ਪਾਕਿਸਤਾਨ ਲਹਿੰਦੇ ਪੰਜਾਬ ਦੀ ਮੁੱਖ ਮੰਤਰੀ ਮਰੀਯਮ ਨਵਾਜ ਸਰੀਫ਼ ਵੱਲੋ ਸਿੱਖ ਮੈਰਿਜ ਐਕਟ ਨੂੰ ਹੋਦ ਵਿਚ ਲਿਆਉਣਾ ਸਵਾਗਤਯੋਗ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 28 ਜੂਨ ( ) “ਸਿੱਖ ਕੌਮ ਜਨਮ ਤੋ ਹੀ ਨਿਵੇਕਲੀ, ਅਣਖੀਲੀ ਅਤੇ ਵੱਖਰੀ ਕੌਮ ਹੈ । ਸਿੱਖ ਕੌਮ ਦਾ ਵੱਡਾ ਹਿੱਸਾ ਇੰਡੀਆ, ਪੰਜਾਬ ਵਿਚ ਵਿਚਰਦਾ ਹੈ ਅਤੇ ਵੱਸਦਾ ਹੈ । ਅਮਰੀਕਾ, ਕੈਨੇਡਾ, ਬਰਤਾਨੀਆ, ਆਸਟ੍ਰੇਲੀਆ, ਨਿਊਜੀਲੈਡ ਵਰਗੇ ਹੋਰ ਯੂਰਪਿੰਨ ਮੁਲਕ ਸਿੱਖ ਕੌਮ ਦੀ ਵੱਖਰੀ ਪਹਿਚਾਣ ਅਤੇ ਉਨ੍ਹਾਂ ਦੀ ਸਰਬੱਤ ਦੇ ਭਲੇ ਵਾਲੀ ਸੋਚ ਨੂੰ ਪੁਰ ਮਾਨਤਾ ਤੇ ਸਤਿਕਾਰ ਦਿੰਦੇ ਹਨ ਅਤੇ ਇਸ ਤੋ ਪ੍ਰੇਰਿਤ ਹੋ ਕੇ ਪੂਰਨ ਸਨਮਾਨ ਵੀ ਕਰਦੇ ਹਨ । ਇਹੀ ਵਜਹ ਹੈ ਕਿ ਇਨ੍ਹਾਂ ਵੱਡੇ ਮੁਲਕਾਂ ਵਿਚ ਸਿੱਖ ਮੇਅਰ, ਸੈਨੇਟਰ, ਕੌਸਲਰ, ਪਾਰਲੀਮੈਟ ਮੈਬਰ ਅਤੇ ਉਥੋ ਦੀਆਂ ਸਰਕਾਰਾਂ ਵਿਚ ਵਜੀਰ ਬਣਕੇ ਮਨੁੱਖਤਾ ਦੀ ਸੇਵਾ ਕਰਦੇ ਹੋਏ ਆਪਣੀ ਵੱਖਰੀ ਪਹਿਚਾਣ ਨੂੰ ਕੌਮਾਂਤਰੀ ਤੇ ਸਥਾਪਿਤ ਕਰਨ ਵਿਚ ਚੌਖਾ ਯੋਗਦਾਨ ਪਾ ਰਹੇ ਹਨ । ਅਸੀ ਲੰਮੇ ਸਮੇ ਤੋ ਜਮਹੂਰੀਅਤ ਅਤੇ ਵਿਧਾਨਿਕ ਲੀਹਾਂ ਅਨੁਸਾਰ ਆਪਣੀ ਵੱਖਰੀ ਪਹਿਚਾਣ ਨੂੰ ਕਾਇਮ ਰੱਖਣ ਹਿੱਤ ਇੰਡੀਅਨ ਹੁਕਮਰਾਨਾਂ ਤੋ ਮੰਗ ਕਰਦੇ ਆ ਰਹੇ ਹਾਂ । ਲੇਕਿਨ ਸਿੱਖ ਕੌਮ ਨੂੰ ਜੋ ਇੰਡੀਆ ਦੇ ਵਿਧਾਨ ਦੀ ਧਾਰਾ 25 ਰਾਹੀ ਸਾਡੀ ਪਹਿਚਾਣ ਨੂੰ ਖਤਮ ਕਰਨ ਦੀ ਮਨਸਾ ਨਾਲ ਕਾਨੂੰਨੀ ਰੂਪ ਵਿਚ ਹਿੰਦੂ ਹੀ ਕਰਾਰ ਦਿੱਤਾ ਗਿਆ ਹੈ । ਜਦੋਕਿ 1909 ਵਿਚ ਅੰਗਰੇਜ ਹਕੂਮਤ ਨੇ ਸਿੱਖ ਕੌਮ ਦੀ ਵੱਖਰੀ ਪਹਿਚਾਣ ਨੂੰ ਮਾਨਤਾ ਦਿੰਦੇ ਹੋਏ ‘ਆਨੰਦ ਮੈਰਿਜ ਐਕਟ’ ਹੋਦ ਵਿਚ ਲਿਆਂਦਾ ਸੀ । ਉਸ ਨੂੰ ਸਿੱਖ ਕੌਮ ਲੰਮੇ ਸਮੇ ਤੋ ਬਹਾਲ ਕਰਨ ਲਈ ਆਵਾਜ ਉਠਾਉਦੀ ਆ ਰਹੀ ਹੈ । ਪਰ ਹੁਕਮਰਾਨ ਇਸ ਵਿਸੇ ਤੇ ਵੱਡੀ ਮੰਦਭਾਵਨਾ ਰੱਖਦੇ ਹਨ । ਲੇਕਿਨ ਬਹੁਤ ਖੁਸ਼ੀ ਅਤੇ ਸਵਾਗਤਯੋਗ ਗੱਲ ਹੈ ਕਿ ਪਾਕਿਸਤਾਨ ਦੇ ਸੂਬੇ ਪੰਜਾਬ ਦੀ ਮੁੱਖ ਮੰਤਰੀ ਬੀਬੀ ਮਰੀਯਮ ਨਵਾਜ ਅਤੇ ਪਾਕਿਸਤਾਨ ਮੁਲਕ ਦੇ ਘੱਟ ਗਿਣਤੀ ਵਜੀਰ ਸ. ਰਮੇਸ ਸਿੰਘ ਅਰੋੜਾ ਦੇ ਸੁਹਿਰਦ ਯਤਨਾ ਸਦਕਾ ਜੋ ਸਿੱਖ ਮੈਰਿਜ ਐਕਟ ਨੂੰ ਕਾਨੂੰਨੀ ਰੂਪ ਦਿੱਤਾ ਗਿਆ ਹੈ, ਉਸ ਲਈ ਸਮੁੱਚੀ ਸਿੱਖ ਕੌਮ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਬੀਬੀ ਮਰੀਯਮ ਨਵਾਜ ਸਰੀਫ ਅਤੇ ਸ. ਰਮੇਸ ਸਿੰਘ ਅਰੋੜਾ ਤੇ ਉਨ੍ਹਾਂ ਦੇ ਸਾਥੀਆ ਦਾ ਧੰਨਵਾਦ ਕਰਦੇ ਹੋਏ ਇਸ ਉੱਦਮ ਦਾ ਸਵਾਗਤ ਕੀਤਾ ਜਾਂਦਾ ਹੈ ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਾਕਿਸਤਾਨ ਲਹਿੰਦੇ ਪੰਜਾਬ ਸੂਬੇ ਦੀ ਮੁੱਖ ਮੰਤਰੀ ਬੀਬੀ ਮਰੀਯਮ ਨਵਾਜ ਸਰੀਫ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਅਤੇ ਘੱਟ ਗਿਣਤੀਆ ਦੇ ਵਜੀਰ ਸ. ਰਮੇਸ ਸਿੰਘ ਅਰੋੜਾ ਵੱਲੋ ਸਮੂਹਿਕ ਤੌਰ ਤੇ ਸਿੱਖ ਮੈਰਿਜ ਐਕਟ ਨੂੰ ਹੋਦ ਵਿਚ ਲਿਆਉਣ ਉਤੇ ਧੰਨਵਾਦ ਤੇ ਸਵਾਗਤ ਕਰਦੇ ਹੋਏ ਜਾਹਰ ਕੀਤੇ । ਉਨ੍ਹਾਂ ਕਿਹਾ ਕਿ ਜੋ ਬੀਬੀ ਮਰੀਯਮ ਨਵਾਜ ਅਤੇ ਪੀ.ਐਸ.ਜੀ.ਪੀ.ਸੀ. ਵੱਲੋ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਦੁਨੀਆ ਦੇ ਸਭ ਤੋ ਹਰਮਨ ਪਿਆਰੇ ਅਤੇ ਸਫਲ ਸਾਸਕ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਸੁਸੋਭਿਤ ਕਰਨ ਦਾ ਨਿਰਣਾ ਲਿਆ ਗਿਆ ਹੈ, ਇਸ ਨਾਲ ਪਾਕਿਸਤਾਨ ਮੁਲਕ ਤੇ ਉਥੋ ਦੇ ਨਿਵਾਸੀਆ ਦੇ ਪੰਜਾਬੀਆਂ ਤੇ ਸਿੱਖ ਕੌਮ ਨਾਲ ਸੰਬੰਧ ਪਹਿਲੇ ਨਾਲੋ ਵੀ ਮਜਬੂਤੀ ਵੱਲ ਵੱਧਣਗੇ ਅਤੇ ਦੋਵਾਂ ਮੁਲਕਾਂ ਦੇ ਨਿਵਾਸੀਆ ਦੇ ਪਿਆਰ ਮੁਹੱਬਤ ਵਿਚ ਢੇਰ ਸਾਰਾ ਵਾਧਾ ਹੋਵੇਗਾ । ਸ. ਟਿਵਾਣਾ ਨੇ ਬੀਬੀ ਮਰੀਯਮ ਮੁੱਖ ਮੰਤਰੀ ਪੰਜਾਬ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਮੁੱਚੀ ਸਿੱਖ ਕੌਮ ਦੇ ਬਿਨ੍ਹਾਂ ਤੇ ਇਹ ਸੰਜ਼ੀਦਾ ਅਪੀਲ ਵੀ ਕੀਤੀ ਕਿ ਜੋ ਪੰਜਾਬ ਅਤੇ ਪਾਕਿਸਤਾਨ ਵਿਚ ਸਥਿਤ ਗੁਰੂਘਰਾਂ ਦੀਆਂ ਇਮਾਰਤਾਂ ਅਤਿ ਖਸਤਾ ਹੋ ਚੁੱਕੀਆ ਹਨ, ਉਨ੍ਹਾਂ ਵੱਲ ਉਚੇਚੇ ਤੌਰ ਤੇ ਧਿਆਨ ਦਿੰਦੇ ਹੋਏ ਈ.ਟੀ.ਪੀ.ਬੀ. ਦੇ ਸਾਂਝੇ ਸਹਿਯੋਗ ਰਾਹੀ ਇਨ੍ਹਾਂ ਗੁਰੂਘਰਾਂ ਦੀਆਂ ਇਮਾਰਤਾਂ ਨੂੰ ਹਕੂਮਤੀ ਪੱਧਰ ਤੇ ਜਾਂ ਸਾਡੇ ਕਾਰਸੇਵਾ ਦੇ ਬਾਬਿਆ ਰਾਹੀ ਸਹੀ ਕੀਤਾ ਜਾ ਸਕੇ ਤਾਂ ਇਸ ਨਾਲ ਪਾਕਿਸਤਾਨ ਹਕੂਮਤ ਤੇ ਪੰਜਾਬ ਸੂਬੇ ਦੀ ਹਕੂਮਤ ਦਾ ਸਮੁੱਚੀ ਸਿੱਖ ਕੌਮ ਦੇ ਸਤਿਕਾਰ ਵਿਚ ਵਾਧਾ ਹੋਵੇਗਾ ਜੋ ਆਉਣ ਵਾਲੇ ਸਮੇ ਵਿਚ ਏਸੀਆ ਖਿੱਤੇ ਦੇ ਮੁਲਕਾਂ ਦੇ ਅਮਨ ਚੈਨ ਅਤੇ ਜਮਹੂਰੀਅਤ ਨੂੰ ਕਾਇਮ ਰੱਖਣ ਵਿਚ ਸਹਾਈ ਹੋਵੇਗਾ ।