ਇੰਡੀਆ ਦੀ ਬਹੁਤ ਹੀ ਅਮੀਰ ਅਤੇ ਅੱਛੇ ਇਨਸਾਨੀ ਗੁਣਾਂ ਦੇ ਮਾਲਕ ਘਰਾਣੇ ਦੀ ਵੱਡੀ ਸਖਸ਼ੀਅਤ ਸ੍ਰੀ ਰਤਨ ਟਾਟਾ ਦਾ ਅਕਾਲ ਚਲਾਣਾ ਮਨੁੱਖਤਾ ਲਈ ਵੱਡਾ ਘਾਟਾ : ਮਾਨ
ਫਤਹਿਗੜ੍ਹ ਸਾਹਿਬ, 10 ਅਕਤੂਬਰ ( ) “ਸਾਡੇ ਸਿੱਖ ਗੁਰੂ ਸਾਹਿਬਾਨ ਨੇ ਗੁਰੂ ਦੇ ਸਿੱਖਾਂ ਨੂੰ ਇਹ ਹੁਕਮ ਮੁੱਢ ਤੋ ਹੀ ਕੀਤਾ ਹੋਇਆ ਹੈ ਕਿ ਹਰ ਸਿੱਖ ਆਪਣੀ ਨੇਕ ਕਮਾਈ ਵਿਚੋਂ ਦਸਵੰਦ ਕੱਢਕੇ ਲੋੜਵੰਦਾਂ, ਮਜਲੂਮਾਂ, ਲਤਾੜੇ ਵਰਗਾਂ, ਭੁੱਖਿਆ, ਬੇਘਰਾਂ, ਬੇਸਹਾਰਿਆ ਆਦਿ ਦੇ ਜੀਵਨ ਨੂੰ ਉੱਚਾ ਚੁੱਕਣ ਲਈ ਅਤੇ ਬਰਾਬਰ ਲਿਆਉਣ ਲਈ ਉਨ੍ਹਾਂ ਦੀ ਬਿਹਤਰੀ ਲਈ ਖਰਚ ਕਰੇ । ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਸਾਹਿਬਾਨ ਦੇ ਜੀਵਨ ਤੋ ਅਗਵਾਈ ਲੈਦੇ ਹੋਏ ਆਪਣਾ ਜੀਵਨ ਬਸਰ ਕਰਦੇ ਹਨ, ਉਹ ਗੁਰਸਿੱਖ ਆਪਣੇ ਸਾਧਨਾਂ ਨੂੰ ਸਮੁੱਚੀ ਮਨੁੱਖਤਾ ਦੀ ਬਿਹਤਰੀ ਲਈ ਲਗਾਕੇ ਵੱਡੀ ਆਤਮਿਕ ਖੁਸੀ ਪ੍ਰਾਪਤ ਕਰਦੇ ਹਨ । ਇਸੇ ਸੋਚ ਉਤੇ ਟਾਟਾ ਗਰੁੱਪ ਦੇ ਮੈਨੇਜਿੰਗ ਡਾਈਰੈਕਟਰ ਅਤੇ ਮਾਲਕ ਸ੍ਰੀ ਰਤਨ ਟਾਟਾ ਵੀ ਆਪਣੀ ਕਰੋੜਾਂ-ਅਰਬਾਂ ਦੀ ਕਮਾਈ ਵਿਚੋਂ ਆਪਣਾ 70% ਹਿੱਸਾ ਮਜਲੂਮਾਂ, ਗਰੀਬਾਂ ਅਤੇ ਲੋੜਵੰਦਾਂ ਉਤੇ ਖਰਚ ਕਰਕੇ ਅਸਲੀਅਤ ਵਿਚ ਨਿਰੰਤਰ ਲੰਮੇ ਸਮੇ ਤੋ ਮਨੁੱਖਤਾ ਦੀ ਵੱਡੀ ਸੇਵਾ ਕਰਦੇ ਆ ਰਹੇ ਸਨ । ਜਿਨ੍ਹਾਂ ਦੇ ਬੀਤੇ ਦਿਨੀਂ ਆਪਣੇ ਸਵਾਸਾਂ ਦੀ ਪੂੰਜੀ ਪੂਰਨ ਕਰਕੇ ਜੋ ਉਸ ਅਕਾਲ ਪੁਰਖ ਦੇ ਚਰਨਾਂ ਵਿਚ ਜਾ ਬਿਰਾਜੇ ਹਨ । ਉਸ ਨਾਲ ਇੰਡੀਆ ਵਿਚ ਵੱਸਣ ਵਾਲੇ ਮਜਲੂਮਾਂ, ਗਰੀਬਾਂ, ਲੋੜਵੰਦਾਂ, ਬੇਸਹਾਰਿਆ, ਬੇਘਰਾਂ ਨੂੰ ਇਕ ਬਹੁਤ ਵੱਡਾ ਕਦੀ ਵੀ ਨਾ ਪੂਰਾ ਹੋਣ ਵਾਲਾ ਘਾਟਾ ਹੀ ਨਹੀ ਪਿਆ ਬਲਕਿ ਇਨਸਾਨੀਅਤ ਕਦਰਾਂ ਕੀਮਤਾ ਤੇ ਪਹਿਰਾ ਦੇਣ ਵਾਲੇ ਮੁਲਕ ਨਿਵਾਸੀਆ ਨੂੰ ਵੀ ਉਨ੍ਹਾਂ ਦੇ ਚਲੇ ਜਾਣ ਉਤੇ ਗਹਿਰਾ ਸਦਮਾ ਪਹੁੰਚਿਆ ਹੈ ।”
