ਜੇਕਰ ਇੰਡੀਅਨ ਹੁਕਮਰਾਨ ਦੂਜੇ ਮੁਲਕਾਂ ਅਤੇ ਕੌਮਾਂ ਤੋਂ ਅੱਛੀ ਭਾਵਨਾ ਤੇ ਅਮਲ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਵੀ ਘੱਟ ਗਿਣਤੀ ਕੌਮਾਂ ਨਾਲ ਅੱਛਾ ਵਿਵਹਾਰ ਰੱਖਣਾ ਪਵੇਗਾ : ਮਾਨ
ਬੰਗਲਾਦੇਸ਼ ਵਿਚ ਘੱਟ ਗਿਣਤੀ ਹਿੰਦੂਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ
ਫ਼ਤਹਿਗੜ੍ਹ ਸਾਹਿਬ, 10 ਅਗਸਤ ( ) “ਅਸੀਂ ਆਰ.ਐਸ.ਐਸ. ਦੀ ਇਸ ਗੱਲ ਨਾਲ ਬਿਲਕੁਲ ਸਹਿਮਤ ਨਹੀ ਕਿ ਬੰਗਲਾਦੇਸ ਵਿਚ ਹਿੰਦੂਆਂ ਨੂੰ ਨਿਸ਼ਾਨਾਂ ਬਣਾਇਆ ਜਾ ਰਿਹਾ ਹੈ । ਕਿਉਂਕਿ ਜੇਕਰ ਹੁਕਮਰਾਨ ਚਾਹੁੰਦੇ ਹਨ ਕਿ ਸਾਡੇ ਨਾਲ ਹਮੇਸ਼ਾਂ ਚੰਗਾਂ ਹੋਵੇ, ਤਾਂ ਉਸ ਲਈ ਹੁਕਮਰਾਨਾਂ ਨੂੰ ਵੀ ਇਥੇ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਨਾਲ ਉਹੋ ਜਿਹਾ ਬਰਾਬਰਤਾ ਤੇ ਸਤਿਕਾਰ ਵਾਲਾ ਵਿਵਹਾਰ ਕਰਨਾ ਚਾਹੀਦਾ ਹੈ । ਜਿਸ ਤਰ੍ਹਾਂ ਉਹ ਦੂਸਿਆਂ ਕੋਲੋ ਚਾਹੁੰਦੇ ਹਨ । ਇਸ ਵਿਸੇ ਤੇ ਹਿੰਦੂਤਵ ਹੁਕਮਰਾਨ ਨੂੰ ਆਪਣੀ ਪੀੜ੍ਹੀ ਥੱਲ੍ਹੇ ਸੋਟਾ ਫੇਰਨਾ ਪਵੇਗਾ ਕਿ ਇੰਡੀਆਂ ਵਿਚ ਰਹਿਣ ਵਾਲੀਆ ਘੱਟ ਗਿਣਤੀ ਕੌਮਾਂ ਮੁਸਲਿਮ, ਸਿੱਖ, ਇਸਾਈ, ਰੰਘਰੇਟੇ ਅਤੇ ਕਬੀਲਿਆ ਨਾਲ ਉਹ ਲੰਮੇ ਸਮੇ ਤੋਂ ਕਿਹੋ ਜਿਹਾ ਸਲੂਕ ਕਰਦੇ ਆ ਰਹੇ ਹਨ ? ਜੇਕਰ ਹੁਕਮਰਾਨ ਕੱਟੜਤਾ ਦੀ ਸੋਚ ਅਧੀਨ ਘੱਟ ਗਿਣਤੀਆਂ ਨਾਲ ਜ਼ਬਰ-ਜੁਲਮ, ਬੇਇਨਸਾਫ਼ੀਆਂ ਕਰਦੇ ਰਹੇ ਹਨ ਤਾਂ ਇਹ ਉਮੀਦ ਰੱਖਣੀ ਕਿ ਤੁਹਾਡੇ ਨਾਲ ਦੂਸਰਿਆ ਵੱਲੋ ਠੀਕ ਵਰਤਾਅ ਹੋਵੇ, ਇਹ ਤਾਂ ਮੂਰਖਾ ਦੀ ਦੁਨੀਆ ਵਿਚ ਵੱਸਣ ਵਾਲੀ ਸੋਚ ਹੋਵੇਗੀ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਿੰਦੂਤਵ ਹੁਕਮਰਾਨਾਂ ਨੂੰ ਦੂਜੀਆ ਕੌਮਾਂ ਤੇ ਦੂਜੇ ਮੁਲਕਾਂ ਵਿਚ ਵੱਸਣ ਵਾਲੀ ਹਿੰਦੂ ਕੌਮ ਲਈ ਅੱਛੇ ਵਰਤਾਅ ਹੋਣ ਦੀ ਉਮੀਦ ਰੱਖਣ ਉਤੇ ਖੁਦ ਵੀ ਹੁਕਮਰਾਨਾਂ ਵੱਲੋ ਉਸੇ ਤਰ੍ਹਾਂ ਦਾ ਅੱਛਾ ਵਰਤਾਅ ਇੰਡੀਆ ਵਿਚ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਨਾਲ ਕਰਨ ਤੇ ਇਨਸਾਫ਼ ਦੇਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਬਰਾਬਰਤਾ ਦੀ ਸੋਚ ਦਾ ਕਾਇਲ ਹੈ ਇਸ ਲਈ ਬੰਗਲਾਦੇਸ ਵਿਚ ਘੱਟ ਗਿਣਤੀ ਹਿੰਦੂ ਕੌਮ ਦੀ ਸੁਰੱਖਿਆ ਯਕੀਨੀ ਬਣਾਉਣੀ ਜਰੂਰੀ ਹੈ । ਲੇਕਿਨ ਇਸਦੇ ਨਾਲ ਹੀ ਸ. ਮਾਨ ਨੇ ਇਸ ਗੱਲ ਦਾ ਗਹਿਰਾ ਦੁੱਖ ਜਾਹਰ ਕੀਤਾ ਕਿ ਬੀਜੇਪੀ-ਆਰ.ਐਸ.ਐਸ ਦੀ ਨਰਿੰਦਰ ਮੋਦੀ ਦੀ ਸੈਟਰ ਸਰਕਾਰ ਤੇ ਉਨ੍ਹਾਂ ਦੀ ਜੁੰਡਲੀ ਜਿਸ ਵਿਚ ਸ੍ਰੀ ਮੋਦੀ ਤੋ ਇਲਾਵਾ ਗ੍ਰਹਿ ਵਜੀਰ ਅਮਿਤ ਸ਼ਾਹ, ਵਿਦੇਸ਼ ਵਜੀਰ ਜੈਸੰਕਰ, ਰੱਖਿਆ ਵਜੀਰ ਰਾਜਨਾਥ ਸਿੰਘ, ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਅ ਮੁੱਖੀ ਰਵੀ ਸਿਨ੍ਹਾ ਅਤੇ ਸਾਬਕਾ ਰਾਅ ਮੁੱਖੀ ਸੰਮਤ ਗੋਇਲ ਨੇ ਬਾਹਰਲੇ ਮੁਲਕਾਂ ਅਤੇ ਇੰਡੀਆਂ ਵਿਚ ਜੋ ਆਜਾਦੀ ਚਾਹੁੰਣ ਵਾਲੇ ਸਿੱਖਾਂ ਨੂੰ ਕਤਲ ਕਰਨ ਦੀ ਮਨੁੱਖਤਾ ਵਿਰੋਧੀ ਨੀਤੀ ਅਧੀਨ ਕੈਨੇਡਾ ਵਿਚ ਭਾਈ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਤੇ ਸੁਖਦੂਲ ਸਿੰਘ, ਬਰਤਾਨੀਆ ਵਿਚ ਅਵਤਾਰ ਸਿੰਘ ਖੰਡਾ, ਪਾਕਿਸਤਾਨ ਵਿਚ ਪਰਮਜੀਤ ਸਿੰਘ ਪੰਜਵੜ ਤੇ ਲਖਬੀਰ ਸਿੰਘ ਰੋਡੇ, ਹਰਿਆਣੇ ਵਿਚ ਦੀਪ ਸਿੰਘ ਸਿੱਧੂ ਅਤੇ ਪੰਜਾਬ ਵਿਚ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਨੂੰ ਕਤਲ ਕਰਨ ਦੇ ਨਾਲ-ਨਾਲ ਅਮਰੀਕਨ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਨੂੰ ਕਤਲ ਕਰਨ ਦੀ ਅਸਫਲ ਕੋਸਿਸ ਕੀਤੀ ਸੀ । ਜਿਨ੍ਹਾਂ ਦੇ ਕਾਤਲਾਂ ਨੂੰ ਅਮਰੀਕਾ ਅਤੇ ਕੈਨੇਡਾ ਨੇ ਗ੍ਰਿਫਤਾਰ ਕੀਤਾ ਹੈ ਤੇ ਆਪੋ ਆਪਣੀਆ ਪਾਰਲੀਮੈਟ ਵਿਚ ਅਤੇ ਜਨਤਕ ਤੌਰ ਤੇ ਉਪਰੋਕਤ ਕਤਲਾਂ ਲਈ ਇੰਡੀਅਨ ਹੁਕਮਰਾਨਾਂ ਨੂੰ ਕੌਮਾਂਤਰੀ ਪੱਧਰ ਤੇ ਦੋਸ਼ੀ ਠਹਿਰਾਉਦੇ ਹੋਏ ਕਿਹਾ ਹੈ ਕਿ ਇੰਡੀਅਨ ਹੁਕਮਰਾਨਾਂ ਨੇ ਅਮਰੀਕਾ ਦੀ ਮੁਨਰੋ ਡਾਕਟਰੀਨ ਦੇ ਨਿਯਮ ਦਾ ਵੀ ਘਾਣ ਕੀਤਾ ਹੈ ਅਤੇ ਅਮਰੀਕਾ, ਕੈਨੇਡਾ, ਇਸਲਾਮਿਕ ਪਾਕਿਸਤਾਨ, ਬਰਤਾਨੀਆ ਦੀ ਪ੍ਰਭੂਸਤਾ ਨੂੰ ਚੁਣੋਤੀ ਦੇਣ ਦੀ ਵੱਡੀ ਗੁਸਤਾਖੀ ਕੀਤੀ ਹੈ ।
ਉਨ੍ਹਾਂ ਕਿਹਾ ਕਿ ਜਦੋ ਕੌਮਾਂਤਰੀ ਪੱਧਰ ਤੇ ਇੰਡੀਆ ਦਾ ਇਹ ਕਾਤਲ ਚੇਹਰਾ ਪੂਰਨ ਰੂਪ ਵਿਚ ਨੰਗਾਂ ਹੋ ਚੁੱਕਾ ਹੈ ਅਤੇ ਇੰਡੀਆ ਦੀ ਵੱਡੀ ਬਦਨਾਮੀ ਹੋਈ ਹੈ, ਤਾਂ ਅਸੀਂ ਉਮੀਦ ਕਰਦੇ ਹਾਂ ਕਿ ਵਜੀਰ ਏ ਆਜਮ ਮੋਦੀ ਅਤੇ ਉਨ੍ਹਾਂ ਦੀ ਜੁੰਡਲੀ ਸਿੱਖ ਕੌਮ ਨੂੰ ਕਤਲ ਕਰਨ ਦੀ ਮਨੁੱਖਤਾ ਵਿਰੋਧੀ ਪਾਲਸੀ ਤੋ ਮੁਕੰਮਲ ਰੂਪ ਵਿਚ ਤੋਬਾ ਕਰੇਗੀ । ਜੇਕਰ ਇੰਡੀਆ ਵਿਚ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਤੋ ਮੋਦੀ ਤੇ ਉਨ੍ਹਾਂ ਦੀ ਜੁੰਡਲੀ ਤੋ ਰੱਖਿਆ ਹੋਣ ਦੇ ਅਮਲ ਹੋਣਗੇ, ਫਿਰ ਬੰਗਲਾਦੇਸ ਵਰਗੇ ਮੁਲਕ ਵਿਚ ਵੀ ਹਿੰਦੂ ਪੂਰਨ ਰੂਪ ਵਿਚ ਸੁਰੱਖਿਅਤ ਰਹਿਣਗੇ । ਇਸ ਲਈ ਸ੍ਰੀ ਮੋਦੀ ਤੇ ਉਨ੍ਹਾਂ ਦੇ ਸਾਥੀਆ ਨੂੰ ਇਸ ਗੱਲ ਨੂੰ ਯਕੀਨੀ ਬਣਾਉਣਾ ਪਵੇਗਾ ਕਿ ਇੰਡੀਆ ਵਿਚ ਸਿੱਖ, ਮੁਸਲਿਮ, ਇਸਾਈ, ਰੰਘਰੇਟੇ ਅਤੇ ਕਬੀਲੇ ਜਿਥੇ ਕਿਤੇ ਵੀ ਵੱਸਦੇ ਹਨ ਉਹ ਸਰੀਰਕ ਅਤੇ ਮਾਲੀ ਤੌਰ ਤੇ ਹਰ ਖੇਤਰ ਵਿਚ ਸੁਰੱਖਿਅਤ ਰਹਿਣ । ਜੇਕਰ ਇੰਡੀਆ ਦੇ ਹੁਕਮਰਾਨ ਬੀਜੇਪੀ-ਆਰ.ਐਸ.ਐਸ ਇਥੇ ਪਣਪ ਰਹੀਆ ਸਮਾਜਿਕ ਬੁਰਾਈਆ ਤੇ ਕਾਬੂ ਪਾ ਸਕਣਗੇ ਅਤੇ ਚੰਗਾਂ ਮਾਹੌਲ ਸਿਰਜ ਸਕਣਗੇ ਫਿਰ ਟ੍ਰਿਬਿਊਨ ਵਰਗੇ ਅਦਾਰੇ ਜਾਂ ਕਿਸੇ ਲੇਖਕ ਨੂੰ ਇੰਡੀਅਨ ਹੁਕਮਰਾਨਾਂ ਨੂੰ ਸਹੀ ਸਾਬਤ ਕਰਨ ਲਈ ਇਹ ਲਿਖਣ ਲਈ ਮਜਬੂਰ ਨਹੀ ਹੋਣਾ ਪਵੇਗਾ ਕਿ ਇੰਡੀਆ ਇਕ ਨਿਰਪੱਖ ਮੁਲਕ ਹੈ । ਉਸਦੇ ਅੱਛੇ ਅਮਲ ਆਪਣੇ ਆਪ ਹੀ ਨਿਰਪੱਖਤਾ ਨੂੰ ਜਾਹਰ ਕਰਨਗੇ ।