ਸਿੱਖ ਕੌਮ ਮਾਰਸ਼ਲ ਕੌਮ ਹੈ, ਇੰਡੀਆ ਦੀ ਫ਼ੌਜ ਵਿਚ ਸਿੱਖਾਂ ਦੀ ਭਰਤੀ ਮਨਫ਼ੀ ਕਰਕੇ ਹੁਕਮਰਾਨ ਬਜਰ ਗੁਸਤਾਖੀ ਕਰ ਰਹੇ ਹਨ : ਮਾਨ
ਫ਼ਤਹਿਗੜ੍ਹ ਸਾਹਿਬ, 24 ਜੂਨ ( ) “ਕਿਉਂਕਿ ਸਿੱਖ ਕੌਮ ਇਕ ਮਾਰਸ਼ਲ ਕੌਮ ਹੈ, ਜਿਸਦੀ ਬਦੌਲਤ ਇੰਡੀਆਂ ਨੇ ਆਪਣੀ ਆਜਾਦੀ ਦੀ ਜੰਗ ਜਿੱਤੀ ਅਤੇ ਹੁਣ ਤੱਕ ਸਰਹੱਦਾਂ ਉਤੇ ਫਖ਼ਰ ਨਾਲ ਆਪਣੀ ਰੱਖਿਆ ਹੋਣ ਦਾ ਦਾਅਵਾ ਕਰਦੇ ਆ ਰਹੇ ਹਨ । ਲੇਕਿਨ ਦੁੱਖ ਅਤੇ ਅਫਸੋਸ ਹੈ ਕਿ ਮੁਤੱਸਵੀ ਸੋਚ ਅਧੀਨ ਹੁਕਮਰਾਨ ਲੰਮੇ ਸਮੇ ਤੋ ਇੰਡੀਆ ਦੀ ਫ਼ੌਜ ਵਿਚ ਭਰਤੀ ਦੀ ਪ੍ਰਤੀਸ਼ਤਾਂ 33% ਤੋ ਘਟਾਕੇ 2% ਕਰ ਦਿੱਤੀ ਗਈ ਹੈ ਅਤੇ ਹੁਣ ਇਹ ਭਰਤੀ ਅਗਨੀਵੀਰ ਯੋਜਨਾ ਅਧੀਨ ਕੇਵਲ 4 ਸਾਲ ਤੱਕ ਕਰ ਦਿੱਤੀ ਹੈ । ਜਿਸ ਨੂੰ ਸਿੱਖ ਕੌਮ ਬਿਲਕੁਲ ਪ੍ਰਵਾਨ ਹੀ ਨਹੀ ਕਰਦੀ ਅਤੇ ਇਸ ਹੋ ਰਹੇ ਸਿੱਖਾਂ ਨਾਲ ਵਿਤਕਰੇ ਦੀ ਘੋਰ ਸ਼ਬਦਾਂ ਵਿਚ ਨਿੰਦਾ ਵੀ ਕਰਦੀ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਿੰਦੂਤਵ ਹੁਕਮਰਾਨਾਂ ਵੱਲੋ ਫ਼ੌਜ ਵਿਚ ਭਰਤੀ ਦੇ ਨਾਮ ਤੇ ਸਿੱਖ ਕੌਮ ਨੂੰ ਮਨਫੀ ਕਰਨ ਦੀ ਮੰਦਭਾਵਨਾ ਅਧੀਨ ਬਣਾਈਆ ਜਾ ਰਹੀਆ ਮਾਰੂ ਯੋਜਨਾਵਾਂ ਉਤੇ ਸਖਤ ਨੋਟਿਸ ਲੈਦੇ ਹੋਏ ਅਤੇ ਇਸਦੇ ਆਉਣ ਵਾਲੇ ਸਮੇ ਵਿਚ ਇਸਦੇ ਮਾੜੇ ਨਤੀਜਿਆ ਤੋ ਹੁਕਮਰਾਨਾਂ ਨੂੰ ਸੁਚੇਤ ਕਰਦੇ ਹੋਏ ਜਾਹਰ ਕੀਤੇ । ਉਨ੍ਹਾਂ ਕਿਹਾ ਕਿ ਇੰਡੀਅਨ ਹੁਕਮਰਾਨਾਂ ਤੇ ਫ਼ੌਜ ਦੇ ਜਰਨੈਲਾਂ ਨੂੰ ਇਸ ਗੱਲ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਰੂਸ ਨੇ ਆਪਣੀ ਫ਼ੌਜ ਵਿਚ ਖੁੱਲ੍ਹੀ ਭਰਤੀ ਸੁਰੂ ਕਰ ਦਿੱਤੀ ਹੈ । ਜੇਕਰ ਸਿੱਖ ਨੌਜਵਾਨੀ ਜਿਸ ਨੂੰ ਇੰਡੀਆ ਦੇ ਹੁਕਮਰਾਨ ਆਪਣੀ ਫ਼ੌਜ ਅਤੇ ਹੋਰ ਵਿਭਾਗਾਂ ਵਿਚ ਭਰਤੀ ਕਰਦੇ ਹੋਏ ਵੱਡੇ ਵਿਤਕਰੇ ਕਰ ਰਹੇ ਹਨ, ਉਹ ਰੂਸ ਦੀ ਫ਼ੌਜ ਵਿਚ ਭਰਤੀ ਹੋਣ ਲਈ ਉਥੇ ਜਾਣ ਲੱਗ ਪਏ ਜਿਸਦੀ ਬਦੌਲਤ ਰੂਸ ਦੀ ਫ਼ੌਜ ਵਿਚ ਅਤੇ ਹੋਰ ਮੁਲਕਾਂ ਦੀਆਂ ਫ਼ੌਜਾਂ ਵਿਚ ਸਿੱਖ ਰੈਜਮੈਟਾਂ, ਬਟਾਲੀਅਨਾਂ ਬਣਨੀਆ ਸੁਰੂ ਹੋ ਗਈਆ । ਫਿਰ ਉਨ੍ਹਾਂ ਸਿੱਖ ਫ਼ੌਜਾਂ ਨਾਲ ਇੰਡੀਆ ਮੁਲਕ ਕਿਸ ਤਰ੍ਹਾਂ ਮੁਕਾਬਲਾ ਕਰ ਸਕੇਗਾ ਅਤੇ ਆਪਣੇ ਇੰਡੀਆ ਦੀ ਰੱਖਿਆ ਕਰ ਸਕੇਗਾ ? ਬੇਸੱਕ ਸਿੱਖ ਕੌਮ ਨੇ ਅਜੇ ਇਸ ਦਿਸ਼ਾ ਵੱਲ ਕੋਈ ਨਾਂਹਵਾਚਕ ਅਮਲ ਨਹੀ ਕੀਤਾ, ਜੇਕਰ ਇਸੇ ਤਰ੍ਹਾਂ ਹੁਕਮਰਾਨ ਤੇ ਫ਼ੌਜਾਂ ਦੇ ਜਰਨੈਲ ਮੁਤੱਸਵੀ ਸੋਚ ਅਧੀਨ ਸਿੱਖਾਂ ਦੀ ਭਰਤੀ ਕਰਦੇ ਹੋਏ ਵਿਤਕਰਾ ਕਰਦੇ ਰਹੇ ਤਾਂ ਇਸਦੇ ਨਤੀਜੇ ਆਉਣ ਵਾਲੇ ਸਮੇ ਵਿਚ ਇੰਡੀਆ ਲਈ ਵੱਡੇ ਮਾਰੂ ਸਾਬਤ ਹੋਣ ਤੋ ਇਨਕਾਰ ਨਹੀ ਕੀਤਾ ਜਾ ਸਕਦਾ । ਇਸ ਲਈ ਸਾਡੀ ਰਾਏ ਹੈ ਕਿ ਸਿੱਖਾਂ ਦੀ ਫ਼ੌਜ ਵਿਚ ਭਰਤੀ ਦੇ ਪੁਰਾਤਨ 33% ਕੋਟੇ ਨੂੰ ਹੁਕਮਰਾਨ ਸੰਜੀਦਗੀ ਨਾਲ ਬਹਾਲ ਕਰਨ ਅਤੇ ਸਿੱਖਾਂ ਨਾਲ ਹੋ ਰਹੇ ਵਿਤਕਰੇ ਨੂੰ ਬੰਦ ਕਰਕੇ ਸਿੱਖ ਮਨਾਂ ਵਿਚ ਪਾਈ ਜਾਣ ਵਾਲੀ ਅਸੰਤੁਸਟੀ ਦੂਰ ਕਰਨ ।