ਇਸ ਦੁੱਖ ਦਾ ਪ੍ਰਗਟਾਵਾ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਰਤਨ ਟਾਟਾ ਦੇ ਸਮੁੱਚੇ ਸਤਿਕਾਰਿਤ ਪਰਿਵਾਰ, ਮੈਬਰਾਂ, ਸੰਬੰਧੀਆਂ ਅਤੇ ਮੁਲਕ ਦੇ ਇਨਸਾਨੀਅਤ ਗੁਣਾਂ ਉਤੇ ਪਹਿਰਾ ਦੇਣ ਵਾਲੇ ਸੱਚੇ ਸੁੱਚੇ ਨਿਵਾਸੀਆ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਅਤੇ ਵਿਛੜੀ ਮਨੁੱਖਤਾ ਪੱਖੀ ਨੇਕ ਪਵਿੱਤਰ ਆਤਮਾ ਦੀ ਸ਼ਾਂਤੀ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੇ ਸਿੱਖ ਕੌਮ ਵੱਲੋ ਸਮੂਹਿਕ ਤੌਰ ਤੇ ਅਰਦਾਸ ਕਰਦੇ ਹੋਏ ਕੀਤਾ । ਉਨ੍ਹਾਂ ਕਿਹਾ ਕਿ ਇਹ ਆਮ ਦੇਖਣ ਵਿਚ ਆਇਆ ਹੈ ਕਿ ਜੋ ਵੀ ਦੁਨੀਆ ਦੇ ਵੱਡੇ-ਵੱਡੇ ਅਮੀਰ ਕਾਰੋਬਾਰੀ ਲੋਕ ਹੁੰਦੇ ਹਨ, ਉਨ੍ਹਾਂ ਵਿਚੋ ਮਨੁੱਖਤਾ ਤੇ ਇਨਸਾਨੀਅਤ ਦੀ ਬਿਨ੍ਹਾਂ ਕਿਸੇ ਸਵਾਰਥ ਤੋ ਸੇਵਾ ਕਰਨ ਵਾਲਿਆ ਅਤੇ ਦੀਨ ਦੁੱਖੀਆ ਦੇ ਦਰਦ ਨੂੰ ਦੂਰ ਕਰਨ ਵਾਲਿਆ ਦੀ ਗਿਣਤੀ ਬਹੁਤ ਘੱਟ ਹੁੰਦੀ ਹੈ । ਪਰ ਸ੍ਰੀ ਰਤਨ ਟਾਟਾ ਅਤੇ ਦੁਨੀਆ ਦੇ ਵੱਡੇ ਅਮੀਰ ਸਾਫਟਵੇਅਰ ਕਾਰੋਬਾਰ ਦੇ ਮਾਲਕ ਸ੍ਰੀ ਬਿਲ ਗੇਟਸ ਵਰਗੀਆ ਸਖਸੀਅਤਾਂ ਘੱਟ ਹੁੰਦੀਆ ਹਨ ਜੋ ਆਪਣੀ ਆਮਦਨ ਦਾ ਵੱਡਾ ਹਿੱਸਾ ਮਨੁੱਖਤਾ ਦੀ ਭਲਾਈ ਲਈ ਖਰਚ ਕਰਕੇ ਇਨਸਾਨੀਅਤ ਪੱਖੀ ਫਰਜਾਂ ਨੂੰ ਪੂਰਨ ਕਰਨ ਦੇ ਆਦੀ ਹੁੰਦੇ ਹਨ । ਸ੍ਰੀ ਰਤਨ ਟਾਟਾ ਵੀ ਉਨ੍ਹਾਂ ਸਖਸੀਅਤਾਂ ਵਿਚੋ ਇਕ ਯਾਦ ਰੱਖਣ ਯੋਗ ਸਖਸੀਅਤ ਹਨ । ਉਨ੍ਹਾਂ ਦੇ ਚਲੇ ਜਾਣ ਨਾਲ ਇੰਡੀਆ ਵਿਚ ਵੱਸਣ ਵਾਲੇ ਗਰੀਬ, ਮਜਲੂਮ, ਲੋੜਵੰਦਾਂ ਦਾ ਇਕ ਮਸੀਹਾ ਉਨ੍ਹਾਂ ਤੋ ਖੁਸ ਗਿਆ ਹੈ । ਉਹ ਕੇਵਲ ਇਨਸਾਨੀਅਤ ਦੇ ਕੰਮ ਆਉਣ ਵਾਲੀ ਸਖਸੀਅਤ ਹੀ ਨਹੀ ਸਨ ਬਲਕਿ ਉਹ ਇਥੋ ਦੇ ਨਿਵਾਸੀਆ ਲਈ ਇਕ ਪ੍ਰੇਰਣਾ ਦਾ ਵੱਡਾ ਕੇਂਦਰ ਸਨ । ਜਿਨ੍ਹਾਂ ਦੀ ਜਿੰਦਗੀ ਤੋ ਹਰ ਇਨਸਾਨ ਆਪਣੇ ਧਰਮ ਗ੍ਰੰਥਾਂ, ਵਿਦਵਤਾ ਵਾਲੇ ਸਭ ਅੱਛੇ ਗੁਣ ਪ੍ਰਾਪਤ ਕਰਕੇ ਜਿੰਦਗੀ ਵਿਚ ਸਹੀ ਮਾਇਨਿਆ ਵਿਚ ਜਿਊਣ ਦੇ ਢੰਗਾਂ ਨੂੰ ਪਹਿਚਾਨਣ ਲਈ ਰਾਹ ਪੱਧਰਾਂ ਕਰਦੇ ਸੀ । ਇਹ ਇੰਡੀਅਨ ਨਿਵਾਸੀਆ ਲਈ ਫਖਰ ਵਾਲੀ ਗੱਲ ਹੈ ਕਿ ਇਨ੍ਹਾਂ ਦੀ ਟਾਟਾ ਕੰਪਨੀ ਨੇ ਹੁਣ ਕੌਮਾਂਤਰੀ ਪੱਧਰ ਦੀ ਜੈਗੂਅਰ ਅਤੇ ਰੇਜਰੋਵਰ ਕੰਪਨੀਆ ਨੂੰ ਖਰੀਦ ਲਿਆ ਹੈ । ਹੁਣ ਇਨ੍ਹਾਂ ਦੀ ਕੰਪਨੀ ਦੇ ਮੌਜੂਦਾ ਪ੍ਰਬੰਧਕਾਂ ਨੂੰ ਚਾਹੀਦਾ ਹੈ ਕਿ ਹੁਣ ਆਪਣੀ ਟਾਟਾ ਕੰਪਨੀ ਵਿਚ ਵੀ ਜੈਗੂਅਰ ਅਤੇ ਰੇਜਰੋਵਰ ਵਰਗੀ ਆਧੁਨਿਕ ਤਕਨੀਕ ਨਾਲ ਆਪਣੀਆ ਬਣਨ ਵਾਲੀਆ ਮੋਟਰਾਂ ਵਿਚ ਸੁਧਾਰ ਕਰੇ ਅਤੇ ਇਨ੍ਹਾਂ ਕੰਪਨੀਆ ਨੂੰ ਕੌਮਾਂਤਰੀ ਪੱਧਰ ਦਾ ਸਟੇਟਸ ਦਿਵਾਉਣ ਵਿਚ ਮੁੱਖ ਭੂਮਿਕਾ ਨਿਭਾਈ ਜਾਵੇ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਜਿਥੇ ਅਰਦਾਸ ਕਰਦਾ ਹੈ, ਉਥੇ ਇਥੋ ਦੇ ਜਾਬਰ ਅਤੇ ਇਨਸਾਨੀਅਤ ਵਿਰੋਧੀ ਹੁਕਮਰਾਨਾਂ ਨੂੰ ਇਹ ਮਸਵਰਾ ਦੇਣਾ ਚਾਹੇਗਾ ਕਿ ਸ੍ਰੀ ਰਤਨ ਟਾਟਾ ਦੀ ਮਨੁੱਖਤਾ ਪੱਖੀ ਜਿੰਦਗੀ ਤੋ ਅਗਵਾਈ ਲੈਕੇ ਇਥੇ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਉਤੇ ਕੀਤੇ ਜਾਣ ਵਾਲੇ ਜ਼ਬਰ ਜੁਲਮ ਨੂੰ ਬੰਦ ਕਰਨ ਅਤੇ ਇਨਸਾਨੀਅਤ ਦੀ ਬਿਹਤਰੀ ਲਈ ਆਪਣੇ ਜੀਵਨ ਦੇ ਰਹਿੰਦੇ ਪਲਾਂ ਨੂੰ ਲਗਾਉਣ ਤਾਂ ਬਿਹਤਰ ਹੋਵੇਗਾ ਅਤੇ ਉਹ ਵੀ ਸ੍ਰੀ ਰਤਨ ਟਾਟਾ ਦੇ ਮਿਲੇ ਸਵਾਸਾਂ ਦੀ ਤਰ੍ਹਾਂ ਆਪਣੇ ਸਵਾਸਾਂ ਨੂੰ ਅਰਥ ਲਗਾ ਸਕਣਗੇ ।