ਹਕੂਮਤੀ ਸਾਜਿ਼ਸਾਂ ਸਿੱਖ ਕੌਮ ਨੂੰ ਕਦਾਚਿਤ ਭੈਭੀਤ ਨਹੀਂ ਕਰ ਸਕਦੀਆਂ, ਨੌਜ਼ਵਾਨੀ ਸਮੂਹਿਕ ਰੂਪ ਵਿਚ ਪਿੰਡ ਪੱਧਰ ‘ਤੇ ਸੰਗਠਿਤ ਹੋਵੇ : ਟਿਵਾਣਾ, ਇਮਾਨ ਸਿੰਘ ਮਾਨ
ਬਸ਼ੀ ਪਠਾਣਾ, 09 ਮਾਰਚ ( ) “ਹੁਕਮਰਾਨ ਘੱਟ ਗਿਣਤੀ ਸਿੱਖ ਕੌਮ ਨੂੰ ਆਪਣੇ ਗੁਲਾਮ ਬਣਾਉਣ ਲਈ ਅਤੇ ਉਨ੍ਹਾਂ ਦੀ ਸ਼ਕਤੀ ਦੀ ਦੁਰਵਰਤੋਂ ਕਰਨ ਹਿੱਤ ਅਕਸਰ ਹੀ ਅਜਿਹੀਆਂ ਸਾਜਿ਼ਸਾਂ ਉਤੇ ਅਮਲ ਕਰਦਾ ਹੈ, ਜਿਸ ਨਾਲ ਇਨ੍ਹਾਂ ਦੇ ਮਨ-ਆਤਮਾ ਨੂੰ ਡਰ-ਭੈ ਦੇ ਮਾਹੌਲ ਵਿਚ ਲਿਜਾਕੇ, ਉਨ੍ਹਾਂ ਦੇ ਇਖ਼ਲਾਕ ਨੂੰ ਦਾਗੀ ਕੀਤਾ ਜਾਵੇ ਜਾਂ ਫਿਰ ਨਸ਼ੀਲੀਆਂ ਵਸਤਾਂ ਦੇ ਸੇਵਨ ਦੇ ਰੁਝਾਨ ਵਿਚ ਇਨ੍ਹਾਂ ਘੱਟ ਗਿਣਤੀ ਕੌਮਾਂ ਨਾਲ ਸੰਬੰਧਤ ਨੌਜ਼ਵਾਨੀ ਨੂੰ ਉਲਝਾਕੇ ਉਨ੍ਹਾਂ ਦੀ ਸੋਚਣ ਸ਼ਕਤੀ ਉਤੇ ਪ੍ਰਸ਼ਨ ਚਿੰਨ੍ਹ ਲਗਾਇਆ ਜਾਵੇ । ਦੂਸਰਾ ਇਨ੍ਹਾਂ ਦੇ ਫਖ਼ਰ ਵਾਲੇ ਇਤਿਹਾਸ, ਵਿਰਸੇ-ਵਿਰਾਸਤ ਨੂੰ ਗੰਧਲਾ ਕਰਨ ਹਿੱਤ ਆਪਣੇ ਹਕੂਮਤੀ ਸਾਧਨਾਂ ਦੀ ਦੁਰਵਰਤੋਂ ਕਰਕੇ ਵਿਗਾੜਿਆ ਜਾ ਸਕੇ । ਇਸ ਸੋਚ ਅਧੀਨ ਹੁਕਮਰਾਨ ਲੰਮੇਂ ਸਮੇਂ ਤੋਂ ਅਛੋਪਲੇ ਅਮਲ ਕਰਦਾ ਆ ਰਿਹਾ ਹੈ । ਲੇਕਿਨ ਦੁੱਖ ਅਤੇ ਅਫ਼ਸੋਸ ਹੈ ਕਿ ਸਾਡੇ ਵਿਦਵਤਾ ਨਾਲ ਭਰਪੂਰ ਵਿਦਵਾਨ, ਬੁੱਧੀਜੀਵੀ ਅਤੇ ਸਿਆਸਤਦਾਨ ਇਸ ਹੋ ਰਹੇ ਅਤਿ ਖ਼ਤਰਨਾਕ ਹਕੂਮਤੀ ਵਰਤਾਰੇ ਉਤੇ ਕੁੰਭਕਰਨੀ ਨੀਂਦ ਸੁੱਤੇ ਪਏ ਹਨ ਅਤੇ ਹੁਕਮਰਾਨ ਦਿਨ-ਬ-ਦਿਨ ਸਾਡੇ ਵਿਰਸੇ-ਵਿਰਾਸਤ ਅਤੇ ਇਤਿਹਾਸ ਨਾਲ ਖਿਲਵਾੜ ਕਰਨ ਲਈ ਨਵੀਆਂ-ਨਵੀਆਂ ਸਾਜਿ਼ਸਾਂ ਰਚ ਰਿਹਾ ਹੈ । ਪਰ ਅਜਿਹਾ ਕਰਦੇ ਹੋਏ ਹੁਕਮਰਾਨ ਭੁੱਲ ਜਾਂਦਾ ਹੈ ਕਿ ਜਦੋ ਤੋਂ ਸਿੱਖ ਕੌਮ ਅਤੇ ਖ਼ਾਲਸਾ ਪੰਥ ਦਾ ਜਨਮ ਹੋਇਆ ਹੈ, ਉਹ ਆਪਣੀਆ ਇਤਿਹਾਸਿਕ ਮਹਾਨ ਰਵਾਇਤਾ, ਅਸੂਲਾਂ, ਨਿਯਮਾਂ ਦੀ ਬਦੌਲਤ ਦੁਸ਼ਮਣ ਤਾਕਤਾਂ ਉਤੇ ਇਸ ਲਈ ਫ਼ਤਹਿ ਪ੍ਰਾਪਤ ਕਰਦਾ ਰਿਹਾ ਹੈ ਕਿਉਂਕਿ ਉਸ ਕੋਲ ਹਰ ਤਰ੍ਹਾਂ ਦੀ ਇਖਲਾਕੀ, ਸਮਾਜਿਕ, ਇਨਸਾਨੀਅਤ ਪੱਖੀ ਅਤੇ ਅਧਿਆਤਮਿਕ ਤਾਕਤ ਦਾ ਵੱਡਾ ਭੰਡਾਰ ਹੈ । ਇਹੀ ਵਜਹ ਹੈ ਕਿ ਬੀਤੇ ਸਮੇਂ ਵਿਚ ਵੀ ਅਤੇ ਅਜੋਕੇ ਸਮੇਂ ਵਿਚ ਵੀ ਜ਼ਾਬਰ ਅਤੇ ਜ਼ਾਲਮ ਹੁਕਮਰਾਨ ਨਾ ਤਾਂ ਖ਼ਾਲਸਾ ਪੰਥ ਨੂੰ ਭੈਭੀਤ ਕਰ ਸਕਿਆ ਅਤੇ ਨਾ ਹੀ ਇਨ੍ਹਾਂ ਦੀਆਂ ਸਾਜਿ਼ਸਾਂ ਸਾਡੇ ਸਿੱਖੀ ਮਨੁੱਖਤਾ ਪੱਖੀ ਕਿਰਦਾਰ ਨੂੰ ਗੰਧਲਾ ਕਰਨ ਵਿਚ ਕਾਮਯਾਬ ਹੋ ਸਕਿਆ । ਭਾਵੇਕਿ ਕੁਝ ਸਮੇਂ ਲਈ ਮੁਲਕ ਅਤੇ ਕੌਮਾਂਤਰੀ ਪੱਧਰ ਉਤੇ ਸਿੱਖ ਕੌਮ ਵਿਰੁੱਧ ਕਿੰਨਾ ਵੀ ਪ੍ਰਚਾਰ ਕਿਉਂ ਨਾ ਕਰਦੇ ਰਹੇ ਹੋਣ ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਅਤੇ ਸ. ਇਮਾਨ ਸਿੰਘ ਮਾਨ ਸਰਪ੍ਰਸਤ ਯੂਥ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਬੀਤੇ ਕੱਲ੍ਹ ਬਸ਼ੀ ਪਠਾਣਾ ਵਿਧਾਨ ਸਭਾ ਹਲਕੇ ਦੇ ਪਾਰਟੀ ਹਮਦਰਦਾਂ, ਸਮਰਥਕਾਂ ਅਤੇ ਅਹੁਦੇਦਾਰਾਂ ਦੇ ਗਿੱਲ ਪੈਲਿਸ ਵਿਖੇ ਹੋਈ ਭਰਵੀਂ ਇਕੱਤਰਤਾ ਵਿਚ ਵੱਡੀ ਗਿਣਤੀ ਵਿਚ ਪਹੁੰਚੀ ਨੌਜ਼ਵਾਨੀ ਨੂੰ ਸੁਬੋਧਿਤ ਕਰਦੇ ਹੋਏ, ਨੌਜ਼ਵਾਨੀ ਨੂੰ ਆਪਣੇ ਫਖ਼ਰ ਵਾਲੇ ਕੌਮੀ ਇਤਿਹਾਸ ਉਤੇ ਦ੍ਰਿੜ ਰਹਿਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਆਗੂਆਂ ਨੇ ਜਿਥੇ ਇਸ ਇਕੱਠ ਵਿਚ ਵਿਧਾਨ ਸਭਾ ਹਲਕੇ ਦੀਆਂ ਹੁਣੇ ਹੀ ਹੋਈਆ ਚੋਣਾਂ ਵਿਚ ਵੱਡੀ ਸਿੱਦਤ ਤੇ ਜਿ਼ੰਮੇਵਾਰੀ ਨਾਲ ਨਿਭਾਈ ਗਈ ਭੂਮਿਕਾ ਲਈ ਜਿਥੇ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਪਾਰਟੀ ਦੇ ਮੁੱਖ ਦਫ਼ਤਰ ਵੱਲੋਂ ਪਹੁੰਚੇ ਇਲਾਕਾ ਨਿਵਾਸੀਆ ਦਾ ਧੰਨਵਾਦ ਕੀਤਾ, ਉਥੇ ਸਮੁੱਚੇ ਹਮਦਰਦਾਂ, ਸਮਰੱਥਕਾਂ ਅਤੇ ਉਚੇਚੇ ਤੌਰ ਤੇ ਨੌਜ਼ਵਾਨੀ ਨੂੰ ਹਰ ਪਿੰਡ, ਸ਼ਹਿਰ, ਵਾਰਡ, ਬਲਾਕ, ਤਹਿਸੀਲ ਪੱਧਰ ਉਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਦੀ ਪੂਰਨ ਮਜ਼ਬੂਤੀ ਲਈ ਆਪੋ-ਆਪਣੇ ਜਥੇਬੰਧਕ ਢਾਂਚੇ ਨੂੰ ਫੌਰੀ ਕਾਇਮ ਕਰਨ ਦਾ ਵੀ ਸੰਜ਼ੀਦਾ ਸੁਝਾਅ ਦਿੱਤਾ ਜਿਸਨੂੰ ਆਏ ਪੱਤਵੰਤਿਆ ਨੇ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ਦੇ ਜੈਕਾਰਿਆ ਵਿਚ ਇਹ ਜਿ਼ੰਮੇਵਾਰੀ ਪੂਰੀ ਕਰਨ ਦਾ ਬਚਨ ਕੀਤਾ । ਇਸ ਇਕੱਠ ਵਿਚ ਸਹੀਦ ਦੀਪ ਸਿੰਘ ਸਿੱਧੂ ਦੀ ਸੋਚ ਦੀ ਉਚੇਚੇ ਤੌਰ ਤੇ ਗੱਲ ਕਰਦੇ ਹੋਏ ਸ. ਟਿਵਾਣਾ ਨੇ ਇਹ ਸੰਦੇਸ਼ ਦਿੱਤਾ ਕਿ ਹੁਕਮਰਾਨ ਬੇਸੱਕ ਸਾਨੂੰ ਗੈਰ ਇਨਸਾਨੀ ਅਤੇ ਗੈਰ ਕਾਨੂੰਨੀ ਢੰਗ ਨਾਲ, ਸਿੱਖੀ ਸੋਚ ਅਤੇ ਅਣਖ਼ੀ ਸਰੀਰਾਂ ਨੂੰ ਖਤਮ ਕਰਨ ਲਈ ਸਮੇਂ-ਸਮੇਂ ਤੇ ਸਾਜਿ਼ਸਾਂ ਰਚਦਾ ਆ ਰਿਹਾ ਹੈ, ਪਰ ‘ਮਨੂੰ ਸਾਡੀ ਦਾਤਰੀ, ਅਸੀ ਮਨੂੰ ਦੇ ਸੋਏ, ਜਿਊ-ਜਿਊ ਮਨੂੰ ਸਾਨੂੰ ਵੱਢਦਾ, ਅਸੀਂ ਦੂਣ ਸਵਾਣੇ ਹੋਏ’ ਦੀ ਕਹਾਵਤ ਅਨੁਸਾਰ ਸਿੱਖ ਕੌਮ ਨੂੰ ਨਾ ਬੀਤੇ ਸਮੇ ਦੇ ਜਾਬਰ ਤੇ ਜਾਲਮ ਹੁਕਮਰਾਨ ਖਤਮ ਕਰ ਸਕੇ ਹਨ ਅਤੇ ਨਾ ਹੀ ਅਜੋਕੇ ਸਮੇ ਦੇ ਅਤੇ ਨਾ ਹੀ ਆਉਣ ਵਾਲੇ ਸਮੇ ਦੇ ਕਰ ਸਕਣਗੇ । ਕਿਉਂਕਿ ਸਾਡੇ ਕੋਲ ਸਰਬੱਤ ਦੇ ਭਲੇ ਦੀ ਵੱਡੀ ਇਨਸਾਨੀ ਤਾਕਤ ਅਤੇ ਗੁਰੂ ਸਾਹਿਬਾਨ ਵੱਲੋ ਬਖਸਿ਼ਸ਼ ਕੀਤੇ ਗਏ ਉੱਚੇ-ਸੁੱਚੇ ਇਖਲਾਕ, ਬਾਣੀ ਅਤੇ ਬਾਣੇ ਦਾ ਅਮੁੱਲ ਭੰਡਾਰ ਹੈ । ਜਿਸਨੂੰ ਦੁਨੀਆਂ ਦੀ ਕੋਈ ਵੀ ਤਾਕਤ ਕਦੀ ਖਤਮ ਨਹੀ ਕਰ ਸਕੇਗੀ । ਲੇਕਿਨ ਇਸ ਸਮੇਂ ਜਦੋ ਹੁਕਮਰਾਨ ਸਾਡੀ ਸੱਭਿਅਤਾ, ਵਿਰਸੇ-ਵਿਰਾਸਤ ਨੂੰ ਨੁਕਸਾਨ ਪਹੁੰਚਾਉਣ ਦੇ ਅਮਲ ਕਰ ਰਿਹਾ ਹੈ ਅਤੇ ਕੌਮੀ ਸੋਚ ਉਤੇ ਨਿਰਭੈ ਹੋ ਕੇ ਪਹਿਰਾ ਦੇਣ ਵਾਲੀਆ ਸ. ਦੀਪ ਸਿੰਘ ਸਿੱਧੂ ਵਰਗੀਆ ਆਤਮਾਵਾ ਨੂੰ ਸਾਜ਼ਸੀ ਢੰਗਾਂ ਰਾਹੀ ਖਤਮ ਕਰਨ ਦੇ ਅਮਲ ਕਰ ਰਿਹਾ ਹੈ, ਤਾਂ ਸਮੁੱਚੀ ਨੌਜ਼ਵਾਨੀ ਅਤੇ ਕੌਮ ਨੂੰ ਸਭ ਤੋਂ ਪਹਿਲੇ ‘ਗੁਲਾਮੀ ਵਾਲੀ ਮਾਨਸਿਕਤਾ’ ਨੂੰ ਅਲਵਿਦਾ ਕਹਿਣੀ ਪਵੇਗੀ। ਫਿਰ ਕੌਮੀ ਸੋਚ, ਅਸੂਲਾਂ ਉਤੇ ਆਪਣੀ ਦੂਰਅੰਦੇਸ਼ੀ ਰਾਹੀ ਅਮਲ ਕਰਦੇ ਹੋਏ ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਨੂੰ ਗੁਰੂ ਸਾਹਿਬਾਨ ਨੇ 5 ਤੀਰ ਅਤੇ ਕੁਝ ਗਿਣਤੀ ਦੇ ਸਿੰਘ ਦੇਕੇ ਮੁਗਲ ਸਲਤਨਤ ਨਾਲ ਲੜਨ ਲਈ ਭੇਜਿਆ ਸੀ ਅਤੇ ਜਿਨ੍ਹਾਂ ਨੇ ਫ਼ਤਹਿ ਪ੍ਰਾਪਤ ਕੀਤੀ ਸੀ । ਉਸੇ ਤਰ੍ਹਾਂ ਆਪਣੀ ਅਦੁੱਤੀ ਸ਼ਕਤੀ ਨੂੰ ਇਕੱਤਰ ਕਰਦੇ ਹੋਏ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਤਰ੍ਹਾਂ ਆਪਣੇ ਗੁਰੂ ਤੇ ਭਰੋਸਾ ਕਰਦੇ ਹੋਏ ਮੰਜਿ਼ਲ ਵੱਲ ਵੱਧਣਾ ਵੀ ਪਵੇਗਾ ਅਤੇ ਦੁਸ਼ਮਣ ਤਾਕਤਾਂ ਦਾ ਉਸੇ ਸ਼ਕਤੀ ਰਾਹੀ ਅੰਤ ਵੀ ਕਰਨਾ ਪਵੇਗਾ । ਜੇਕਰ ਅਸੀਂ ਸਹੀ ਰੂਪ ਵਿਚ ਸ. ਦੀਪ ਸਿੰਘ ਸਿੱਧੂ ਨੂੰ ਸਰਧਾਂ ਦੇ ਫੁੱਲ ਭੇਟ ਕਰਨਾ ਚਾਹੁੰਦੇ ਹਾਂ, ਤਾਂ ਸਾਨੂੰ ਹਰ ਤਰ੍ਹਾਂ ਦੇ ਡਰ-ਭੈ ਤੋਂ ਰਹਿਤ ਰਹਿਕੇ, ਸੰਗਠਿਤ ਹੋ ਕੇ ਹਕੂਮਤੀ ਸਾਜਿ਼ਸਾਂ ਦੀ ਸਮਝ ਰੱਖਦੇ ਹੋਏ ਸਮੂਹਿਕ ਰੂਪ ਵਿਚ ਜੂਝਣਾ ਪਵੇਗਾ । ਜਿਸਦੀ ਅਜੋਕਾ ਸਮਾਂ ਵੱਡੀ ਮੰਗ ਕਰਦਾ ਹੈ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸਿੱਖੀ ਸਰਬੱਤ ਦੇ ਭਲੇ ਦੀਆਂ ਅਤੇ ਦੁਸ਼ਮਣ ਤਾਕਤਾਂ ਉਤੇ ਫ਼ਤਹਿ ਪ੍ਰਾਪਤ ਕਰਨ ਵਾਲੀ ਸੋਚ ਅਤੇ ਉਸ ਅਕਾਲ ਪੁਰਖ ਉਤੇ ਭਰੋਸੇ ਨੂੰ ਮਜ਼ਬੂਤ ਕਰਕੇ ਅਸੀ ਅਵੱਸ ਆਪਣੀ ਮੰਜਿ਼ਲ ਦੀ ਪ੍ਰਾਪਤੀ ਕਰਕੇ ਰਹਾਂਗੇ । ਅੱਜ ਦੇ ਇਸ ਇਕੱਠ ਵਿਚ ਉਪਰੋਕਤ ਦੋਵਾਂ ਆਗੂਆਂ ਤੋ ਇਲਾਵਾ ਸ. ਸਿੰਗਾਰਾ ਸਿੰਘ ਬਡਲਾ ਜਿ਼ਲ੍ਹਾ ਪ੍ਰਧਾਨ ਫਤਹਿਗੜ੍ਹ ਸਾਹਿਬ, ਸ. ਕੁਲਦੀਪ ਸਿੰਘ ਪਹਿਲਵਾਨ ਜਿਲ੍ਹਾ ਜਰਨਲ ਸਕੱਤਰ, ਜੋਗਿੰਦਰ ਸਿੰਘ ਸੈਪਲੀ ਸੀਨੀਅਰ ਮੀਤ ਪ੍ਰਧਾਨ, ਜੋਰਾ ਸਿੰਘ ਜਿ਼ਲ੍ਹਾ ਜਰਨਲ ਸਕੱਤਰ, ਲਖਵੀਰ ਸਿੰਘ ਕੋਟਲਾ ਸਰਕਲ ਪ੍ਰਧਾਨ ਬਸੀ ਪਠਾਣਾ, ਗੁਰਸਰਨ ਸਿੰਘ ਪ੍ਰਧਾਨ ਬਸੀ, ਗੁਰਮੁੱਖ ਸਿੰਘ ਸਮਸਪੁਰ, ਪਰਮਿੰਦਰ ਸਿੰਘ ਨਾਨੋਵਾਲ, ਅਮ੍ਰਿਤਪਾਲ ਸਿੰਘ, ਗੁਰਮੀਤ ਸਿੰਘ ਬਾਠਾ, ਗੁਰਮੀਤ ਸਿੰਘ ਫਤਹਿਪੁਰ ਜੱਟਾਂ, ਗੁਰਪ੍ਰੀਤ ਸਿੰਘ ਦੁੱਲਵਾ, ਬਹਾਦਰ ਸਿੰਘ ਬਸੀ ਪਠਾਣਾ, ਧਰਮ ਸਿੰਘ ਕਲੌੜ, ਸੁਖਦੇਵ ਸਿੰਘ ਗੱਗੜਵਾਲ ਅਤੇ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀਆ ਨੇ ਸਮੂਲੀਅਤ ਕੀਤੀ । ਬਸ਼ੀ ਪਠਾਣਾ ਨਾਲ ਸੰਬੰਧਤ ਸਤਿਕਾਰਯੋਗ ਪ੍ਰੈਸ ਦੇ ਨੁਮਾਇੰਦਿਆ ਵੱਲੋ ਇਲਾਕਾ ਨਿਵਾਸੀਆ ਨੂੰ ਸੱਚੀ ਜਾਣਕਾਰੀ ਦੇਣ ਦੇ ਨਿਭਾਏ ਜਾ ਰਹੇ ਫਰਜਾਂ ਲਈ ਸ. ਟਿਵਾਣਾ ਤੇ ਸ. ਮਾਨ ਵੱਲੋਂ ਸਿਰਪਾਓ ਬਖਸਿ਼ਸ਼ ਕਰਕੇ ਸਨਮਾਨਿਤ ਕੀਤਾ ਗਿਆ ।