ਪੰਚਾਇਤੀ ਚੋਣਾਂ ਵਿਚ ਸੰਬੰਧਤ ਚੋਣ ਅਧਿਕਾਰੀਆਂ ਵੱਲੋਂ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਐਨ.ਓ.ਸੀ. ਜਾਰੀ ਨਾ ਕਰਨ ਦੇ ਅਮਲ ਨਿਰਪੱਖ ਚੋਣਾਂ ਤੇ ਵੱਡਾ ਪ੍ਰਸ਼ਨ ਚਿੰਨ੍ਹ : ਮਾਨ
ਫ਼ਤਹਿਗੜ੍ਹ ਸਾਹਿਬ, 02 ਅਕਤੂਬਰ ( ) “ਇਥੋ ਦੇ ਹੁਕਮਰਾਨ, ਕਾਨੂੰਨ, ਅਦਾਲਤਾਂ ਅਤੇ ਚੋਣ ਕਮਿਸਨ ਅਕਸਰ ਹੀ ਇਹ ਪ੍ਰਚਾਰ ਕਰਦੇ ਹਨ ਕਿ ਹਰ ਤਰ੍ਹਾਂ ਦੀਆਂ ਚੋਣਾਂ ਬਿਨ੍ਹਾਂ ਕਿਸੇ ਪੱਖਪਾਤ ਤੋ ਸਾਫ ਸੁਥਰੇ ਢੰਗ ਨਾਲ ਕਰਵਾਈਆ ਜਾਂਦੀਆ ਹਨ । ਪਰ ਜਦੋ ਹੁਣ ਪੰਜਾਬ ਵਿਚ ਪੰਚਾਇਤੀ ਚੋਣਾਂ ਦੀ ਪ੍ਰਕਿਰਿਆ ਸੁਰੂ ਹੋ ਚੁੱਕੀ ਹੈ ਅਤੇ ਨਾਮਜਦਗੀ ਪੱਤਰ ਭਰੇ ਜਾ ਰਹੇ ਹਨ, ਤਾਂ ਪੰਜਾਬ ਦੇ ਵੱਡੀ ਗਿਣਤੀ ਵਿਚ ਜਿ਼ਲ੍ਹਿਆਂ ਅਤੇ ਤਹਿਸੀਲਾਂ ਵਿਚ ਕੰਮ ਕਰਨ ਵਾਲੇ ਚੋਣ ਅਧਿਕਾਰੀ ਵਿਰੋਧੀ ਪਾਰਟੀਆ ਨਾਲ ਸੰਬੰਧਤ ਉਮੀਦਵਾਰਾਂ ਦੇ ਚੁੱਲੇ ਟੈਕਸ ਨਾਲ ਸੰਬੰਧਤ ਐਨ.ਓ.ਸੀ ਨਾ ਜਾਰੀ ਕਰਕੇ ਸਮੁੱਚੇ ਪੰਜਾਬ ਦੇ ਚੋਣ ਮਾਹੌਲ ਨੂੰ ਗੰਧਲਾ ਹੀ ਨਹੀ ਕਰ ਰਹੇ, ਬਲਕਿ ਖੁਦ ਹੀ ਖੂਨ ਖਰਾਬੇ ਦੀਆਂ ਕਾਰਵਾਈਆ ਨੂੰ ਉਤਸਾਹਿਤ ਕਰਨ ਦੇ ਭਾਗੀ ਬਣ ਰਹੇ ਹਨ । ਅਜਿਹੇ ਅਮਲ ਹੋਣ ਤੇ ਕਿਵੇ ਆਖਿਆ ਜਾ ਸਕਦਾ ਹੈ ਕਿ ਚੋਣਾਂ ਨਿਰਪੱਖ ਢੰਗ ਨਾਲ ਹੋ ਰਹੀਆ ਹਨ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਪੰਜਾਬ ਦੇ ਸਟੇਟ ਚੋਣ ਕਮਿਸਨਰ ਸ੍ਰੀ ਰਾਜ ਕੁਮਾਰ ਚੌਧਰੀ ਨੂੰ ਇਕ ਉਚੇਚੇ ਤੌਰ ਤੇ ਗੰਭੀਰ ਪੱਤਰ ਲਿਖਦੇ ਹੋਏ ਅਤੇ ਵੱਖ-ਵੱਖ ਜਿ਼ਲ੍ਹਿਆਂ ਵਿਸੇਸ ਤੌਰ ਤੇ ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਪਠਾਨਕੋਟ, ਫਿਰੋਜ਼ਪੁਰ, ਫਤਹਿਗੜ੍ਹ ਸਾਹਿਬ ਆਦਿ ਥਾਂ ਤੇ ਚੋਣ ਅਧਿਕਾਰੀਆਂ (ਬੀ.ਡੀ.ਓਜ਼) ਵੱਲੋਂ ਸਰਪੰਚੀ ਅਤੇ ਪੰਚ ਦੀ ਚੋਣ ਲੜਨ ਵਾਲੇ ਵਿਰੋਧੀ ਪਾਰਟੀ ਦੇ ਉਮੀਦਵਾਰਾਂ ਨੂੰ ਐਨ.ਓ.