ਬੰਗਲਾਦੇਸ਼ ਵਿਚ ਵਾਪਰੇ ਦੁਖਾਂਤ ਲਈ ਮਰਹੂਮ ਇੰਦਰਾ ਗਾਂਧੀ ਦੀਆਂ ਘੱਟ ਗਿਣਤੀ ਕੌਮਾਂ ਪ੍ਰਤੀ ਅਮਲ ਹੀ ਜਿ਼ੰਮੇਵਾਰ : ਮਾਨ
ਫ਼ਤਹਿਗੜ੍ਹ ਸਾਹਿਬ, 07 ਅਗਸਤ ( ) “ਬੰਗਲਾਦੇਸ਼ ਵਿਚ ਜੋ ਤੋੜ ਭੰਨ ਤੇ ਮਨੁੱਖਤਾ ਦਾ ਜਾਨੀ-ਮਾਲੀ ਨੁਕਸਾਨ ਹੋਇਆ ਹੈ, ਬੇਸੱਕ ਅਸੀ ਅਜਿਹੇ ਸਮਾਜ ਵਿਰੋਧੀ ਅਮਲਾਂ ਦੀ ਹਮੇਸ਼ਾਂ ਨਿੰਦਾ ਕਰਦੇ ਹਾਂ । ਲੇਕਿਨ ਅਸੀਂ ਇਹ ਵੀ ਮਹਿਸੂਸ ਕਰਦੇ ਹਾਂ ਕਿ ਜੋ ਅੱਜ ਬੰਗਲਾਦੇਸ਼ ਦੀ ਸਥਿਤੀ ਅਤਿ ਗੁੰਝਲਦਾਰ ਅਤੇ ਮਨੁੱਖਤਾ ਵਿਰੋਧੀ ਬਣੀ ਹੈ ਅਤੇ ਉਥੇ ਮਰਹੂਮ ਇੰਦਰਾ ਗਾਂਧੀ ਦੇ ਬੁੱਤ ਤੋੜੇ ਜਾ ਰਹੇ ਹਨ, ਇਹ ਸਿੱਧੇ ਤੌਰ ਤੇ ਬੀਤੇ ਸਮੇ ਵਿਚ ਮਰਹੂਮ ਇੰਦਰਾ ਗਾਂਧੀ ਦੀਆਂ ਮੁਸਲਿਮ ਕੌਮ ਅਤੇ ਹੋਰ ਘੱਟ ਗਿਣਤੀ ਕੌਮਾਂ ਪ੍ਰਤੀ ਨਫਰਤ ਵਾਲੀਆ ਨੀਤੀਆ ਦਾ ਹੀ ਨਤੀਜਾ ਹੈ । ਜੋ ਉਥੇ ਇਨਸਾਨੀਅਤ ਦਾ ਘਾਣ ਹੋ ਰਿਹਾ ਹੈ । ਜਿਸਦੀ ਪ੍ਰਤੱਖ ਉਦਾਹਰਣ ਅੱਜ ਵੀ ਇੰਡੀਆ ਅਤੇ ਬਾਹਰਲੇ ਮੁਲਕਾਂ ਵਿਚ ਦੇਖੀ ਜਾ ਸਕਦੀ ਹੈ ਜਿਸ ਅਧੀਨ ਮੌਜੂਦਾ ਵਜੀਰ ਏ ਆਜਮ ਸ੍ਰੀ ਨਰਿੰਦਰ ਮੋਦੀ, ਗ੍ਰਹਿ ਵਜੀਰ ਅਮਿਤ ਸ਼ਾਹ, ਰੱਖਿਆ ਵਜੀਰ ਰਾਜਨਾਥ ਸਿੰਘ, ਵਿਦੇਸ਼ ਵਜੀਰ ਸ੍ਰੀ ਜੈਸੰਕਰ, ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਅ ਮੁੱਖੀ ਰਵੀ ਸਿਨ੍ਹਾ ਅਤੇ ਸਾਬਕਾ ਰਾਅ ਮੁੱਖੀ ਸੰਮਤ ਗੋਇਲ ਦੀ ਮਨੁੱਖਤਾ ਵਿਰੋਧੀ ਜੁੰਡਲੀ ਵੱਲੋ ਬਾਹਰਲੇ ਮੁਲਕਾਂ ਅਤੇ ਇੰਡੀਆ ਵਿਚ ਆਜਾਦੀ ਚਾਹੁੰਣ ਵਾਲੇ ਸਿੱਖਾਂ ਨੂੰ ਨਿਸ਼ਾਨਾਂ ਬਣਾਕੇ ਨਿਰੰਤਰ ਕਤਲ ਕੀਤੇ ਜਾਂਦੇ ਆ ਰਹੇ ਹਨ । ਜਿਨ੍ਹਾਂ ਵਿਚ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ, ਸੁਖਦੂਲ ਸਿੰਘ ਕੈਨੇਡਾ, ਅਵਤਾਰ ਸਿੰਘ ਖੰਡਾ ਬਰਤਾਨੀਆ, ਪਰਮਜੀਤ ਸਿੰਘ ਪੰਜਵੜ ਅਤੇ ਲਖਬੀਰ ਸਿੰਘ ਰੋਡੇ ਪਾਕਿਸਤਾਨ, ਦੀਪ ਸਿੰਘ ਸਿੱਧੂ ਹਰਿਆਣਾ, ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਪੰਜਾਬ ਅਤੇ ਅਮਰੀਕਨ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਸਾਜਿਸ ਰਚੀ ਗਈ ਹੈ । ਜਿਸ ਨੂੰ ਅਮਰੀਕਾ ਤੇ ਕੈਨੇਡਾ ਨੇ ਇੰਡੀਅਨ ਕਾਤਲਾਂ ਨੂੰ ਗ੍ਰਿਫਤਾਰ ਕਰਕੇ ਪ੍ਰਤੱਖ ਕਰ ਦਿੱਤਾ ਹੈ ਕਿ ਇਹ ਕਤਲ ਕਰਵਾਉਣ ਵਾਲੀ ਇੰਡੀਅਨ ਮੋਦੀ ਹਕੂਮਤ ਹੈ । ਇਹੀ ਵਜਹ ਹੈ ਕਿ ਅੱਜ ਬੰਗਲਾਦੇਸ ਵਿਚ ਵੱਡੀ ਬਗਾਵਤ ਵੀ ਹੋ ਰਹੀ ਹੈ ਅਤੇ ਉਥੇ ਹਿੰਦੂਆਂ ਉਤੇ ਹਮਲੇ ਵੀ ਹੋ ਰਹੇ ਹਨ ਅਤੇ ਉਨ੍ਹਾਂ ਦੇ ਮੰਦਰ ਵੀ ਤੋੜੇ ਜਾ ਰਹੇ ਹਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਸਮੇ ਦੀ ਮਰਹੂਮ ਇੰਦਰਾ ਗਾਂਧੀ ਅਤੇ ਅਜੋਕੇ ਸਮੇ ਦੇ ਵਜੀਰ ਏ ਆਜਮ ਸ੍ਰੀ ਮੋਦੀ ਅਤੇ ਉਨ੍ਹਾਂ ਦੀ ਹਕੂਮਤ ਵੱਲੋ ਇੰਡੀਆ ਵਿਚ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਮੁਸਲਿਮ, ਸਿੱਖ, ਇਸਾਈ, ਆਦਿਵਾਸੀਆ ਅਤੇ ਕਬੀਲਿਆ ਉਤੇ ਉਨ੍ਹਾਂ ਨੂੰ ਗੁਲਾਮ ਬਣਾਉਣ ਦੀ ਮੰਦਭਾਵਨਾ ਅਧੀਨ ਲੰਮੇ ਸਮੇ ਤੋ ਕੀਤੀਆ ਜਾਂਦੀਆ ਆ ਰਹੀਆ ਜਿਆਦਤੀਆ, ਵਿਤਕਰੇ ਅਤੇ ਜ਼ਬਰ ਜੁਲਮ ਵਾਲੇ ਹਾਲਾਤਾਂ ਨੂੰ ਬੰਗਲਾਦੇਸ ਵਿਚ ਹੋ ਰਹੀ ਉੱਥਲ ਪੁੱਥਲ ਲਈ ਜਿੰਮੇਵਾਰ ਠਹਿਰਾਉਦੇ ਹੋਏ ਅਤੇ ਇਨ੍ਹਾਂ ਦੀਆਂ ਨਫਰਤ ਭਰੀਆ ਕਤਲ ਕਰਨ ਵਾਲੀਆ ਨੀਤੀਆ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਜਾਹਰ ਕੀਤੇ । ਉਨ੍ਹਾਂ ਕਿਹਾ ਕਿ ਜਿਵੇ ਮਰਹੂਮ ਇੰਦਰਾ ਗਾਂਧੀ ਹਕੂਮਤ ਨੇ 1984 ਵਿਚ ਸਿੱਖ ਕੌਮ ਦੇ ਸਰਬਉੱਚ ਸਥਾਂਨ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਉਤੇ ਫ਼ੌਜੀ ਹਮਲਾ ਕਰਕੇ ਗੁਰਧਾਮਾਂ ਨੂੰ ਢਹਿ ਢੇਰੀ ਕੀਤਾ, ਸਿੱਖ ਕੌਮ ਦਾ ਕਤਲੇਆਮ ਕੀਤਾ, ਸਿੱਖ ਨੌਜਵਾਨੀ ਨੂੰ ਪੁਲਿਸ ਅਤੇ ਫੋਰਸਾਂ ਦੁਆਰਾ ਨਿਸ਼ਾਨਾਂ ਬਣਾਇਆ ਗਿਆ । ਇਸੇ ਤਰ੍ਹਾਂ ਕਸਮੀਰ ਵਿਚ ਕਸਮੀਰੀਆ ਉਤੇ ਜਬਰ ਢਾਹਿਆ ਗਿਆ, ਅਫਸਪਾ ਵਰਗੇ ਕਾਲੇ ਕਾਨੂੰਨ ਲਾਗੂ ਕਰਕੇ ਕਸਮੀਰੀਆ ਦਾ ਵੀ ਬੇਰਹਿੰਮੀ ਨਾਲ ਕਤਲੇਆਮ ਕੀਤਾ ਗਿਆ, ਉਨ੍ਹਾਂ ਦੀ ਅਸੈਬਲੀ ਭੰਗ ਕਰਕੇ ਖੁਦਮੁਖਤਿਆਰੀ ਖਤਮ ਕਰ ਦਿੱਤੀ ਗਈ । ਉਸ ਨੂੰ ਯੂ.ਟੀ ਅਧੀਨ ਕਰ ਦਿੱਤਾ ਗਿਆ ਅਤੇ ਉਥੇ ਜਮਹੂਰੀ ਪ੍ਰਬੰਧ ਕਾਇਮ ਕਰਨ ਲਈ ਟਾਲ ਮਟੋਲ ਦੀ ਨੀਤੀ ਅਪਣਾਈ ਜਾਂਦੀ ਆ ਰਹੀ ਹੈ । ਇਹ ਸਭ ਕਾਰਨ ਬੰਗਲਾਦੇਸ ਦੀ ਹੋ ਰਹੀ ਗੜਬੜ ਲਈ ਜਿੰਮੇਵਾਰ ਹਨ । ਬੀਤੇ ਸਮੇ ਵਿਚ ਸ੍ਰੀ ਵਾਜਪਾਈ ਨੇ ਬਲਿਊ ਸਟਾਰ ਦੇ ਹਮਲੇ ਉਪਰੰਤ ਸਿੱਖ ਕੌਮ ਦੀ ਕਾਤਲ ਇੰਦਰਾ ਗਾਂਧੀ ਨੂੰ ਦੁਰਗਾਮਾਤਾ ਦਾ ਸਨਮਾਨ ਦੇ ਕੇ ਨਿਵਾਜਿਆ ਅਤੇ ਦੂਸਰੇ ਆਗੂ ਅਡਵਾਨੀ ਨੇ ਇਹ ਕਹਿਕੇ ਕਿ ਇਹ ਹਮਲਾ 6 ਮਹੀਨੇ ਪਹਿਲਾ ਹੋਣਾ ਚਾਹੀਦਾ ਸੀ। ਇਨ੍ਹਾਂ ਸਭ ਹਿੰਦੂਤਵ ਜਮਾਤਾਂ ਦੀ ਘੱਟ ਗਿਣਤੀ ਕੌਮਾਂ ਪ੍ਰਤੀ ਸੋਚ ਨੂੰ ਹੀ ਕੌਮਾਂਤਰੀ ਪੱਧਰ ਤੇ ਉਜਾਗਰ ਕੀਤਾ ਹੈ । 1992 ਵਿਚ ਮੁਸਲਿਮ ਕੌਮ ਦੀ ਬਾਬਰੀ ਮਸਜਿਦ ਨੂੰ ਸਭ ਫਿਰਕੂਆਂ ਨੇ ਰਲਕੇ ਦਿਨ ਦਿਹਾੜੇ ਗਿਰਾਇਆ ਹੀ ਨਹੀ ਅਤੇ ਅੱਜ ਵੀ ਗਿਆਨਵਾਪੀ, ਮਥੂਰਾ, ਵਿਜੇਨਗਰ, ਅਹਿਮਦਨਗਰ ਆਦਿ ਵਿਖੇ ਪੁਰਾਤਨ ਮਸਜਿਦਾਂ ਨੂੰ ਢਾਹਕੇ ਉਸੇ ਤਰ੍ਹਾਂ ਜ਼ਬਰ ਮੰਦਰ ਬਣਾਉਣ ਦੇ ਅਮਲ ਹੋ ਰਹੇ ਹਨ । ਜਿਵੇ ਅਯੁੱਧਿਆ ਵਿਖੇ ਸੁਪਰੀਮ ਕੋਰਟ ਦੇ ਉਸ ਸਮੇ ਦੇ ਮੁੱਖ ਜੱਜ ਜਸਟਿਸ ਗੰਗੋਈ ਵੱਲੋ ਰਾਮ ਮੰਦਰ ਦੇ ਹੱਕ ਵਿਚ ਫੈਸਲਾ ਦੇ ਕੇ ਹਿੰਦੂ ਪੱਖੀ ਅਮਲ ਕੀਤਾ ਗਿਆ ਸੀ ਅਤੇ ਬਾਅਦ ਵਿਚ ਉਸ ਨੂੰ ਇਵਜਾਨੇ ਵੱਜੋ ਰਾਜ ਸਭਾ ਮੈਬਰ ਬਣਾ ਦਿੱਤਾ ਗਿਆ ਸੀ । ਅਜਿਹੇ ਅਮਲ ਇੰਡੀਆ ਅਤੇ ਬਾਹਰਲੇ ਗੁਆਢੀ ਮੁਲਕਾਂ ਵਿਚ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਲਈ ਵੱਡਾ ਖਤਰਾ ਬਣਦੀਆ ਜਾ ਰਹੀਆ ਹਨ ।
ਉਨ੍ਹਾਂ ਕਿਹਾ ਕਿ ਬੰਗਲਾਦੇਸ ਦੇ ਬਣੇ ਬਦਤਰ ਹਾਲਾਤਾਂ ਦੀ ਬਦੌਲਤ ਜੋ ਉਥੋ ਦੀ ਵਜੀਰ ਏ ਆਜਮ ਸੇਖ ਹਸੀਨਾ ਨੂੰ ਆਪਣਾ ਮੁਲਕ ਛੱਡਕੇ ਭੱਜਣਾ ਪਿਆ ਅਤੇ ਇੰਡੀਆ ਵਿਚ ਸਰਨ ਲੈਣੀ ਪਈ । ਹੁਣ ਜਦੋ ਅਮਰੀਕਾ ਤੇ ਬਰਤਾਨੀਆ ਵਰਗੇ ਮੁਲਕਾਂ ਨੇ ਆਪਣੇ ਮੁਲਕਾਂ ਵਿਚ ਬੀਬੀ ਹਸੀਨਾ ਨੂੰ ਸੁਰੱਖਿਆ ਕਾਰਨਾਂ ਕਰਕੇ ਸਰਨ ਦੇਣ ਤੋ ਨਾਂਹ ਕਰ ਦਿੱਤੀ ਤਾਂ ਹੁਣ ਮੋਦੀ ਹਕੂਮਤ ਦਾ ਇਹ ਫਰਜ ਬਣ ਜਾਂਦਾ ਹੈ ਕਿ ਉਨ੍ਹਾਂ ਦੀ ਸੁਰੱਖਿਆ ਦਾ ਪੂਰਾ ਪ੍ਰਬੰਧ ਕਰਦੇ ਹੋਏ ਉਨ੍ਹਾਂ ਦੇ ਰਹਿਣ ਲਈ ਇਕ ਯੋਗ ਸਥਾਂਨ ਉਪਲੱਬਧ ਕਰਵਾਏ । ਉਨ੍ਹਾਂ ਕਿਹਾ ਕਿ ਜੋ ਕੁਝ ਬੰਗਲਾਦੇਸ ਵਿਚ ਵਾਪਰਿਆ ਹੈ ਅਤੇ ਵਾਪਰ ਰਿਹਾ ਹੈ, ਉਸ ਲਈ ਇੰਡੀਆ ਦੇ ਖੂਫੀਆ ਵਿਭਾਗ ਜਿਵੇ ਆਈ.ਬੀ, ਰਾਅ ਪੂਰਨ ਰੂਪ ਵਿਚ ਇਸ ਕਰਕੇ ਫੇਲ੍ਹ ਹੋ ਚੁੱਕੀ ਹੈ ਕਿਉਂਕਿ ਇਹ ਏਜੰਸੀਆ ਕੇਵਲ ਤੇ ਕੇਵਲ ਮੁਸਲਮਾਨਾਂ ਤੇ ਸਿੱਖਾਂ ਨੂੰ ਮਾਰਨ ਵਿਚ ਮਸਰੂਫ ਹੋ ਚੁੱਕੀਆ ਹਨ । ਇਹੀ ਵਜਹ ਹੈ ਕਿ ਇਨ੍ਹਾਂ ਏਜੰਸੀਆ ਵੱਲੋ ਆਪਣੀ ਇੰਡੀਅਨ ਹਕੂਮਤ ਨੂੰ ਕੋਈ ਜਾਣਕਾਰੀ ਨਹੀ ਦਿੱਤੀ ਜਾ ਸਕੀ ਕਿ ਬੰਗਲਾਦੇਸ ਵਿਚ ਹਾਲਾਤ ਖਰਾਬ ਹੋ ਰਹੇ ਹਨ ।