ਇੰਡੀਆ ਦੇ ਗ੍ਰਹਿ ਵਜੀਰ ਅਮਿਤ ਸ਼ਾਹ ਵੱਲੋਂ ਸਿੱਖਾਂ ਨੂੰ ਮਾਰਨ ਦੇ ਕੀਤੇ ਗਏ ਹੁਕਮ, ਜੋ ਕੈਨੇਡਾ ਨੇ ਦੋਸ਼ ਲਗਾਏ ਹਨ, ਹੁਣ ਕੁਝ ਵੀ ਸਾਹਮਣੇ ਆਉਣ ਤੋ ਬਾਕੀ ਨਹੀ ਰਹਿ ਗਿਆ : ਮਾਨ
ਫ਼ਤਹਿਗੜ੍ਹ ਸਾਹਿਬ, 31 ਅਕਤੂਬਰ ( ) “ਜਦੋਂ ਕੈਨੇਡਾ ਹਕੂਮਤ ਨੇ ਤੱਥਾਂ ਸਹਿਤ ਇਹ ਗੱਲ ਪ੍ਰਤੱਖ ਕਰ ਦਿੱਤੀ ਹੈ ਕਿ ਕੈਨੇਡੀਅਨ ਸਿੱਖਾਂ ਨੂੰ ਮਾਰਨ ਦੇ ਕੀਤੇ ਗਏ ਹੁਕਮ ਇੰਡੀਆ ਦੇ ਗ੍ਰਹਿ ਵਜੀਰ ਅਮਿਤ ਸ਼ਾਹ ਵੱਲੋ ਦਿੱਤੇ ਜਾਂਦੇ ਹਨ, ਤਾਂ ਹੁਣ ਸਿੱਖਾਂ ਨੂੰ ਕਤਲ ਕਰਨ ਦੀ ਸਾਜਿਸ ਦੇ ਮੋਹਰੀ ਕੌਣ ਹਨ, ਉਸ ਵਿਚ ਕੁਝ ਵੀ ਲੁਕਾ-ਛੁਪਾ ਨਹੀ ਰਹਿ ਗਿਆ । ਇਹੀ ਵਜਹ ਹੈ ਕਿ ਕੈਨੇਡਾ ਨੇ, ਕੈਨੇਡਾ ਵਿਚ ਸਥਿਤ ਇੰਡੀਅਨ ਡਿਪਲੋਮੈਟਸ ਜਿਨ੍ਹਾਂ ਦਾ ਇਨ੍ਹਾਂ ਕਤਲਾਂ ਵਿਚ ਹੱਥ ਹੈ, ਉਨ੍ਹਾਂ ਨੂੰ ਮੁਅੱਤਲ ਕਰਕੇ ਵਾਪਸ ਇੰਡੀਆ ਭੇਜ ਦਿੱਤਾ ਹੈ । ਕੈਨੇਡਾ ਦੇ ਡਿਪਟੀ ਵਜੀਰ ਮਿਸਟਰ ਡੈਵਿਡ ਮੋਰੀਸਨ ਜੋ ਕਿ ਕੈਨੇਡਾ ਦੀ ਸੁਰੱਖਿਆ ਕਮੇਟੀ ਦੇ ਮੈਬਰ ਵੀ ਹਨ, ਨੇ ਸਿੱਧੇ ਤੌਰ ਤੇ ਕੈਨੇਡਾ ਵਿਚ ਹੋਏ ਸਿੱਖ ਕਤਲ ਸੰਬੰਧੀ ਵਸਿੰਗਟਨ ਪੋਸਟ ਵਿਚ ਦੋਸ ਲਗਾਏ ਹਨ । ਇਥੇ ਇਹ ਵੀ ਵਰਨਣ ਕਰਨਾ ਜਰੂਰੀ ਹੈ ਕਿ ਕੈਨੇਡਾ ਦੇ ਵਜੀਰ ਏ ਆਜਮ ਮਿਸਟਰ ਜਸਟਿਸ ਟਰੂਡੋ ਨੇ ਇਕ ਸਾਲ ਪਹਿਲੇ ਕੈਨੇਡੀਅਨ ਸਿੱਖ ਹਰਦੀਪ ਸਿੰਘ ਨਿੱਝਰ ਦੇ ਕਤਲ ਸੰਬੰਧੀ ਇੰਡੀਅਨ ਹੁਕਮਰਾਨਾਂ ਦੀ ਸਮੂਲੀਅਤ ਹੋਣ ਸੰਬੰਧੀ ਤੱਥ ਪੇਸ ਕਰ ਦਿੱਤੇ ਸਨ । ਇਥੋ ਤੱਕ ਕੈਨੇਡਾ ਸਰਕਾਰ ਨੇ ਸ੍ਰੀ ਅਮਿਤ ਸ਼ਾਹ ਦੇ ਇਸ ਕਤਲ ਵਿਚ ਹੋਣ ਵਾਲੇ ਹੱਥ ਦੀ ਜਾਣਕਾਰੀ ਇੰਡੀਅਨ ਹੁਕਮਰਾਨਾਂ ਨੂੰ ਤੱਥਾਂ ਸਹਿਤ ਦੇ ਦਿੱਤੀ ਸੀ । ਫਿਰ ਇੰਡੀਅਨ ਹੁਕਮਰਾਨ, ਏਜੰਸੀਆਂ, ਅਮਿਤ ਸ਼ਾਹ ਤੇ ਹੋਰ ਇੰਡੀਅਨ ਕਾਤਲ ਅਫਸਰਸਾਹੀ ਕੈਨੇਡਾ ਵਿਚ ਹੋਏ ਕਤਲਾਂ ਤੋ ਕਿਵੇ ਮੁੰਨਕਰ ਹੋ ਸਕਦੇ ਹਨ ? ਜਦੋਂ ਮੁਲਕ ਨਿਵਾਸੀਆ ਦੀ ਜਿੰਦਗੀ ਦੀ ਸੁਰੱਖਿਆ ਦੀ ਅਤੇ ਅਮਨ ਚੈਨ ਦੀ ਜਿੰਮੇਵਾਰੀ ਨੂੰ ਪੂਰਨ ਕਰਨ ਵਾਲਾ ਗ੍ਰਹਿ ਵਜੀਰ ਸ੍ਰੀ ਅਮਿਤ ਸ਼ਾਹ ਹੀ ਸਿੱਖਾਂ ਨੂੰ ਕਤਲ ਕਰਨ ਦੇ ਹੁਕਮ ਕਰੇ, ਵਾੜ ਹੀ ਖੇਤ ਨੂੰ ਖਾਂਣ ਲੱਗ ਜਾਵੇ ਫਿਰ ਉਸਦੀ ਰੱਖਿਆ ਹੋਰ ਕੌਣ ਕਰੇਗਾ ? ਫਿਰ ਅਮਨ-ਕਾਨੂੰਨ ਦੀ ਸਥਿਤੀ ਕਿਵੇ ਕਾਇਮ ਰਹਿ ਸਕੇਗੀ ?“
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕੈਨੇਡਾ ਦੀ ਉੱਚ ਅਹੁਦਿਆ ਤੇ ਬਿਰਾਜਮਾਨ ਸਖਸੀਅਤਾਂ ਵੱਲੋ ਤੱਥਾਂ ਸਹਿਤ ਸ. ਹਰਦੀਪ ਸਿੰਘ ਨਿੱਝਰ ਦੇ ਜੂਨ 2023 ਵਿਚ ਬ੍ਰਿਟਿਸ ਕੋਲੰਬੀਆ ਵਿਖੇ ਹੋਏ ਕਤਲ ਸੰਬੰਧੀ ਸਮੇ-ਸਮੇ ਤੇ ਪੇਸ ਕੀਤੇ ਗਏ ਸਬੂਤਾਂ ਦਾ ਵਰਣਨ ਕਰਦੇ ਹੋਏ ਜਾਹਰ ਕੀਤੇ । ਉਨ੍ਹਾਂ ਕਿਹਾ ਕਿ 14 ਅਕਤੂਬਰ 2024 ਨੂੰ ਕੈਨੇਡਾ ਨੇ ਇੰਡੀਆ ਦੇ ਹਾਈਕਮਿਸਨਰ ਅਤੇ 5 ਹੋਰ ਡਿਪਲੋਮੈਟਸ, ਜਿਨ੍ਹਾਂ ਦਾ ਉਪਰੋਕਤ ਕਤਲ ਵਿਚ ਸਿੱਧੇ ਤੌਰ ਤੇ ਨਾਮ ਆ ਰਿਹਾ ਹੈ, ਨੂੰ ਮੁਅੱਤਲ ਕਰ ਦਿੱਤਾ ਸੀ ਅਤੇ ਇੰਡੀਆ ਵਾਪਸ ਭੇਜ ਦਿੱਤੇ ਸਨ । ਇਥੇ ਇਹ ਵਰਣਨ ਕਰਨਾ ਜਰੂਰੀ ਹੈ ਕਿ ਇਨ੍ਹਾਂ ਕਤਲਾਂ ਦੇ ਤੱਥ ਪੇਸ ਕਰਨ ਵਾਲਾ ਕੈਨੇਡਾ ਇਕੱਲਾ ਮੁਲਕ ਨਹੀ, ਬਲਕਿ ਅਮਰੀਕਾ ਦੇ ਸਟੇਟ ਜਸਟਿਸ ਡਿਪਾਰਟਮੈਟ ਨੇ ਅਕਤੂਬਰ ਦੇ ਮੱਧ ਵਿਚ ਅਮਰੀਕਾ ਵਿਚ ਰਹਿਣ ਵਾਲੇ ਸ. ਗੁਰਪਤਵੰਤ ਸਿੰਘ ਪੰਨੂ ਸਿੱਖ ਨੂੰ ਜੋ ਮਾਰਨ ਦੀ ਯੋਜਨਾ ਘੜੀ ਸੀ, ਉਸ ਬਾਰੇ ਵੀ ਵੱਡਾ ਖੁਲਾਸਾ ਪੇਸ ਕੀਤਾ ਹੈ । ਇਸ ਵਿਚ ਸਟੇਟ ਡਿਪਾਰਟਮੈਟ ਨੇ ਸ੍ਰੀ ਵਿਕਾਸ ਯਾਦਵ ਦਾ ਨਾਮ ਸਾਹਮਣੇ ਲਿਆਂਦਾ ਹੈ ਜਿਸਨੇ ਉਪਰੋਕਤ ਸ. ਪੰਨੂ ਨੂੰ ਮਾਰਨ ਦੇ ਮਕਸਦ ਨਾਲ ਪੈਸਿਆ ਦਾ ਭੁਗਤਾਨ ਵੀ ਕੀਤਾ ਅਤੇ ਉਸ ਨੂੰ ਇਹ ਕੰਮ ਕਰਨ ਦੀ ਜਿੰਮੇਵਾਰੀ ਵੀ ਦਿੱਤੀ । ਕੈਨੇਡਾ ਦੀ ਸੁਰੱਖਿਆ ਸਲਾਹਕਾਰ ਨਾਥੇਲੀ ਡਰੋਇਨ ਨੇ ਜਾਂਚ ਕਮੇਟੀ ਨੂੰ ਇਹ ਜਾਣਕਾਰੀ ਸਬੂਤਾ ਸਹਿਤ ਦਿੱਤੀ ਸੀ ਕਿ ਇੰਡੀਅਨ ਹੁਕਮਰਾਨ ਆਪਣੇ ਡਿਪਲੋਮੈਟਸ ਅਤੇ ਹੋਰ ਏਜੰਸੀਆ ਰਾਹੀ ਇਸ ਕਤਲ ਨੂੰ ਅੰਜਾਮ ਦਿੱਤਾ ਸੀ । ਇਸ ਸੱਚਾਈ ਤੋਂ ਉਸਨੇ ਨਵੀ ਦਿੱਲੀ ਇੰਡੀਆ ਹਕੂਮਤ ਨੂੰ ਜਾਣਕਾਰੀ ਦੇ ਦਿੱਤੀ ਸੀ ਕਿ ਮਸਹੂਰ ਗੈਗਸਟਰ ਲਾਰੈਸ ਬਿਸਨੋਈ ਨਾਲ ਇਸ ਅਪਰਾਧ ਦਾ ਸਿੱਧਾ ਸੰਬੰਧ ਹੈ । ਜੋ ਕਿ ਇਸ ਸਮੇ ਇੰਡੀਆ ਦੀ ਜੇਲ੍ਹ ਵਿਚ ਬੰਦ ਹੈ । ਪਰ ਬੀਬੀ ਡਰੋਇਨ ਨੇ ਇਹ ਵੀ ਕਿਹਾ ਕਿ ਇਸ ਅਪਰਾਧ ਤੋ ਪਹਿਲੋ ਹੀ ਇਹ ਅਪਰਾਧਿਕ ਨੈਟਵਰਕ ਵੱਲੋ ਹੋਰ ਵੀ ਅਪਰਾਧ ਕੀਤੇ ਜਾਂਦੇ ਰਹੇ ਹਨ । ਲੇਕਿਨ ਦੁੱਖ ਅਤੇ ਅਫਸੋਸ ਹੈ ਕਿ ਐਨੇ ਵੱਡੇ ਪੱਧਰ ਤੇ ਕੈਨੇਡਾ, ਅਮਰੀਕਾ ਦੇ ਹੁਕਮਰਾਨਾਂ ਅਤੇ ਵੱਡੇ ਅਫਸਰਾਂ ਵੱਲੋ ਇਸ ਹੋਏ ਕਤਲ ਸੰਬੰਧੀ ਦਿੱਤੇ ਗਏ ਤੱਥਾਂ ਉਪਰੰਤ ਵੀ ਇੰਡੀਆ ਜਾਣਬੁੱਝ ਕੇ ਇਸ ਕਤਲ ਦੀ ਸਾਜਿਸ ਵਿਚ ਸਾਮਿਲ ਹੋਣ ਤੋ ਚਲਾਕੀ ਨਾਲ ਇਨਕਾਰ ਕਰਦਾ ਰਿਹਾ ਹੈ । ਜਦੋਕਿ ਰਾਈਲ ਕੈਨੇਡੀਅਨ ਮਾਊਟਡ ਪੁਲਿਸ ਇਸ ਵਿਸੇ ਤੇ ਬਹੁਤ ਕੁਝ ਤਫਤੀਸ ਰਾਹੀ ਪ੍ਰਾਪਤ ਵੀ ਕਰ ਚੁੱਕੀ ਸੀ ਅਤੇ ਜਿਸ ਲਈ ਜਨਤਾ ਦੀ ਸੁਰੱਖਿਆ ਦੇ ਮੁੱਦੇ ਤੇ ਕਈ ਖਤਰੇ ਖੜ੍ਹੇ ਸਨ ।
ਇਸ ਕਤਲ ਦੇ ਗੰਭੀਰ ਵਿਸੇ ਤੇ ਕੈਨੇਡਾ ਦੀ ਸੁਰੱਖਿਆ ਸਲਾਹਕਾਰ ਬੀਬੀ ਡਰੋਇਨ, ਮਿਸਟਰ ਮੋਰੀਸਨ ਅਤੇ ਰਾਈਲ ਕੈਨੇਡੀਅਨ ਮਾਊਟਡ ਪੁਲਿਸ ਕਮਿਸਨਰ ਮਾਈਕ ਧੂਮੇ ਅਤੇ ਖੂਫੀਆ ਸੇਵਾਵਾਂ ਕੈਨੇਡਾ ਦੇ ਡਾਈਰੈਕਟਰ ਨੂੰ ਬਤੌਰ ਗਵਾਹ ਦੇ ਬੁਲਾਇਆ ਜਾ ਚੁੱਕਾ ਹੈ । ਫਿਰ ਵੀ ਇੰਡੀਅਨ ਹੁਕਮਰਾਨਾਂ ਤੇ ਅਮਿਤ ਸ਼ਾਹ ਵੱਲੋ ਇਨ੍ਹਾਂ ਕਤਲਾਂ ਤੋ ਇਨਕਾਰ ਕਰਨ ਤੋ ਲਗਾਈ ਜਾ ਰਹੀ ਰੱਟ ਇਨ੍ਹਾਂ ਕਤਲਾਂ ਤੋ ਇਨ੍ਹਾਂ ਨੂੰ ਬਿਲਕੁਲ ਬਰੀ ਨਹੀ ਕਰਦੀ । ਆਖਿਰ ਇਨ੍ਹਾਂ ਨੂੰ ਕੌਮਾਂਤਰੀ ਕਾਨੂੰਨਾਂ ਰਾਹੀ ਉਪਰੋਕਤ ਹੋਏ ਕਤਲ ਸੰਬੰਧੀ ਅਤੇ ਸ. ਪੰਨੂ ਦੇ ਕਤਲ ਦੀ ਰਚੀ ਸਾਜਿਸ ਸੰਬੰਧੀ ਸਜਾਵਾਂ ਭੁਗਤਣੀਆ ਹੀ ਪੈਣਗੀਆ । ਇਹੀ ਵਜਹ ਹੈ ਕਿ ਅਮਰੀਕਾ ਨੇ ਇੰਡੀਆ ਨੂੰ ਦਿੱਤੇ ਗਏ ਹਵਾਈ ਜਹਾਜਾਂ ਦੇ ਇੰਜਨ ਅਤੇ ਫ਼ੌਜੀ ਸਾਜੋ ਸਮਾਨ ਦੇਣਾ ਬੰਦ ਕਰ ਦਿੱਤਾ ਹੈ । ਇਸੇ ਤਰ੍ਹਾਂ ਕੈਨੇਡਾ ਨੇ ਵੀ ਇਸੇ ਨੀਤੀ ਉਤੇ ਪਹਿਰਾ ਦੇਣਾ ਸੁਰੂ ਕਰ ਦਿੱਤਾ ਹੈ । ਉਹ ਦਿਨ ਦੂਰ ਨਹੀ ਜਿਸ ਦਿਨ ਵਜੀਰ ਏ ਆਜਮ ਮੋਦੀ, ਗ੍ਰਹਿ ਵਜੀਰ ਅਮਿਤ ਸ਼ਾਹ, ਵਿਦੇਸ ਵਜੀਰ ਜੈਸੰਕਰ, ਰੱਖਿਆ ਵਜੀਰ ਰਾਜਨਾਥ ਸਿੰਘ, ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਅ ਮੁੱਖੀ ਰਵੀ ਸਿਨ੍ਹਾ ਅਤੇ ਸਾਬਕਾ ਰਾਅ ਮੁੱਖੀ ਸੰਮਤ ਗੋਇਲ ਨੇ ਵਿਦੇਸ਼ਾਂ ਵਿਚ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ ਕੈਨੇਡਾ, ਗੁਰਪਤਵੰਤ ਸਿੰਘ ਪੰਨੂ ਅਮਰੀਕਾ ਨੂੰ ਕਤਲ ਕਰਨ ਦੀ ਸਾਜਿਸਘਾੜਤਾ ਦੇ ਤੌਰ ਤੇ ਕੌਮਾਂਤਰੀ ਕਾਨੂੰਨਾਂ, ਕੌਮਾਂਤਰੀ ਅਦਾਲਤਾਂ ਜਿਵੇ ਨਿਊਰਮਬਰਗ ਟਰਾਈਲ ਅਤੇ ਟੋਕੀਓ ਟਰਾਈਲ ਰਾਹੀ ਬੀਤੇ ਸਮੇਂ ਵਿਚ ਦੋਸ਼ੀਆਂ ਨੂੰ ਸਜਾਵਾਂ ਮਿਲੀਆ ਸਨ, ਉਸੇ ਤਰ੍ਹਾਂ ਹਿੰਦੂਤਵ ਸਿੱਖ ਕਾਤਲਾਂ ਨੂੰ ਸਜਾਵਾਂ ਅਵੱਸ ਮਿਲਣੀਆ ਚਾਹੀਦੀਆ ਹਨ ।