ਸੀ ਕਈ-ਕਈ ਦਿਨਾਂ ਤੋ ਮੰਗ ਕਰਨ ਦੇ ਬਾਵਜੂਦ ਵੀ ਜਾਰੀ ਨਾ ਕਰਨ ਅਤੇ ਹਕੂਮਤ ਪਾਰਟੀ ਦੇ ਪ੍ਰਭਾਵ ਨੂੰ ਕਬੂਲਕੇ ਇਨ੍ਹਾਂ ਅਧਿਕਾਰੀਆਂ ਵੱਲੋ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਦੇ ਨਾਮਜਦਗੀ ਪੱਤਰ ਰੱਦ ਕਰਨ ਦੀਆਂ ਆਈਆ ਰਿਪੋਰਟਾਂ ਉਤੇ ਗਹਿਰਾ ਦੁੱਖ ਜਾਹਰ ਕਰਦੇ ਹੋਏ ਅਤੇ ਇਸ ਅਮਲ ਨੂੰ ਬੇਇਨਸਾਫ਼ੀ ਵਾਲਾ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜਿਥੇ ਚੋਣ ਕਮਿਸਨ ਪੰਜਾਬ ਨੂੰ ਇਸ ਵਿਸੇ ਉਤੇ ਪੱਤਰ ਲਿਖ ਰਿਹਾ ਹੈ, ਤਾਂ ਕਿ ਕਿਸੇ ਵੀ ਚੋਣ ਲੜਨ ਵਾਲੇ ਉਮੀਦਵਾਰ ਨਾਲ ਬੇਇਨਸਾਫੀ ਨਾ ਹੋਵੇ, ਉਥੇ ਸੰਬੰਧਤ ਜਿ਼ਲ੍ਹਿਆਂ ਦੇ ਡਿਪਟੀ ਕਮਿਸਨਰ, ਐਸ.ਡੀ.ਐਮ, ਬੀ.ਡੀ.ਓਜ਼ ਆਦਿ ਸਭਨਾਂ ਨੂੰ ਇਸ ਵਿਸੇ ਤੇ ਆਪਣੀ ਇਖਲਾਕੀ ਜਿੰਮੇਵਾਰੀ ਸਮਝਦੇ ਹੋਏ ਖ਼ਬਰਦਾਰ ਕਰਦਾ ਹੈ ਕਿ ਉਹ ਹਕੂਮਤ ਪਾਰਟੀ ਦੇ ਪ੍ਰਭਾਵ ਹੇਠ ਕੋਈ ਵੀ ਅਜਿਹਾ ਅਮਲ ਨਾ ਕਰਨ ਜਿਸ ਨਾਲ ਕਿਸੇ ਸਥਾਂਨ ਤੇ ਵਧੀਕੀ ਹੋਣ ਵਾਲੇ ਨੂੰ ਰੋਸ ਵੱਜੋ ਕੋਈ ਅਮਲ ਕਰਨਾ ਪਵੇ ਅਤੇ ਅਜਿਹੇ ਅਮਲ ਵੱਡੇ ਖੂਨ ਖਰਾਬੇ ਵਿਚ ਬਦਲਣ, ਉਸ ਤੋ ਸੰਜ਼ੀਦਗੀ ਨਾਲ ਗੁਰੇਜ ਕੀਤਾ ਜਾਵੇ ਅਤੇ ਇਨ੍ਹਾਂ ਚੋਣਾਂ ਨੂੰ ਸਾਫ ਸੁਥਰੇ ਤੇ ਨਿਰਪੱਖ ਢੰਗ ਨਾਲ ਇਹ ਅਧਿਕਾਰੀ ਕਰਵਾਉਣ ਦੀ ਜਿੰਮੇਵਾਰੀ ਨਿਭਾਉਣ ।
ਉਨ੍ਹਾਂ ਆਪਣੇ ਪੰਜਾਬ ਦੇ ਨਿਵਾਸੀਆਂ ਅਤੇ ਚੋਣਾਂ ਲੜਨ ਵਾਲੇ ਵੱਖ-ਵੱਖ ਪਾਰਟੀਆਂ ਨਾਲ ਸੰਬੰਧਤ ਉਮੀਦਵਾਰਾਂ ਨੂੰ ਵੀ ਇਹ ਅਪੀਲ ਕੀਤੀ ਕਿ ਉਹ ਚੋਣ ਮਾਹੌਲ ਨੂੰ ਸੁਖਾਵਾਂ ਰੱਖਣ ਵਿਚ ਜਿਥੇ ਸਹਿਯੋਗ ਕਰਨ ਉਥੇ ਜਿਥੇ ਕਿਤੇ ਵੀ ਕੋਈ ਚੋਣ ਅਧਿਕਾਰੀ ਜਾਂ ਅਫਸਰ ਕਿਸੇ ਉਮੀਦਵਾਰ ਨਾਲ ਹਕੂਮਤ ਪਾਰਟੀ ਦੇ ਪ੍ਰਭਾਵ ਹੇਠ ਆ ਕੇ ਗੈਰ ਕਾਨੂੰਨੀ ਅਮਲ ਕਰਦਾ ਹੈ ਉਥੇ ਫੌਰੀ ਸਮੂਹਿਕ ਰੂਪ ਵਿਚ ਇਕੱਤਰ ਹੋ ਕੇ ਜਮਹੂਰੀ ਅਤੇ ਅਮਨਮਈ ਢੰਗਾਂ ਨਾਲ ਵੱਡਾ ਰੋਸ ਵੀ ਕਰਨ ਅਤੇ ਚੋਣ ਕਮਿਸਨਰ ਪੰਜਾਬ ਦੇ ਧਿਆਨ ਵਿਚ ਤੁਰੰਤ ਲਿਆਉਣ ਤਾਂ ਕਿ ਇਹ ਚੋਣਾਂ ਨਿਰਪੱਖਤਾ ਅਤੇ ਸਾਫ ਸੁਥਰੇ ਢੰਗ ਨਾਲ ਹੋ ਸਕਣ ਅਤੇ ਕਿਸੇ ਵੀ ਉਮੀਦਵਾਰ ਦੇ ਮਨ ਵਿਚ ਹੋਣ ਵਾਲੀ ਬੇਇਨਸਾਫ਼ੀ ਲਈ ਰੋਹ ਨਾ ਉੱਠ ਸਕੇ ।