ਸ੍ਰੀ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ‘ਮਲਿਕ ਭਾਗੋਆਂ’ ਨੂੰ ਰਾਜ ਸਭਾ ਮੈਂਬਰ ਬਣਾਕੇ ਭਾਈ ਲਾਲੋਆ ਦੀ ਸੋਚ ਤੇ ਸੱਚ ਨੂੰ ਪਿੱਠ ਦਿੱਤੀ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 22 ਮਾਰਚ ( ) “ਜਿਨ੍ਹਾਂ ਪੰਜਾਬੀਆਂ ਅਤੇ ਸਿੱਖਾਂ ਨੇ ਆਮ ਆਦਮੀ ਪਾਰਟੀ ਦੇ ਅੰਨ੍ਹੇ ਭਗਤ ਬਣਕੇ, ਵੋਟਾਂ ਪਾ ਕੇ 92 ਵਿਧਾਨ ਸਭਾ ਹਲਕਿਆ ਉਤੇ ਵੱਡੀ ਜਿੱਤ ਦਿੱਤੀ ਹੈ, ਉਨ੍ਹਾਂ ਨੂੰ ਆਖਿਰ ਆਪਣੇ ਵੱਲੋਂ ਕੀਤੇ ਗਏ ਫੈਸਲੇ ਤੇ ਇਕ ਦਿਨ ਪਛਤਾਵਾ ਕਰਨਾ ਪਵੇਗਾ । ਕਿਉਂਕਿ ਗੁਰੂ ਸਾਹਿਬਾਨ ਜੀ ਦੀ ਚਰਨ ਛੋਹ ਪ੍ਰਾਪਤ ਅਤੇ ਭਾਈ ਲਾਲੋਆ ਦੀ ਗੱਲ ਤੇ ਅਮਲ ਕਰਨ ਵਾਲੀ ਪੰਜਾਬ ਦੀ ਪਵਿੱਤਰ ਧਰਤੀ ਉਤੇ ਸ੍ਰੀ ਕੇਜਰੀਵਾਲ ਤੇ ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਵੱਲੋਂ ਹੁਣੇ ਹੀ ਬਣਾਏ ਗਏ ਗੈਰ-ਪੰਜਾਬੀ ਅਤੇ ਗੈਰ-ਤੁਜਰਬੇਕਾਰ ਜਿਨ੍ਹਾਂ ਦਾ ਪੰਜਾਬ, ਪੰਜਾਬੀਆਂ ਅਤੇ ਸਿੱਖ ਕੌਮ ਨੂੰ ਕੋਈ ਰਤੀਭਰ ਵੀ ਦੇਣ ਨਹੀਂ, ਨੇ ਸਾਬਤ ਕਰ ਦਿੱਤਾ ਹੈ ਕਿ ਸ੍ਰੀ ਕੇਜਰੀਵਾਲ ਤੇ ਸ. ਭਗਵੰਤ ਸਿੰਘ ਮਾਨ ਕਿਸੇ ਵੀ ਸਮੇਂ ਖਿਲਵਾੜ ਕਰਨਗੇ, ਉਸਦੀ ਤਸਵੀਰ ਸਪੱਸਟ ਰੂਪ ਵਿਚ ਸਾਹਮਣੇ ਆ ਚੁੱਕੀ ਹੈ । ਇਨ੍ਹਾਂ ਰਾਜ ਸਭਾ ਮੈਬਰਾਂ ਦੀ ਕੀਤੀ ਗਈ ਪੱਖਪਾਤੀ ਚੋਣ ਨੇ ਇਹ ਵੀ ਸਾਬਤ ਕਰ ਦਿੱਤਾ ਹੈ ਕਿ ਸ. ਭਗਵੰਤ ਸਿੰਘ ਮਾਨ ਆਪਣੇ ਤੌਰ ਤੇ ਕੋਈ ਵੀ ਪੰਜਾਬ ਪੱਖੀ ਫੈਸਲਾ ਨਹੀਂ ਕਰ ਸਕਣਗੇ ਬਲਕਿ ਬੀਤੇ ਸਮੇਂ ਜਿਵੇ ਬਾਦਲ-ਭਾਜਪਾ, ਕਾਂਗਰਸ ਸਰਕਾਰਾਂ ਪੰਜਾਬ ਵਿਰੋਧੀ ਸੋਚ ਰੱਖਣ ਵਾਲੇ ਦਿੱਲੀ ਹਾਕਮਾਂ ਤੋ ਆਦੇਸ਼ ਲੈਕੇ ਅਮਲ ਕਰਦੀਆ ਰਹੀਆ ਹਨ ਅਤੇ ਪੰਜਾਬ ਦੇ ਹਿੱਤਾ ਨੂੰ ਆਪਣੇ ਸਵਾਰਥੀ ਹਿੱਤਾ ਲਈ ਸੈਂਟਰ ਦੇ ਹੁਕਮਰਾਨਾਂ ਕੋਲ ਵੇਚਦੀਆ ਰਹੀਆ ਹਨ, ਉਸ ਚੱਲਦੀ ਆ ਰਹੀ ਰਾਜਸੀ ਬੁਰਾਈ ਨੂੰ ਇਹ ਵੀ ਜਾਰੀ ਰੱਖਣਗੇ ।”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਗੈਰ-ਤੁਜਰਬੇਕਾਰ, ਪੰਜਾਬ ਸੂਬੇ ਅਤੇ ਪੰਜਾਬੀਆਂ ਦੀਆਂ ਮੁਸ਼ਕਿਲਾਂ ਸੰਬੰਧੀ ਕੋਈ ਜਾਣਕਾਰੀ ਨਾ ਰੱਖਣ ਵਾਲੇ, ਧਨਾਢਾਂ, ਅਮੀਰਾਂ, ਉਦਯੋਗਪਤੀਆਂ ਨੂੰ ਸ. ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਰਾਜ ਸਭਾ ਮੈਬਰ ਬਣਾਉਣ ਉਤੇ ਤਿੱਖਾ ਪ੍ਰਤੀਕਰਮ ਅਤੇ ਡੂੰਘਾਂ ਦੁੱਖ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਬਣਾਏ ਗਏ ਰਾਜ ਸਭਾ ਮੈਬਰਾਂ ਵਿਚੋਂ ਸ੍ਰੀ ਸੰਦੀਪ ਪਾਠਕ ਬਿਹਾਰੀ ਹਨ, ਸ੍ਰੀ ਰਾਘਵ ਚੱਢਾ ਦਿੱਲੀ ਦੇ ਸ੍ਰੀ ਕੇਜਰੀਵਾਲ ਦਾ ਯੈਸਮੈਨ ਹੈ, ਸ. ਹਰਭਜਨ ਸਿੰਘ ਬੇਸ਼ੱਕ ਖਿਡਾਰੀ ਤੇ ਪੰਜਾਬੀ ਹਨ, ਪਰ ਉਨ੍ਹਾਂ ਨੂੰ ਪੰਜਾਬ ਦੀ ਸਿਆਸੀ ਫਿਜਾ ਤੇ ਇਥੋ ਦੇ ਨਿਵਾਸੀਆ ਦੀਆਂ ਮੁਸ਼ਕਿਲਾਂ ਅਤੇ ਸੈਟਰ ਦੇ ਹੁਕਮਰਾਨਾਂ ਦੀ ਸਾਜ਼ਸੀ ਸੋਚ ਸੰਬੰਧੀ ਕੋਈ ਜਾਣਕਾਰੀ ਨਹੀਂ, ਸ੍ਰੀ ਅਸੋਕ ਮਿੱਤਲ ਜੋ ਲਵਲੀ ਯੂਨੀਵਰਸਿਟੀ ਜਲੰਧਰ ਦੇ ਚਾਂਸਲਰ ਹਨ ਅਤੇ ਸੰਜੀਵ ਅਰੋੜਾ ਉਦਯੋਗਪਤੀ ਪੰਜਾਬ ਵਿਰੋਧੀ ਬੀਜੇਪੀ-ਆਰ.