ਖਨੌਰੀ ਬਾਰਡਰ ਉਤੇ ਹਰਿਆਣਾ ਪੁਲਿਸ ਤੇ ਫ਼ੌਜ ਵੱਲੋਂ ਗੋਲਾਬਾਰੀ ਕਰਕੇ ਇਕ ਕਿਸਾਨ ਨੂੰ ਮਾਰ ਦੇਣ ਦੀ ਕਾਰਵਾਈ ਅਤਿ ਦੁੱਖਦਾਇਕ : ਮਾਨ
ਫ਼ਤਹਿਗੜ੍ਹ ਸਾਹਿਬ, 22 ਫਰਵਰੀ ( ) “ਕਿਸਾਨ ਵਰਗ ਵੱਲੋਂ ਜੋ ਆਪਣੀਆਂ ਜਾਇਜ ਮੰਗਾਂ ਦੀ ਪੂਰਤੀ ਲਈ ਅਮਨਮਈ ਤੇ ਜ਼ਮਹੂਰੀਅਤ ਢੰਗ ਨਾਲ ਸੰਘਰਸ਼ ਵਿੱਢਿਆ ਹੋਇਆ ਹੈ, ਸੈਟਰ ਸਰਕਾਰ ਉਨ੍ਹਾਂ ਦੀਆਂ ਹੱਕੀ ਮੰਗਾਂ ਨੂੰ ਪੂਰਨ ਕਰਨ ਦੀ ਬਜਾਇ ਉਨ੍ਹਾਂ ਉਤੇ ਗੈਰ ਵਿਧਾਨਿਕ ਢੰਗ ਰਾਹੀ ਜ਼ਬਰ ਜੁਲਮ ਢਾਹੁੰਣ, ਕਿਸਾਨਾਂ ਨੂੰ ਮਾਰਨ, ਜਖਮੀ ਕਰਨ ਤੇ ਉਤਰ ਆਈ ਹੈ, ਜਿਸਨੂੰ ਇਥੋ ਦਾ ਵਿਧਾਨ ਤੇ ਕਾਨੂੰਨ ਬਿਲਕੁਲ ਇਜਾਜਤ ਨਹੀ ਦਿੰਦਾ । ਕਹਿਣ ਤੋ ਭਾਵ ਹੈ ਕਿ ਜੋ ਸਰਕਾਰ ਬੀਤੇ ਸਮੇ ਵਿਚ ਪੰਜਾਬੀਆਂ ਤੇ ਸਿੱਖਾਂ ਨੂੰ ਗੈਰ ਤੱਥਾਂ ਦੇ ਆਧਾਰ ਤੇ ਦਹਿਸਤਗਰਦ ਗਰਦਾਨਕੇ ਝੂਠੇ ਪੁਲਿਸ ਮੁਕਾਬਲਿਆ ਵਿਚ ਮਾਰਨ ਉਤੇ ਅਮਲ ਕਰਦੀ ਸੀ, ਉਸ ਵੱਲੋ ਹੁਣ ਆਪਣੇ ਹੀ ਮੁਲਕ ਦੇ ਨਿਵਾਸੀਆ ਨਾਲ ਦਹਿਸਤਗਰਦੀ ਕਾਰਵਾਈਆ ਕੀਤੀਆ ਜਾ ਰਹੀਆ ਹਨ । ਖਨੌਰੀ ਵਿਖੇ ਹਰਿਆਣਾ ਪੁਲਿਸ, ਫ਼ੌਜ ਵੱਲੋਂ ਰਬੜ ਦੀਆਂ ਗੋਲੀਆਂ ਤੇ ਅੱਥਰੂ ਗੈਸ ਦੀ ਇਕ ਜੰਗ ਦੀ ਤਰ੍ਹਾਂ ਦੁਰਵਰਤੋ ਕਰਕੇ ਇਕ ਕਿਸਾਨ ਸੁਭਕਰਨ ਸਿੰਘ ਨੂੰ ਮਾਰ ਦਿੱਤਾ ਗਿਆ ਹੈ ਅਤੇ ਅਨੇਕਾ ਨੂੰ ਜਖਮੀ ਕਰ ਦਿੱਤਾ ਗਿਆ ਹੈ । ਇਸਦੇ ਨਾਲ ਹੀ ਸਰਕਾਰ ਨੇ ਕਿਸਾਨਾਂ ਦੇ ਟਰੈਕਟਰਾਂ, ਗੱਡੀਆਂ ਭੰਨ ਦਿੱਤੀਆਂ ਹਨ ਅਤੇ ਜੋ ਲੋੜੀਦਾ ਸਮਾਨ ਆਪਣੇ ਨਾਲ ਲੈਕੇ ਗਏ ਹਨ, ਉਹ ਬਰਬਾਦ ਕਰ ਦਿੱਤਾ ਹੈ । ਜਿਸ ਤੋ ਪ੍ਰਤੱਖ ਹੈ ਕਿ ਸੈਟਰ ਦੀ ਮੋਦੀ ਹਕੂਮਤ ਪੰਜਾਬੀਆਂ ਤੇ ਸਿੱਖਾਂ ਨਾਲ ਇਕ ਬਾਹਰੀ ਦੁਸਮਣ ਦੀ ਤਰ੍ਹਾਂ ਹਰ ਹਥਿਆਰ ਵਰਤਕੇ ਉਨ੍ਹਾਂ ਨੂੰ ਮਾਰਨ ਅਤੇ ਜਖਮੀ ਕਰਨ ਦੀਆਂ ਨਿੰਦਣਯੋਗ ਕਾਰਵਾਈ ਕਰ ਰਹੀ ਹੈ । ਜਿਸ ਨਾਲ ਹਾਲਾਤ ਸਰਕਾਰ ਦੇ ਕੰਟਰੋਲ ਵਿਚੋ ਨਿਕਲ ਜਾਣਗੇ ਅਤੇ ਇਥੇ ਅਰਾਜਕਤਾ ਫੈਲ ਜਾਵੇਗੀ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਖਨੌਰੀ ਬਾਰਡਰ ਉਤੇ ਹਰਿਆਣਾ ਪੁਲਿਸ ਵੱਲੋ ਬਿਨ੍ਹਾਂ ਕਿਸੇ ਵਜਹ ਦੇ ਰੋਸ ਕਰ ਰਹੇ ਕਿਸਾਨਾਂ ਉਤੇ ਰਬੜ ਦੀਆਂ ਗੋਲੀਆਂ ਤੇ ਅੱਥਰੂ ਗੈਸ ਚਲਾਉਦੇ ਹੋਏ ਨੌਜਵਾਨ ਕਿਸਾਨ ਨੂੰ ਮਾਰਨ ਅਤੇ ਅਨੇਕਾ ਨੂੰ ਜਖਮੀ ਕਰਕੇ ਉਨ੍ਹਾਂ ਦੇ ਟਰੈਕਟਰਾਂ, ਗੱਡੀਆਂ ਦੀ ਭੰਨਤੋੜ ਕਰਨ ਨੂੰ ਸਰਕਾਰੀ ਦਹਿਸਤਗਰਦੀ ਕਰਾਰ ਦਿੰਦੇ ਹੋਏ ਅਤੇ ਇਸ ਦੇ ਨਿਕਲਣ ਵਾਲੇ ਨਤੀਜਿਆ ਤੋ ਸੈਟਰ ਤੇ ਹਰਿਆਣਾ ਸਰਕਾਰ ਨੂੰ ਖਬਰਦਾਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸੈਟਰ ਨੇ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਉਨ੍ਹਾਂ ਤਿੰਨ ਨੁਮਾਇੰਦਿਆ ਨੂੰ ਭੇਜਿਆ ਹੈ ਜਿਨ੍ਹਾਂ ਨੂੰ ਇਹ ਵੀ ਜਾਣਕਾਰੀ ਨਹੀ ਕਿ ਕਣਕ ਦੀ ਫਸਲ ਬੂਟੇ ਨੂੰ ਲੱਗਦੀ ਹੈ ਜਾਂ ਫਿਰ ਦਰੱਖਤ ਨੂੰ । ਅਜਿਹੇ ਗੈਰ ਕਿਸਾਨੀ ਸੋਚ ਰੱਖਣ ਵਾਲੇ ਨੁਮਾਇੰਦੇ ਕਿਸਾਨਾਂ ਦੀਆਂ ਮੁਸਕਿਲਾਂ ਨੂੰ ਕਿਵੇ ਸਮਝ ਸਕਦੇ ਹਨ ਅਤੇ ਇਸਦਾ ਸਹੀ ਹੱਲ ਲੱਭਣ ਦੇ ਕਿਵੇ ਸਮਰੱਥ ਹੋ ਸਕਦੇ ਹਨ? ਉਨ੍ਹਾਂ ਸੁਝਾਅ ਦਿੰਦੇ ਹੋਏ ਕਿਹਾ ਕਿ ਭਾਰਤੀ ਜਨਤਾ ਪਾਰਟੀ ਵਿਚ ਪੰਜਾਬ ਤੋ ਸ੍ਰੀ ਹੰਸ ਰਾਜ ਹੰਸ ਮੈਬਰ ਪਾਰਲੀਮੈਂਟ ਹਨ, ਜੋ ਇਕ ਸੂਫੀ ਗਾਇਕ ਹਨ ਅਤੇ ਜੋ ਪੰਜਾਬ, ਪੰਜਾਬੀਆਂ ਤੇ ਸਿੱਖ ਕੌਮ ਦੀ ਨਬਜ ਨੂੰ ਅੱਛੀ ਤਰ੍ਹਾਂ ਪਹਿਚਾਣਦੇ ਹਨ ਉਨ੍ਹਾਂ ਨੇ ਹੀ ਬੀਤੇ ਸਮੇਂ ਵਿਚ ਪੰਜਾਬੀਆਂ ਤੇ ਸਿੱਖ ਕੌਮ ਦੇ ਦਰਦ ਨੂੰ ਮਹਿਸੂਸ ਕਰਦੇ ਹੋਏ ‘ਪੱਤਾ-ਪੱਤਾ ਸਿੰਘਾਂ ਦਾ ਵੈਰੀ’ ਵਾਲਾ ਅਰਥ ਭਰਪੂਰ ਗੀਤ ਗਾਇਆ ਸੀ ਅਤੇ ਪੰਜਾਬੀ ਤੇ ਸਿੱਖ ਉਨ੍ਹਾਂ ਉਤੇ ਵਿਸਵਾਸ ਕਰ ਸਕਦੇ ਹਨ । ਆਪਣੇ ਇਸ ਐਮ.