ਗਵਰਨਰ ਹਾਊਂਸ ਦੀ ਚੱਲਦੀ ਆ ਰਹੀ ਰਵਾਇਤ ਨੂੰ ਤੋੜਕੇ ਖਟਕੜ ਕਲਾਂ ਸੌਹ ਚੁੱਕਣ ਦਾ ਪ੍ਰੌਗਰਾਮ ਪੰਜਾਬ ਦੇ ਮਾਹੌਲ ਨੂੰ ਟਕਰਾਅ ਵੱਲ ਲਿਜਾਣ ਵਾਲਾ : ਮਾਨ

ਫ਼ਤਹਿਗੜ੍ਹ ਸਾਹਿਬ, 14 ਮਾਰਚ ( ) “20ਵੀਂ ਸਦੀ ਦੇ ਮਹਾਨ ਸਿੱਖ ਐਲਾਨ ਗਏ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀ ਸੋਚ ਦੀ ਸਿੱਖ ਕੌਮ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੈਰੋਕਾਰ ਹੈ । ਉਨ੍ਹਾਂ ਵੱਲੋਂ ਮਿੱਥੇ ਨਿਸ਼ਾਨੇ ਕੌਮੀ ਆਜ਼ਾਦੀ ਦੀ ਜ਼ਮਹੂਰੀਅਤ ਢੰਗ ਨਾਲ ਪ੍ਰਾਪਤੀ ਲਈ ਸੰਘਰਸ਼ ਜਾਰੀ ਹੈ । ਪਰ ਨਵੀ ਹੋਂਦ ਵਿਚ ਆਈ ਪੰਜਾਬ ਦੀ ਆਮ ਆਦਮੀ ਪਾਰਟੀ ਦੇ ਵਿਧਾਨਕਾਰਾਂ ਵੱਲੋਂ ਆਪਣੇ ਚੁਣੇ ਗਏ ਮੁੱਖੀ ਸ. ਭਗਵੰਤ ਸਿੰਘ ਮਾਨ ਵੱਲੋਂ ਆਪਣੀ ਮੁੱਖ ਮੰਤਰੀ, ਕੈਬਨਿਟ ਵਜ਼ੀਰਾਂ ਦੇ ਸੌਹ ਚੁੱਕ ਸਮਾਗਮ ਗਵਰਨਰ ਹਾਊਂਸ ਵਿਖੇ ਚੱਲਦੀ ਆ ਰਹੀ ਰਵਾਇਤ ਨੂੰ ਤੋੜਕੇ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਵਿਖੇ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ । ਅਜਿਹਾ ਸਥਾਂਨ ਚੁਣਕੇ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਅਮਨਮਈ ਮਾਹੌਲ ਨੂੰ ਟਕਰਾਅ ਪੈਦਾ ਕਰਨ ਵਾਲੀ ਗੁਸਤਾਖੀ ਹੋਵੇਗੀ । ਕਿਉਂਕਿ ਭਗਤ ਸਿੰਘ ਨੇ ਤਾਂ ਇਕ ਨਿਰਦੋਸ਼ ਅਤੇ ਬੇਗੁਨਾਹ ਅੰਮ੍ਰਿਤਧਾਰੀ ਗੁਰਸਿੱਖ ਹੌਲਦਾਰ ਚੰਨਣ ਸਿੰਘ ਅਤੇ ਇਕ ਨਵੇ ਭਰਤੀ ਹੋਏ ਅੰਗਰੇਜ਼ ਪੁਲਿਸ ਅਫ਼ਸਰ ਜੋਹਨ ਸਾਡਰਸ ਨੂੰ ਗੋਲੀ ਮਾਰਕੇ ਮਾਰ ਦਿੱਤਾ ਸੀ । ਜਦੋਕਿ ਕਿਸੇ ਬੇਗੁਨਾਹ ਪੁਲਿਸ ਨੂੰ ਮਾਰ ਦੇਣਾ ਇਕ ਵੱਡਾ ਜੁਰਮ ਹੈ । ਕਿਉਂਕਿ ਮੈਂ ਵੀ ਪੁਲਿਸ ਵਿਚ ਰਿਹਾ ਹਾਂ । ਫਿਰ ਭਗਤ ਸਿੰਘ ਨੇ ਦਿੱਲੀ ਵਿਖੇ ਉਸ ਅਸੈਬਲੀ ਵਿਚ ਬੰਬ ਚਲਾਉਣ ਦੀ ਕੋਸਿ਼ਸ਼ ਕੀਤੀ ਸੀ ਜਿਸ ਵਿਚ ਸਾਰੇ ਆਪਣੇ ਇਥੋ ਦੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਸਨ । ਜੇਕਰ ਇਹ ਬੰਬ ਚੱਲ ਜਾਂਦਾ ਤਾਂ ਆਪਣੇ ਹੀ ਲੋਕਾਂ ਨੂੰ ਬੇਰਹਿੰਮੀ ਨਾਲ ਮਾਰ ਦੇਣ ਦਾ ਦੁੱਖਦਾਇਕ ਅਮਲ ਹੋਣਾ ਸੀ । ਇਥੇ ਇਹ ਵੀ ਵਰਣਨ ਕਰਨਾ ਜ਼ਰੂਰੀ ਹੈ ਕਿ ਜਿਵੇਂ ਟ੍ਰਿਬਿਊਨ ਅਦਾਰਾ ਸੁਰੂ ਕਰਨ ਵਾਲੇ ਸ. ਦਿਆਲ ਸਿੰਘ ਮਜੀਠੀਆ ਨੇ ਆਰੀਆ ਸਮਾਜ ਧਰਮ ਨੂੰ ਅਪਣਾ ਲਿਆ ਸੀ ਅਤੇ ਆਪਣੇ ਆਪ ਨੂੰ ਹਿੰਦੂਤਵ ਤਾਕਤਾਂ ਦਾ ਗੁਲਾਮ ਬਣਾ ਲਿਆ ਸੀ, ਉਸੇ ਤਰ੍ਹਾਂ ਭਗਤ ਸਿੰਘ ਵੀ ਆਰੀਆ ਸਮਾਜੀ ਬਣ ਚੁੱਕਾ ਸੀ ਅਤੇ ਉਸਨੇ ਕਿਹਾ ਸੀ ਕਿ ਇਥੇ ਪੂਰਨ ਰੂਪ ਵਿਚ ਦੇਵਨਗਰੀ ਹਿੰਦੀ ਭਾਸ਼ਾ ਲਾਗੂ ਕੀਤੀ ਜਾਵੇ । ਇਸ ਸੰਬੰਧ ਵਿਚ ਮੇਰੇ ਉਤੇ ਸਰਕਾਰ ਨੇ ਪਟਿਆਲਾ ਵਿਖੇ ਕੇਸ ਵੀ ਦਾਇਰ ਕੀਤਾ ਸੀ ਜਿਸ ਵਿਚ ਮੈਂ ਬਾਇੱਜ਼ਤ ਬਰੀ ਹੋ ਚੁੱਕਾ ਹਾਂ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਵਿਚ ਨਵੀ ਹੋਂਦ ਵਿਚ ਆਈ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਆਪਣੇ ਸੌਹ ਚੁੱਕ ਸਮਾਗਮ ਨੂੰ ਗਵਰਨਰ ਹਾਊਂਸ ਦੀ ਬਜਾਇ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਵਿਖੇ ਕਰਨ ਦਾ ਐਲਾਨ ਕਰਕੇ ਇਕ ਵਾਰੀ ਫਿਰ ਪਹਿਲੇ ਹਿੰਦੂਤਵ ਹੁਕਮਰਾਨਾਂ ਦੀ ਤਰ੍ਹਾਂ ਇਥੇ ਖ਼ਾਲਸਾ ਪੰਥ ਦੀ ਸਿੱਖ ਵਿਰੋਧੀ ਸੋਚ ਦੀ ਟਕਰਾਅ ਵਾਲੀ ਸਥਿਤੀ ਪੈਦਾ ਕਰਨ ਦੀ ਕਾਰਵਾਈ ਉਤੇ ਡੂੰਘਾਂ ਦੁੱਖ ਜਾਹਰ ਕਰਦੇ ਹੋਏ ਅਤੇ ਇਥੋ ਦੇ ਮਾਹੌਲ ਨੂੰ ਵਿਸਫੋਟਕ ਬਣਾਉਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਇਹ ਵੀ ਆਪਣੇ ਜਹਿਨ ਵਿਚ ਰੱਖਣਾ ਪਵੇਗਾ ਕਿ ਇਸੇ ਆਮ ਆਦਮੀ ਪਾਰਟੀ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਖ਼ਾਲਸਾ ਪੰਥ ਦੀਆਂ ਮਹਾਨ ਰਵਾਇਤਾ ਨੂੰ ਚੁਣੋਤੀ ਦੇਣ ਵਾਲੇ ਨਰਕਧਾਰੀ ਮੁੱਖੀ ਗੁਰਬਚਨ ਸਿੰਘ ਦਾ 250 ਫੁੱਟ ਉੱਚਾ ਬੁੱਤ ਲਗਾਇਆ ਜਾਵੇਗਾ । ਆਮ ਆਦਮੀ ਪਾਰਟੀ ਦੇ ਅਜਿਹੇ ਸਾਰੇ ਅਮਲ ਅਸਲੀਅਤ ਵਿਚ ਪੰਜਾਬ ਵਿਚ ਹਿੰਦੂਤਵ ਸੋਚ ਦੀ ਤਰ੍ਹਾਂ ਵੱਡਾ ਟਕਰਾਅ ਪੈਦਾ ਕਰਨ ਵਾਲੇ ਹਨ । ਜਿਸਦੇ ਨਤੀਜੇ ਕਦਾਚਿਤ ਲਾਹੇਵੰਦ ਨਹੀਂ ਹੋ ਸਕਣਗੇ । 

ਉਨ੍ਹਾਂ ਕਿਹਾ ਕਿ ਅਸੀਂ ਜੇਕਰ ਵਿਰੋਧੀ ਜਾਂ ਕੌਮੀ ਦੁਸ਼ਮਣ ਕੋਈ ਮਨੁੱਖਤਾ ਪੱਖੀ ਅਤੇ ਇਖ਼ਲਾਕ ਪੱਖੀ ਉਦਮ ਕਰੇ, ਤਾਂ ਅਸੀਂ ਉਸਦਾ ਹਮੇਸ਼ਾਂ ਨਿਰਪੱਖਤਾ ਨਾਲ ਸਵਾਗਤ ਕਰਦੇ ਰਹੇ ਹਾਂ । ਪਰ ਜਦੋ ਉਸ ਵੱਲੋ ਸਾਜ਼ਸੀ ਢੰਗ ਨਾਲ ਉਸਦੀ ਕਹਿਣੀ ਅਤੇ ਕਰਨੀ ਵਿਚ ਫਰਕ ਹੋਵੇ ਤਾਂ ਸਿੱਖ ਕੌਮ ਦੁਸ਼ਮਣ ਤਾਕਤਾਂ ਦੇ ਅਜਿਹੇ ਵਰਤਾਰਿਆ ਤੋ ਚੰਗੀ ਤਰ੍ਹਾਂ ਵਾਕਫੀਅਤ ਵੀ ਰੱਖਦੀ ਹੈ ਅਤੇ ਅਜਿਹੀਆ ਤਾਕਤਾਂ ਨੂੰ ਕਿਵੇ ਸਿੰਝਣਾ ਹੈ, ਉਹ ਸਾਨੂੰ ਸਾਡਾ ਮਹਾਨ ਇਤਿਹਾਸ ਲੰਮੇ ਸਮੇਂ ਤੋਂ ਸੁਚੱਜੀ ਅਗਵਾਈ ਦਿੰਦਾ ਆਇਆ ਹੈ । ਇਸ ਲਈ ਆਮ ਆਦਮੀ ਪਾਰਟੀ ਵੱਲੋਂ ਗਵਰਨਰ ਹਾਊਂਸ ਵਿਖੇ ਸੌਹ ਚੁੱਕਣ ਦੀ ਰਵਾਇਤ ਨੂੰ ਬਦਲਕੇ ਖਟਕੜ ਕਲਾਂ ਕਰਨ ਅਤੇ ਉਸ ਉਤੇ ਪੰਜਾਬੀਆਂ ਅਤੇ ਸਿੱਖ ਕੌਮ ਦੇ 2 ਕਰੋੜ ਰੁਪਏ ਦਾ ਵਾਧੂ ਬੋਝ ਪਾਉਣ ਦੇ ਅਮਲ ਨੂੰ ਪੰਜਾਬ ਵਿਚ ਸਿੱਖ ਕੌਮ ਵਿਰੋਧੀ ਸੋਚ ਨੂੰ ਮਜ਼ਬੂਤ ਕਰਨ ਦੀ ਸਾਜ਼ਸੀ ਕਾਰਵਾਈ ਕਰਾਰ ਦਿੰਦਾ ਹੈ । ਜਿਸਨੂੰ ਸਿੱਖ ਕੌਮ ਕਤਈ ਪ੍ਰਵਾਨ ਨਹੀਂ ਕਰੇਗੀ । ਇਸ ਆਮ ਆਦਮੀ ਪਾਰਟੀ ਨੂੰ ਮਿਲੀ ਬੇਤਿਹਾਸਾ ਸ਼ਕਤੀ ਦੀ ਹਊਮੈ ਵਿਚ ਆ ਕੇ ਜੇਕਰ ਇਹ ਕਾਮਰੇਡੀ ਅਤੇ ਸਿੱਖ ਵਿਰੋਧੀ ਸੋਚ ਦੇ ਮਾਲਕ ਆਪਣੀ ਸੁਰੂਆਤ ਸਮੇਂ ਹੀ ਅਜਿਹੀਆ ਸਿੱਖ ਕੌਮ ਨੂੰ ਠੇਸ ਪਹੁੰਚਾਉਣ ਵਾਲੀਆਂ ਕਾਰਵਾਈਆਂ ਕਰਨਗੇ, ਤਾਂ ਇਹ ਸੁਚੱਜਾ ਰਾਜਭਾਗ ਚਲਾਉਣ ਦੀ ਗੱਲ ਤਾਂ ਦੂਰ ਇਹ ਤਾਂ ਇਥੋ ਦੇ ਮਾਹੌਲ ਨੂੰ ਅਮਨਮਈ ਤੇ ਜਮਹੂਰੀਅਤ ਪੱਖੀ ਵੀ ਨਹੀਂ ਰੱਖ ਸਕਣਗੇ ਅਤੇ ਨਾ ਹੀ ਸਿੱਖ ਕੌਮ ਇਨ੍ਹਾਂ ਨੂੰ ਪੰਜਾਬ ਵਿਚ ਅਜਿਹਾ ਟਕਰਾਅ ਵਾਲਾ ਮਾਹੌਲ ਪੈਦਾ ਕਰਨ ਦੀ ਇਜਾਜਤ ਦੇਵੇਗੀ । ਬਿਹਤਰ ਇਹੀ ਹੋਵੇਗਾ ਕਿ ਜੇਕਰ ਪੰਜਾਬੀਆਂ ਨੇ ਇਨ੍ਹਾਂ ਦੇ ਹੱਕ ਵਿਚ ਵੋਟਾਂ ਰਾਹੀ ਫਤਵਾ ਦਿੱਤਾ ਹੈ, ਤਾਂ ਇਹ ਇਸ ਸਿਆਸੀ ਤਾਕਤ ਦੀ ਦੁਰਵਰਤੋ ਨਾ ਕਰਕੇ ਅਤੇ ਆਪਣੇ ਹਿੰਦੂਤਵ ਹੁਕਮਰਾਨਾਂ ਦੀਆਂ ਸਾਜਿ਼ਸਾਂ ਉਤੇ ਅਮਲ ਨਾ ਕਰਕੇ, ਇਥੇ ਲੰਮੇ ਸਮੇ ਤੋ ਪੈਦਾ ਹੋ ਚੁੱਕੀਆਂ ਸਮਾਜਿਕ ਬੁਰਾਈਆ ਦਾ ਖਾਤਮਾ ਕਰਨ ਦੀਆਂ ਜਿ਼ੰਮੇਵਾਰੀਆਂ ਨਿਭਾਉਣ ਨਾ ਕਿ ਸਿੱਖ ਕੌਮ ਨੂੰ ਟਕਰਾਅ ਵਿਚ ਖੜ੍ਹਾ ਕਰਕੇ ਇਸ ਸਰਹੱਦੀ ਸੂਬੇ ਦੇ ਹਾਲਾਤਾਂ ਨੂੰ ਵਿਸਫੋਟਕ ਬਣਾਉਣ ।

Leave a Reply

Your email address will not be published. Required fields are marked *