ਆਮ ਆਦਮੀ ਪਾਰਟੀ ਨੇ ਜੋ ਸਿਆਸਤਦਾਨਾਂ ਅਤੇ ਹੋਰ ਅਫ਼ਸਰਾਨ ਨੂੰ ਸਕਿਊਰਟੀਆਂ ਦਿੱਤੀਆਂ ਹੋਈਆਂ ਹਨ, ਉਸ ਨੂੰ ਵਾਪਸ ਲੈਣ ਦਾ ਫੈਸਲਾ ਸਵਾਗਤਯੋਗ ਅਤੇ ਪੰਜਾਬ ਦੀ ਆਰਥਿਕਤਾ ਨੂੰ ਸਹੀ ਕਰਨ ਵਾਲਾ ਉਦਮ : ਮਾਨ

ਫ਼ਤਹਿਗੜ੍ਹ ਸਾਹਿਬ, 13 ਮਾਰਚ ( ) “ਪੰਜਾਬ ਦੀ ਨਵੀ ਬਣਨ ਜਾ ਰਹੀ ਸਰਕਾਰ ਦੇ ਮੁੱਖੀ ਸ. ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਨੇ ਜੋ ਸਮੁੱਚੇ ਸਿਆਸਤਦਾਨਾਂ ਨੂੰ ਵੱਡੀਆਂ ਸਕਿਊਰਟੀਆਂ ਦੇਕੇ ਪੰਜਾਬ ਦੀ ਮਾਲੀ ਹਾਲਤ ਤੇ ਵੱਡਾ ਬੋਝ ਪਾਇਆ ਹੋਇਆ ਹੈ, ਉਸ ਸਕਿਊਰਟੀ ਨੂੰ ਵਾਪਸ ਕਰਨ ਦੇ ਕੀਤੇ ਗਏ ਫੈਸਲੇ ਦਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜਿਥੇ ਸਵਾਗਤ ਕਰਦਾ ਹੈ, ਉਥੇ ਇਨ੍ਹਾਂ ਵੱਲੋਂ ਜੋ ਪੰਜਾਬ ਨਿਵਾਸੀਆਂ ਦੇ ਬਿਜਲੀ ਦੇ ਬਿਲਾਂ ਦੇ 300 ਯੂਨਿਟਾਂ ਨੂੰ ਮੁਆਫ਼ ਕਰਨ ਦਾ ਫੈਸਲਾ ਕੀਤਾ ਗਿਆ ਹੈ, ਉਹ ਵੀ ਇਕ ਚੰਗਾਂ ਉਦਮ ਹੈ । ਲੇਕਿਨ ਜੋ ਮੇਰੇ ਵਰਗੇ ਜਿਨ੍ਹਾਂ ਕੋਲ ਸਹੀ ਸਾਧਨ ਹਨ, ਪਰ ਜੋ ਬਿਜਲੀ ਦੇ ਬਿਲ ਆਸਾਨੀ ਨਾਲ ਭਰ ਸਕਦੇ ਹਨ, ਉਨ੍ਹਾਂ ਦੇ ਬਿਲ ਜੇਕਰ ਮੁਆਫ਼ ਨਾ ਕੀਤੇ ਜਾਣ ਤਾਂ ਇਹ ਵੀ ਇਕ ਪੰਜਾਬ ਪੱਖੀ ਤੇ ਪੰਜਾਬ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਵੱਲ ਉਦਮ ਹੋਵੇਗਾ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਨਵੀ ਬਣੀ ਪੰਜਾਬ ਦੀ ਸਰਕਾਰ ਆਮ ਆਦਮੀ ਪਾਰਟੀ ਦੇ ਮੁੱਖੀ ਸ. ਭਗਵੰਤ ਸਿੰਘ ਮਾਨ ਵੱਲੋਂ ਸਿਆਸਤਦਾਨਾਂ ਤੇ ਸਰਕਾਰੀ ਅਫ਼ਸਰਾਂ ਦੀ ਸਮੁੱਚੇ ਸੁਰੱਖਿਆ ਦਸਤਿਆ ਨੂੰ ਫੌਰੀ ਵਾਪਸ ਲੈਣ ਦੇ ਅਤੇ ਪੰਜਾਬ ਨਿਵਾਸੀਆ ਦੇ ਬਿਜਲੀ ਦੇ ਬਿਲਾਂ ਦੇ 300 ਯੂਨਿਟ ਮੁਆਫ਼ ਕਰਨ ਦੇ ਫੈਸਲੇ ਨੂੰ ਪੰਜਾਬ ਦੀ ਆਰਥਿਕਤਾ ਨੂੰ ਸਹੀ ਕਰਨ ਵਾਲਾ ਸਵਾਗਤ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦੀਆਂ ਬੀਤੇ ਸਮੇਂ ਦੀਆਂ ਸਰਕਾਰਾਂ ਵੱਲੋਂ ਰਿਸ਼ਵਤਖੋਰੀ ਅਤੇ ਆਪਣੇ ਦੌਲਤਾਂ ਦੇ ਖਜਾਨਿਆ ਨੂੰ ਵਧਾਉਣ ਲਈ ਜੋ ਨਸ਼ੀਲੀਆਂ ਵਸਤਾਂ ਦੇ ਸਿਆਸਤਦਾਨਾਂ ਤੇ ਸਰਕਾਰੀ ਸਰਪ੍ਰਸਤੀ ਹੇਠ ਚੱਲ ਰਹੇ ਸਮਾਜ ਵਿਰੋਧੀ ਕਾਰੋਬਾਰ ਨੂੰ ਕਾਨੂੰਨੀ ਤੌਰ ਤੇ ਅਤੇ ਨਿਜਾਮੀ ਤੌਰ ਤੇ ਸਖਤੀ ਵਰਤਦੇ ਹੋਏ ਇਸ ਗੈਰ ਕਾਨੂੰਨੀ ਧੰਦੇ ਨੂੰ ਬੰਦ ਕਰਨ ਲਈ ਪਹਿਲ ਕਰ ਸਕਣ ਤਾਂ ਪੰਜਾਬ ਦਾ ਲੰਮੇ ਸਮੇਂ ਤੋਂ ਵਿਗੜਿਆ ਸਮਾਜਿਕ ਮਾਹੌਲ ਬਿਹਤਰ ਹੋ ਸਕਦਾ ਹੈ ਅਤੇ ਇਸ ਨਾਲ ਸਾਡੀਆਂ ਧੀਆਂ-ਭੈਣਾਂ ਅਤੇ ਬੱਚੇ ਆਪੋ ਆਪਣੇ ਕਾਰੋਬਾਰਾਂ ਲਈ ਅਤੇ ਤਾਲੀਮ ਹਾਸਿਲ ਕਰਨ ਲਈ ਬਿਨ੍ਹਾਂ ਕਿਸੇ ਡਰ-ਭੈ ਤੋਂ ਵਿਚਰ ਸਕਣਗੇ ਅਤੇ ਆਉਣ ਵਾਲੀ ਸਮੁੱਚੀ ਪੰਜਾਬ ਦੀ ਪਨੀਰੀ ਨੂੰ ਸਹੀ ਦਿਸ਼ਾ ਵੱਲ ਤੋਰਨ ਵਿਚ ਵੱਡੀ ਮਦਦ ਮਿਲੇਗੀ। ਉਨ੍ਹਾਂ ਇਸਦੇ ਨਾਲ ਹੀ ਪੰਜਾਬ ਦੀ ਬੁਰੀ ਤਰ੍ਹਾਂ ਲੜਖੜਾ ਚੁੱਕੀ ਆਰਥਿਕਤਾ ਨੂੰ ਲਾਇਨ ਤੇ ਲਿਆਉਣ ਲਈ ਸੁਝਾਅ ਦਿੰਦੇ ਹੋਏ ਕਿਹਾ ਕਿ ਪੰਜਾਬ ਦੇ ਵੱਡੇਰੇ ਹਿੱਤਾ ਲਈ ਇਥੋ ਦੇ ਵਪਾਰੀਆਂ, ਕਾਰਖਾਨੇਦਾਰਾਂ, ਦੁਕਾਨਦਾਰਾਂ, ਮਜਦੂਰਾਂ ਦੀ ਆਰਥਿਕਤਾ ਨੂੰ ਵਢਾਵਾ ਦੇਣ ਲਈ ਫੌਰੀ ਪੰਜਾਬ ਦੀਆਂ ਸਰਹੱਦਾਂ ਸੁਲੇਮਾਨਕੀ, ਹੁਸੈਨੀਵਾਲਾ, ਵਾਹਗਾ ਖੋਲ੍ਹ ਦਿੱਤੀਆ ਜਾਣ ਤਾਂ ਇਸ ਨਾਲ ਜਿੰਮੀਦਾਰਾਂ ਤੇ ਵਪਾਰੀਆ ਦੇ ਕਾਰੋਬਾਰਾਂ ਨੂੰ ਵੱਡਾ ਹੁਲਾਰਾ ਮਿਲੇਗਾ ਅਤੇ ਟਰਾਸਪੋਰਟ ਕਿੱਤਾ ਪ੍ਰਫੁੱਲਿਤ ਹੋਣ ਦੇ ਨਾਲ-ਨਾਲ ਬੇਰੁਜਗਾਰੀ ਨੂੰ ਕਾਫੀ ਹੱਦ ਤੱਕ ਦੂਰ ਕਰਨ ਵਿਚ ਵੱਡਾ ਸਹਿਯੋਗ ਮਿਲੇਗਾ । ਉਨ੍ਹਾਂ ਕਿਹਾ ਕਿ ਜੋ ਪੰਜਾਬ ਪੱਖੀ ਅਤੇ ਪੰਜਾਬ ਦੇ ਅਮਨ ਚੈਨ ਨੂੰ ਕਾਇਮ ਰੱਖਣ ਲਈ ਅਤੇ ਇਥੋ ਦੇ ਨਿਜਾਮ ਵਿਚੋ ਰਿਸਵਤਖੋਰੀ ਨੂੰ ਖਤਮ ਕਰਨ ਲਈ ਅਤੇ ਬੇਰੁਜਗਾਰੀ ਨੂੰ ਦੂਰ ਕਰਨ ਲਈ ਹੋਰ ਪੰਜਾਬ ਪ੍ਰਤੀ ਮੁਸ਼ਕਿਲਾਂ ਵਿਚ ਜਿਥੇ ਵੀ ਸਰਕਾਰ ਚੰਗੇ ਉਦਮ ਕਰੇਗੀ, ਉਸ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਆਪਣਾ ਸਹਿਯੋਗ ਅਤੇ ਹੋਰ ਸਭ ਉਦਮ ਕਰਨ ਵਿਚ ਫਖਰ ਮਹਿਸੂਸ ਕਰੇਗਾ ।

Leave a Reply

Your email address will not be published. Required fields are marked *