ਐਸ.ਐਸ. ਦੇ ਖਾਸਮਖਾਸ ਹਨ । ਇਨ੍ਹਾਂ ਪੰਜਾਂ ਦੀ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਪ੍ਰਤੀ ਕੀ ਦੇਣ ਹੈ ? ਜਿਸ ਲਈ ਬਣੇ ਵਜ਼ੀਰਾਂ ਨੂੰ ਛੱਡਕੇ ਬਾਕੀ ਦੇ 82 ਬਣੇ ਐਮ.ਐਲ.ਏ. ਜਾਂ ਪੰਜਾਬ ਸੂਬੇ ਦਾ ਦਰਦ ਰੱਖਣ ਵਾਲੀਆਂ ਉੱਚ ਤਾਲੀਮ ਹਾਸਿਲ ਅਤੇ ਤੁਜਰਬੇਕਾਰ ਨਾਮਵਰ ਸਖਸ਼ੀਅਤਾਂ ਨੂੰ ਨਜ਼ਰ ਅੰਦਾਜ ਕਰਕੇ ਰਾਜ ਸਭਾ ਵਿਚ ਸੌਣ ਵਾਲੇ ਮੈਬਰਾਂ ਅਤੇ ਅੱਖਾ ਮੀਟਕੇ ਪੰਜਾਬ ਵਿਰੋਧੀ ਫੈਸਲਿਆ ਤੇ ਦਸਤਖਤ ਕਰਨ ਵਾਲਿਆ ਨੂੰ ਰਾਜ ਸਭਾ ਮੈਬਰ ਨਿਯੁਕਤ ਕਰਨ ਦੀ ਸੋਚ ਤੋ ਪ੍ਰਤੱਖ ਹੋ ਜਾਂਦਾ ਹੈ ਕਿ ਇਹ ਆਮ ਆਦਮੀ ਪਾਰਟੀ ਦੀ ਸ. ਭਗਵੰਤ ਸਿੰਘ ਮਾਨ ਦੀ ਸਰਕਾਰ ਵੀ ਪਹਿਲੀਆ ਪੰਜਾਬ ਸਰਕਾਰਾਂ ਦੀ ਤਰ੍ਹਾਂ ਦਿੱਲੀ ਤੋਂ ਹੁਕਮ ਲੈਕੇ ਰਿਮੋਟ ਕੰਟਰੋਲ ਰਾਹੀ ਹੀ ਚੱਲੇਗੀ ਜਿਸਦੇ ਨਤੀਜੇ ਕਦੀ ਵੀ ਪੰਜਾਬ, ਪੰਜਾਬੀ, ਪੰਜਾਬੀਅਤ ਤੇ ਪੰਜਾਬ ਨਿਵਾਸੀਆ ਪੱਖੀ ਨਹੀਂ ਹੋ ਸਕਣਗੇ । ਜਿਸ ਤੋਂ ਪੰਜਾਬ ਅਤੇ ਪੰਥਦਰਦੀਆਂ ਨੂੰ ਸੁਚੇਤ ਵੀ ਰਹਿਣਾ ਪਵੇਗਾ ਅਤੇ ਅਜਿਹੇ ਅਮਲ ਹੋਣ ਉਤੇ ਸੰਜ਼ੀਦਗੀ ਨਾਲ ਐਕਸ਼ਨ ਵੀ ਕਰਨਾ ਪਵੇਗਾ । ਤਾਂ ਕਿ ਸੈਂਟਰ ਦੇ ਹੁਕਮਰਾਨ ਪੰਜਾਬ ਦੇ ਮਾਹੌਲ ਨੂੰ ਆਪਣੇ ਸਵਾਰਥੀ ਹਿੱਤਾ ਦੀ ਪੂਰਤੀ ਲਈ ਨਾ ਤਾਂ ਗੰਧਲਾ ਕਰ ਸਕਣ ਅਤੇ ਨਾ ਹੀ ਸਾਜਿ਼ਸਾਂ ਕਰਕੇ ਆਪਣੇ ਸਵਾਰਥਾਂ ਦੀ ਪੂਰਤੀ ਕਰ ਸਕਣ ।

Leave a Reply

Your email address will not be published. Required fields are marked *