ਪੰਜਾਬ ਚੋਣਾਂ ਦੇ ਦੌਰਾਨ ਜੋ ਰਾਜਪਾਲ ਸਿੰਘ ਭਿੰਡਰ, ਮੱਖਣ ਸਿੰਘ ਤਾਹਰਪੁਰੀ ਸਾਨੂੰ ਸਦੀਵੀਂ ਵਿਛੋੜਾਂ ਦੇ ਗਏ ਸਨ, ਜਿਥੇ ਇਹ ਅਫ਼ਸੋਸਨਾਕ ਹੈ, ਉਥੇ ਅਸੀਂ ਇਨ੍ਹਾਂ ਪਰਿਵਾਰਾਂ ਨਾਲ ਸਦਾ ਖੜ੍ਹੇ ਹਾਂ : ਮਾਨ
ਫ਼ਤਹਿਗੜ੍ਹ ਸਾਹਿਬ, 11 ਮਾਰਚ ( ) “ਪੰਜਾਬ ਸੂਬੇ ਦੀਆਂ ਹੋ ਚੁੱਕੀਆਂ ਚੋਣਾਂ ਦੇ ਦੌਰਾਨ ਸਾਡੀ ਪਾਰਟੀ ਵੱਲੋਂ ਸਮਾਣਾ ਹਲਕੇ ਤੋਂ ਖੜ੍ਹੇ ਕੀਤੇ ਗਏ ਉਮੀਦਵਾਰ ਸ. ਰਾਜਪਾਲ ਸਿੰਘ ਭਿੰਡਰ ਅਤੇ ਬੰਗਾ ਹਲਕੇ ਤੋਂ ਸ. ਮੱਖਣ ਸਿੰਘ ਤਾਹਰਪੁਰੀ ਸਾਨੂੰ ਸਦੀਵੀਂ ਤੌਰ ਤੇ ਵਿਛੋੜਾਂ ਦੇ ਗਏ ਸਨ, ਜਿਸ ਨਾਲ ਪਾਰਟੀ ਨੂੰ ਬਹੁਤ ਵੱਡਾ ਅਸਹਿ ਤੇ ਅਕਹਿ ਘਾਟਾ ਪਿਆ ਹੈ, ਉਥੇ ਇਹ ਅਫ਼ਸੋਸਨਾਕ ਵੀ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਨ੍ਹਾਂ ਦੋਵਾਂ ਪਰਿਵਾਰਾਂ ਦੇ ਬੱਚਿਆਂ ਨਾਲ ਨਿਰੰਤਰ ਇਸੇ ਤਰ੍ਹਾਂ ਸੰਪਰਕ ਬਣਾਈ ਰੱਖਣਗੇ ਅਤੇ ਉਨ੍ਹਾਂ ਨਾਲ ਡੱਟਕੇ ਖੜ੍ਹੇ ਰਹਿਣ ਦੇ ਆਪਣੇ ਫਰਜਾਂ ਨੂੰ ਪੂਰਨ ਕਰਾਂਗੇ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਚੋਣਾਂ ਸੰਪਨ ਹੋਣ ਉਪਰੰਤ ਉਪਰੋਕਤ ਦੋਵਾਂ ਪਰਿਵਾਰਾਂ ਨਾਲ ਆਪਣੀ ਸਮਾਜਿਕ ਅਤੇ ਪਰਿਵਾਰਿਕ ਸਾਂਝ ਨੂੰ ਪ੍ਰਪੱਕ ਕਰਦੇ ਹੋਏ ਅਤੇ ਉਨ੍ਹਾਂ ਦੇ ਹਰ ਦੁੱਖ-ਸੁੱਖ ਵਿਚ ਆਪਣੀ ਕੌਮੀ ਜਿ਼ੰਮੇਵਾਰੀ ਨਿਭਾਉਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੋ ਪਾਰਟੀ ਦੇ ਅਹੁਦੇਦਾਰ, ਮੈਬਰ, ਸਮਰੱਥਕ ਅਤੇ ਕੌਮੀ ਦਰਦ ਰੱਖਣ ਵਾਲੀਆਂ ਸਖਸ਼ੀਅਤਾਂ ਪੰਜਾਬ ਵਿਚ ਵਿਚਰ ਰਹੀਆ ਹਨ, ਉਹ ਵੀ ਸਮੇਂ-ਸਮੇਂ ਤੇ ਇਨ੍ਹਾਂ ਪਰਿਵਾਰਾਂ ਨਾਲ ਉਨ੍ਹਾਂ ਦੇ ਕ੍ਰਮਵਾਰ ਫੋਨ ਨੰਬਰ 98724-88527 ਅਤੇ 70876-20177 ਹਨ । ਜਿਨ੍ਹਾਂ ਉਤੇ ਸੰਪਰਕ ਵੀ ਕੀਤਾ ਜਾ ਸਕਦਾ ਹੈ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਜਾ ਕੇ ਮਿਲਿਆ ਵੀ ਜਾ ਸਕਦਾ ਹੈ ।
ਸ. ਮਾਨ ਨੇ ਉਚੇਚੇ ਤੌਰ ਤੇ ਕੌਮੀ ਯੋਧੇ ਸ਼ਹੀਦ ਸੰਦੀਪ ਸਿੰਘ ਸਿੱਧੂ ਦੇ ਹੋਏ ਵਿਛੋੜੇ ਦੀ ਗੱਲ ਕਰਦੇ ਹੋਏ ਕਿਹਾ ਕਿ ਜੋ ਇਸ ਆਤਮਾ ਤੇ ਸਖ਼ਸੀਅਤ ਨੇ ਸਿੱਖ ਕੌਮ ਨੂੰ ਆਪਣੇ ਥੋੜੇ ਸਮੇ ਦੇ ਜੀਵਨ ਵਿਚ ਬਹੁਤ ਕੁਝ ਦਿੱਤਾ ਹੈ, ਉਸਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਕਤਈ ਨਹੀਂ ਭੁਲਾ ਸਕਦੀ । ਅਸੀਂ ਜਿਥੇ ਸ਼ਹੀਦ ਸੰਦੀਪ ਸਿੰਘ ਸਿੱਧੂ ਦੇ ਸਮੁੱਚੇ ਪਰਿਵਾਰ ਨਾਲ ਆਪਣਾ ਪਰਿਵਾਰਿਕ ਸੰਬੰਧ ਕਾਇਮ ਰੱਖਦੇ ਹੋਏ ਆਉਣ ਵਾਲੇ ਸਮੇਂ ਵਿਚ ਹਰ ਪੱਖੋ ਵਿਚਰਣ ਵਿਚ ਖੁਸ਼ੀ ਪ੍ਰਾਪਤ ਕਰਾਂਗੇ, ਉਥੇ ਅਸੀਂ ਉਨ੍ਹਾਂ ਵੱਲੋ ਪੰਜਾਬ ਸੂਬੇ ਅਤੇ ਸਿੱਖ ਕੌਮ ਦੀ ਬਿਹਤਰੀ ਦੇ ਮਿਸ਼ਨ ਅਧੀਨ ਬਣਾਈ ਗਈ ਜਥੇਬੰਦੀ ‘ਵਾਰਿਸ ਪੰਜਾਬ ਦੇ’ ਦੀ ਹਰ ਪੱਖੋ ਸਰਪ੍ਰਸਤੀ ਕਰਨ ਅਤੇ ਉਨ੍ਹਾਂ ਦੇ ਵੱਡੇ ਅਰਥਭਰਪੂਰ ਮਕਸਦ ਨੂੰ ਮੰਜਿ਼ਲ ਤੱਕ ਲਿਜਾਣ ਲਈ ਸਹਿਜ ਢੰਗ ਨਾਲ ਸੰਬੰਧ ਰੱਖਦੇ ਹੋਏ ਆਪਣੀ ਜਿ਼ੰਮੇਵਾਰੀ ਨੂੰ ਆਖਰੀ ਸਵਾਸਾਂ ਤੱਕ ਪੂਰਨ ਕਰਦੇ ਰਹਾਂਗੇ ਅਤੇ ਇਸ ਜਥੇਬੰਦੀ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸਾਂਝ ਨੂੰ ਕਿਸੇ ਤਰ੍ਹਾਂ ਦੀ ਵੀ ਆਂਚ ਨਹੀਂ ਆਉਣ ਦੇਵਾਂਗੇ ।