ਜਿਵੇਂ ਬਿੱਲੀ ਨੂੰ ਦੇਖਕੇ ਕਬੂਤਰ ਅੱਖਾਂ ਮੀਟ ਲੈਦਾ ਹੈ, ਕੀ ਦਸਵੇ ਪਾਤਸ਼ਾਹੀ ਨੇ ਅਜਿਹੀ ਸਿੱਖ ਕੌਮ ਬਣਾਈ ਸੀ ? : ਮਾਨ
ਫ਼ਤਹਿਗੜ੍ਹ ਸਾਹਿਬ, 17 ਸਤੰਬਰ ( ) “ਜੇਕਰ ਵਿੱਗੇ-ਟੇਡੇ ਰਸਤਿਆ, ਪਹੇ ਜਾਂ ਵੱਟ ਉਤੇ ਚੱਲਣ ਵਾਲੇ ਖੋਤੇ ਦੀਆਂ ਅੱਖਾਂ ਬੰਨ੍ਹ ਦਿੱਤੀਆ ਜਾਣ ਅਤੇ ਉਸ ਨੂੰ ਉਸ ਰਸਤੇ ਤੋਰਿਆ ਜਾਵੇ ਤਾਂ ਉਹ ਵੀ ਉਸ ਰਸਤੇ ਨਹੀ ਜਾਂਦਾ ਜਿਥੇ ਡਿੱਗਕੇ ਕੋਈ ਨੁਕਸਾਨ ਹੋਣ ਦਾ ਖਤਰਾ ਬਣਿਆ ਰਹੇ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਲੰਮੇ ਸਮੇ ਤੋਂ ਸਿੱਖ ਕੌਮ ਨਾਲ ਜਾਬਰ ਹੁਕਮਰਾਨਾਂ ਵੱਲੋਂ ਅਸਹਿ ਤੇ ਅਕਹਿ ਜ਼ਬਰ ਕਰਨ ਵਾਲੀਆ ਤਾਕਤਾਂ ਨੂੰ ਖ਼ਾਲਸਾ ਪੰਥ ਦੇ ਵਾਰਿਸ ਉਨ੍ਹਾਂ ਜਾਲਮਾਂ ਨੂੰ ਵਾਰ-ਵਾਰ ਵੋਟਾਂ ਪਾ ਕੇ ਆਪਣੇ ਉਤੇ ਰਾਜ ਭਾਗ ਕਰਨ ਲਈ ਬਿਠਾ ਦਿੰਦੇ ਹਨ । ਗੁਰੂ ਸਾਹਿਬ ਨੇ ਤਾਂ ਅਜਿਹਾ ਖ਼ਾਲਸਾ ਬਿਲਕੁਲ ਨਹੀ ਸੀ ਬਣਾਇਆ । ਬਲਕਿ ਜਬਰ ਕਰਨ ਵਾਲੀਆ ਤਾਕਤਾਂ ਅੱਗੇ ਚੁਣੋਤੀ ਬਣਕੇ ਖੜ੍ਹਨਾ ਅਤੇ ਜੱਦੋ ਜਹਿਦ ਕਰਕੇ ਫਤਹਿ ਪ੍ਰਾਪਤ ਕਰਕੇ ਆਪਣਾ ਆਜਾਦ ਰਾਜ ਭਾਗ ਕਾਇਮ ਕਰਨ ਹਿੱਤ ਹੀ ਖੰਡੇ ਬਾਟੇ ਦੀ ਪਹੁਲ ਵਿਚੋ ਖਾਲਸਾ ਪੰਥ ਦੀ ਸਿਰਜਣਾ ਕੀਤੀ ਸੀ । ਪਰ ਜੋ ਸਥਿਤੀ ਸਿੱਖ ਕੌਮ ਅਤੇ ਕੌਮੀਅਤ ਦੀ ਇਸ ਸਮੇ ਬਣੀ ਹੋਈ ਹੈ, ਸਿੱਖ ਕੌਮ ਨੇ ਗਰੀਬੀ ਅਤੇ ਗੁਲਾਮੀ ਨੂੰ ਪ੍ਰਵਾਨ ਕਰ ਲਿਆ ਹੈ ਇਸ ਸਥਿਤੀ ਉਤੇ ਤਾਂ ਮੈਨੂੰ ਬਹੁਤ ਤਰਸ ਵੀ ਆਉਦਾ ਹੈ ਅਤੇ ਗੁਰੂ ਸਾਹਿਬ ਦੀ ਸੋਚ ਨੂੰ ਪਿੱਠ ਦੇਣ ਉਤੇ ਕੌਮ ਵੱਲੋ ਕੀਤੇ ਜਾ ਰਹੇ ਫੈਸਲਿਆ ਉਤੇ ਵੱਡਾ ਰੋਹ ਵੀ ਉਤਪੰਨ ਹੁੰਦਾ ਹੈ । ਜਦੋਕਿ ਦਸੇ ਪਾਤਸਾਹੀਆ ਨੇ ਖ਼ਾਲਸਾ ਪੰਥ ਦੀ ਰੁਹਾਨੀਅਤ ਭਰੀ ਅਤੇ ਮਾਨਸਿਕ ਅਤੇ ਸਰੀਰਕ ਤੌਰ ਤੇ ਖਾਲਸਾ ਪੰਥ ਨੂੰ ਹਰ ਖੇਤਰ ਵਿਚ ਮਜਬੂਤ ਰੱਖਣ ਲਈ, ਮਨੁੱਖਤਾ ਤੇ ਇਨਸਾਨੀਅਤ ਵਾਲੇ ਉੱਦਮਾਂ ਲਈ ਆਪਣੀਆ ਮਹਾਨ ਕੁਰਬਾਨੀਆ ਦਿੱਤੀਆ । ਪਰ ਅੱਜ ਜਿਥੇ ਸਿੱਖ ਕੌਮ ਆ ਕੇ ਕੌਮੀਅਤ ਨੂੰ ਪਿੱਠ ਦੇ ਕੇ ਖਲੋ ਗਈ ਹੈ, ਉਹ ਇਕ ਕੌਮ ਲਈ ਬਹੁਤ ਵੱਡਾ ਗੰਭੀਰ ਪ੍ਰਸ਼ਨ ਵੀ ਹੈ ਅਤੇ ਖਾਲਸਾ ਪੰਥ ਦੀਆਂ ਇਤਿਹਾਸਿਕ ਰਵਾਇਤਾ ਨੂੰ ਸਥਾਈ ਤੌਰ ਤੇ ਜਿਊਦਾ ਰੱਖਣ ਲਈ ਇਕ ਚੁਣੋਤੀ ਵੀ ਹੈ । ਜਿਸ ਨੂੰ ਅਸੀ ਖਾਲਸਾਈ ਸਿਧਾਤਾਂ, ਸੋਚ ਅਤੇ ਨਿਯਮਾਂ ਤੇ ਪਹਿਰਾ ਦੇ ਕੇ ਹੀ ਅਤੇ ਆਪਣੀ ਕੌਮੀਅਤ ਪੱਖੀ ਫੈਸਲੇ ਕਰਕੇ ਹੀ ਫਤਹਿ ਕਰ ਸਕਦੇ ਹਾਂ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਅੰਮ੍ਰਿਤਸਰ ਵਿਖੇ ਪਾਰਟੀ ਵੱਲੋ ਭਰਵੇ ਇਕੱਠ ਰਾਹੀ ਮਨਾਏ ਗਏ ਕੌਮਾਂਤਰੀ ਜਮਹੂਰੀਅਤ ਦਿਹਾੜੇ ਮੋਕੇ ਉਤੇ ਕੇਵਲ ਪੰਜਾਬ ਜਾਂ ਇੰਡੀਆ ਵਿਚ ਵੱਸਣ ਵਾਲੀ ਇਨਸਾਨੀਅਤ ਅਤੇ ਸਿੱਖ ਕੌਮ ਨੂੰ ਹੀ ਸੰਦੇਸ ਦਿੰਦੇ ਹੋਏ ਨਹੀ ਕਿਹਾ ਬਲਕਿ ਸਮੁੱਚੇ ਸੰਸਾਰ ਵਿਚ ਵੱਸਦੇ ਗੁਰਸਿੱਖਾਂ ਨੂੰ ਆਪਣੇ ਇਤਿਹਾਸ ਤੋ ਜਾਣੂ ਕਰਵਾਉਦੇ ਹੋਏ ਹਰ ਜ਼ਬਰ ਜੁਲਮ ਵਿਰੁੱਧ ਡੱਟਣ ਅਤੇ ਆਪਣੀਆ ਸਿੱਖੀ ਪ੍ਰੰਪਰਾਵਾ, ਅਸੂਲਾਂ, ਨਿਯਮਾਂ ਤੇ ਪਹਿਰਾ ਦਿੰਦੇ ਹੋਏ ਬਿਨ੍ਹਾਂ ਕਿਸੇ ਜਾਤ-ਪਾਤ ਆਦਿ ਦੇ ਵਿਤਕਰੇ ਤੋ ਇਨਸਾਨੀਅਤ ਨੂੰ ਮਜਬੂਤ ਕਰਨ ਲਈ ਦਿੱਤੇ ਸੰਦੇਸ ਉਤੇ ਪਹਿਰਾ ਦੇਣ ਦੀ ਅਪੀਲ ਕਰਦੇ ਹੋਏ ਜਾਹਰ ਕੀਤੇ । ਉਨ੍ਹਾਂ ਦਸਾਂ ਗੁਰੂ ਸਾਹਿਬਾਨ ਬਾਰੇ ਜਿਕਰ ਕਰਦੇ ਹੋਏ ਕਿਹਾ ਕਿ ਪਹਿਲੀ ਪਾਤਸਾਹੀ ਨੇ ‘ਰਾਜੇ ਸੀਹ ਮੁਕੱਦਮ ਕੁੱਤੇ’ ਦੇ ਸ਼ਬਦ ਦਾ ਉਚਾਰਨ ਕਰਕੇ ਮਾੜੇ ਕਿਰਦਾਰ ਵਾਲੇ ਹੁਕਮਰਾਨ ਦੇ ਵਰਤਾਰੇ ਨੂੰ ਉਜਾਗਰ ਕਰਦੇ ਹੋਏ ਬਾਦਲੀਲ ਢੰਗ ਨਾਲ ਸੱਚ ਨੂੰ ਉਜਾਗਰ ਕੀਤਾ ਅਤੇ ਇਸ ਦੀ ਮਜਬੂਤੀ ਲਈ ਵੱਖ-ਵੱਖ ਦਿਸ਼ਾਵਾਂ ਵੱਲ 4 ਉਦਾਸੀਆ ਕਰਕੇ ਸਮੁੱਚੀ ਮਨੁੱਖਤਾ ਨੂੰ ਸਿੱਖ ਧਰਮ ਲਈ ਪ੍ਰੇਰਿਤ ਕੀਤਾ । ਦੂਸਰੀ ਪਾਤਸਾਹੀ ਭਾਵੇ ਸੇਵਾ ਅਤੇ ਨਿਮਰਤਾ ਦੇ ਪੁੰਜ ਸਨ ਪਰ ਉਨ੍ਹਾਂ ਨੇ ਸਿੱਖਾਂ ਨੂੰ ਮਾਨਸਿਕ ਅਤੇ ਸਰੀਰਕ ਤੌਰ ਤੇ ਮਜਬੂਤ ਕਰਨ ਹਿੱਤ ਅਖਾੜੇ ਬਣਾਏ । ਕਿਉਂਕਿ ਧਰਮ ਨੂੰ ਮੰਜਿਲ ਵੱਲ ਲਿਜਾਣ ਲਈ ਸਰੀਰਕ ਅਤੇ ਮਾਨਸਿਕ ਤਾਕਤ ਅਤਿ ਜਰੂਰੀ ਹੈ । ਤੀਸਰੀ ਪਾਤਸਾਹੀ ਨੇ ਗੋਇੰਦਵਾਲ ਸਾਹਿਬ ਵਿਖੇ ਬਾਊਲੀ ਦਿੱਤੀ ਜਿਥੋ ਉਨ੍ਹਾਂ ਨੇ ਜਾਤ-ਪਾਤ ਦੇ ਕੋਹੜ ਨੂੰ ਖਤਮ ਕਰਨ ਦਾ ਸੁਨੇਹਾ ਦਿੱਤਾ ਅਤੇ ਉਸ ਬਾਊਲੀ ਦੇ ਜਲ ਅਤੇ ਸਰੋਵਰ ਵਿਚੋ ਕੋਈ ਵੀ ਇਨਸਾਨ ਜਲ ਵੀ ਪ੍ਰਾਪਤ ਕਰ ਸਕਦਾ ਹੈ ਅਤੇ ਇਸਨਾਨ ਵੀ ਕਰ ਸਕਦਾ ਹੈ । ਚੌਥੀ ਪਾਤਸਾਹੀ ਨੇ ਅੰਮ੍ਰਿਤਸਰ ਦਾ ਪਵਿੱਤਰ ਸਹਿਰ ਦਿੱਤਾ ਅਤੇ ਸਰੋਵਰ ਦੀ ਬਖਸਿਸ ਕੀਤੀ ਅਤੇ ਸਾਨੂੰ ਇਕ ਬਣਾ ਦਿੱਤਾ । ਪੰਜਵੇ ਪਾਤਸਾਹੀ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਅਤੇ ਸ੍ਰੀ ਦਰਬਾਰ ਸਾਹਿਬ ਦਿੱਤੇ ਜਿਥੋ ਆਤਮਿਕ ਆਨੰਦ ਲਈ 24 ਘੰਟੇ ਗੁਰਬਾਣੀ ਦੇ ਜਾਪ ਕੀਰਤਨ ਹੋਣ ਦੀ ਬਖਸਿਸ ਕੀਤੀ । ਛੇਵੀ ਪਾਤਸਾਹੀ ਨੇ ਮੀਰੀ ਪੀਰੀ ਦੇ ਮਹਾਨ ਸਿਧਾਂਤ ਦੀ ਬਖਸਿਸ ਕਰਦੇ ਹੋਏ ਸਾਨੂੰ ਘੋੜਸਵਾਰੀ, ਤਾਜ, ਕਲਗੀ, ਬਾਜ ਆਦਿ ਦੀਆਂ ਵਿਲੱਖਣ ਅਤੇ ਨਿਰਭੈਤਾ ਵਾਲੇ ਚਿੰਨ੍ਹ ਦਿੱਤੇ । ਕਿਉਂਕਿ ਮੁਗਲਾਂ ਦੇ ਰਾਜ ਸਮੇ ਕੋਈ ਵੀ ਬਾਦਸ਼ਾਹ ਦੀ ਤਰ੍ਹਾਂ ਉੱਚੇ ਸਥਾਂਨ ਤੇ ਨਹੀ ਬੈਠ ਸਕਦਾ ਸੀ, ਨਾ ਘੋੜਸਵਾਰੀ, ਨਾ ਕਲਗੀ, ਨਾ ਤਾਜ ਦੀ ਵਰਤੋ ਕਰ ਸਕਦਾ ਸੀ । ਸੱਤਵੀਂ ਪਾਤਸਾਹੀ ਦੇ ਸਾਹਿਬਜਾਦੇ ਨੇ ਬਾਣੀ ਉਲਟਾ ਦਿੱਤੀ ਜਿਸ ਨੂੰ ਪਾਤਸਾਹ ਨੇ ਖਾਲਸਾ ਪੰਥ ਵਿਚੋ ਬਰਖਾਸਤ ਕਰ ਦਿੱਤਾ ਅਤੇ ਕਦੀ ਉਸਦੇ ਮੱਥੇ ਨਹੀ ਲੱਗੇ । ਅੱਠਵੀ ਪਾਤਸਾਹੀ ਨੇ ਮਨੁੱਖਤਾ ਲਈ ਭਲਾਈ ਅਤੇ ਬਿਮਾਰੀਆਂ ਦੇ ਖਾਤਮੇ ਲਈ ਸਮੂਹਿਕ ਉੱਦਮ ਕੀਤੇ ਅਤੇ ਸਾਨੂੰ ਇਕ ਬਣਾਇਆ । ਨੌਵੀ ਪਾਤਸਾਹੀ ਨੇ ਮਨੁੱਖਤਾ ਤੇ ਧਰਮ ਦੀ ਰਾਖੀ ਲਈ ਆਪਣੀ ਸ਼ਹਾਦਤ ਦਿੱਤੀ । ਦਸਵੇ ਪਾਤਸਾਹੀ ਨੇ ਖਾਲਸੇ ਦੀ ਸਿਰਜਣਾ ਦੇ ਦ੍ਰਿੜਤਾ ਭਰੇ ਆਖਰੀ ਪੜਾਅ ਨੂੰ ਸੰਪੂਰਨ ਕਰਨ ਦੇ ਮਿਸਨ ਅਧੀਨ ਆਪਣੇ ਸਰਬੰਸ ਨੂੰ ਸਾਡੇ ਲਈ ਵਾਰਿਆ ਅਤੇ ਹਰ ਤਰ੍ਹਾਂ ਦੇ ਜਬਰ ਜੁਲਮ ਵਿਰੁੱਧ ਡੱਟਣ ਦਾ ਸੰਦੇਸ ਦੇ ਕੇ ਮਨੁੱਖਤਾ ਦੀ ਬਿਹਤਰੀ ਲਈ ਸਾਨੂੰ ਤਿਆਰ ਕੀਤਾ । ਇਥੋ ਤੱਕ ਅੰਗਰੇਜ਼ਾਂ ਨੇ ਕਿਹਾ ਸੀ ਕਿ ਜੇਕਰ ਸਾਡੀ ਫ਼ੌਜ ਵਿਚ ਸਿੱਖ ਕੌਮ ਭਰਤੀ ਕਰ ਦਿੱਤੀ ਜਾਵੇ ਤਾਂ ਸਾਨੂੰ ਦੁਨੀਆ ਦੀ ਕੋਈ ਤਾਕਤ ਨਹੀ ਹਰਾ ਸਕਦੀ । ਪਹਿਲੀ ਅਤੇ ਦੂਸਰੀ ਸੰਸਾਰ ਜੰਗ ਵਿਚ ਆਪਣੇ ਬਹਾਦਰ ਅਤੇ ਫਖਰਨੂਮਾ ਕਾਰਨਾਮਿਆ ਦਾ ਜੌਹਰ ਦਿਖਾਉਦੇ ਹੋਏ 25 ਮੁਲਕਾਂ ਨੂੰ ਹਾਰ ਦਿੱਤੀ । ਜਦੋਕਿ ਗਾਂਧੀ, ਨਹਿਰੂ-ਹਿਟਲਰ ਅਤੇ ਤੋਜੋ ਵਰਗੇ ਤਾਨਾਸਾਹਾਂ ਅੱਗੇ ਈਨ ਮੰਨਣ ਦੇ ਆਦੀ ਸਨ । ਪਰ ਦੁੱਖ ਅਤੇ ਅਫਸੋਸ ਹੈ ਜਦੋ ਜ਼ਬਰ ਜੁਲਮ ਅਤੇ ਬੇਇਨਸਾਫ਼ੀਆਂ ਦਾ ਅੰਤ ਕਰਨ ਲਈ ਖਾਲਸਾ ਪੰਥ ਦੇ ਹੱਕ ਵਿਚ ਵੋਟ ਪਾਉਣ ਦਾ ਸਮਾਂ ਆਉਦਾ ਹੈ ਤਾਂ ਸਿੱਖ ਕੌਮ ਨੂੰ ਪਤਾ ਨਹੀ ਕੀ ਹੋ ਜਾਂਦਾ ਹੈ । ਜਿਵੇ ਜਦੋ ਗਿੱਦੜ ਦੇ ਗੂਹ ਦੀ ਲੌੜ ਹੁੰਦੀ ਹੈ, ਉਹ ਪਹਾੜੀ ਚੜ੍ਹ ਜਾਂਦਾ ਹੈ । ਅੱਜ ਸਿੱਖ ਕੌਮ ਦਾ ਰਾਜ ਭਾਗ ਕਾਇਮ ਕਰਨ ਸਮੇ ਸਿੱਖ ਕੌਮ ਦੇ ਹਾਲਾਤ ਅਜਿਹੇ ਬਣੇ ਹੋਏ ਹਨ ।
ਉਨ੍ਹਾਂ ਕਿਹਾ ਕਿ ਜਦੋ ਮੈਂ ਜੇਲ੍ਹ ਵਿਚ ਲੰਮਾਂ ਸਮਾਂ ਰਿਹਾ ਤਾਂ ਰਿਹਾਅ ਹੋਣ ਉਪਰੰਤ ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ, ਪਠਾਨਕੋਟ ਆਦਿ ਸਰਹੱਦੀ ਇਲਾਕਿਆ ਜਿਥੇ ਬਹੁਤ ਜ਼ਬਰ ਹੋਇਆ ਉਨ੍ਹਾਂ ਵਿਚ 4 ਮਹੀਨੇ ਤੁਰਦਾ ਫਿਰਦਾ ਰਿਹਾ । ਮੇਰੇ ਮਾਤਾ-ਪਿਤਾ ਨੇ ਇਕ ਦਿਨ ਮੈਨੂੰ ਬੁਲਾਕੇ ਬਿਠਾਕੇ ਕਿਹਾ ਕਿ ਤੈਨੂੰ ਜੇਲ੍ਹ ਵਿਚੋ ਇਸ ਲਈ ਛੁਡਾਇਆ ਹੈ, ਤੂੰ ਕੀ ਕਰਨਾ ਚਾਹੁੰਦਾ ਹੈ ? ਤੈਨੂੰ ਗੁਰੂ ਸਾਹਿਬ ਨੇ ਸਾਥ ਦਿੱਤਾ ਹੈ, ਕੀ ਤੂ ਗਲਤੀ ਤਾਂ ਨਹੀ ਕਰ ਰਿਹਾ । ਅਸੀ ਆਪਣੀ ਬਹੁਤ ਸਾਰੀ ਉਮਰ ਹੰਢਾ ਲਈ ਹੈ । ਜੇਕਰ ਤੂ ਖ਼ਾਲਿਸਤਾਨ ਦੇ ਕੌਮੀ ਮਿਸਨ ਤੋ ਪਿੱਛੇ ਹੱਟ ਗਿਆ ਤਾਂ ਸਾਡੀ ਆਤਮਾ ਤੜਫਦੀ ਰਹੇਗੀ ਇਸ ਲਈ ਤੂ ਬੰਦਾ ਬਣਜਾ ਕਿਉਂਕਿ ਅਸੀ ਖਾਲਿਸਤਾਨ ਲਈ ਕੁਝ ਨਹੀ ਕਰ ਸਕੇ । ਬੀਤੇ ਕੁਝ ਦਿਨ ਪਹਿਲੇ ਕਲਾਨੌਰ ਵਿਖੇ ਮੈਨੂੰ 5 ਬੀਬੀਆ ਮਿਲੀਆ ਜਿਨ੍ਹਾਂ ਦੇ ਪੁੱਤਰ ਜਾਂ ਪਤੀ ਸਹਾਦਤ ਦਾ ਜਾਮ ਪੀ ਚੁੱਕੇ ਸਨ । ਅਸੀ ਆਪਣੀ ਜੱਦੋ ਜਹਿਦ ਨੂੰ ਸਿਰੇ ਕਿਉ ਨਹੀ ਲਗਾ ਸਕੇ, ਕੀ ਵਜਹ ਹੈ ? ਵੋਟ ਪਾਉਣ ਸਮੇ ਸਾਡੀ ਸਿੱਖਾਂ ਦੀ ਜਮੀਰ ਨੂੰ ਕੀ ਹੋ ਜਾਂਦਾ ਹੈ, ਅਸੀ ਆਪਣੇ ਉਤੇ ਜਬਰ ਜੁਲਮ ਢਾਹੁਣ ਵਾਲਿਆ ਨੂੰ ਹੀ ਵੋਟਾਂ ਪਾ ਦਿੰਦੇ ਹਾਂ । ਇਹ ਗੁਰੂ ਗੋਬਿੰਦ ਸਿੰਘ ਦੇ ਖਾਲਸੇ ਦਾ ਕੰਮ ਨਹੀ । ਜੇਕਰ ਆਪਣੀ ਵੋਟ ਅਤੇ ਆਪਣੀ ਕੌਮੀਅਤ ਨੂੰ ਅੱਗੇ ਨਹੀ ਲਿਜਾਣਾ ਫਿਰ ਅਸੀ ਕੀ ਕਰ ਰਹੇ ਹਾਂ ? ਇਕ ਬੰਦਾ ਸਾਡੇ ਲਈ ਮੰਜੀ ਡਾਹਕੇ ਸਤਿਕਾਰ ਨਾਲ ਬਿਠਾਉਣਾ ਚਾਹੁੰਦਾ ਹੈ, ਦੂਸਰਾ ਭੂੰਜੇ ਬਿਠਾਉਣ ਲਈ ਤਿਆਰ ਹੈ । ਅਸੀ ਮੰਜੇ ਉਤੇ ਸਤਿਕਾਰ ਨਾਲ ਬੈਠਣ ਦੀ ਬਜਾਇ ਭੂੰਜੇ ਬੈਠਣ ਵਾਲੀ ਗੱਲ ਨੂੰ ਤਾਕਤ ਦੇ ਕੇ ਕੀ ਵੱਡੀ ਗੁਸਤਾਖੀ ਨਹੀ ਕਰ ਰਹੇ ?
ਜਦੋਂ ਇਸ ਮੁਲਕ ਦੇ ਹੁਕਮਰਾਨ ਆਜਾਦੀ ਚਾਹੁੰਣ ਵਾਲੇ ਸਿੱਖਾਂ ਨੂੰ ਸਾਜਸੀ ਢੰਗਾਂ ਰਾਹੀ ਬਾਹਰਲੇ ਮੁਲਕਾਂ ਅਤੇ ਇੰਡੀਆ ਵਿਚ ਕਤਲ ਕਰ ਰਹੇ ਹਨ ਅਤੇ ਮੋਦੀ, ਗ੍ਰਹਿ ਵਜੀਰ ਅਮਿਤ ਸ਼ਾਹ, ਵਿਦੇਸ ਵਜੀਰ ਜੈਸੰਕਰ, ਰੱਖਿਆ ਵਜੀਰ ਰਾਜਨਾਥ ਸਿੰਘ, ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਅ ਮੁੱਖੀ ਰਵੀ ਸਿਨ੍ਹਾ ਅਤੇ ਸਾਬਕਾ ਰਾਅ ਮੁੱਖੀ ਸੰਮਤ ਗੋਇਲ ਨੇ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ, ਬਰਤਾਨੀਆ ਵਿਚ ਅਵਤਾਰ ਸਿੰਘ ਖੰਡਾ, ਪਾਕਿਸਤਾਨ ਵਿਚ ਪਰਮਜੀਤ ਸਿੰਘ ਪੰਜਵੜ ਅਤੇ ਲਖਬੀਰ ਸਿੰਘ ਰੋਡੇ, ਹਰਿਆਣਾ ਵਿਚ ਦੀਪ ਸਿੰਘ ਸਿੱਧੂ, ਪੰਜਾਬ ਵਿਚ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਕਤਲ ਕਰਵਾਏ ਗਏ ਹਨ, ਇਥੋ ਤੱਕ ਅਮਰੀਕਨ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਉਤੇ ਨਿਊਯਾਰਕ ਵਿਚ ਹਮਲਾ ਕਰਨ ਦੀ ਸਾਜਿਸ ਰਚੀ ਗਈ । ਜੇਕਰ ਖ਼ਾਲਸਾ ਪੰਥ ਸੁਚੇਤ ਅਤੇ ਦ੍ਰਿੜ ਹੋ ਕੇ ਸਾਨੂੰ ਆਪਣੀ ਕੌਮੀਅਤ ਸੋਚ ਰਾਹੀ ਤਾਕਤ ਦੇਵੇਗੀ, ਤਦ ਹੀ ਅਸੀ ਜਾਬਰ ਤੇ ਜਾਲਮ ਹੁਕਮਰਾਨਾਂ ਵਿਰੁੱਧ ਕੌਮਾਂਤਰੀ ਪੱਧਰ ਤੇ ਖ਼ਾਲਸਾ ਪੰਥ ਪੱਖੀ ਲਹਿਰ ਖੜ੍ਹੀ ਕਰਕੇ ਕੌਮੀ ਕਾਤਲਾਂ ਨੂੰ ਸਜ਼ਾ ਦਿਵਾਉਣ ਅਤੇ ਸਿੱਖ ਕੌਮ ਦੇ ਕਤਲੇਆਮ ਨੂੰ ਅਮਲੀ ਰੂਪ ਵਿਚ ਰੋਕਣ ਲਈ ਉੱਦਮ ਕਰ ਸਕਾਂਗੇ ।
ਹੁਣ ਜਦੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਸਾਡੀਆ ਧਾਰਮਿਕ ਚੋਣਾਂ ਆ ਰਹੀਆ ਹਨ ਜਿਸ ਲਈ ਗੁਰੂ ਸਾਹਿਬ ਦੇ ਹਰ ਸਿੱਖ ਦਾ ਇਹ ਫਰਜ ਬਣਦਾ ਹੈ ਕਿ ਉਹ ਆਪਣੀ ਕੌਮੀਅਤ ਵਾਲੀ ਰਾਜ ਭਾਗ ਕਰਨ ਵਾਲੀ ਸੋਚ ਨੂੰ ਮਜਬੂਤੀ ਬਖਸੇ । ਜੇਕਰ ਸਿੱਖ ਇਸ ਮਿਸਨ ਲਈ ਵੋਟਾਂ ਦੇਣਗੇ ਅਤੇ ਸਾਨੂੰ ਧਾਰਮਿਕ ਤੇ ਸਿਆਸੀ ਤਾਕਤ ਵੱਲ ਲਿਜਾਣਗੇ ਤਦ ਹੀ ਅਸੀ ਕੌਮ ਅਤੇ ਕੌਮੀਅਤ ਲਈ ਕੁਝ ਵਡੇਰੇ ਉਦਮ ਕਰਨ ਲਈ ਸਮਰੱਥ ਹੋ ਸਕਾਂਗੇ। ਅਸੀ ਇਸ ਮਿਸਨ ਅਧੀਨ ਗਰੀਬਾਂ ਲਈ ਉੱਚ ਦਰਜੇ ਦੀਆਂ ਡਿਗਰੀਆਂ, ਤਾਲੀਮ ਦੇਣ ਲਈ ਸਕੂਲ ਅਤੇ ਕਾਲਜ ਖੋਲਾਗੇ, ਜਿਸ ਵਿਚ ਸੰਸਾਰ ਪੱਧਰ ਦੀ ਤਾਲੀਮ ਦੇ ਨਾਲ-ਨਾਲ ਇਖਲਾਕੀ, ਸਮਾਜਿਕ ਅਤੇ ਕੌਮੀਅਤ ਪੱਖੀ ਸੋਚ ਨੂੰ ਮਜਬੂਤ ਕਰਨ ਦੀ ਜਿੰਮੇਵਾਰੀ ਵੀ ਪੂਰਨ ਕਰਨੀ ਹੋਵੇਗੀ । 32-32 ਸਾਲਾਂ ਤੋ ਜ਼ਬਰੀ ਬਣਾਏ ਗਏ ਸਿੱਖਾਂ ਦੀ ਰਿਹਾਈ, ਸਿੱਖ ਕੌਮ ਦਾ ਕਤਲੇਆਮ ਕਰਨ ਵਾਲੇ ਸਿਆਸਤਦਾਨਾਂ ਤੇ ਜਾਲਮ ਅਫਸਰਾਂ ਨੂੰ ਕਾਨੂੰਨ ਅਨੁਸਾਰ ਸਜ਼ਾ ਦਿਵਾਉਣ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕਰਨ ਵਾਲੀਆ ਤਾਕਤਾਂ ਨੂੰ ਕਾਨੂੰਨ ਦੇ ਕਟਹਿਰੇ ਵਿਚ ਖੜ੍ਹਾ ਕਰਨ, ਗੁਰੂ ਸਾਹਿਬ ਦੀ ਸੋਚ ਅਨੁਸਾਰ ਬਰਾਬਰਤਾ ਦੀ ਸੋਚ ਨੂੰ ਲਾਗੂ ਕਰਕੇ ਅਜਿਹਾ ਹਲੀਮੀ ਰਾਜ ਕਾਇਮ ਕਰਾਂਗੇ ਜਿਸ ਵਿਚ ਕਿਸੇ ਵੀ ਧਰਮ, ਕੌਮ, ਫਿਰਕੇ, ਕਬੀਲੇ ਨਾਲ ਕੋਈ ਵਿਤਕਰਾ ਨਹੀ ਹੋਵੇਗਾ । ਜੋ ਪੰਜਾਬ ਦੀਆਂ ਬੀਬੀਆਂ, ਨੌਜਵਾਨਾਂ, ਬਜੁਰਗਾਂ ਤੇ ਪਾਰਟੀ ਦੇ ਅਹੁਦੇਦਾਰਾਂ, ਮੈਬਰਾਂ ਨੇ ਉਪਰੋਕਤ ‘ਕੌਮਾਂਤਰੀ ਜਮਹੂਰੀਅਤ ਦਿਹਾੜੇ’ ਦੇ ਵੱਡੇ ਇਕੱਠ ਤੇ ਮਿਸਨ ਨੂੰ ਕਾਮਯਾਬ ਕਰਨ ਹਿੱਤ ਬਾਖੂਬੀ ਆਪਣੀਆ ਜਿੰਮੇਵਾਰੀਆ ਪੂਰਨ ਕਰਦੇ ਹੋਏ ਪੰਜਾਬ, ਇੰਡੀਆ ਅਤੇ ਬਾਹਰਲੇ ਮੁਲਕਾਂ ਵਿਚ ਪਾਰਟੀ ਦੇ ਸੰਦੇਸ ਨੂੰ ਪਹੁੰਚਾਉਣ ਵਿਚ ਭੂਮਿਕਾ ਨਿਭਾਈ ਹੈ, ਉਨ੍ਹਾਂ ਸਭਨਾਂ ਦਾ ਮੈਂ ਆਪਣੇ ਵੱਲੋ ਅਤੇ ਪਾਰਟੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਜਿਥੇ ਧੰਨਵਾਦੀ ਹਾਂ, ਉਥੇ ਆਉਣ ਵਾਲੇ ਸਮੇ ਵਿਚ ਐਸ.ਜੀ.ਪੀ.ਸੀ ਦੀਆਂ ਜਾਂ ਹੋਰ ਸਿਆਸੀ ਚੋਣਾਂ ਵਿਚ ਜਾਬਰ ਤਾਕਤਾਂ ਵਿਰੁੱਧ ਡੱਟਕੇ ਖਲੋਣ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਆਪੋ ਆਪਣੀਆ ਵੋਟਾਂ ਰਾਹੀ ਤਾਕਤ ਦੇਣ ਦੀ ਪੂਰਨ ਉਮੀਦ ਰੱਖਦਾ ਹਾਂ ਤਾਂ ਕਿ ਅਸੀ ਸਭ ਆਪਣੇ ਗੁਰੂ ਸਾਹਿਬਾਨ ਦੇ ਸਿਧਾਤਾਂ, ਸੋਚ ਨੂੰ ਮਜਬੂਤੀ ਨਾਲ ਪੂਰਨ ਕਰ ਸਕੀਏ ਅਤੇ ਗੁਲਾਮੀ ਤੇ ਗਰੀਬੀ ਦੇ ਜੂਲੇ ਦਾ ਅੰਤ ਕਰਕੇ ਆਪਣੀ ਕੌਮੀਅਤ ਨੂੰ ਪੂਰਨ ਆਜਾਦੀ ਦਿਵਾ ਸਕੀਏ ।