ਸਾਬਕਾ ਪਟਵਾਰੀ ਮੋਹਨ ਸਿੰਘ ਭੇਡਪੁਰਾ ਨਾਲ ਸੁਖਬੀਰ ਬਾਦਲ ਤੇ ਅਫਸਰਾਂ ਵੱਲੋ ਬੀਤੇ ਸਮੇ ਵਿਚ ਕੀਤੇ ਜ਼ਬਰ ਦੀ ਨਿਰਪੱਖਤਾ ਨਾਲ ਜਾਂਚ ਹੋਵੇ : ਮਾਨ
ਫ਼ਤਹਿਗੜ੍ਹ ਸਾਹਿਬ, 13 ਸਤੰਬਰ ( ) “ਜਦੋ 2007 ਤੋ ਲੈਕੇ 2017 ਤੱਕ ਪੰਜਾਬ ਸੂਬੇ ਵਿਚ ਬਾਦਲ ਦਲ-ਬੀਜੇਪੀ ਦੀ ਸਰਕਾਰ ਰਹੀ ਤਾਂ ਉਸ ਸਮੇ ਸ. ਮੋਹਨ ਸਿੰਘ ਪਟਵਾਰੀ ਜੋ ਸਰਕਾਰੀ ਨੌਕਰੀ ਤੇ ਸੇਵਾ ਕਰਦੇ ਰਹੇ ਹਨ, ਨੇ ਸ. ਸੁਖਬੀਰ ਸਿੰਘ ਬਾਦਲ ਗ੍ਰਹਿ ਵਜੀਰ ਨੂੰ 2009 ਵਿਚ ਉਨ੍ਹਾਂ ਦੀ ਜਮੀਨ ਦੀ ਜਮ੍ਹਾਬੰਦੀ ਦੇ ਕਾਨੂੰਨੀ ਤੌਰ ਤੇ ਬਣਦੀ 20 ਰੁਪਏ ਫ਼ੀਸ ਜਮ੍ਹਾ ਕਰਵਾਉਣ ਲਈ ਕਿਹਾ ਤਾਂ ਉਸਨੂੰ ਇਕ ਝੂਠੇ ਕੇਸ ਵਿਚ ਉਲਝਾਕੇ ਆਪਣੇ ਚੇਹਤੇ ਪੁਲਿਸ ਅਫਸਰਾਂ ਦੇ ਹਵਾਲੇ ਕਰ ਦਿੱਤਾ । ਜਿਨ੍ਹਾਂ ਨੇ ਸ. ਮੋਹਨ ਸਿੰਘ ਭੇਡਪੁਰਾ ਪਟਵਾਰੀ ਨਾਲ ਗੈਰ ਕਾਨੂੰਨੀ ਤੇ ਗੈਰ ਇਨਸਾਨੀਅਤ ਤਰੀਕੇ ਜ਼ਬਰ ਕਰਦੇ ਹੋਏ ਉਸਦੇ ਕੱਪੜੇ ਲਹਾਕੇ ਅਤਿ ਸ਼ਰਮਨਾਕ ਢੰਗ ਨਾਲ ਤਸੱਦਦ ਕਰਨ ਵਾਲੇ ਦੋਸ਼ੀ ਅਫਸਰਾਨ ਤੇ ਇਸ ਹੋਈ ਘਟਨਾ ਦੀ ਨਿਰਪੱਖਤਾ ਨਾਲ ਜਾਂਚ ਕਰਵਾਉਣ ਦੀ ਮੰਗ ਰੱਖੀ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਅਨ ਵਿਧਾਨ ਦੀ ਧਾਰਾ 14 ਅਨੁਸਾਰ ਭਾਵੇ ਕੋਈ ਵੀ ਇਨਸਾਨ ਜਾਂ ਇੰਡੀਅਨ ਨਾਗਰਿਕ ਕਿੰਨੇ ਵੀ ਵੱਡੇ ਅਹੁਦੇ ਤੇ ਬਿਰਾਜਮਾਨ ਹੋਵੇ, ਨੂੰ ਬਰਾਬਰਤਾ ਦੇ ਅਤੇ ਇਨਸਾਫ ਦੇ ਆਧਾਰ ਤੇ ਵਿਵਹਾਰ ਕਰਨ ਅਤੇ ਇਨਸਾਫ ਮਿਲਣ ਦੀ ਗੱਲ ਕਰਦੇ ਹੋਏ ਪੰਜਾਬ ਦੀ ਮੌਜੂਦਾ ਭਗਵੰਤ ਮਾਨ ਸਰਕਾਰ ਤੋ ਇਸ ਅਤਿ ਹਿਰਦੇਵੇਦਕ ਘਟਨਾ ਦੀ ਨਿਰਪੱਖਤਾ ਨਾਲ ਜਾਂਚ ਕਰਵਾਉਣ ਦੀ ਮੰਗ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਪੰਜਾਬ ਦੀ ਸ. ਭਗਵੰਤ ਮਾਨ ਸਰਕਾਰ ਇਸ ਹੋਈ ਬੇਇਨਸਾਫ਼ੀ ਤੇ ਜ਼ਬਰ ਨੂੰ ਹਲਕੇ ਵਿਚ ਨਾ ਲੈਕੇ ਗੰਭੀਰਤਾ ਨਾਲ ਲੈਦੇ ਹੋਏ ਜਿਥੇ ਜਾਂਚ ਕਰਵਾਏ ਉਥੇ ਆਉਣ ਵਾਲੇ ਸਮੇ ਵਿਚ ਸਿਆਸਤਦਾਨਾਂ ਅਤੇ ਹਕੂਮਤ ਤੇ ਕਾਬਜ ਲੋਕਾਂ ਤੇ ਅਫਸਰਾਨ ਨੂੰ ਇਕ ਚੰਗੀ ਦਿਸ਼ਾ ਵੱਲ ਪ੍ਰੇਰਣ ਦੇ ਅਮਲ ਕਰੇਗੀ ਜਿਸ ਨਾਲ ਸੱਚ ਅਤੇ ਇਨਸਾਫ਼ ਦੇ ਤਕਾਜੇ ਨੂੰ ਬਲ ਮਿਲੇਗਾ ਅਤੇ ਕਦੀ ਵੀ ਕੋਈ ਤਾਕਤ ਅਤੇ ਪੈਸੇ ਦੇ ਨਸੇ ਵਿਚ ਕਿਸੇ ਨਾਲ ਵਧੀਕੀ ਜਾਂ ਬੇਇਨਸਾਫ਼ੀ ਨਹੀ ਕਰੇਗੀ ।