ਤਾਮਿਲਨਾਡੂ ਵਿਚ ਜ਼ਹਿਰੀਲੀ ਸ਼ਰਾਬ ਨਾਲ ਹੋਈਆ ਮੌਤਾਂ ਦਾ ਤਾਂ ਰੌਲਾ ਪੈ ਗਿਆ, ਪਰ ਸੰਗਰੂਰ ਵਿਚ 20 ਮਾਰਚ ਨੂੰ ਸ਼ਰਾਬ ਨਾਲ ਮਾਰੇ ਗਏ ਇਨਸਾਨਾਂ ਦਾ ਅੱਜ ਤੱਕ ਕੋਈ ਇਨਸਾਫ਼ ਨਹੀ ਮਿਲਿਆ : ਮਾਨ
ਫ਼ਤਹਿਗੜ੍ਹ ਸਾਹਿਬ, 25 ਜੂਨ ( ) “ਜਦੋਂ ਬੀਤੇ ਦਿਨੀਂ ਤਾਮਿਲਨਾਡੂ ਵਿਚ ਜ਼ਹਿਰੀਲੀ ਸ਼ਰਾਬ ਨਾਲ ਕੁਝ ਵਿਅਕਤੀਆਂ ਦੀ ਅਫਸੋਸਨਾਕ ਮੌਤ ਹੋਈ ਤਾਂ ਸਮੁੱਚੇ ਮੁਲਕ ਵਿਚ ਇਸ ਹੋਏ ਦੁਖਾਂਤ ਦਾ ਖੂਬ ਰੌਲਾ ਪਿਆ ਅਤੇ ਇਸ ਉਤੇ ਸੈਟਰ ਅਤੇ ਤਾਮਿਲਨਾਡੂ ਦੀਆਂ ਸਰਕਾਰਾਂ ਕਾਰਵਾਈ ਕਰਦੀਆ ਹੋਈਆ ਨਜਰ ਆਈਆ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਸੰਗਰੂਰ ਜਿਥੇ ਮੈਂ ਐਮ.ਪੀ ਸੀ, ਉਥੇ ਬੀਤੀ 20 ਮਾਰਚ ਨੂੰ ਇਸੇ ਜ਼ਹਿਰੀਲੀ ਸ਼ਰਾਬ ਨਾਲ 20 ਦੇ ਕਰੀਬ ਆਮ ਇਨਸਾਨਾਂ ਦੀਆਂ ਮੌਤਾਂ ਹੋਈਆ । ਜਿਨ੍ਹਾਂ ਵਿਚ ਬਹੁਤ ਗਿਣਤੀ ਉਨ੍ਹਾਂ ਦੀ ਸੀ ਜਿਨ੍ਹਾਂ ਨੂੰ ਆਪਣੀ ਰੋਟੀ ਲਈ ਕਈ ਵਾਰੀ ਦਿਹਾੜੀ ਵੀ ਨਹੀ ਮਿਲਦੀ ਅਤੇ ਉਨ੍ਹਾਂ ਦੇ ਘਰ ਰੋਟੀ ਵੀ ਨਹੀ ਸੀ ਪੱਕਦੀ । ਇਹ ਦੁਖਾਂਤ ਇਸ ਲਈ ਵਾਪਰਿਆ ਕਿ ਇਹ ਗਰੀਬ ਲੋਕ ਮਹਿੰਗੀ ਸ਼ਰਾਬ ਪੀਣ ਦੇ ਸਮਰੱਥ ਨਹੀ ਸਨ ਅਤੇ ਸਸਤੀ ਸ਼ਰਾਬ ਸੇਵਨ ਕਰਨ ਦੀ ਬਦੌਲਤ ਇਹ ਮੌਤਾਂ ਹੋਈਆ । ਜਦੋਂਕਿ ਇਨ੍ਹਾਂ ਮ੍ਰਿਤਕ ਪਰਿਵਾਰਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮਾਇਕ, ਰੁਜਗਾਰ, ਘਰ ਬਣਾਉਣ ਆਦਿ ਦੀ ਸਰਕਾਰ ਵੱਲੋ ਕੋਈ ਸਹਾਇਤਾ ਨਹੀ ਮਿਲੀ । ਜਦੋਕਿ ਮੋਦੀ ਹਕੂਮਤ ਹਰ ਪਰਿਵਾਰ ਨੂੰ ਘਰ-ਘਰ ਨੌਕਰੀ ਦੇਣ, ਕਾਂਗਰਸ ਸਰਕਾਰ ਨਿਵਾਸੀਆ ਨੂੰ ਰੋਟੀ-ਕੱਪੜਾਂ-ਮਕਾਨ ਪ੍ਰਦਾਨ ਕਰਨ ਅਤੇ ਆਮ ਆਦਮੀ ਪਾਰਟੀ ਹਰ ਬੀਬੀ ਦੇ ਖਾਤੇ ਵਿਚ ਹਰ ਮਹੀਨੇ 1000 ਰੁਪਏ ਪਾਉਣ ਆਪੋ-ਆਪਣੇ ਚੋਣ ਮਨੋਰਥਾਂ ਵਿਚ ਦਾਅਵੇ ਕਰਦੇ ਹਨ । ਇਹ ਕੇਵਲ ਨਾਅਰੇ ਹੀ ਹਨ, ਕਿਸੇ ਵੀ ਪਾਰਟੀ ਨੇ ਇਥੋ ਦੇ ਨਿਵਾਸੀਆ ਲਈ ਅਮਲੀ ਰੂਪ ਵਿਚ ਅੱਜ ਤੱਕ ਕੁਝ ਨਹੀ ਕੀਤਾ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਤਾਮਿਲਨਾਡੂ ਵਿਚ ਜ਼ਹਿਰੀਲੀ ਸ਼ਰਾਬ ਨਾਲ ਮਾਰੇ ਗਏ ਵਿਅਕਤੀਆ ਅਤੇ ਪੰਜਾਬ ਦੇ ਸੰਗਰੂਰ ਜਿ਼ਲ੍ਹੇ ਵਿਚ 20 ਮਾਰਚ ਨੂੰ ਮਾਰੇ ਗਏ ਗਰੀਬ ਪੰਜਾਬੀਆਂ ਦੇ ਮੁੱਦੇ ਉਤੇ ਸਰਕਾਰਾਂ ਵੱਲੋ ਵੱਖ-ਵੱਖ ਢੰਗ ਨਾਲ ਸੋਚਣਾ ਤੇ ਅਮਲ ਕਰਨ ਦੇ ਵਿਤਕਰੇ ਭਰੀਆ ਕਾਰਵਾਈਆ ਉਤੇ ਗਹਿਰਾ ਦੁੱਖ ਜਾਹਰ ਕਰਦੇ ਹੋਏ ਅਤੇ ਆਮ ਗਰੀਬ ਲੋਕਾਂ ਦੇ ਜੀਵਨ ਨਾਲ ਖਿਲਵਾੜ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਅਸੀਂ ਇਹ ਮੰਗ ਕੀਤੀ ਸੀ ਕਿ ਹਰ ਪੀੜ੍ਹਤ ਮ੍ਰਿਤਕ ਪਰਿਵਾਰ ਨੂੰ 50-50 ਲੱਖ ਰੁਪਏ ਜਾਂ ਪਰਿਵਾਰ ਦੇ ਇਕ ਮੈਬਰ ਨੂੰ ਰੁਜਗਾਰ ਦੇਣ ਅਤੇ ਉਨ੍ਹਾਂ ਗਰੀਬਾਂ ਲਈ ਪੱਕੇ ਘਰ ਬਣਾਕੇ ਦੇਣ ਦਾ ਪ੍ਰਬੰਧ ਹੋਵੇ । ਪਰ ਸੰਬੰਧਤ ਸਰਕਾਰਾਂ ਨੇ ਅਜਿਹੇ ਪਰਿਵਾਰਾਂ ਦੇ ਜੀਵਨ ਨਿਰਵਾਹ ਲਈ ਅਤੇ ਉਨ੍ਹਾਂ ਦੇ ਡੂੰਘੇ ਦੁੱਖ ਨੂੰ ਦੂਰ ਕਰਨ ਲਈ ਕੁਝ ਨਹੀ ਕੀਤਾ । ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ 10 ਹਜਾਰ ਸਿਪਾਹੀਆ ਦੀਆਂ ਬਦਲੀਆ ਇਸ ਕਰਕੇ ਕਰ ਦਿੱਤੀਆ ਹਨ ਕਿ ਇਹ ਸਮਗਲਿੰਗ ਦੇ ਕਾਰੋਬਾਰ ਵਿਚ ਅਪਰਾਧੀਆ ਨੂੰ ਸਹਿਯੋਗ ਕਰਦੇ ਸਨ । ਪਰ ਅਸੀ ਪੁੱਛਣਾ ਚਾਹਵਾਂਗੇ ਕਿ ਜਿਥੇ ਵੀ ਇਨ੍ਹਾਂ ਦੀਆਂ ਬਦਲੀਆ ਕੀਤੀਆ ਹਨ ਉਨ੍ਹਾਂ ਥਾਣਿਆ ਦੇ ਖੇਤਰ ਵਿਚ ਬਦਮਾਸ, ਡਕੈਤ, ਸਮੱਗਲਰ ਆਦਿ ਅਪਰਾਧੀਆ ਦਾ ਪੂਰਾ ਰਿਕਾਰਡ ਹੁੰਦਾ ਹੈ । ਫਿਰ ਇਹ ਉਨ੍ਹਾਂ ਨਾਲ ਸੰਪਰਕ ਕਰਕੇ ਆਪਣੇ ਇਸ ਰੁਝਾਨ ਨੂੰ ਜਾਰੀ ਹੀ ਰੱਖਣਗੇ ਅਤੇ ਇਹ ਤਬਦੀਲੀਆਂ ਦੀ ਪ੍ਰਕਿਰਿਆ ਗੈਰ ਕਾਨੂੰਨੀ ਅਮਲ ਨੂੰ ਰੋਕਣ ਵਿਚ ਕਿਵੇ ਸਹਾਈ ਹੋਵੇਗੀ ? ਉਨ੍ਹਾਂ ਉਦਾਹਰਣ ਦਿੰਦੇ ਹੋਏ ਕਿਹਾ ਕਿ ਫਿਰੋਜ਼ਪੁਰ ਦੇ ਐਸ.ਐਸ.ਪੀ. ਸ. ਹਰਦਿਆਲ ਸਿੰਘ ਮਾਨ ਨੇ ਬੀਜੇਪੀ ਦੇ ਪੰਜਾਬ ਦੇ ਪ੍ਰਧਾਨ ਸ੍ਰੀ ਕਮਲ ਸ਼ਰਮਾ ਦੇ ਪੀਏ ਨੂੰ ਗੈਰ ਕਾਨੂੰਨੀ ਕਾਰਵਾਈਆ ਵਿਚ ਫੜਿਆ ਗਿਆ ਸੀ, ਉਸ ਵਿਰੁੱਧ ਹੁਕਮਰਾਨਾਂ ਨੇ ਕੋਈ ਕਾਰਵਾਈ ਨਹੀ ਹੋਣ ਦਿੱਤੀ । ਬਲਕਿ ਐਸ.ਐਸ.ਪੀ ਸ. ਮਾਨ ਦਾ ਤਬਾਦਲਾ ਕਰਕੇ ਇਹ ਸੰਦੇਸ ਦਿੱਤਾ ਗਿਆ ਕਿ ਜੋ ਹੁਕਮਰਾਨਾਂ ਦੇ ਗੈਰ ਕਾਨੂੰਨੀ ਜਾਂ ਗਲਤ ਕੰਮਾਂ ਵਿਚ ਸਾਥ ਨਹੀ ਦੇਵੇਗਾ । ਉਸਨੂੰ ਸਰਕਾਰ ਵੀ ਕਿਸੇ ਤਰ੍ਹਾਂ ਦਾ ਸਹਿਯੋਗ ਨਹੀ ਕਰੇਗੀ । ਉਨ੍ਹਾਂ ਕਿਹਾ ਕਿ ਅਸੀਂ ਸਮੇ-ਸਮੇ ਤੇ ਗੁਰਦਾਸਪੁਰ, ਪਠਾਨਕੋਟ, ਤਰਨਤਾਰਨ, ਅੰਮ੍ਰਿਤਸਰ ਦੇ ਪੁਲਿਸ ਅਫਸਰਾਨ ਇਥੋ ਤੱਕ ਸੰਬੰਧ ਡੀ.ਆਈ.ਜੀ ਸਾਹਿਬਾਨ ਨੂੰ ਪੱਤਰ ਲਿਖਕੇ ਅਜਿਹੇ ਗੈਰ ਕਾਨੂੰਨੀ ਅਮਲਾਂ ਦੇ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਲਈ ਲਿਖਦੇ ਰਹੇ । ਪਰ ਕਿਸੇ ਵੀ ਗੈਰ ਕਾਨੂੰਨੀ ਅਮਲ ਦੀ ਨਾ ਤਾਂ ਛਾਣਬੀਨ ਹੋਈ ਅਤੇ ਨਾ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ । ਜਿੰਨਾਂ ਸਮਾਂ ਵੱਡੇ-ਵੱਡੇ ਮਗਰਮੱਛ ਰੂਪੀ ਸਮੱਗਲਰਾਂ ਤੇ ਉਨ੍ਹਾਂ ਨੂੰ ਸਹਿਯੋਗ ਕਰਨ ਵਾਲੀ ਅਫਸਰਸਾਹੀ ਨੂੰ ਹੱਥ ਨਹੀ ਪਾਇਆ ਜਾਂਦਾ, ਉਨ੍ਹਾਂ ਸਮਾਂ ਆਮ ਆਦਮੀ ਪਾਰਟੀ, ਕਾਂਗਰਸ, ਬੀਜੇਪੀ ਇਸ ਗੁੰਝਲਦਾਰ ਸਮੱਸਿਆ ਦਾ ਕੋਈ ਹੱਲ ਨਹੀ ਕੱਢ ਸਕਣਗੇ ।