ਸਿੱਖ ਕੌਮ ਦੇ ਮੀਰੀ-ਪੀਰੀ ਦੇ ਸਿਧਾਂਤ ਵਿਚ ਹੁਕਮਰਾਨਾਂ ਅਤੇ ਚੋਣ ਕਮਿਸਨ ਨੂੰ ਕਿਸੇ ਤਰ੍ਹਾਂ ਦਾ ਦਖਲ ਨਹੀਂ ਦੇਣਾ ਚਾਹੀਦਾ : ਮਾਨ
ਫ਼ਤਹਿਗੜ੍ਹ ਸਾਹਿਬ, 13 ਅਪ੍ਰੈਲ ( ) “ਕਿਉਂਕਿ ਸਾਡੇ ਗੁਰੂ ਸਾਹਿਬਾਨ ਨੇ ਸਿੱਖ ਕੌਮ ਨੂੰ ਬਹੁਤ ਹੀ ਦੂਰਅੰਦੇਸ਼ੀ ਵਾਲਾ ਸਮਾਜ ਪੱਖੀ ‘ਮੀਰੀ-ਪੀਰੀ’ ਦੇ ਸਿਧਾਂਤ ਦੀ ਬਖਸਿਸ ਕੀਤੀ ਹੈ । ਜਿਸ ਰਾਹੀ ਸਿੱਖ ਧਰਮ ਆਪਣੀਆ ਧਾਰਮਿਕ ਲੀਹਾਂ ਤੇ ਰਵਾਇਤਾ ਉਤੇ ਦ੍ਰਿੜਤਾ ਨਾਲ ਪਹਿਰਾ ਦਿੰਦਾ ਹੋਇਆ ਜਿਥੇ ਧਰਮ, ਸੱਚ-ਹੱਕ ਦਾ ਪ੍ਰਚਾਰ ਕਰਦਾ ਹੈ, ਉਥੇ ਇਸੇ ਸੱਚੇ ਧਰਮ ਦੀ ਲੀਹ ਉਤੇ ਆਪਣੀ ਰਾਜਨੀਤੀ, ਸਿਆਸਤ ਨੂੰ ਵੀ ਅੱਗੇ ਵਧਾਉਣ ਲਈ ਅਗਵਾਈ ਕਰਦਾ ਹੈ । ਇਹੀ ਵਜਹ ਹੈ ਕਿ ਸਿੱਖ ਧਰਮ ਵਿਚ ਧਰਮ ਅਤੇ ਸਿਆਸਤ ਨਾਲੋ-ਨਾਲ ਇਕ-ਦੂਸਰੇ ਦੇ ਪੂਰਕ ਹੋ ਕੇ ਚੱਲਦੇ ਹਨ । ਫਰਕ ਕੇਵਲ ਐਨਾ ਹੈ ਕਿ ਜੋ ਗੁਰਸਿੱਖ ਸਿਆਸਤ ਦੀ ਗੱਲ ਕਰਦਾ ਹੈ, ਉਹ ਧਰਮ ਦੇ ਕੁੰਡੇ ਦੇ ਹੇਠ ਰਹਿਕੇ ਅਤੇ ਧਾਰਮਿਕ ਨਿਯਮਾਂ, ਅਸੂਲਾਂ ਤੋਂ ਅਗਵਾਈ ਲੈਕੇ ਸੱਚੀ-ਸੁੱਚੀ ਸਿਆਸਤ ਕਰਦਾ ਹੈ । ਪਰ ਦੁੱਖ ਅਤੇ ਅਫਸੋਸ ਹੈ ਕਿ ਇਸ ਇੰਡੀਆ ਮੁਲਕ ਦੇ ਹੁਕਮਰਾਨ ਅਤੇ ਇਥੋ ਦਾ ਚੋਣ ਕਮਿਸਨ ਸਾਡੀ ਧਾਰਮਿਕ ਰਹੁ-ਰੀਤੀਆ, ਰਵਾਇਤਾ ਵਿਚ ਦਖਲ ਅੰਦਾਜੀ ਕਰਕੇ ਸਾਨੂੰ ਧਾਰਮਿਕ ਅਸੂਲਾਂ, ਨਿਯਮਾਂ ਤੋਂ ਦੂਰ ਕਰਨ ਦੀ ਅਸਫਲ ਕੋਸਿਸ ਕਰ ਰਿਹਾ ਹੈ ਅਤੇ ਅਜਿਹਾ ਕਰਦੇ ਹੋਏ ਉਹ ਸਾਡੇ ਧਰਮ ਵਿਚ ਸਿੱਧੀ ਦਖਲਅੰਦਾਜੀ ਵੀ ਕਰਦਾ ਆ ਰਿਹਾ ਹੈ ਜਿਸ ਨਾਲ ਗੁਰਸਿੱਖਾਂ ਦੇ ਮਨ-ਆਤਮਾਵਾ ਨੂੰ ਡੂੰਘੀ ਠੇਸ ਪਹੁੰਚਦੀ ਹੈ । ਇਸ ਲਈ ਮੁਤੱਸਵੀ ਹੁਕਮਰਾਨਾਂ ਅਤੇ ਚੋਣ ਕਮਿਸਨ ਨੂੰ ਅਜਿਹਾ ਕੋਈ ਵੀ ਅਮਲ ਨਹੀ ਕਰਨਾ ਚਾਹੀਦਾ ਜਿਸ ਨਾਲ ਸਿੱਖ ਕੌਮ ਦੇ ਮਨਾਂ ਤੇ ਆਤਮਾਵਾ ਨੂੰ ਠੇਸ ਪਹੁੰਚੇ ਅਤੇ ਉਨ੍ਹਾਂ ਦੇ ਮਨ ਵਿਚ ਬਗਾਵਤੀ ਰੋਹ ਉੱਠੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਅਨ ਹੁਕਮਰਾਨਾਂ ਅਤੇ ਇੰਡੀਆ ਦੇ ਚੋਣ ਕਮਿਸਨ ਵੱਲੋ ਸਾਡੀਆਂ ਧਾਰਮਿਕ ਰਵਾਇਤਾ, ਉੱਦਮਾਂ ਵਿਚ ਦਖਲ ਦੇਣ ਦੇ ਕੀਤੇ ਜਾ ਰਹੇ ਅਮਲਾਂ ਵਿਰੁੱਧ ਸਖਤ ਪ੍ਰਤੀਕਰਮ ਜਾਹਰ ਕਰਦੇ ਹੋਏ ਅਤੇ ਇਸ ਤੋ ਇਨ੍ਹਾਂ ਨੂੰ ਇਮਾਨਦਾਰੀ ਨਾਲ ਤੋਬਾ ਕਰਨ ਦੀ ਜੋਰਦਾਰ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸਿੱਖ ਕੌਮ ਹਰ ਸਾਲ ਆਪਣੇ ਮਹਾਨ ਇਤਿਹਾਸਿਕ ਦਿਹਾੜਿਆ ਜਿਵੇ ਹੋਲਾ-ਮਹੱਲਾ, ਵਿਸਾਖੀ, ਮੁਕਤਸਰ ਦੀ ਮਾਘੀ ਆਦਿ ਸਿੱਖ ਕੌਮ ਦੇ ਇਤਿਹਾਸ ਨਾਲ ਸੰਬੰਧਤ ਮਹਾਨ ਦਿਹਾੜਿਆ ਉਤੇ ਸਿੱਖ ਕੌਮ ਆਪਣੇ ਇਕੱਠ ਕਰਕੇ ਜਿਥੇ ਧਰਮੀ ਲੀਹਾਂ ਤੇ ਅਗਵਾਈ ਪ੍ਰਾਪਤ ਕਰਦੀ ਹੈ, ਉਥੇ ਸੱਚੀ-ਸੁੱਚੀ ਰਾਜਨੀਤੀ ਕਰਨ ਦੀ ਵੀ ਗੱਲ ਕਰਦੀ ਹੈ । ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਵੱਲੋ ਸਾਨੂੰ ਆਪਣੀ ਅਣਖੀਲੀ ਅਤੇ ਵੱਖਰੀ ਪਹਿਚਾਣ ਨੂੰ ਕਾਇਮ ਰੱਖਣ ਲਈ ਦ੍ਰਿੜਤਾ ਤੇ ਅਗਵਾਈ ਦਿੱਤੀ ਗਈ ਹੈ । ਲੇਕਿਨ ਵਿਧਾਨ ਦੀ ਆਰਟੀਕਲ 25 ਰਾਹੀ ਸਾਨੂੰ ਜ਼ਬਰੀ ਵਿਧਾਨ ਵਿਚ ਹਿੰਦੂ ਐਲਾਨਿਆ ਗਿਆ ਹੈ । ਦੂਸਰਾ ਜਦੋਂ ਅਸੀਂ ਆਪਣੀਆ ਧਾਰਮਿਕ ਰਵਾਇਤਾ ਅਨੁਸਾਰ ਆਪਣੇ ਮੀਰੀ-ਪੀਰੀ ਦੀਆਂ ਕਾਨਫਰੰਸਾਂ ਤੇ ਪ੍ਰੋਗਰਾਮ ਕਰਨ ਦਾ ਹੱਕ ਰੱਖਦੇ ਹਾਂ ਅਤੇ ਸਾਨੂੰ ਵਿਧਾਨ ਵੀ ਪੂਰਨ ਰੂਪ ਵਿਚ ਧਾਰਮਿਕ ਆਜਾਦੀ ਪ੍ਰਦਾਨ ਕਰਦਾ ਹੈ, ਫਿਰ ਚੋਣ ਕਮਿਸਨ ਇੰਡੀਆਂ ਵੱਲੋ ਸਾਨੂੰ ਹੋਲੇ-ਮਹੱਲੇ ਅਤੇ ਵਿਸਾਖੀ ਉਤੇ ਹਰ ਸਾਲ ਕੀਤੀਆ ਜਾਣ ਵਾਲੀਆ ਕਾਨਫਰੰਸਾਂ ਨੂੰ ਚੋਣ ਕਮਿਸਨ ਦਾ ਜਾਬਤਾ ਨਿਯਮਾਂ ਦਾ ਹਵਾਲਾ ਦੇ ਕੇ ਸਾਡੇ ਧਾਰਮਿਕ ਕੰਮਾਂ ਵਿਚ ਰੁਕਾਵਟ ਪਾਉਣ ਦੇ ਅਮਲ ਕਿਉਂ ਕੀਤੇ ਜਾਂਦੇ ਹਨ ? ਅਜਿਹੀਆ ਕਾਰਵਾਈਆ ਤਾਂ ਸਿੱਖ ਧਰਮ ਦੀ ਆਜਾਦੀ ਵਿਚ ਸਿੱਧੇ ਤੌਰ ਤੇ ਦਖਲ ਦੇਣ ਵਾਲੀਆ ਅਤੇ ਹਿੰਦੂਤਵ ਹੁਕਮਰਾਨਾਂ ਅਤੇ ਸਿੱਖਾਂ ਨੂੰ ਆਹਮੋ-ਸਾਹਮਣੇ ਕਰਨ ਵਾਲੀਆ ਖਤਰਨਾਕ ਕਾਰਵਾਈਆ ਹਨ । ਜੋ ਤੁਰੰਤ ਇਥੋ ਦੇ ਅਮਨ ਚੈਨ ਨੂੰ ਕਾਇਮ ਰੱਖਣ ਲਈ ਬੰਦ ਹੋਣੀਆ ਚਾਹੀਦੀਆਂ ਹਨ ਅਤੇ ਸਾਨੂੰ ਚੋਣ ਕਮਿਸਨ ਜਾਂ ਹੋਰ ਹਿੰਦੂਤਵ ਸ਼ਰਤਾਂ ਦਾ ਹਵਾਲਾ ਦੇ ਕੇ ਸਾਡੇ ਧਰਮ ਵਿਚ ਕਿਸੇ ਤਰ੍ਹਾਂ ਦੀ ਦਖਲ ਅੰਦਾਜੀ ਨਹੀ ਹੋਣੀ ਚਾਹੀਦੀ ।