾ ਕੀਤਾ ਅਤੇ ਅੱਜ ਤੱਕ ਕਿਸਾਨਾਂ ਦੀਆਂ ਮੰਗਾਂ ਨੂੰ ਪੂਰਨ ਨਾ ਕਰਕੇ ਵੱਡੀ ਬੇਇਨਸਾਫ਼ੀ ਤੇ ਜ਼ਬਰ ਕਰਦੀ ਆ ਰਹੀ ਹੈ । ਉਨ੍ਹਾਂ ਮੰਗਾਂ ਦੇ ਨਾ ਪੂਰਨ ਹੋਣ ਤੇ ਕਿਸਾਨਾਂ ਵੱਲੋ ਜੋ ਪੰਜਾਬ-ਹਰਿਆਣਾ ਸਰਹੱਦ ਤੇ ਸੰਘਰਸ ਕੀਤਾ ਜਾ ਰਿਹਾ ਹੈ, ਉਸ ਅਨੁਸਾਰ ਬੀਤੇ ਦਿਨੀਂ ਕਿਸਾਨਾਂ ਵੱਲੋ 101 ਮਰਜੀਵੜੇ ਕਿਸਾਨਾਂ ਦਾ ਜਥਾ ਪੈਦਲ ਦਿੱਲੀ ਵੱਲ ਜਾਣ ਦਾ ਪ੍ਰੋਗਰਾਮ ਸੀ । ਜਿਸ ਰਾਹੀ ਰੋਸ ਕਰਦੇ ਹੋਏ ਸਰਕਾਰ ਤੇ ਮੰਗਾਂ ਪੂਰੀਆ ਕਰਨ ਲਈ ਦਬਾਅ ਪਾਉਣਾ ਸੀ । ਪਰ ਦੁੱਖ ਤੇ ਅਫਸੋਸ ਹੈ ਕਿ ਹਰਿਆਣਾ ਦੀ ਬੀਜੇਪੀ ਸਰਕਾਰ ਨੇ ਕਿਸਾਨਾਂ ਦੇ ਇਸ ਵਿਧਾਨਿਕ ਤੇ ਜਮਹੂਰੀ ਹੱਕ ਨੂੰ ਕੁੱਚਲਦੇ ਹੋਏ ਕੇਵਲ ਉਨ੍ਹਾਂ ਨੂੰ ਪੈਦਲ ਅੱਗੇ ਜਾਣ ਤੋ ਜ਼ਬਰੀ ਰੋਕਿਆ ਹੀ ਨਹੀ ਗਿਆ ਬਲਕਿ ਉਨ੍ਹਾਂ ਤੇ ਅੱਥਰੂ ਗੈਸ ਛੱਡਕੇ ਤੇ ਲਾਠੀਚਾਰਜ ਕਰਕੇ ਉਨ੍ਹਾਂ ਦੇ ਰੋਸ ਕਰਨ, ਰੈਲੀਆਂ ਕਰਨ ਆਦਿ ਦੇ ਹੱਕ ਨੂੰ ਜ਼ਬਰੀ ਕੁੱਚਲ ਦਿੱਤਾ ਗਿਆ ਹੈ । ਜਿਸਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜਿਥੇ ਸਖਤ ਸ਼ਬਦਾਂ ਵਿਚ ਨਿਖੇਧੀ ਕਰਦਾ ਹੈ, ਉਥੇ ਸੈਟਰ ਤੇ ਹਰਿਆਣਾ ਦੀ ਬੀਜੇਪੀ ਸਰਕਾਰ ਵੱਲੋ ਕਿਸਾਨਾਂ ਪ੍ਰਤੀ ਅਪਣਾਈ ਜਾਬਰ ਨੀਤੀ ਤੋ ਖਬਰਦਾਰ ਕਰਦਾ ਹੈ ਕਿ ਜੇਕਰ ਇਸ ਮਸਲੇ ਨੂੰ ਸਹਿਜ ਨਾਲ ਹੱਲ ਨਾ ਕੀਤਾ ਗਿਆ ਤਾਂ ਇਸਦੇ ਨਤੀਜੇ ਹੁਕਮਰਾਨਾ ਲਈ ਅਤਿ ਖਤਰਨਾਕ ਸਾਬਤ ਹੋ ਸਕਦੇ ਹਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੰਭੂ ਬਾਰਡਰ ਉਤੇ ਕਿਸਾਨਾਂ ਵੱਲੋ ਦਿੱਲੀ ਵੱਲ ਪੈਦਲ ਮਾਰਚ ਕਰਨ ਦੇ ਆਪਣੇ ਵਿਧਾਨਿਕ ਹੱਕ ਨੂੰ ਹਰਿਆਣਾ ਦੀ ਬੀਜੇਪੀ ਹਕੂਮਤ ਵੱਲੋ ਕੁੱਚਲਣ ਅਤੇ ਉਨ੍ਹਾਂ ਤੇ ਜ਼ਬਰ ਕਰਨ ਦੇ ਅਮਲਾਂ ਨੂੰ ਅਤਿ ਸ਼ਰਮਨਾਕ ਤੇ ਬੇਇਨਸਾਫ਼ੀ ਵਾਲੇ ਕਰਾਰ ਦਿੰਦੇ ਹੋਏ ਸਖਤ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਹ ਵੀ ਬਹੁਤ ਬੇਇਨਸਾਫ਼ੀ ਵਾਲੇ ਅਮਲ ਹਨ ਕਿ ਬੀਤੇ ਸਮੇ ਵਿਚ ਝੋਨੇ ਦੀ ਆਈ ਕਿਸਾਨਾਂ ਦੀ ਫਸਲ ਦੀ ਨਾ ਤਾਂ ਉਨ੍ਹਾਂ ਨੂੰ ਸਹੀ ਕੀਮਤ ਦਿੱਤੀ ਗਈ ਹੈ ਅਤੇ ਨਾ ਹੀ ਸਹੀ ਸਮੇ ਤੇ ਫਸਲ ਨੂੰ ਮੰਡੀਆਂ ਵਿਚ ਚੁੱਕ ਕੇ ਗੋਦਾਮਾਂ ਵਿਚ ਪਹੁੰਚਾਉਣ ਦੀ ਜਿੰਮੇਵਾਰੀ ਨਿਭਾਈ ਗਈ ਹੈ । ਫਿਰ ਉਨ੍ਹਾਂ ਦੀ ਕਣਕ ਦੀ ਫਸਲ ਦੀ ਬਿਜਾਈ ਲਈ ਲੋੜੀਦੀ ਡੀਏਪੀ ਅਤੇ ਯੂਰੀਆ ਖਾਦ ਦੀ ਸਪਲਾਈ ਜਾਰੀ ਨਾ ਕਰਕੇ ਕਿਸਾਨਾਂ ਨੂੰ ਮਾਲੀ ਤੌਰ ਤੇ ਸਰਕਾਰ ਵੱਲੋ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ । ਦੂਸਰਾ ਅਜੇ ਤੱਕ ਸੁਆਮੀਨਾਥਨ ਰਿਪੋਰਟ ਅਤੇ ਵੱਖ-ਵੱਖ ਫਸਲਾਂ ਉਤੇ ਐਮ.ਐਸ.ਪੀ ਦਾ ਐਲਾਨ ਨਾ ਕਰਕੇ ਹੋਰ ਵੀ ਜਬਰ ਕੀਤਾ ਜਾ ਰਿਹਾ ਹੈ । ਜੋ ਉਨ੍ਹਾਂ ਉਤੇ ਬਿਨ੍ਹਾਂ ਵਜਹ ਲਾਠੀਚਾਰਜ ਤੇ ਅੱਥਰੂ ਗੈਸ ਛੱਡੀ ਜਾ ਰਹੀ ਹੈ ਉਸ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਕਤਈ ਬਰਦਾਸਤ ਨਹੀ ਕਰੇਗਾ ਅਤੇ ਇਨ੍ਹਾਂ ਵੱਲੋ ਕੀਤੇ ਜਾ ਰਹੇ ਜਮਹੂਰੀਅਤ ਅਤੇ ਅਮਨਮਈ ਪੱਖੀ ਸੰਘਰਸ ਦੀ ਅਸੀ ਪੂਰਨ ਹਮਾਇਤ ਕਰਦੇ ਹਾਂ ।