ਕੈਪ ਆਫਿਸ ਸ੍ਰੀ ਫ਼ਤਹਿਗੜ੍ਹ ਸਾਹਿਬ,
ਮਿਤੀ 27 ਦਸੰਬਰ 2023

ਸ਼ਹੀਦ ਬਾਬਾ ਜੋਰਾਵਰ ਸਿੰਘ, ਸ਼ਹੀਦ ਬਾਬਾ ਫ਼ਤਹਿ ਸਿੰਘ, ਮਾਤਾ ਗੁਜਰ ਕੌਰ ਅਤੇ ਸ਼ਹੀਦ ਬਾਬਾ ਮੋਤੀ ਸਿੰਘ ਮਹਿਰਾ ਜੀ ਦੀਆਂ ਮਹਾਨ ਸ਼ਹਾਦਤਾਂ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਸਰਧਾ ਦੇ ਫੁੱਲ ਭੇਟ ਕਰਦੇ ਹੋਏ ਅੱਜ 27 ਦਸੰਬਰ 2023 ਨੂੰ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਮਹਾਨ ਸ਼ਹੀਦੀ ਸਥਾਂਨ ਉਤੇ ਮੀਰੀ-ਪੀਰੀ ਕਾਨਫਰੰਸ ਕਰਦੇ ਹੋਏ ਜਿਥੇ ਨਤਮਸਤਕ ਹੋਇਆ ਗਿਆ, ਉਥੇ ਇਸ ਮਹਾਨ ਦਿਹਾੜੇ ਉਤੇ ਸਮੁੱਚੀ ਜਥੇਬੰਦੀ ਦੀ ਲੀਡਰਸਿ਼ਪ ਵੱਲੋ ਉਨ੍ਹਾਂ ਸ਼ਹੀਦਾਂ ਨੂੰ ਸਮਰਪਿਤ ਸੰਦੇਸ਼ ਵੀ ਦਿੱਤਾ ਗਿਆ ਅਤੇ ਇਸ ਹੋਏ ਇਕੱਠ ਵਿਚ ਸਰਬਸੰਮਤੀ ਨਾਲ ਨਿਮਨਲਿਖਤ ਮਤੇ ਜੈਕਾਰਿਆ ਦੀ ਗੂੰਜ ਵਿਚ ਸਰਬਸੰਮਤੀ ਨਾਲ ਪਾਸ ਕੀਤੇ ਗਏ

1. ਸਾਹਿਬਜਾਦਿਆਂ ਦੀ ਸ਼ਹਾਦਤ ਸਾਨੂੰ ਹਰ ਤਰ੍ਹਾਂ ਦੇ ਜ਼ਬਰ ਦਾ ਦ੍ਰਿੜਤਾ ਨਾਲ ਮੁਕਾਬਲਾ ਕਰਨ ਅਤੇ ਖ਼ਾਲਸਾ ਰਾਜ ਕਾਇਮ ਕਰਨ ਦਾ ਸੰਦੇਸ਼ ਦਿੰਦੀ ਹੈ :- ਅੱਜ ਦੇ ਇਸ ਸ਼ਹੀਦੀ ਇਕੱਠ ਵਿਚ ਸ਼ਹੀਦ ਬਾਬਾ ਜੋਰਾਵਰ ਸਿੰਘ, ਸ਼ਹੀਦ ਬਾਬਾ ਫ਼ਤਹਿ ਸਿੰਘ, ਸ਼ਹੀਦ ਮਾਤਾ ਗੁਜਰ ਕੌਰ ਅਤੇ ਸ਼ਹੀਦ ਬਾਬਾ ਮੋਤੀ ਸਿੰਘ ਮਹਿਰਾ ਜਿਨ੍ਹਾਂ ਨੇ ਸਾਹਿਬਜਾਦਿਆਂ ਅਤੇ ਮਾਤਾ ਗੁਜਰ ਕੌਰ ਨੂੰ ਦੁੱਧ ਅਤੇ ਖਾਂਣਾ ਦੇਣ ਦੇ ਬਦਲੇ ਬਾਬਾ ਮੋਤੀ ਸਿੰਘ ਮਹਿਰਾ, ਉਨ੍ਹਾਂ ਦੀ ਮਾਤਾ, ਉਨ੍ਹਾਂ ਦੀ ਪਤਨੀ, ਉਨ੍ਹਾਂ ਦੇ 7 ਸਾਲ ਦੇ ਨਰੈਣ ਨਾਮ ਦੇ ਮਾਸੂਮ ਬੱਚੇ ਨੂੰ ਜ਼ਾਬਰਾਂ ਵੱਲੋ ਕੋਹਲੂ ਵਿਚ ਪੀੜ ਕੇ ਸ਼ਹੀਦ ਕਰ ਦਿੱਤਾ ਸੀ। ਬਾਬਾ ਟੋਡਰ ਮੱਲ ਜਿਨ੍ਹਾਂ ਨੇ ਸਾਹਿਬਜਾਦਿਆ ਦੇ ਸੰਸਕਾਰ ਲਈ ਸੋਨੇ ਦੀਆਂ ਮੋਹਰਾਂ ਖੜ੍ਹੀਆ ਕਰਕੇ ਜਗ੍ਹਾ ਲੈਦੇ ਹੋਏ ਇਹ ਇਨਸਾਨੀਅਤ ਪੱਖੀ ਕੁਰਬਾਨੀ ਭਰਿਆ ਉਦਮ ਕੀਤਾ, ਨੂੰ ਫ਼ਤਹਿਗੜ੍ਹ ਸਾਹਿਬ ਦੇ ਮਹਾਨ ਸ਼ਹੀਦੀ ਅਸਥਾਂਨ ਤੇ ਜ਼ਾਬਰ ਹੁਕਮਰਾਨਾਂ ਦੇ ਜ਼ਬਰ ਅੱਗੇ ਕਿਸੇ ਤਰ੍ਹਾਂ ਦੀ ਈਨ ਨੂੰ ਪ੍ਰਵਾਨ ਨਾ ਕਰਕੇ, ਆਪਣੀਆ ਸ਼ਹਾਦਤਾਂ ਦੇਕੇ ਜੋ ਸੱਚ-ਹੱਕ ਦੀ ਆਵਾਜ਼ ਨੂੰ ਬੁਲੰਦ ਕੀਤਾ, ਉਨ੍ਹਾਂ ਮਾਸੂਮ ਜਿੰਦਾ ਵੱਲੋ ਵੱਡਾ ਮਹਾਨ ਸਾਕਾ ਕਰਕੇ ਜੋ ਸਮੁੱਚੀ ਮਨੁੱਖਤਾ ਨੂੰ ਜਿੰਦਗੀ ਜਿਊਣ ਅਤੇ ਕਿਸੇ ਮਨੁੱਖਤਾ ਪੱਖੀ ਮਕਸਦ ਲਈ ਸ਼ਹਾਦਤ ਦੇਣ ਦੀ ਪ੍ਰੇਰਣਾ ਦਿੱਤੀ ਹੈ, ਉਨ੍ਹਾਂ ਦੀ ਵੱਡਮੁੱਲੀ ਮਨੁੱਖਤਾ ਪੱਖੀ ਸੋਚ ਅਤੇ ਸ਼ਹਾਦਤ ਨੂੰ ਨਤਮਸਤਕ ਹੁੰਦੇ ਹੋਏ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਹ ਪ੍ਰਣ ਕਰਦਾ ਹੈ ਕਿ ਹੁਕਮਰਾਨਾਂ ਦੇ ਕਿਸੇ ਵੀ ਤਰ੍ਹਾਂ ਦੇ ਜ਼ਬਰ ਨੂੰ ਨਾ ਤਾਂ ਸਹਿਣ ਕੀਤਾ ਜਾਵੇਗਾ, ਨਾ ਹੀ ਅਜਿਹੀਆ ਤਾਕਤਾਂ ਅੱਗੇ ਕਿਸੇ ਤਰ੍ਹਾਂ ਦੀ ਈਨ ਨੂੰ ਪ੍ਰਵਾਨ ਕੀਤਾ ਜਾਵੇਗਾ । ਬਲਕਿ ਸਹੀ ਦਿਸ਼ਾ ਵੱਲ ਸੰਘਰਸ਼ ਕਰਦੇ ਹੋਏ ਕੌਮੀ ਮੰਜਿ਼ਲ ਆਜਾਦ ਬਾਦਸਾਹੀ ਬਫਰ ਸਿੱਖ ਰਾਜ ਦੀ ਹਰ ਕੀਮਤ ਤੇ ਪ੍ਰਾਪਤੀ ਕੀਤੀ ਜਾਵੇਗੀ । ਕਿਉਂਕਿ ਸਿੱਖ ਕੌਮ ਨਾ ਤਾਂ ਆਪਣੇ ਦੁਸ਼ਮਣ ਨੂੰ ਕਦੀ ਮੁਆਫ਼ ਕਰਦੀ ਹੈ ਅਤੇ ਨਾ ਹੀ ਕਦੇ ਭੁੱਲਦੀ ਹੈ ਅਤੇ ਕਿਸੇ ਤਰ੍ਹਾਂ ਦੀ ਹਾਰ ਨੂੰ ਪ੍ਰਵਾਨ ਨਹੀ ਕਰਦੀ । SIKH DARE AND ENDURE BUT NEVER ACCEPT DEFEAT.

2. ਸੁਰੱਖਿਆ ਸਲਾਹਕਾਰ ਸ੍ਰੀ ਡੋਵਾਲ, ਆਈ.ਬੀ, ਰਾਅ, ਇੰਡੀਅਨ ਏਜੰਸੀਆਂ ਸਿੱਖ ਕੌਮ ਦੀਆਂ ਕਾਤਲ, ਕੌਮਾਂਤਰੀ ਕਾਨੂੰਨਾਂ ਅਨੁਸਾਰ ਸਜ਼ਾ ਹੋਵੇ:- ਅੱਜ ਦਾ ਇਕੱਠ ਇਹ ਮਹਿਸੂਸ ਕਰਦਾ ਹੈ ਕਿ ਇੰਡੀਆ ਦੇ ਸੁਰੱਖਿਆ ਸਲਾਹਕਾਰ ਸ੍ਰੀ ਅਜੀਤ ਡੋਵਾਲ, ਆਈ.ਬੀ, ਰਾਅ, ਮਿਲਟਰੀ ਇੰਨਟੈਲੀਜੈਸ, ਐਨ.ਆਈ.ਏ. ਆਦਿ ਖੂਫੀਆ ਏਜੰਸੀਆ ਵੱਲੋ ਅਤਿ ਖ਼ਤਰਨਾਕ ਸਾਜਿਸ ਤੇ ਮੰਦਭਾਵਨਾ ਅਧੀਨ ਬਾਹਰਲੇ ਮੁਲਕਾਂ ਵਿਚ ਸਿੱਖ ਕੌਮ ਦੀ ਆਜਾਦੀ ਲਈ ਜਮਹੂਰੀਅਤ ਅਤੇ ਅਮਨਮਈ ਢੰਗ ਨਾਲ ਸਰਗਰਮ ਸਿੱਖ ਨੌਜਵਾਨਾਂ ਨੂੰ ਇਹ ਉਪਰੋਕਤ ਏਜੰਸੀਆ ਨਿਸ਼ਾਨਾਂ ਬਣਾਕੇ ਕਤਲ ਕਰਨ ਦੇ ਅਣਮਨੁੱਖੀ ਅਮਲ ਕਰ ਰਹੀਆ ਹਨ । ਜਿਸ ਅਧੀਨ ਕੈਨੇਡਾ ਵਿਖੇ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ (ਕੈਨੇਡਾ), ਬਰਤਾਨੀਆ ਵਿਚ ਅਵਤਾਰ ਸਿੰਘ ਖੰਡਾ, ਪਾਕਿਸਤਾਨ ਵਿਚ ਪਰਮਜੀਤ ਸਿੰਘ ਪੰਜਵੜ ਅਤੇ ਲਖਬੀਰ ਸਿੰਘ ਰੋਡੇ, ਹਰਿਆਣੇ ਵਿਚ ਦੀਪ ਸਿੰਘ ਸਿੱਧੂ ਅਤੇ ਪੰਜਾਬ ਦੇ ਮਾਨਸਾ ਜਿਲ੍ਹੇ ਵਿਚ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਨੂੰ ਇਨ੍ਹਾਂ ਏਜੰਸੀਆਂ ਨੇ ਕਤਲ ਕੀਤੇ ਹਨ । ਜਿਸਨੂੰ ਕੈਨੇਡਾ ਤੇ ਅਮਰੀਕਾ ਵਰਗੇ ਵੱਡੇ ਮੁਲਕਾਂ ਅਤੇ ਫਾਇਵ ਆਈ ਮੁਲਕਾਂ ਨੇ ਪ੍ਰਤੱਖ ਰੂਪ ਵਿਚ ਕੌਮਾਂਤਰੀ ਪੱਧਰ ਤੇ ਸੱਚ ਨੂੰ ਉਜਾਗਰ ਕਰ ਦਿੱਤਾ ਹੈ । ਇੰਡੀਆਂ ਦੇ ਇਸ ਅਮਲ ਨਾਲ ਇਨ੍ਹਾਂ ਦੀ ਵਿਦੇਸ਼ੀ ਤੇ ਰੱਖਿਆ ਨੀਤੀ ਸ਼ਰਮਨਾਕ ਹੋ ਕੇ ਰਹਿ ਗਈ ਹੈ । ਅਮਰੀਕਾ ਦੇ ਨਾਗਰਿਕ ਸ. ਗੁਰਪਤਵੰਤ ਸਿੰਘ ਪੰਨੂ ਨੂੰ ਇਨ੍ਹਾਂ ਏਜੰਸੀਆਂ ਨੇ ਖਤਮ ਕਰਨ ਦੀ ਕੋਸਿ਼ਸ਼ ਕੀਤੀ ਸੀ । ਜਿਸ ਨੂੰ ਅਮਰੀਕਾ ਨੇ ਅਸਫਲ ਬਣਾ ਦਿੱਤਾ । ਜਿਸ ਸੰਬੰਧੀ ਅਮਰੀਕਾ ਦੇ ਵੱਡੇ ਅਹੁਦਿਆ ਸੈਕਟਰੀ ਆਫ ਸਟੇਟ ਤੇ ਬਿਰਾਜਮਾਨ ਮਿਸਟਰ ਐਨਟੋਨੀ ਬਲਿਕਨ, ਰੱਖਿਆ ਸਕੱਤਰ ਮਿਸਟਰ ਲੋਇਡ ਜੇਮਸ ਔਸਟਿਨ, ਕੌਮੀ ਸੁਰੱਖਿਆ ਸਲਾਹਕਾਰ ਮਿਸਟਰ ਜੈਕ ਸੂਲੇਵਾਨ ਅਤੇ ਐਫ.ਬੀ.ਆਈ ਦੇ ਮੁੱਖੀ ਮਿਸਟਰ ਏ ਰੇਅ ਜਿਸਦੀ ਜਾਂਚ ਕਰਨ ਲਈ ਇੰਡੀਆਂ ਸਟੇਟ ਵਿਚ ਆਏ ਸਨ । ਅਮਰੀਕਾ ਦੇ ਪ੍ਰੈਜੀਡੈਟ ਮਿਸਟਰ ਜੋ ਬਾਈਡਨ, ਜਪਾਨ ਦੇ ਵਜੀਰ-ਏ-ਆਜਮ ਫੂਮੀਓ ਕਸੀਦਾ, ਆਸਟ੍ਰੇਲੀਆ ਦੇ ਵਜੀਰ-ਏ-ਆਜਮ ਮਿਸਟਰ ਐਨਥੋਨੀ ਐਲਬਨੇਜ ਨੇ 26 ਜਨਵਰੀ ਨੂੰ ਇੰਡੀਆ ਆਉਣਾ ਸੀ ਅਤੇ ਮੁੱਖ ਮਹਿਮਾਨ ਵੱਜੋ ਪ੍ਰਧਾਨਗੀ ਕਰਨੀ ਸੀ। ਜਿਨ੍ਹਾਂ ਨੇ ਆਪਣੇ ਦੌਰੇ ਰੱਦ ਕਰ ਦਿੱਤੇ ਹਨ । ਕਿਉਂਕਿ ਇਨ੍ਹਾਂ ਨੇ ਚੀਨ ਦੇ ਖਿਲਾਫ਼ ਕੁਆਡ ਮੁਲਕਾਂ ਤੇ ਹੋਰ ਸਾਥੀ ਮੁਲਕਾਂ ਦਾ ਸਾਂਝਾ ਸੰਗਠਨ ਬਣਾਇਆ ਹੈ । ਇਹ ਸਭ ਸਿੱਖਾਂ ਦੇ ਹੋਏ ਕਤਲਾਂ ਦੀ ਬਦੌਲਤ ਅਮਰੀਕਾ, ਕੈਨੇਡਾ ਦੀ ਵਿਦੇਸ਼ੀ  (foreign policy) ਪਾਲਸੀ ਨਾਲ ਸਹਿਮਤ ਹੋ ਕੇ ਇੰਡੀਅਨ ਏਜੰਸੀਆਂ ਵੱਲੋ ਸਿੱਖਾਂ ਦੇ ਕੀਤੇ ਜਾ ਰਹੇ ਕਤਲਾਂ ਤੋ ਡੂੰਘੇ ਖਫਾ ਹਨ । ਕੇਵਲ ਫ਼ਰਾਂਸ ਦੇ ਪ੍ਰੈਜੀਡੈਟ ਮੈਕਰੋਨ ਇਸ ਲਈ ਆ ਰਹੇ ਹਨ ਕਿ ਉਨ੍ਹਾਂ ਦਾ ਇਨ੍ਹਾਂ ਨਾਲ ਰੀਫੈਲ ਜਹਾਜ਼ਾਂ ਦਾ ਵੱਡਾ ਵਪਾਰ ਹੈ । ਉਨ੍ਹਾਂ ਦਾ ਆਉਣਾ ਮਜ਼ਬੂਰੀ ਹੈ। ਅਸੀਂ ਜਿਥੇ ਅਮਰੀਕਾ ਅਤੇ ਕੈਨੇਡਾ ਵਰਗੇ ਜਮਹੂਰੀਅਤ ਪਸ਼ੰਦ ਮੁਲਕਾਂ ਦਾ ਨਵਾਬ ਮਲੇਰਕੋਟਲਾ ਦੀ ਤਰ੍ਹਾਂ ਹਾਂ ਦਾ ਨਾਅਰਾ ਮਾਰਨ ਹਿੱਤ ਸਮੁੱਚੀ ਸਿੱਖ ਕੌਮ ਦੇ ਬਿਨ੍ਹਾਂ ਤੇ ਧੰਨਵਾਦ ਕਰਦੇ ਹਾਂ, ਉਥੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ 28 ਦਸੰਬਰ ਨੂੰ ਨਗਰ ਕੀਰਤਨ ਵਾਲੇ ਦਿਨ ਅਮਰੀਕਾ ਤੇ ਕੈਨੇਡਾ ਦੇ ਕੌਮੀ ਝੰਡਿਆ ਦੇ ਬੈਨਰ ਫੜਕੇ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਤੋ ਜੋਤੀ ਸਰੂਪ ਸਾਹਿਬ ਤੱਕ ਜਾਣ ਵਾਲੇ ਨਗਰ ਕੀਰਤਨ ਵਿਚ ਸਰਧਾ ਸਹਿਤ ਸਮੂਲੀਅਤ ਕਰਾਂਗੇ ।

ਦਾਸ ਬਾਹਰਲੇ ਮੁਲਕਾਂ ਵਿਚ ਸਿੱਖਾਂ ਦੇ ਹੋਏ ਇਨ੍ਹਾਂ ਕਤਲਾਂ ਉਤੇ ਸਮੁੱਚੀ ਪਾਰਲੀਮੈਟ ਨੂੰ ਜਾਣੂ ਕਰਵਾਉਣਾ ਚਾਹੁੰਦਾ ਸੀ ਜਿਸ ਲਈ 19 ਦਸੰਬਰ ਨੂੰ ਚੱਲ ਰਹੀ ਪਾਰਲੀਮੈਟ ਵਿਚ 2 ਵਜੇ ਦੁਪਹਿਰ ਤੋ ਲੈਕੇ 09 ਵਜੇ ਤੱਕ ਦਾਸ ਬੋਲਣ ਲਈ ਖੜ੍ਹਾ ਰਿਹਾ । ਇਸ ਦੌਰਾਨ ਨਾ ਕੁਝ ਖਾਂਧਾ, ਪੀਤਾ ਨਾ ਪਾਣੀ ਪੀਤਾ । ਪਰ ਇਨ੍ਹਾਂ ਹੁਕਮਰਾਨਾਂ ਨੇ ਇਸ ਗੰਭੀਰ ਮੁੱਦੇ ਉਤੇ ਮੈਨੂੰ ਬੋਲਣ ਦਾ ਸਮਾਂ ਨਾ ਦਿੱਤਾ । ਸਪੀਕਰ ਅਤੇ ਹੋਰ ਪਾਰਲੀਮੈਟ ਦੇ ਅਧਿਕਾਰੀ ਸਾਨੂੰ ਜਲੀਲ ਕਰਕੇ ਗੁਲਾਮੀ ਦਾ ਅਹਿਸਾਸ ਕਰਵਾ ਰਹੇ ਹਨ । ਜਿਸ ਨੂੰ ਸਿੱਖ ਕੌਮ ਕਦੀ ਵੀ ਪ੍ਰਵਾਨ ਨਹੀ ਕਰਦੀ । ਦੂਸਰੇ ਦਿਨ 20 ਦਸੰਬਰ ਨੂੰ ਸਿਰਫ਼ 3 ਮਿੰਟ ਬੋਲਣ ਲਈ ਦਿੱਤੇ ਗਏ ਜਿਸ ਦੌਰਾਨ ਮੇਰੀ ਸਪੀਚ ਵੀ ਪੂਰੀ ਨਾ ਹੋ ਸਕੀ । ਅੱਜ ਦਾ ਇਕੱਠ ਇਨ੍ਹਾਂ ਹੋਏ ਕਤਲਾਂ ਦੀ ਕੌਮਾਂਤਰੀ ਪੱਧਰ ਦੀ ਜਾਂਚ ਹੋਣ ਅਤੇ ਦੋਸ਼ੀ ਪਾਏ ਜਾਣ ਵਾਲੇ ਇੰਡੀਅਨ ਹੁਕਮਰਾਨਾਂ ਦੇ ਉਪਰੋਕਤ ਏਜੰਸੀਆ ਦੇ ਮੁੱਖੀਆਂ ਤੇ ਹੋਰਨਾ ਨੂੰ ਕੌਮਾਂਤਰੀ ਕਾਨੂੰਨਾਂ ਅਨੁਸਾਰ ਕੌਮਾਂਤਰੀ ਅਦਾਲਤਾਂ ਵਿਚ ਸਜ਼ਾ ਦਿਵਾਉਣ ਦੀ ਮੰਗ ਕਰਦਾ ਹੈ ।

ਹਿੰਦ ਹਕੂਮਤ ਨੇ ਸਿੱਖ ਸੂਰਮੇ ਬਾਹਰਲੇ ਮੁਲਕਾਂ ਵਿਚ ਸ਼ਹੀਦ ਕੀਤੇ ।

ਮੰਨੂ ਸਾਡੀ ਦਾਤਰੀ, ਅਸੀ ਮੰਨੂ ਦੇ ਸੋਏ ਜਿਊਂ-ਜਿਊਂ ਮੰਨੂ ਸਾਨੂੰ ਵੱਢਦਾ, ਅਸੀ ਦੂਣ ਸਵਾਣੇ ਹੋਏ॥

3. ਭਾਈ ਬਲਵੰਤ ਸਿੰਘ ਰਾਜੋਆਣਾ ਅਤੇ ਸਮੁੱਚੇ ਬੰਦੀ ਸਿੰਘਾਂ ਦੀ ਰਿਹਾਈ ਦਾ ਤੁਰੰਤ ਐਲਾਨ ਹੋਵੇ:- ਅੱਜ ਦੇ ਇਕੱਠ ਦੇ ਦੂਜੇ ਮਤੇ ਰਾਹੀ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਅਤੇ 30-30, 32-32 ਸਾਲਾਂ ਤੋਂ ਗੈਰ ਕਾਨੂੰਨੀ ਢੰਗ ਨਾਲ ਬੰਦੀ ਬਣਾਏ ਗਏ ਅਤੇ ਸਜਾਵਾਂ ਪੂਰੀਆ ਕਰ ਚੁੱਕੇ ਰਾਜਸੀ ਕੈਦੀਆਂ ਦੀ ਬਿਨ੍ਹਾਂ ਦੇਰੀ ਕੀਤਿਆ ਰਿਹਾਈ ਦੀ ਮੰਗ ਕੀਤੀ ਗਈ ਤਾਂ ਜੋ ਸਿੱਖ ਕੌਮ ਵਿਚ ਜ਼ਾਬਰ ਹੁਕਮਰਾਨਾਂ ਦੀਆਂ ਗੈਰ ਕਾਨੂੰਨੀ ਅਤੇ ਗੈਰ ਸਮਾਜਿਕ ਕੀਤੀਆ ਜਾ ਰਹੀਆ ਕਾਰਵਾਈਆ ਦੀ ਬਦੌਲਤ ਹੁਕਮਰਾਨਾਂ ਵਿਰੁੱਧ ਦਿਨ-ਬ-ਦਿਨ ਵੱਧਦੇ ਜਾ ਰਹੇ ਵੱਡੇ ਰੋਹ ਨੂੰ ਸਹੀ ਸਮੇ ਤੇ ਸਹੀ ਢੰਗ ਨਾਲ ਸ਼ਾਂਤ ਕੀਤਾ ਜਾ ਸਕੇ ਅਤੇ ਇਥੋ ਦੀ ਸਥਿਤੀ ਨੂੰ ਵਿਸਫੋਟਕ ਬਣਾਉਣ ਤੋ ਰੋਕਿਆ ਜਾ ਸਕੇ । 20 ਦਸੰਬਰ 2023 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਐਲਾਨ ਕੀਤਾ ਸੀ ਕਿ ਇਨ੍ਹਾਂ ਦੀ ਰਿਹਾਈ ਲਈ ਗੁਰਦੁਆਰਾ ਬੰਗਲਾ ਸਾਹਿਬ ਤੋਂ ਮਾਰਚ ਕਰਕੇ ਪਾਰਲੀਮੈਟ ਵਿਚ ਜਾਇਆ ਜਾਵੇਗਾ । ਪਰ ਕੰਮਜੋਰ ਪਾਲਸੀ ਹੋਣ ਕਰਕੇ ਇਸ ਮਾਰਚ ਨੂੰ ਰੱਦ ਕੀਤਾ ਗਿਆ ।

4. ਭਾਈ ਗੁਰਦੇਵ ਸਿੰਘ ਕਾਊਕੇ ਦੇ ਕਤਲ ਕੇਸ ਨਾਲ ਸੰਬੰਧਤ ਤਿਵਾੜੀ ਰਿਪੋਰਟ ਅਨੁਸਾਰ ਅਮਲ ਕਰਕੇ ਕਾਤਲਾਂ ਨੂੰ ਕਾਨੂੰਨ ਅਨੁਸਾਰ ਸਜ਼ਾ ਹੋਵੇ:- ਕਿਉਂਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਬੀਤੇ ਸਮੇ ਵਿਚ ਰਹਿ ਚੁੱਕੇ ਜਥੇਦਾਰ ਭਾਈ ਗੁਰਦੇਵ ਸਿੰਘ ਕਾਊਕੇ ਨੂੰ ਪੁਲਿਸ ਵੱਲੋਂ ਜ਼ਬਰੀ ਚੁੱਕ ਕੇ ਅਣਦੱਸੀ ਥਾਂ ਤੇ ਰੱਖਕੇ ਕਈ ਦਿਨ ਪੁਲਿਸ ਅਧਿਕਾਰੀਆਂ ਵੱਲੋ ਉਨ੍ਹਾਂ ਉਤੇ ਅਣਮਨੁੱਖੀ ਤਸੱਦਦ ਢਾਹਕੇ ਬੇਰਹਿੰਮੀ ਨਾਲ ਉਨ੍ਹਾਂ ਦੇ ਸਰੀਰ ਦੇ ਗੁੱਟ ਤੋ ਲੈਕੇ ਹੇਠ ਲੱਤਾਂ ਤੱਕ ਟੋਟੇ ਕਰਕੇ ਸਤਲੁਜ ਦਰਿਆ ਵਿਚ ਰੋੜੇ ਗਏ, ਇਸ ਕਤਲ ਕਰਨ ਵਿਚ ਐਸ.ਐਸ.ਪੀ ਅਜੀਤ ਸਿੰਘ ਸੰਧੂ ਅਤੇ ਸਵਰਨ ਸਿੰਘ ਘੋਟਨਾ, ਗੁਰਮੀਤ ਸਿੰਘ ਐਸ.ਐਚ.ਓ ਆਦਿ ਵੱਡੀ ਗਿਣਤੀ ਵਿਚ ਪੁਲਿਸ ਅਫਸਰ ਸਾਮਿਲ ਸਨ । ਜਿਸ ਸੰਬੰਧੀ ਜਾਂਚ ਲਈ ਸਾਡਾ ਵਫਦ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਮਿਲਿਆ ਸੀ ਜਿਸ ਵਿਚ ਮੇਜਰ ਜਰਨਲ ਨਰਿੰਦਰ ਸਿੰਘ ਅਤੇ ਦਾਸ ਵੀ ਸਨ । ਕਾਂਗਰਸ ਅਤੇ ਬਾਦਲ ਸਰਕਾਰ ਨੂੰ ਮਿਲੇ ਪਰ ਸਾਨੂੰ ਕਿਸੇ ਨੇ ਵੀ ਇਨਸਾਫ਼ ਨਾ ਦਿੱਤਾ । ਉਸ ਸਮੇ ਦੀ ਬਾਦਲ ਸਰਕਾਰ ਨੇ ਜਾਂਚ ਲਈ ਮਿਸਟਰ ਤਿਵਾੜੀ ਦੀ ਅਗਵਾਈ ਹੇਠ ਜਾਂਚ ਕਮੇਟੀ ਬਣਾਈ ਸੀ । ਜਿਸ ਵਿਚ ਇਸ ਕੀਤੇ ਗਏ ਅਣਮਨੁੱਖੀ ਕਤਲ ਦਾ ਸੱਚ ਸਾਹਮਣੇ ਆਇਆ । ਲੇਕਿਨ ਸ. ਪ੍ਰਕਾਸ਼ ਸਿੰਘ ਬਾਦਲ ਨੇ ਇਸ ਜਾਂਚ ਰਿਪੋਰਟ ਉਤੇ ਅਮਲ ਨਾ ਕਰਕੇ ਖ਼ਾਲਸਾ ਪੰਥ ਤੇ ਭਾਈ ਗੁਰਦੇਵ ਸਿੰਘ ਕਾਊਕੇ ਤੇ ਉਨ੍ਹਾਂ ਦੇ ਪਰਿਵਾਰ ਨਾਲ ਬਹੁਤ ਵੱਡੀ ਜਿਆਦਤੀ ਕੀਤੀ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇਸ ਸੰਬੰਧੀ ਆਪਣੇ ਕਾਨੂੰਨੀ ਸਲਾਹਕਾਰ ਸ੍ਰੀ ਰੰਜਨ ਲਖਨਪਾਲ ਰਾਹੀ ਪਹਿਲੇ ਹਾਈਕੋਰਟ ਵਿਚ, ਫਿਰ ਸੁਪਰੀਮ ਕੋਰਟ ਵਿਚ ਇਸ ਦੀ ਪਟੀਸਨ ਨੂੰ ਲੈਕੇ ਗਏ । ਹੁਣ ਜਦੋ ਮੀਡੀਏ ਤੇ ਅਖ਼ਬਾਰਾਂ ਰਾਹੀ ਭਾਈ ਗੁਰਦੇਵ ਸਿੰਘ ਕਾਊਕੇ ਦੇ ਕਤਲ ਸੰਬੰਧੀ ਦੋਸ਼ੀਆਂ ਦੇ ਨਾਮ ਸਾਹਮਣੇ ਆ ਰਹੇ ਹਨ, ਤਾਂ ਅੱਜ ਦਾ ਇਕੱਠ ਸੰਜ਼ੀਦਾ ਮੰਗ ਕਰਦਾ ਹੈ ਕਿ ਸਰਕਾਰ ਤਿਵਾੜੀ ਰਿਪੋਰਟ ਨੂੰ ਆਧਾਰ ਮੰਨਕੇ ਅਤੇ ਮੀਡੀਏ ਰਾਹੀ ਆਏ ਸੱਚ ਨੂੰ ਮੁੱਖ ਰੱਖਕੇ ਤੁਰੰਤ ਕਾਤਲਾਂ ਨੂੰ ਗ੍ਰਿਫਤਾਰ ਕਰਕੇ ਕਾਨੂੰਨ ਅਨੁਸਾਰ ਸਜਾਵਾਂ ਦਿਵਾਉਣ ਦਾ ਸੀਮਤ ਸਮੇ ਵਿਚ ਪ੍ਰਬੰਧ ਕਰੇ ।

5. ਹਕੂਮਤੀ ਤੇ ਪੁਲਿਸ ਜ਼ਬਰ ਦੀ ਬਦੌਲਤ ਸਿੱਖ ਕੌਮ ਬਾਹਰਲੇ ਮੁਲਕਾਂ ਵਿਚ ਹਿਜਰਤ ਕਰ ਰਹੀ ਹੈ:- ਜੋ ਵੱਡੀ ਗਿਣਤੀ ਵਿਚ ਪੰਜਾਬੀ ਤੇ ਸਿੱਖ ਨੌਜਵਾਨ ਬਾਹਰਲੇ ਮੁਲਕਾਂ ਅਮਰੀਕਾ, ਕੈਨੇਡਾ, ਬਰਤਾਨੀਆ ਤੇ ਹੋਰ ਮੁਲਕਾਂ ਵਿਚ ਰੋਜਾਨਾ ਹੀ ਜਾ ਰਹੇ ਹਨ, ਉਹ ਇਥੋ ਦੀ ਜਾਬਰ ਹਕੂਮਤ ਅਤੇ ਪੁਲਿਸ ਦੀਆਂ ਵਧੀਕੀਆਂ ਦੀ ਬਦੌਲਤ ਦਹਿਸਤ ਦੇ ਕਾਰਨ ਵੱਡੀ ਗਿਣਤੀ ਵਿਚ ਸਿੱਖ ਉਸੇ ਤਰ੍ਹਾਂ ਹਿਜਰਤ ਕਰ ਰਹੇ ਹਨ, ਜਿਵੇ ਬੀਤੇ ਸਮੇ ਵਿਚ ਯਹੂਦੀਆ ਉਤੇ ਨਾਜੀਆ ਨੇ ਤਸੱਦਦ-ਜੁਲਮ ਕੀਤੇ ਸੀ ਅਤੇ ਨਿਊਰਮਬਰਗ ਲਾਅ 1935 ਦਹਿਸਤ ਦੀ ਬਦੌਲਤ ਯਹੂਦੀਆਂ ਨੇ ਹਿਜਰਤ ਕੀਤਾ ਸੀ । ਇਸ ਲਈ ਮੌਜੂਦਾ ਹੁਕਮਰਾਨ ਤੇ ਉਨ੍ਹਾਂ ਦੀਆਂ ਪੰਜਾਬ ਤੇ ਸਿੱਖ ਵਿਰੋਧੀ ਨੀਤੀਆ ਜਿੰਮੇਵਾਰ ਹਨ ।

6. ਸੰਗਰੂਰ, ਮਲੇਰਕੋਟਲਾ, ਬਰਨਾਲਾ ਆਦਿ ਜਿ਼ਲ੍ਹਿਆਂ ਵਿਚ ਅਸੀ ਵੱਡੀ ਗਿਣਤੀ ‘ਚ ਗੂੰਗੇ, ਬੋਲੇ ਅਤੇ ਅੰਗਹੀਣਾਂ ਨੂੰ ਲੋੜੀਦੇ ਸਾਧਨਾਂ ਦੀ ਵੰਡ ਕੀਤੀ:- ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਪਣੀਆ ਲੋਕਾਂ ਪ੍ਰਤੀ ਜਿੰਮੇਵਾਰੀਆ ਨੂੰ ਪੂਰਨ ਕਰਦੇ ਹੋਏ ਮਲੇਰਕੋਟਲਾ, ਸੰਗਰੂਰ, ਬਰਨਾਲਾ ਅਤੇ ਹੋਰ ਸਥਾਨਾਂ ਉਤੇ ਗੂੰਗੇ, ਬੋਲਿਆ, ਅੰਗਹੀਣਾਂ ਨੂੰ ਸੰਬੰਧਤ ਉਪਕਰਨ ਦੀ ਵੱਡੀ ਗਿਣਤੀ ਵਿਚ ਕਰਨ ਦੀ ਜਿੰਮੇਵਾਰੀ ਨਿਭਾਈ । ਇਸਦੇ ਨਾਲ ਹੀ ਆਪਣੇ ਇਸ ਇਲਾਕੇ ਵਿਚ ਲੰਮੇ ਸਮੇ ਤੋਂ ਬਿਜਲੀ ਦੇ ਖੰਭਿਆ ਦੀਆਂ ਤਾਰਾਂ ਨੂੰ ਬਦਲਾਉਣ ਅਤੇ ਨਵੀਆ ਤਾਰਾਂ ਪਾਉਣ ਲਈ ਯੋਜਨਾ ਬਣਾਈ ਗਈ ਹੈ । ਤਾਂ ਜੋ ਬਿਜਲੀ ਦੀ ਬਰਬਾਦੀ ਨਾ ਹੋਵੇ ਅਤੇ ਫਸਲਾਂ ਦਾ ਨੁਕਸਾਨ ਨਾ ਹੋਵੇ ।

ਪਾਰਟੀ ਨੇ ਇੰਨਫੈਕਸਨ ਦੀਆਂ ਬਿਮਾਰੀਆ ਦੇ ਇਲਾਜ ਲਈ ਬਰਨਾਲਾ ਵਿਖੇ ਇਕ ਵੱਡਾ ਹਸਪਤਾਲ ਬਣਾਉਣ ਦੀ ਯੋਜਨਾ ਬਣਾਈ ਜਿਸਦਾ ਬਜਟ 54 ਕਰੋੜ 88 ਲੱਖ 74 ਹਜਾਰ ਰੁਪਏ ਹੈ । ਉਸਦੀ ਰਕਮ ਆਪਣੇ ਕੋਟੇ ਵਿਚੋ ਜਾਰੀ ਕੀਤੀ ।

7. ਸ੍ਰੀ ਦਰਬਾਰ ਸਾਹਿਬ ਅਤੇ ਬਾਬਰੀ ਮਸਜਿਦ ਉਤੇ ਹੋਏ ਹਮਲਿਆ ਦੇ ਦੋਸ਼ੀਆਂ ਨੂੰ ਅੱਜ ਤੱਕ ਕੋਈ ਸਜ਼ਾ ਨਹੀ ਦਿੱਤੀ ਗਈ:- ਅੱਜ ਦਾ ਇਕੱਠ ਇਹ ਮਹਿਸੂਸ ਕਰਦਾ ਹੈ ਕਿ ਜਿਨ੍ਹਾਂ ਫ਼ੌਜੀ ਅਫਸਰਾਂ ਤੇ ਸਿਆਸਤਦਾਨਾਂ ਨੇ 1984 ਵਿਚ ਸ੍ਰੀ ਦਰਬਾਰ ਸਾਹਿਬ ਤੇ ਹੋਰ 36 ਗੁਰੂਘਰਾਂ ਉਤੇ ਹਮਲੇ ਕਰਕੇ ਜਾਨੀ-ਮਾਲੀ ਨੁਕਸਾਨ ਕੀਤਾ । ਸਿੱਖ ਕੌਮ ਦੇ ਤੋਸੇਖਾਨੇ ਵਿਚੋ ਬੇਸਕੀਮਤੀ ਵਸਤਾਂ, ਸਿੱਖ ਇਤਿਹਾਸ ਆਦਿ ਸਾਨੂੰ ਅਜੇ ਤੱਕ ਵਾਪਸ ਨਹੀ ਕੀਤੇ ਗਏ । ਇਸੇ ਤਰ੍ਹਾਂ 1992 ਵਿਚ ਮੁਸਲਿਮ ਕੌਮ ਦੀ ਬਾਬਰੀ ਮਸਜਿਦ ਨੂੰ ਢਹਿ-ਢੇਰੀ ਕੀਤਾ, ਇਨ੍ਹਾਂ ਵਿਚੋ ਕਿਸੇ ਵੀ ਦੋਸ਼ੀ ਪੁਲਿਸ, ਫ਼ੌਜ ਅਫਸਰ ਜਾਂ ਸਿਆਸਤਦਾਨਾਂ ਦੀ ਨਿਸ਼ਾਨਦੇਹੀ ਨਾ ਕਰਕੇ ਅਤੇ ਸਜ਼ਾ ਨਾ ਦੇ ਕੇ ਮੁਸਲਿਮ ਅਤੇ ਸਿੱਖ ਕੌਮ ਨਾਲ ਵੱਡੀਆ ਬੇਇਨਸਾਫ਼ੀਆਂ ਕੀਤੀਆ ਗਈਆ ।

8. ਜੋ ਪਾਰਲੀਮੈਂਟ ਦੀ ਸੁਰੱਖਿਆ ਨਹੀ ਕਰ ਸਕੇ, ਉਹ ਮੁਲਕ ਅਤੇ ਇਥੋਂ ਦੇ ਨਿਵਾਸੀਆਂ ਦੀ ਸੁਰੱਖਿਆ ਕਰਨ ਦੇ ਸਮਰੱਥ ਨਹੀ ਹਨ:- ਚੌਥੇ ਮਤੇ ਵਿਚ ਇਕੱਠ ਨੇ ਕਿਹਾ ਕਿ ਜੋ ਬੀਜੇਪੀ-ਆਰ.ਐਸ.ਐਸ. ਦੇ ਮੌਜੂਦਾ ਹੁਕਮਰਾਨ ਪਾਰਲੀਮੈਂਟ ਵਿਚ 790 ਦੇ ਕਰੀਬ ਐਮ.ਪੀਜ ਦੀਆਂ ਜਾਨਾਂ ਦੀ ਸੁਰੱਖਿਆ ਨਹੀਂ ਕਰ ਸਕਦੇ, ਅਜਿਹੇ ਹੁਕਮਰਾਨਾਂ ਤੋਂ ਇਸ ਮੁਲਕ ਅਤੇ ਇਥੋ ਦੇ ਨਿਵਾਸੀਆਂ ਦੀ ਸੁਰੱਖਿਆ ਦੀ ਉਮੀਦ ਕਿਵੇ ਕੀਤੀ ਜਾ ਸਕਦੀ ਹੈ ? ਦੂਸਰਾ ਜੋ ਇਸ ਵਿਸੇ ਉਤੇ ਹੁਕਮਰਾਨਾਂ ਵੱਲੋ ਆਪਣੀਆਂ ਖਾਮੀਆਂ ਤੇ ਕੰਮਜੋਰੀਆਂ ਨੂੰ ਪ੍ਰਵਾਨ ਕਰਨ ਦੀ ਬਜਾਇ ਵਿਰੋਧੀ ਪਾਰਟੀ ਦੇ 141 ਮੈਬਰਾਂ ਨੂੰ ਗੈਰ ਕਾਨੂੰਨੀ ਢੰਗ ਨਾਲ ਮੁਅੱਤਲ ਕਰਕੇ ਤਾਨਸਾਹੀ ਤੇ ਵਿਧਾਨ ਵਿਰੋਧੀ ਅਮਲ ਕੀਤੇ ਗਏ ਹਨ, ਉਸਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਾ ਹੈ । ਕਿਉਂਕਿ ਜਿਨ੍ਹਾਂ ਨੌਜਵਾਨਾਂ ਤੇ ਬੀਬੀ ਨੇ ਪਾਰਲੀਮੈਟ ਵਿਚ ਬੇਰੁਜਗਾਰੀ ਦੇ ਵੱਡੇ ਗੰਭੀਰ ਮਸਲੇ ਨੂੰ ਲੈਕੇ ਅਜਿਹਾ ਕੀਤਾ ਹੈ, ਉਨ੍ਹਾਂ ਦਾ ਮਕਸਦ ਕਿਸੇ ਦੀ ਜਾਨ ਲੈਣਾ ਨਹੀ ਸੀ । ਬਲਕਿ ਹੁਕਮਰਾਨਾਂ ਦੇ ਧਿਆਨ ਵਿਚ ਬੇਰੁਜਗਾਰੀ ਦੇ ਮੁੱਦੇ ਨੂੰ ਲਿਆਉਣਾ ਸੀ । ਇਸ ਲਈ ਉਨ੍ਹਾਂ ਨਾਲ ਬਿਲਕੁਲ ਵੀ ਸਖਤੀ ਨਾ ਵਰਤੀ ਜਾਵੇ ਅਤੇ ਬੇਰੁਜਗਾਰੀ ਦੇ ਗੰਭੀਰ ਮਸਲੇ ਨੂੰ ਫੌਰੀ ਹੱਲ ਕੀਤਾ ਜਾਵੇ । ਜੇਕਰ ਜਹਿਰੀਲੀ ਗੈਸ ਉਨ੍ਹਾਂ ਕੋਲ ਹੁੰਦੀ ਤਾਂ ਸਾਰੇ ਮੈਬਰ ਮਾਰੇ ਜਾਣੇ ਸੀ । ਸਪੀਕਰ ