ਸਿਰਸੇਵਾਲੇ ਸਾਧ ਨੂੰ ਚੋਣਾਂ ਸਮੇਂ ਪੈਰੋਲ ਦੇਣਾ ਅਤੇ ਚੋਣ ਕਮਿਸਨ ਨਾਲ ਹੁਕਮਰਾਨਾਂ ਦੀ ਮਿਲੀਭੁਗਤ ਦੀ ਬਦੌਲਤ ਹੀ ਹਰਿਆਣੇ ਦੇ ਨਤੀਜੇ ਉਲਟੇ, ਦੁਬਾਰਾ ਚੋਣ ਕਰਵਾਈ ਜਾਵੇ : ਮਾਨ
ਫ਼ਤਹਿਗੜ੍ਹ ਸਾਹਿਬ, 09 ਅਕਤੂਬਰ ( ) “ਹਰਿਆਣਾ ਵਿਧਾਨ ਸਭਾ ਦੀਆਂ 5 ਅਕਤੂਬਰ ਨੂੰ ਹੋਈਆ ਚੋਣਾਂ ਵਿਚ ਜਦੋਂ ਸਮੁੱਚੇ ਸਿਆਸੀ ਪੰਡਿਤ, ਐਗਜਿਟ ਪੋਲ ਤੋ ਇਲਾਵਾ ਹਰਿਆਣੇ ਦੇ ਨਿਵਾਸੀਆਂ ਦੀ 80% ਬਹੁਗਿਣਤੀ ਦਾਅਵੇ ਨਾਲ ਇਹ ਕਹਿ ਰਹੀ ਸੀ ਕਿ ਹਰਿਆਣੇ ਵਿਚ ਕਾਂਗਰਸ ਜਮਾਤ ਦੀ ਸਰਕਾਰ ਪੂਰਨ ਬਹੁਮੱਤ ਨਾਲ ਬਣੇਗੀ । ਤਾਂ ਜੇਕਰ ਲੋਕਾਂ ਦੀਆਂ ਭਾਵਨਾਵਾ, ਚੋਣਾਂ ਨਾਲ ਸੰਬੰਧਤ ਹਰ ਪੱਖ ਤੋਂ ਵਾਕਫੀਅਤ ਰੱਖਣ ਵਾਲੇ ਸਿਆਸੀ ਪੰਡਿਤਾਂ ਅਤੇ ਐਗਜਿਟ ਪੋਲਾਂ ਦੇ ਉਲਟ ਹਕੂਮਤ ਪਾਰਟੀ ਬੀਜੇਪੀ ਜਿਸਦੇ ਵਿਰੁੱਧ ਹਰਿਆਣੇ ਵਿਚ ਪੂਰੀ ਹਵਾ ਚੱਲੀ ਹੋਈ ਸੀ, ਫਿਰ ਵੀ ਪੂਰਨ ਬਹੁਮੱਤ ਨਾਲ ਜਿੱਤ ਪ੍ਰਾਪਤ ਕਰਕੇ ਗਏ ਹਨ, ਤਾਂ ਇਹ ਕੋਈ ਨਿਰਪੱਖ ਚੋਣਾਂ ਦੇ ਨਤੀਜੇ ਨਹੀ ਹਨ । ਬਲਕਿ ਮੋਦੀ ਅਤੇ ਸ਼ਾਹ ਨੇ ਆਪਣੀ ਹਕੂਮਤੀ ਤਾਕਤ ਦੀ ਦੁਰਵਰਤੋ ਕਰਕੇ ਪਹਿਲੇ ਬਲਾਤਕਾਰੀ ਅਤੇ ਕਾਤਲ ਸਿਰਸੇਵਾਲੇ ਸਾਧ ਨੂੰ ਪੈਰੋਲ ਤੇ ਚੋਣਾਂ ਦੌਰਾਨ ਰਿਹਾਅ ਕਰਵਾਇਆ ਅਤੇ ਫਿਰ ਮੌਜੂਦਾ ਚੋਣ ਕਮਿਸਨ ਨਾਲ ਮਿਲੀਭੁਗਤ ਕਰਕੇ ਈ.ਵੀ.ਐਮ ਮਸੀਨਾਂ ਦੀ ਜਿਵੇ ਪਹਿਲੇ ਵੀ ਵੱਡੇ ਪੱਧਰ ਤੇ ਦੁਰਵਰਤੋ ਹੋਈ ਸੀ, ਉਸੇ ਤਰ੍ਹਾਂ ਇਨ੍ਹਾਂ ਮਸ਼ੀਨਾਂ ਦੀ ਦੁਰਵਰਤੋ ਕਰਕੇ ਕੇਵਲ ਹਰਿਆਣਾ ਨਿਵਾਸੀਆ ਨੂੰ ਹੀ ਨਹੀ ਬਲਕਿ ਸਮੁੱਚੇ ਮੁਲਕ ਦੇ ਹਰ ਗੱਲ ਤੇ ਨਜਰ ਰੱਖਣ ਵਾਲੇ ਵਿਦਵਾਨਾਂ ਤੇ ਪੰਡਿਤਾਂ ਨੂੰ ਵੀ ਹੈਰਾਨ ਕਰ ਦਿੱਤਾ ਜਿਸ ਤੋ ਪ੍ਰਤੱਖ ਹੈ ਕਿ ਹਰਿਆਣੇ ਦੀਆਂ ਚੋਣਾਂ ਬਿਲਕੁਲ ਵੀ ਨਿਰਪੱਖਤਾ ਨਾਲ ਨਹੀ ਹੋਈਆ । ਇਨ੍ਹਾਂ ਚੋਣਾਂ ਵਿਚ ਹੋਈ ਵੱਡੀ ਹੇਰਾਫੇਰੀ ਅਤੇ ਈ.ਵੀ.ਐਮ ਮਸੀਨਾਂ ਨਾਲ ਛੇੜਛਾੜ ਦੀ ਕੌਮਾਂਤਰੀ ਪੱਧਰ ਦੀ ਜਥੇਬੰਦੀ ਤੋ ਜਿਥੇ ਜਾਂਚ ਕਰਵਾਈ ਜਾਵੇ, ਉਥੇ ਇਲੈਕਸਨ ਕਮਿਸਨ ਇੰਡੀਆ ਇਥੋ ਦੇ ਨਿਵਾਸੀਆ ਵਿਚ ਹਰਿਆਣੇ ਦੀਆਂ ਚੋਣਾਂ ਸੰਬੰਧੀ ਉੱਠੀ ਡੂੰਘੀ ਸੰਕਾ ਅਤੇ ਰੋਹ ਨੂੰ ਖਤਮ ਕਰਨ ਲਈ ਫਿਰ ਤੋ ਹਰਿਆਣੇ ਸੂਬੇ ਦੀਆਂ ਚੋਣਾਂ ਕਰਵਾਉਣ ਦਾ ਐਲਾਨ ਕਰੇ । ਵਰਨਾ ਇਨ੍ਹਾਂ ਚੋਣਾਂ ਨੂੰ ਤਾਂ ਜੰਗਲ ਦੇ ਰਾਜ ਦੇ ਢੰਗ ਤਰੀਕੇ ਵਾਲੀਆ ਚੋਣਾਂ ਹੀ ਕਿਹਾ ਜਾ ਸਕਦਾ ਹੈ । ਨਾ ਕਿ ਜਮਹੂਰੀਅਤ ਤੇ ਨਿਰਪੱਖਤਾ ਦੇ ਢੰਗ ਵਾਲੀਆ ਚੋਣਾਂ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਰਿਆਣਾ ਵਿਧਾਨ ਸਭਾ ਦੀਆਂ ਹੋਈਆ ਚੋਣਾਂ ਵਿਚ ਮੋਦੀ-ਸ਼ਾਹ ਹਕੂਮਤ ਵੱਲੋ ਆਪਣੀ ਸਿਆਸੀ ਤਾਕਤ ਅਤੇ ਗਲਤ ਢੰਗਾਂ ਦੀ ਵਰਤੋ ਕਰਕੇ ਅਤੇ ਸਿਰਸੇਵਾਲੇ ਸਾਧ ਵਰਗੇ ਕਾਤਲ ਤੇ ਬਲਾਤਕਾਰੀ ਨੂੰ ਰਿਹਾਅ ਕਰਵਾਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੇ ਪੱਖਪਾਤੀ ਤਾਨਾਸਾਹੀ ਢੰਗਾਂ ਨੂੰ ਜਮਹੂਰੀਅਤ ਦਾ ਕਤਲ ਕਰਨ ਅਤੇ ਨਿਰਪੱਖਤਾ ਨਾਲ ਫਿਰ ਤੋ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਕਰਵਾਉਣ ਲਈ ਚੋਣ ਕਮਿਸਨ ਨੂੰ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਇਸ ਗੱਲ ਤੇ ਵੀ ਡੂੰਘਾਂ ਦੁੱਖ ਪ੍ਰਗਟ ਕੀਤਾ ਕਿ ਜਦੋ ਹਰਿਆਣੇ ਤੋ ਇਲਾਵਾ ਸਮੁੱਚੇ ਇੰਡੀਆਂ ਵਿਚ ਹਰਿਆਣੇ ਦੀਆਂ ਚੋਣਾਂ ਵਿਚ ਹੋਈ ਵੱਡੀ ਸਾਜਿਸ ਦੀ ਆਵਾਜ, ਉੱਚੀ ਆਵਾਜ ਵਿਚ ਆ ਰਹੀ ਹੈ ਤਾਂ ਮੁਲਕ ਦੀ ਸੁਪਰੀਮ ਕੋਰਟ ਜਿਸ ਵੱਲੋ ਅਜਿਹੇ ਸਮੇ ਤੇ ਵਿਧਾਨਿਕ ਤੇ ਜਮਹੂਰੀਅਤ ਲੀਹਾਂ ਦੀ ਰੱਖਿਆ ਕਰਨ ਦੀ ਜਿੰਮੇਵਾਰੀ ਹੁੰਦੀ ਹੈ, ਉਸ ਵੱਲੋ ਕਿਸੇ ਤਰ੍ਹਾਂ ਦੀ ਵੀ ਇਨ੍ਹਾਂ ਚੋਣਾਂ ਪ੍ਰਤੀ ਪ੍ਰਤੀਕਿਰਿਆ ਜਾਂ ਕਾਨੂੰਨੀ ਅਮਲ ਨਾ ਹੋਣਾ ਹੋਰ ਵੀ ਅਫਸੋਸ ਵਾਲੇ ਅਮਲ ਹਨ । ਉਨ੍ਹਾਂ ਮੰਗ ਕੀਤੀ ਕਿ ਸੁਪਰੀਮ ਕੋਰਟ ਇੰਡੀਆ ਇਸ ਔਖੀ ਘੜੀ ਵਿਚ ਹਰਿਆਣੇ ਦੇ ਨਿਵਾਸੀਆ ਦੀ ਆਵਾਜ ਅਤੇ ਭਾਵਨਾਵਾ ਨੂੰ ਮੁੱਖ ਰੱਖਕੇ ਹਰਿਆਣੇ ਸੂਬੇ ਦੀਆਂ ਫਿਰ ਤੋ ਚੋਣਾਂ ਕਰਵਾਉਣ ਲਈ ਸੂਔਮੋਟੋ ਦੇ ਅਧਿਕਾਰ ਦੀ ਵਰਤੋ ਕਰਕੇ ਹਰਿਆਣੇ ਦੀ ਜਮਹੂਰੀਅਤ ਨੂੰ ਬਹਾਲ ਕਰਨ ਦੀ ਜਿੰਮੇਵਾਰੀ ਨਿਭਾਏ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਜਦੋ ਸਮੁੱਚੇ ਮੁਲਕ ਤੇ ਹਰਿਆਣਵੀਆ ਤੇ ਸਮੁੱਚੇ ਵਿਰੋਧੀ ਪਾਰਟੀਆ ਵੱਲੋ ਹਰਿਆਣੇ ਦੀਆਂ ਹੋਈਆ ਚੋਣਾਂ ਵੱਡੀ ਸਾਜਿਸ ਦਾ ਸਿਕਾਰ ਹੋਣ ਦੀ ਗੱਲ ਕਹੀ ਜਾ ਰਹੀ ਹੈ, ਤਾਂ ਸੁਪਰੀਮ ਕੋਰਟ ਇਸ ਜਮਹੂਰੀਅਤ ਨੂੰ ਬਹਾਲ ਕਰਨ ਲਈ ਆਪਣੀ ਜਿੰਮੇਵਾਰੀ ਨਿਭਾਏ।