04 ਜੂਨ ਦੇ ਚੋਣ ਨਤੀਜਿਆ ਉਪਰੰਤ ਕੋਈ ਵੀ ਪਾਰਟੀ ਜਾਂ ਉਮੀਦਵਾਰ ਜਸ਼ਨ ਨਾ ਮਨਾਏ, ਬਲਕਿ ਸੁਕਰਾਨਾ ਕਰੇ : ਮਾਨ
ਫ਼ਤਹਿਗੜ੍ਹ ਸਾਹਿਬ, 02 ਜੂਨ ( ) “ਕਿਉਂਕਿ 04 ਜੂਨ ਤੋ ਲੈਕੇ 06 ਜੂਨ ਤੱਕ ਦੇ ਦਿਹਾੜੇ ਸਿੱਖ ਕੌਮ ਤੇ ਪੰਜਾਬੀਆਂ ਲਈ ਅਤਿ ਸੰਜ਼ੀਦਾ ਅਤੇ ਸ਼ੋਕ ਵਾਲੇ ਦਿਹਾੜੇ ਹਨ । ਇਸ ਦਿਨ ਹੁਕਮਰਾਨਾਂ ਨੇ ਸਿੱਖ ਕੌਮ ਦੇ ਸਰਬਉੱਚ ਅਸਥਾਂਨ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਸਾਜਸੀ ਢੰਗ ਨਾਲ ਬਲਿਊ ਸਟਾਰ ਦਾ ਫ਼ੌਜੀ ਹਮਲਾ ਕਰਕੇ ਕੇਵਲ ਸਾਡੇ ਧਾਰਮਿਕ ਸਥਾਨਾਂ ਨੂੰ ਢਹਿ-ਢੇਰੀ ਹੀ ਨਹੀ ਕੀਤਾ, ਬਲਕਿ 25 ਹਜਾਰ ਦੇ ਕਰੀਬ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਆਏ ਨਿਰਦੋਸ਼ ਅਤੇ ਨਿਹੱਥੇ ਸਰਧਾਲੂਆਂ ਨੂੰ ਗੋਲੀ ਦਾ ਨਿਸ਼ਾਨਾਂ ਬਣਾਕੇ ਅਣਮਨੁੱਖੀ ਢੰਗਾਂ ਰਾਹੀ ਮਨੁੱਖਤਾ ਦਾ ਕਤਲੇਆਮ ਕੀਤਾ ਗਿਆ ਸੀ । ਇਸ ਲਈ ਇਹ ਦਿਹਾੜੇ ਸਿੱਖ ਕੌਮ ਤੇ ਮਨੁੱਖਤਾ ਲਈ ਸੋਗ ਵਾਲੇ ਹਨ । ਇਸ 04 ਜੂਨ ਦੇ ਚੋਣ ਨਤੀਜਿਆ ਉਪਰੰਤ ਜਿੱਤਣ ਵਾਲੀਆ ਪਾਰਟੀਆਂ ਜਾਂ ਉਮੀਦਵਾਰ ਬਿਲਕੁਲ ਵੀ ਕਿਸੇ ਤਰ੍ਹਾਂ ਦਾ ਜਸ਼ਨ ਨਾ ਮਨਾਉਣ ਬਲਕਿ ਉਸ ਅਕਾਲ ਪੁਰਖ ਦਾ ਸੁਕਰਾਨਾ ਕਰਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ. ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ 04 ਜੂਨ ਤੋ ਲੈਕੇ 06 ਜੂਨ ਦੇ ਸਿੱਖ ਕੌਮ ਦੇ ਅਤਿ ਸੰਜ਼ੀਦਗੀ ਤੇ ਸੋਗ ਵਾਲੇ ਦਿਹਾੜਿਆ ਉਤੇ ਚੋਣ ਨਤੀਜਿਆ ਨੂੰ ਦੇਖਕੇ ਵੀ ਕਿਸੇ ਤਰ੍ਹਾਂ ਦੀ ਖੁਸ਼ੀ ਮਨਾਉਣ, ਭੰਗੜੇ ਪਾਉਣ ਜਾਂ ਢੋਲ ਢਮੱਕਾ ਨਾ ਕਰਨ ਦੀ ਸਮੁੱਚੀਆਂ ਪਾਰਟੀਆ, ਉਮੀਦਵਾਰਾਂ ਤੇ ਸਰਕਾਰ ਨੂੰ ਅਪੀਲ ਕਰਦੇ ਹੋਏ ਜਾਹਰ ਕੀਤੇ । ਉਨ੍ਹਾਂ ਕਿਹਾ ਕਿ ਸਿੱਖ ਕੌਮ ਇਨ੍ਹਾਂ ਦਿਨਾਂ ਵਿਚ ਬੀਬੀਆਂ ਗੁਰੂਘਰਾਂ ਵਿਚ ਜਾ ਕੇ ਜਾਪ ਸਾਹਿਬ, ਸੁਖਮਨੀ ਸਾਹਿਬ ਦੇ ਪਾਠ ਕਰਦੀਆਂ ਹਨ ਅਤੇ ਆਪਣੇ ਸ਼ਹੀਦਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਦੀਆਂ ਹਨ । ਇਸ ਲਈ ਮੁਲਕ ਵਿਚ ਵੱਸਣ ਵਾਲੇ ਕਿਸੇ ਵੀ ਲੀਡਰ ਜਾਂ ਸਿਆਸੀ ਆਗੂਆਂ ਨੂੰ ਚੋਣ ਨਤੀਜਿਆ ਉਪਰੰਤ ਕੋਈ ਵੀ ਅਜਿਹਾ ਅਮਲ ਨਹੀ ਕਰਨਾ ਚਾਹੀਦਾ ਜਿਸ ਨਾਲ ਸਿੱਖ ਕੌਮ ਦੇ ਮਨ-ਆਤਮਾ ਨੂੰ ਦੁੱਖ ਪਹੁੰਚੇ ਅਤੇ ਉਨ੍ਹਾਂ ਨੂੰ ਬਿਨ੍ਹਾਂ ਵਜਹ ਚਿੜਾਉਣ ਦੀ ਕਾਰਵਾਈ ਹੋਵੇ । ਜੇਕਰ ਕਿਸੇ ਪਾਰਟੀ ਜਾਂ ਆਗੂ ਨੇ ਅਜਿਹਾ ਕਰਨ ਦੀ ਗੁਸਤਾਖੀ ਕੀਤੀ ਤਾਂ ਸਿੱਖ ਕੌਮ ਕਤਈ ਬਰਦਾਸਤ ਨਹੀ ਕਰੇਗੀ । ਇਸ ਵਿਸੇ ਉਤੇ ਉਨ੍ਹਾਂ ਨੇ ਸੈਟਰ ਤੇ ਪੰਜਾਬ ਦੀਆਂ ਸਰਕਾਰਾਂ ਨੂੰ ਵੀ ਖਬਰਦਾਰ ਰਹਿਣ ਲਈ ਉਚੇਚੇ ਤੌਰ ਤੇ ਕਿਹਾ । ਉਨ੍ਹਾਂ ਕਿਹਾ ਕਿ ਮਾਹੌਲ ਨੂੰ ਅਮਨਮਈ ਅਤੇ ਸੰਤੁਲਨ ਪੂਰਵਕ ਰੱਖਣ ਲਈ ਇਹ ਜਰੂਰੀ ਹੈ ਕਿ ਸਰਕਾਰਾਂ, ਪਾਰਟੀਆਂ ਤੇ ਉਮੀਦਵਾਰ ਮੌਕੇ ਦੀ ਨਜਾਕਤ ਨੂੰ ਪਹਿਚਾਣਦੇ ਤੇ ਸਮਝਦੇ ਹੋਏ ਅਜਿਹਾ ਕੋਈ ਅਮਲ ਨਾ ਕਰਨ ਜਿਸ ਨਾਲ ਮਾਹੌਲ ਵਿਸਫੌਟਕ ਬਣੇ ।
ਉਨ੍ਹਾਂ ਕਿਹਾ ਕਿ ਸ਼ਹੀਦ ਕਿਸੇ ਪਰਿਵਾਰ ਜਾਂ ਕਿਸੇ ਸੰਸਥਾਂ ਦੇ ਨਹੀ ਹੁੰਦੇ, ਬਲਕਿ ਉਹ ਸਮੁੱਚੀ ਕੌਮ ਦੇ ਹੁੰਦੇ ਹਨ ਅਤੇ ਸ਼ਹੀਦਾਂ ਦੇ ਦਿਹਾੜੇ ਜਾਂ ਅਰਦਾਸ ਹਮੇਸ਼ਾਂ ਸਮੂਹਿਕ ਤੌਰ ਤੇ ਖਾਲਸਾ ਪੰਥ ਦੇ ਮਹਾਨ ਤਖਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮਹਾਨ ਅਸਥਾਂਨ ਤੋ ਨਿਰੰਤਰ ਹੁੰਦੀ ਆ ਰਹੀ ਹੈ ਅਤੇ ਉਸੇ ਸਥਾਂਨ ਤੇ ਇਹ ਅਰਦਾਸ ਸਮਾਗਮ ਸਮੂਹਿਕ ਤੌਰ ਤੇ ਹੋਣਾ ਚਾਹੀਦਾ ਹੈ । ਪ੍ਰੰਤੂ ਦੁੱਖ ਤੇ ਅਫਸੋਸ ਹੈ ਕਿ ਦਮਦਮੀ ਟਕਸਾਲ ਚੋਕ ਮਹਿਤਾ ਵੱਲੋ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਹਾਨ ਸੰਸਥਾਂ ਦਾ ਅਪਮਾਨ ਕਰਦੇ ਹੋਏ ਜੋ ਚੌਕ ਮਹਿਤਾ ਵਿਖੇ ਵੱਖਰੇ ਪ੍ਰੋਗਰਾਮ ਕੀਤੇ ਜਾ ਰਹੇ ਹਨ ਅਤੇ ਜੀ.ਟੀ ਰੋਡ ਉਤੇ ਇਸ ਸੰਬੰਧੀ ਫਲੈਕਸ ਲਗਾਏ ਗਏ ਹਨ । ਉਨ੍ਹਾਂ ਨੂੰ ਖਾਲਸਾ ਪੰਥ ਦੇ ਵਡੇਰੇ ਹਿੱਤਾ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਹਾਨਤਾ ਨੂੰ ਮੁੱਖ ਰੱਖਦੇ ਹੋਏ ਇਹ ਪ੍ਰੋਗਰਾਮ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਮਨਾਉਣ ਦੇ ਸੰਦੇਸ ਦੇਣੇ ਚਾਹੀਦੇ ਹਨ ਅਤੇ ਨਾਲ ਹੀ ਲਗਾਏ ਗਏ ਫਲੈਕਸਾਂ ਨੂੰ ਉਤਾਰ ਦੇਣਾ ਚਾਹੀਦਾ ਹੈ ਤਾਂ ਕਿ ਸਮੁੱਚੀ ਕੌਮ ਸਮੂਹਿਕ ਤੌਰ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹੁੰਦੀ ਆ ਰਹੀ ਅਰਦਾਸ ਵਿਚ ਸਾਮਿਲ ਹੋ ਸਕੇ । ਉਨ੍ਹਾਂ ਸਮੁੱਚੇ ਖ਼ਾਲਸਾ ਪੰਥ ਨੂੰ ਇਹ ਸੰਜੀਦਾ ਅਪੀਲ ਵੀ ਕੀਤੀ ਕਿ ਕੌਮੀ ਮਰਿਯਾਦਾਵਾ ਅਤੇ ਸੋਚ ਤੇ ਪਹਿਰਾ ਦਿੰਦੇ ਹੋਏ 06 ਜੂਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮਹਾਨ ਸਥਾਂਨ ਤੇ ਪਹੁੰਚਕੇ ਸ਼ਹੀਦਾਂ ਦੀ ਹੋਣ ਵਾਲੀ ਅਰਦਾਸ ਵਿਚ ਹਰ ਮਾਈ, ਭਾਈ, ਗੁਰਸਿੱਖ ਆਤਮਿਕ ਅਤੇ ਸਰੀਰਕ ਤੌਰ ਤੇ ਹਾਜਰੀ ਲਗਵਾਕੇ ਅਰਦਾਸ ਦੀ ਮਹੱਤਤਾ ਨੂੰ ਕੌਮਾਂਤਰੀ ਪੱਧਰ ਤੇ ਵਧਾਉਣ ਵਿਚ ਯੋਗਦਾਨ ਪਾਵੇ ।