ਬਲਾਤਕਾਰੀ ਤੇ ਕਾਤਲ ਸਿਰਸੇਵਾਲੇ ਸਾਧ ਨੂੰ ਵਾਰ-ਵਾਰ ਪੇਰੋਲ ਤੇ ਛੁੱਟੀ ਦੇਣਾ, ਇਸ ਸਮੇਂ ਚੋਣ ਕਸਿਮਨ ਤੇ ਵੀ ਵੱਡਾ ਪ੍ਰਸ਼ਨਚਿੰਨ੍ਹ : ਮਾਨ
ਫ਼ਤਹਿਗੜ੍ਹ ਸਾਹਿਬ, 02 ਅਕਤੂਬਰ ( ) “ਜਿਸ ਅਖੌਤੀ ਸਿਰਸੇਵਾਲੇ ਸਾਧ ਨੇ ਆਪਣੀ ਦੁਕਾਨਦਾਰੀਨੁਮਾ ਡੇਰੇ ਵਿਚ ਬੀਬੀਆਂ ਨਾਲ ਬਲਾਤਕਾਰ ਕੀਤੇ ਹੋਣ ਅਤੇ ਆਪਣੇ ਮੰਦਭਾਵਨਾ ਭਰੇ ਮਕਸਦਾਂ ਦੇ ਸੱਚ ਨੂੰ ਛੁਪਾਉਣ ਲਈ ਡੇਰੇ ਵਿਚ ਆਪਣੇ ਨੇੜੇ ਦੇ ਸਾਥੀਆਂ ਅਤੇ ਵੱਡੀ ਗਿਣਤੀ ਵਿਚ ਬੀਬੀਆਂ ਨੂੰ ਜਾਨੋ ਮਾਰਕੇ ਉਨ੍ਹਾਂ ਦੇ ਸਰੀਰ ਮਿੱਟੀ ਵਿਚ ਦੱਬੇ ਹੋਣ ਅਤੇ ਜੋ ਮਨੁੱਖਤਾ ਦਾ ਕਾਤਲ ਹੋਵੇ, ਧਰਮ ਦੇ ਨਾਮ ਉਤੇ ਜਿਸਨੇ ਇਨਸਾਨੀਅਤ ਨੂੰ ਸ਼ਰਮਸਾਰ ਕੀਤਾ ਹੋਵੇ, ਅਜਿਹੇ ਨਾਮੀ ਮੁਜਰਿਮ ਅਖੌਤੀ ਸਿਰਸੇਵਾਲੇ ਨੂੰ ਵਾਰ-ਵਾਰ ਜੇਲ੍ਹ ਤੋ ਛੁੱਟੀ ਦੇਣ ਦਾ ਅਮਲ ਸਮੁੱਚੇ ਇੰਡੀਆ ਦੇ ਨਿਜਾਮ ਤੇ ਸਮਾਜ ਲਈ ਬਹੁਤ ਹੀ ਗਲਤ ਸੰਦੇਸ ਦਿੰਦਾ ਹੈ । ਪਰ ਦੁੱਖ ਅਤੇ ਅਫਸੋਸ ਹੈ ਕਿ ਅਜਿਹੇ ਵੱਡੇ ਮੁਜਰਿਮ ਅਖੌਤੀ ਸਾਧ ਨੂੰ ਹੁਕਮਰਾਨ ਛੁੱਟੀ ਦਿਵਾਕੇ ਚੋਣਾਂ ਸਮੇ ਆਪਣੇ ਸਿਆਸੀ ਫਾਇਦੇ ਲੈਣ ਦੀ ਤਾਕ ਵਿਚ ਹਨ । ਇਸਦੇ ਬਾਵਜੂਦ ਵੀ ਜੇਕਰ ਚੋਣ ਕਮਿਸਨ ਇਸ ਕਾਤਲ ਸਾਧ ਦੀ ਰਿਹਾਈ ਉਤੇ ਰੋਕ ਨਹੀ ਲਗਾਉਦਾ, ਤਾਂ ਇਹ ਮੌਜੂਦਾ ਚੋਣ ਕਮਿਸਨ ਦੀ ਨਿਰਪੱਖਤਾ ਤੇ ਵੀ ਬਹੁਤ ਵੱਡਾ ਪ੍ਰਸ਼ਨ ਚਿੰਨ੍ਹ ਲਗਾਉਦੀ ਹੈ ਕਿ ਚੋਣ ਕਮਿਸਨ ਵੱਲੋ ਵੀ ਅਜਿਹੇ ਸਮੇ ਕੋਈ ਕਾਰਵਾਈ ਨਾ ਕੀਤੀ ਜਾਂਦੀ ਹੋਵੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆ ਦੇ ਸਮਾਜ ਵਿਚ ਸਭ ਤੋ ਵੱਡੇ ਮੁਜਰਿਮ, ਕਾਤਲ ਤੇ ਬਲਾਤਕਾਰੀ ਸਿਰਸੇਵਾਲੇ ਸਾਧ ਨੂੰ ਵਾਰ-ਵਾਰ ਪੇਰੋਲ ਤੇ ਛੁੱਟੀ ਦੇਣ ਅਤੇ ਹੁਣ ਚੋਣਾਂ ਦੌਰਾਨ ਫਿਰ ਛੁੱਟੀ ਦੇਣ ਦੇ ਅਮਲਾਂ ਨੂੰ ਗੈਰ ਕਾਨੂੰਨੀ, ਗੈਰ ਇਨਸਾਨੀ ਅਤੇ ਸਿਆਸੀ ਫਾਇਦੇ ਲੈਣ ਵਾਲੀ ਕਾਰਵਾਈ ਕਰਾਰ ਦਿੰਦੇ ਹੋਏ ਮੌਜੂਦਾ ਚੋਣ ਕਮਿਸਨ ਨੂੰ ਜਨਤਾ ਦੀ ਕਚਹਿਰੀ ਵਿਚ ਖੜ੍ਹਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋ ਹਰਿਆਣੇ ਵਿਚ ਅਸੈਬਲੀ ਚੋਣਾਂ ਹੋ ਰਹੀਆ ਹਨ ਅਤੇ ਪੰਜਾਬ ਵਿਚ ਪੰਚਾਇਤੀ ਚੋਣਾਂ ਦਾ ਪ੍ਰਚਾਰ ਚੱਲ ਰਿਹਾ ਹੈ, ਤਾਂ ਅਜਿਹੇ ਸਮੇ ਸਭ ਤੋ ਵੱਡੇ ਦਾਗੀ ਮੁਜਰਿਮ ਸਿਰਸੇਵਾਲੇ ਸਾਧ ਨੂੰ ਛੁੱਟੀ ਦੇਣੀ ਇਥੋ ਦੇ ਸਮਾਜ ਨੂੰ ਗੰਧਲਾ ਕਰਨ ਵਾਲੀਆ ਤੇ ਚੋਣਾਂ ਸਮੇ ਦੰਗੇ ਫਸਾਦ ਕਰਵਾਉਣ ਵਾਲੇ ਦੁੱਖਦਾਇਕ ਅਮਲ ਹਨ । ਜਦੋਕਿ ਹੁਕਮਰਾਨਾਂ ਤੇ ਅਦਾਲਤਾਂ ਨੂੰ ਪਤਾ ਹੈ ਕਿ ਪੰਜਾਬ ਤੇ ਹਰਿਆਣਾ ਦੇ ਨਿਵਾਸੀ ਇਸ ਕਾਤਲ ਤੇ ਬਲਾਤਕਾਰੀ ਸਾਧ ਨੂੰ ਉਸਦੀਆਂ ਗੈਰ ਇਖਲਾਕੀ ਕਾਰਵਾਈਆ ਕਾਰਨ ਨਫਰਤ ਕਰਦੇ ਹਨ ਅਤੇ ਉਸਦੇ ਰਿਹਾਅ ਹੋਣ ਤੇ ਵੱਖ ਵੱਖ ਕੌਮਾਂ, ਧਰਮਾਂ ਵਿਚ ਦੂਰੀ ਵੱਧਦੀ ਹੈ ਤਾਂ ਅਜਿਹੇ ਸਮੇ ਉਸ ਨੂੰ ਫਿਰ ਛੁੱਟੀ ਦੇ ਦੇਣੀ ਇਹ ਹੁਕਮਰਾਨਾਂ, ਅਦਾਲਤਾਂ ਅਤੇ ਚੋਣ ਕਮਿਸਨ ਦੀ ਮਿਲੀਭੁਗਤ ਨੂੰ ਪ੍ਰਤੱਖ ਕਰਦਾ ਹੈ । ਉਨ੍ਹਾਂ ਕਿਹਾ ਕਿ ਭਾਵੇ ਹਕੂਮਤ ਬੀਜੇਪੀ ਪਾਰਟੀ ਆਪਣੀ ਸਿਆਸੀ ਤਾਕਤ ਦੀ ਅਦਾਲਤਾਂ ਤੇ ਚੋਣ ਕਮਿਸਨ ਉਤੇ ਪ੍ਰਭਾਵ ਪਾ ਕੇ ਉਸਨੂੰ ਰਿਹਾਅ ਕਰਵਾਕੇ ਆਪਣੇ ਫਾਇਦੇ ਵਿਚ ਅਮਲ ਕਰਨਾ ਚਾਹੁੰਦੀ ਹੈ ਪਰ ਹਰਿਆਣਾ ਅਤੇ ਪੰਜਾਬ ਦੇ ਅਣਖੀ ਨਿਵਾਸੀ ਬੀਜੇਪੀ-ਆਰ.ਐਸ.ਐਸ ਦੀ ਮੰਦਭਾਵਨਾ ਭਰੀ ਸੋਚ ਨੂੰ ਕਾਮਯਾਬ ਨਹੀ ਹੋਣ ਦੇਣਗੇ ਅਤੇ ਬੀਜੇਪੀ ਨੂੰ ਲੋਕ ਅਵੱਸ ਸਬਕ ਸਿਖਾਉਣਗੇ ।