ਬੇਸ਼ੱਕ ਅਸੀਂ ਵੋਟਾਂ ਦੀ ਗਿਣਤੀ ਪਿੱਛੇ ਰਹਿ ਗਏ ਹਾਂ, ਪਰ ਸਿੱਖ ਕਦੀ ਵੀ ਹਾਰ ਨੂੰ ਪ੍ਰਵਾਨ ਨਹੀਂ ਕਰਦੇ, ਕੌਮੀ ਜੰਗ ਜਾਰੀ ਰਹੇਗੀ : ਮਾਨ
ਫ਼ਤਹਿਗੜ੍ਹ ਸਾਹਿਬ, 10 ਮਾਰਚ ( ) “ਬੇਸ਼ੱਕ ਅਸੀਂ ਵੋਟਾਂ ਦੀ ਗਿਣਤੀ-ਮਿਣਤੀ ਵਿਚ ਪਿੱਛੇ ਰਹਿ ਗਏ ਹਾਂ, ਪਰ ਸਿੱਖ ਕੌਮ ਨੇ ਕਦੀ ਵੀ ਜਾਬਰ ਹੁਕਮਰਾਨਾਂ ਤੇ ਜ਼ਬਰ ਅੱਗੇ ਨਾ ਤਾਂ ਬੀਤੇ ਸਮੇਂ ਵਿਚ ਸੀਸ ਝੁਕਾਇਆ ਹੈ ਅਤੇ ਨਾ ਹੀ ਝੁਕਾਵਾਂਗੇ । ਕੌਮੀ ਜੰਗ ਇਸੇ ਤਰ੍ਹਾਂ ਦ੍ਰਿੜਤਾ ਤੇ ਸਿੱਦਤ ਨਾਲ ਨਿਸ਼ਾਨੇ ਦੀ ਪ੍ਰਾਪਤੀ ਤੱਕ ਜਾਰੀ ਰਹੇਗੀ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਸੂਬੇ ਦੀਆਂ ਹੋਈਆ ਚੋਣਾਂ ਦੇ ਨਤੀਜਿਆ ਦੇ ਐਲਾਨ ਹੋਣ ਉਪਰੰਤ, ਆਪਣੇ-ਆਪ ਅਤੇ ਸਿੱਖ ਕੌਮ ਨੂੰ ਕਿਸੇ ਤਰ੍ਹਾਂ ਦੀ ਵੀ ਨਮੋਸੀ ਵਿਚ ਨਾ ਜਾਣ ਅਤੇ ਪੰਜਾਬ ਵਿਚ ਹਿੰਦੂਤਵ ਹੁਕਮਰਾਨਾਂ ਦੀ ਸੋਚ ਉਤੇ ਅਮਲ ਕਰਨ ਵਾਲੀ ਬਣਨ ਜਾ ਰਹੀ ਹਕੂਮਤ ਨਾਲ ਅਤੇ ਦਿੱਲੀ ਨਾਲ ਦ੍ਰਿੜਤਾ ਨਾਲ ਜੂਝਣ ਅਤੇ ਨਿਸ਼ਾਨੇ ਵੱਲ ਵੱਧਣ ਦੀ ਗੱਲ ਕਰਦੇ ਹੋਏ ਅਤੇ ਸਮੁੱਚੇ ਪੰਜਾਬ ਨਿਵਾਸੀਆਂ, ਸਿੱਖ ਕੌਮ, ਬਾਹਰਲੇ ਮੁਲਕਾਂ ਵਿਚ ਵੱਸਣ ਵਾਲੇ ਪੰਥ ਅਤੇ ਪੰਜਾਬ ਦਰਦੀਆਂ ਵੱਲੋਂ ਦਿੱਤੇ ਵੱਡੇ ਸਹਿਯੋਗ ਲਈ ਧੰਨਵਾਦ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਦਿੱਲੀ ਅਤੇ ਉਨ੍ਹਾਂ ਦੀਆਂ ਸਾਜਿ਼ਸਾਂ ਉਤੇ ਅਮਲ ਕਰਨ ਵਾਲੇ ਹੁਕਮਰਾਨਾਂ ਦਾ ਆਉਣ ਵਾਲੇ ਸਮੇਂ ਵਿਚ ਸਾਹਮਣਾ ਕਰਨਾ ਪਿਆ ਤਾਂ ਅਸੀਂ ਪਹਿਲੇ ਨਾਲੋ ਵੀ ਵਧੇਰੇ ਮਜਬੂਤੀ ਨਾਲ ਦਿੱਲੀ ਤਖਤ ਅਤੇ ਉਨ੍ਹਾਂ ਦੀ ਸੋਚ ਨੂੰ ਪੂਰਨ ਕਰਨ ਵਾਲਿਆ ਨਾਲ ਲੜਾਂਗੇ, ਇਨ੍ਹਾਂ ਅੱਗੇ ਕਦੀ ਵੀ ਸੀਸ ਨਹੀਂ ਝੁਕਾਵਾਂਗੇ । ਉਨ੍ਹਾਂ ਪ੍ਰੈਸ ਦੀ ਆਜ਼ਾਦੀ ਸੰਬੰਧੀ ਗੱਲ ਕਰਦੇ ਹੋਏ ਕਿਹਾ ਕਿ ਮੀਡੀਆ, ਬਿਜਲਈ ਮੀਡੀਆ ਨੇ ਆਪਣੇ ਇਖਲਾਕ ਨੂੰ ਖਤਮ ਕਰਕੇ ਜਾਬਰ ਹੁਕਮਰਾਨਾਂ ਦੀ ਈਨ ਮੰਨ ਲਈ ਹੈ । ਇਹੀ ਵਜਹ ਹੈ ਕਿ ਇਥੇ ਸੱਚ-ਹੱਕ ਦੀ ਮਨੁੱਖਤਾ ਪੱਖੀ ਆਵਾਜ਼ ਬੁਲੰਦ ਹੋਣ ਨੂੰ ਵੱਡੀ ਸੱਟ ਵੱਜੀ ਹੈ । ਅਜਿਹਾ ਕਰਕੇ ਇਨ੍ਹਾਂ ਨੇ ਖੁਦ ਹੀ ਪ੍ਰੈਸ ਦੀ ਆਜਾਦੀ ਖਤਮ ਕਰ ਦਿੱਤੀ ਹੈ । ਪਰ ਅਸੀਂ ਹੁਕਮਰਾਨਾਂ, ਪ੍ਰੈਸ, ਅਦਾਲਤਾਂ, ਜੱਜਾਂ, ਨਿਜਾਮੀ ਅਫਸਰਸਾਹੀ ਦੇ ਤਾਨਾਸਾਹੀ ਕਾਰਵਾਈਆ ਅੱਗੇ ਨਾ ਤਾਂ ਬੀਤੇ ਸਮੇ ਵਿਚ ਸੀਸ ਝੁਕਾਇਆ ਹੈ ਅਤੇ ਨਾ ਹੀ ਆਉਣ ਵਾਲੇ ਸਮੇ ਵਿਚ ਝੁਕਾਵਾਂਗੇ ।
ਉਨ੍ਹਾਂ ਕਿਹਾ ਕਿ ਜੋ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਵੋਟਾਂ ਵਿਚ ਹਾਰ ਹੋਈ ਹੈ, ਇਹ ਸਾਡੀ ਹਾਰ ਨਹੀਂ ਹੋਈ, ਬਲਕਿ ਜਿਨ੍ਹਾਂ ਤਾਕਤਾਂ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਪਮਾਨ ਕਰਵਾਏ ਹਨ, 328 ਪਾਵਨ ਸਰੂਪਾਂ ਨੂੰ ਖੁਰਦ-ਬੁਰਦ ਕੀਤਾ ਹੈ, ਜਿਨ੍ਹਾਂ ਨੇ ਬਹਿਬਲ ਕਲਾਂ, ਬੁਰਜ ਜਵਾਹਰ ਸਿੰਘ ਵਾਲਾ, ਕੋਟਕਪੂਰਾ ਅਤੇ ਬਰਗਾੜੀ ਵਿਖੇ ਸਿੱਖ ਕੌਮ ਨਾਲ ਬਚਨ ਕਰਕੇ ਧੋਖੇ ਕਮਾਏ ਹਨ ਅਤੇ ਜ਼ਾਬਰ ਹੁਕਮਰਾਨਾਂ ਨਾਲ ਭਾਈਵਾਲ ਸਾਂਝ ਪਾਕੇ ਮਨੁੱਖਤਾ ਦਾ ਕਤਲੇਆਮ ਕੀਤਾ ਹੈ, ਉਨ੍ਹਾਂ ਦੀ ਇਖਲਾਕੀ ਅਤੇ ਆਤਮਿਕ ਤੌਰ ਤੇ ਹਾਰ ਹੋਈ ਹੈ । ਸਾਨੂੰ ਤਾਂ ਅਜਿਹੇ ਵਰਤਾਰਿਆ ਤੋ ਹੋਰ ਵਧੇਰੇ ਤਾਕਤ ਮਿਲੀ ਹੈ । ਕਿਉਂਕਿ ‘ਜਬੈ ਬਾਣਿ ਲਾਗਿਓ, ਤਬੈ ਰੋਸ ਜਾਗਿਓ’ ਦੇ ਮਹਾਵਾਂਕ ਅਨੁਸਾਰ ਪਹਿਲੇ ਨਾਲੋ ਵੀ ਵੱਡੇ ਜੋਸ਼ ਤੇ ਹੋਸ਼ ਨਾਲ ਆਪਣੇ ਮਿਸ਼ਨ ਵੱਲ ਵੱਧਦੇ ਹਾਂ ਅਤੇ ਫ਼ਤਹਿ ਪ੍ਰਾਪਤ ਕਰਦੇ ਆਏ ਹਾਂ । ਇਸ ਲਈ ਇਸ ਅਣਖ ਗੈਰਤ ਨੂੰ ਕਾਇਮ ਰੱਖਣ ਵਾਲੀ ਜੰਗ ਜਾਰੀ ਰਹੇਗੀ । ਜੋ ਹਕੂਮਤੀ ਤਾਕਤਾਂ ਸਾਜ਼ਸੀ ਢੰਗਾਂ ਨਾਲ ਸਾਡੀ ਕੌਮੀ ਮਾਨਸਿਕਤਾ ਨੂੰ ਗੁਲਾਮ ਬਣਾਉਣ ਦੇ ਅਮਲ ਕਰ ਰਹੀਆ ਹਨ, ਉਹ ਤਾਕਤਾਂ ਵੱਡੇ ਭੁਲੇਖੇ ਵਿਚ ਹਨ, ਕਿਉਂਕਿ ਖ਼ਾਲਸਾ ਪੰਥ ਨੂੰ ਵੱਡੀ ਤੋ ਵੱਡੀ ਤਾਕਤ ਅੱਜ ਤੱਕ ਨਾ ਤਾਂ ਗੁਲਾਮ ਬਣਾ ਸਕੀ ਹੈ ਅਤੇ ਨਾ ਹੀ ਉਨ੍ਹਾਂ ਦੀ ਆਤਮਾ ਉਤੇ ਆਪਣਾ ਮੁਕਾਰਤਾ ਵਾਲਾ ਗਲਬਾ ਪਾਉਣ ਵਿਚ ਕਾਮਯਾਬ ਹੋ ਸਕੀ ਹੈ । ਕਿਉਂਕਿ ਸਿੱਖ ਕੌਮ ਦੀ ਅਣਖੀਲੀ ਅਤੇ ਨਿਰਾਲੀ ਪਹਿਚਾਣ ਨੂੰ ਗੁਰੂ ਸਾਹਿਬ ਵੱਡੀ ਬਖਸਿ਼ਸ਼ ਕਰਕੇ ਗਏ ਹਨ ਜੋ ਅਵੱਸ ਸਰਬੱਤ ਦੇ ਭਲੇ ਦੀ ਸੋਚ ਤੇ ਅਮਲ ਕਰਦੀ ਹੋਈ ਆਪਣੇ ਕੌਮੀ ਨਿਸ਼ਾਨੇ ਦੀ ਪ੍ਰਾਪਤੀ ਵੀ ਕਰੇਗੀ ਅਤੇ ਕੌਮਾਂਤਰੀ ਪੱਧਰ ਤੇ ਆਪਣੀ ਇਸ ਨਿਰਾਲੀ ਤੇ ਅਣਖੀਲੀ ਪਹਿਚਾਣ ਨੂੰ ਕਾਇਮ ਵੀ ਕਰੇਗੀ ।