ਪੀ ਦੀ ਮਦਦ ਲੈਕੇ ਜੇਕਰ ਉਹ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਉਨ੍ਹਾਂ ਦੀਆਂ ਸੇਵਾਵਾਂ ਲੈ ਸਕਣ ਤਾਂ ਕਿਸਾਨ ਵਰਗ ਦਾ ਮਸਲਾ ਬਹੁਤ ਹੀ ਸਹਿਜ ਢੰਗ ਨਾਲ ਹੱਲ ਹੋ ਸਕਦਾ ਹੈ । ਪਰ ਪਤਾ ਨਹੀ ਕਿਉਂ ਸੈਟਰ ਸਰਕਾਰ ਕਿਸਾਨ ਮਸਲੇ ਨੂੰ ਹੱਲ ਕਰਨ ਲਈ ਸਹੀ ਪਹੁੰਚ ਕਿਉਂ ਨਹੀਂ ਅਪਣਾ ਰਹੀ ? ਸਰਕਾਰ ਤਾਂ ਮਰਹੂਮ ਰਾਜੀਵ ਗਾਂਧੀ ਦੀ ਤਰ੍ਹਾਂ 1984 ਵਿਚ ਸਿੱਖ ਕੌਮ ਦੇ ਕਤਲੇਆਮ ਕਰਨ ਲਈ ਜੋ ਯੋਜਨਾ ਬਣਾਈ ਗਈ ਸੀ, ਉਸੇ ਤਰ੍ਹਾਂ ਸੈਟਰ ਦੇ ਫਿਰਕੂ ਵਜੀਰ ਅਤੇ ਹਰਿਆਣੇ ਦੇ ਸ੍ਰੀ ਅਨਿਲ ਵਿੱਜ ਵਰਗੇ ਵਜੀਰ ਕੱਟੜਵਾਦੀਆਂ ਨੂੰ ਇਕੱਤਰ ਕਰਕੇ ਕਿਸਾਨ ਵਰਗ ਉਤੇ ਜ਼ਬਰ-ਜੁਲਮ ਕਰ ਰਹੇ ਹਨ । ਜਿਸ ਨੂੰ ਸਮੁੱਚੀ ਸਿੱਖ ਕੌਮ ਤੇ ਪੰਜਾਬੀ ਕਦਾਚਿੱਤ ਸਹਿਣ ਨਹੀ ਕਰਨਗੇ ।
ਉਨ੍ਹਾਂ ਕਿਹਾ ਕਿ ਮੌਜੂਦਾ ਹੁਕਮਰਾਨ ਅਰਬਾਂ-ਖਰਬਾਪਤੀ ਉਦਯੋਗਪਤੀਆਂ ਦੇ ਕਰਜੇ ਤਾਂ ਮੁਆਫ਼ ਕਰ ਰਹੇ ਹਨ, ਲੇਕਿਨ ਸਰਕਾਰ ਦੀਆਂ ਦਿਸ਼ਾਹੀਣ ਤੇ ਗਲਤ ਨੀਤੀਆਂ ਦੀ ਬਦੌਲਤ ਜੋ ਅੱਜ ਕਿਸਾਨ ਵਰਗ ਕਰਜੇ ਥੱਲ੍ਹੇ ਦੱਬਿਆ ਹੋਇਆ ਖੁਦਕਸੀਆਂ ਕਰਨ ਲਈ ਮਜਬੂਰ ਹੋਇਆ ਪਿਆ ਹੈ, ਉਨ੍ਹਾਂ ਦੇ ਕਰਜੇ ਮੁਆਫ਼ ਨਾ ਕਰਨ ਉਤੇ ਅੜੀ ਹੋਈ ਹੈ । ਜੋ ਕਿ ਕਿਸਾਨ ਵਰਗ ਨਾਲ ਬਹੁਤ ਵੱਡਾ ਵਿਤਕਰਾ ਤੇ ਬੇਇਨਸਾਫ਼ੀ ਹੈ । ਜਦੋਕਿ ਇਨ੍ਹਾਂ ਉਤੇ ਚੜ੍ਹੇ ਕਰਜਿਆ ਨੂੰ ਸਰਕਾਰ ਵੱਲੋ ਲੀਕ ਮਾਰਕੇ ਇਨ੍ਹਾਂ ਦੀ ਆਰਥਿਕ ਮੰਦੀ ਹਾਲਤ ਨੂੰ ਸੁਖਾਵਾਂ ਬਣਾਉਣ ਵਿਚ ਜਿੰਮੇਵਾਰੀ ਨਿਭਾਉਣੀ ਬਣਦੀ ਹੈ ।