ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਰੇਲ ਰੋਕੋ ਦੇ ਦਿੱਤੇ ਪ੍ਰੋਗਰਾਮ ਹਿੱਤ ਲੀਡਰਸਿ਼ਪ ਨੂੰ ਨਜ਼ਰਬੰਦ ਤੇ ਗ੍ਰਿਫਤਾਰੀਆਂ ਜਮਹੂਰੀਅਤ ਵਿਰੋਧੀ : ਮਾਨ
ਗੜ੍ਹੇਮਾਰੀ ਕਾਰਨ ਹੋਏ ਫ਼ਸਲੀ ਨੁਕਸਾਨ ਦੀਆਂ ਗਿਰਦਾਵਰੀਆਂ ਕਰਕੇ ਤੁਰੰਤ ਮੁਆਵਜਾ ਦਿੱਤਾ ਜਾਵੇ
ਸੰਗਰੂਰ, 04 ਮਾਰਚ ( ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ 04 ਮਾਰਚ ਨੂੰ ਸਮੁੱਚੇ ਪੰਜਾਬ ਵਿਚ ਕਿਸਾਨੀ ਮੰਗਾਂ, ਡਿਬਰੂਗੜ੍ਹ ਜੇਲ੍ਹ ਅਤੇ ਅੰਮ੍ਰਿਤਸਰ ਜੇਲ੍ਹ ਵਿਚ ਬੰਦੀ ਭਾਈ ਅੰਮ੍ਰਿਤਪਾਲ ਸਿੰਘ ਤੇ ਸਾਥੀਆਂ ਦੀ ਅਤੇ 32-32 ਸਾਲਾਂ ਤੋ ਜੇਲ੍ਹਾਂ ਵਿਚ ਬੰਦੀ ਸਿੱਖਾਂ ਦੀ ਰਿਹਾਈ ਦੇ ਮੁੱਦਿਆ ਨੂੰ ਲੈਕੇ ਜੋ ਰੇਲ ਰੋਕੋ ਦਾ ਸੱਦਾ ਦਿੱਤਾ ਸੀ, ਉਸ ਉਤੇ ਪਹਿਰਾ ਦਿੰਦੇ ਹੋਏ ਵੱਡੀ ਗਿਣਤੀ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਪੰਜਾਬੀਆਂ ਅਤੇ ਸਿੱਖ ਕੌਮ ਨੇ ਇਸ ਪ੍ਰੋਗਰਾਮ ਨੂੰ ਕਾਮਯਾਬ ਕਰਨ ਲਈ ਰੇਲਵੇ ਲਾਇਨਾਂ ਉਤੇ ਉਤਰੇ, ਲੇਕਿਨ ਉਨ੍ਹਾਂ ਵਿਚੋ ਵੱਡੀ ਗਿਣਤੀ ਵਿਚ ਸਾਡੀ ਲੀਡਰਸਿ਼ਪ ਨੂੰ ਘਰਾਂ ਵਿਚ ਹੀ ਨਜ਼ਰਬੰਦ ਕਰ ਦੇਣ ਅਤੇ ਰੇਲਾਂ ਉਤੇ ਦਿੱਤੇ ਗਏ ਧਰਨਿਆ ਸਮੇ ਗ੍ਰਿਫਤਾਰ ਕਰਕੇ ਥਾਣਿਆ ਵਿਚ ਬੰਦੀ ਬਣਾਉਣ ਦੀਆਂ ਕਾਰਵਾਈਆ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਕੀਤੀ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਵੱਲੋ ਸਮੁੱਚੇ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਅਹੁਦੇਦਾਰਾਂ, ਮੈਬਰਾਂ, ਜਿ਼ਲ੍ਹਾ ਪ੍ਰਧਾਨਾਂ ਆਦਿ ਨੂੰ ਵੱਡੀ ਗਿਣਤੀ ਵਿਚ ਉਨ੍ਹਾਂ ਦੇ ਘਰਾਂ ਵਿਚ ਹੀ ਨਜਰਬੰਦ ਕਰਨ ਅਤੇ ਬਾਹਰੋ ਗ੍ਰਿਫਤਾਰੀਆਂ ਕਰਨ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ, ਕਿਸਾਨੀ ਮਸਲਿਆ, ਬੰਦੀ ਸਿੱਖਾਂ ਦੇ ਮਸਲਿਆ, ਗੜ੍ਹੇਮਾਰੀ ਨਾਲ ਹੋਏ ਨੁਕਸਾਨ ਨੂੰ ਤੁਰੰਤ ਸੰਜੀਦਗੀ ਨਾਲ ਹੱਲ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਮੈਨੂੰ ਸੰਗਰੂਰ ਦੀ ਪੁਲਿਸ ਨੇ ਮੇਰੇ ਸੰਗਰੂਰ ਦੇ ਗ੍ਰਹਿ ਵਿਖੇ ਹੀ ਨਜਰਬੰਦ ਕਰ ਦਿੱਤਾ । ਇਸੇ ਤਰ੍ਹਾਂ ਅੰਮ੍ਰਿਤਸਰ, ਜਲੰਧਰ, ਕਪੂਰਥਲਾ, ਹੁਸਿਆਰਪੁਰ, ਨਵਾਂਸਹਿਰ, ਰੋਪੜ੍ਹ, ਫਤਹਿਗੜ੍ਹ ਸਾਹਿਬ, ਮਾਨਸਾ, ਬਠਿੰਡਾ, ਫਿਰੋਜ਼ਪੁਰ, ਪਟਿਆਲਾ, ਲੁਧਿਆਣਾ, ਬਰਨਾਲਾ, ਸੰਗਰੂਰ ਆਦਿ ਸਭ ਜਿ਼ਲ੍ਹਿਆਂ ਵਿਚ ਪੁਲਿਸ ਵੱਲੋ ਕੀਤੀਆ ਗਈਆ ਗ੍ਰਿਫਤਾਰੀਆਂ ਨੂੰ ਗੈਰ ਜਮਹੂਰੀਅਤ ਕਰਾਰ ਦਿੱਤਾ ।
ਉਨ੍ਹਾਂ ਕਿਹਾ ਇਕ ਪਾਸੇ ਕਿਸਾਨਾਂ, ਖੇਤ ਮਜਦੂਰਾਂ ਵੱਲੋ ਸਾਂਝੇ ਤੌਰ ਤੇ ਮਿਹਨਤ ਮੁਸੱਕਤ ਨਾਲ ਪੈਦਾ ਕੀਤੀਆ ਜਾਣ ਵਾਲੀਆ ਫਸਲਾਂ ਦੀ ਐਮ.ਐਸ.ਪੀ ਨਹੀ ਦਿੱਤੀ ਜਾ ਰਹੀ । ਨਾ ਹੀ ਸੁਆਮੀਨਾਥਨ ਰਿਪੋਰਟ ਲਾਗੂ ਕੀਤੀ ਜਾ ਰਹੀ ਹੈ । ਕਰਜਿਆ ਦੀ ਬਦੌਲਤ ਹੋ ਰਹੀਆ ਕਿਸਾਨੀ ਖੁਦਕਸੀਆ ਨੂੰ ਰੋਕਣ ਲਈ ਸਰਕਾਰ ਵੱਲੋ ਅਮਲ ਨਾ ਕਰਕੇ ਕਿਸਾਨ ਤੇ ਖੇਤ ਮਜਦੂਰ ਨਾਲ ਵੱਡੀ ਬੇਇਨਸਾਫ਼ੀ ਕੀਤੀ ਜਾ ਰਹੀ ਹੈ । ਦੂਸਰੇ ਪਾਸੇ ਜਦੋ ਕਿਸਾਨ ਤੇ ਖੇਤ ਮਜਦੂਰ ਆਪਣੀਆ ਕਾਨੂੰਨੀ ਹੱਕੀ ਮੰਗਾਂ ਲਈ ਅਮਨਮਈ ਤੇ ਜਮਹੂਰੀਅਤ ਢੰਗ ਨਾਲ ਸੰਘਰਸ਼ ਵਿੱਢਦੇ ਹਨ ਤਾਂ ਉਨ੍ਹਾਂ ਦੇ ਵਿਧਾਨਿਕ ਹੱਕਾਂ ਨੂੰ ਕੁੱਚਲਕੇ ਉਨ੍ਹਾਂ ਉਤੇ ਗੋਲੀਆ ਚਲਾਕੇ ਸ਼ਹੀਦ ਕੀਤਾ ਜਾਂਦਾ ਹੈ ਜੋ ਕਿ ਅਣਮਨੁੱਖੀ ਅਤੇ ਗੈਰ ਇਨਸਾਨੀਅਤ ਕਾਰਵਾਈਆ ਹਨ । ਜਿਨ੍ਹਾਂ ਨੂੰ ਬਰਦਾਸਤ ਨਹੀ ਕੀਤਾ ਜਾ ਸਕਦਾ । ਉਨ੍ਹਾਂ ਇਸ ਗੱਲ ਦੀ ਵੀ ਜੋਰਦਾਰ ਮੰਗ ਕੀਤੀ ਕਿ ਗੜ੍ਹੇਮਾਰੀ ਕਾਰਨ ਜੋ ਪੰਜਾਬ, ਹਰਿਆਣਾ ਆਦਿ ਸੂਬਿਆਂ ਦੇ ਕਿਸਾਨਾਂ ਦੀਆਂ ਫਸਲਾਂ ਨੁਕਸਾਨੀਆ ਗਈਆ ਹਨ, ਉਨ੍ਹਾਂ ਦੀ ਤੁਰੰਤ ਗਿਰਦਾਵਰੀਆ ਕਰਵਾਕੇ ਸਰਕਾਰ ਮੁਆਵਜਾ ਦੇਣ ਦਾ ਐਲਾਨ ਕਰੇ । ਜੋ ਕਿਸਾਨ ਜਥੇਬੰਦੀਆਂ ਵੱਲੋ ਆਪਣੇ ਵੱਡੇ ਸੰਘਰਸ਼ ਨੂੰ ਅੱਗੇ ਵਧਾਉਣ ਦੀ ਗੱਲ ਕੀਤੀ ਗਈ ਹੈ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਉਨ੍ਹਾਂ ਦੇ ਇਸ ਸੰਘਰਸ਼ ਦੀ ਹਰ ਖੇਤਰ ਵਿਚ ਪੂਰੀ ਤਰ੍ਹਾਂ ਮਦਦ ਕਰਨ ਅਤੇ ਇਸ ਕਿਸਾਨ ਸੰਘਰਸ਼ ਨੂੰ ਮੰਜਿਲ ਤੇ ਪਹੁੰਚਾਉਣ ਵਿਚ ਆਪਣੀ ਜਿੰਮੇਵਾਰੀ ਪੂਰਨ ਕਰੇਗਾ ਅਤੇ ਹਰ ਤਰ੍ਹਾਂ ਮਦਦ ਕਰਦਾ ਰਹੇਗਾ ।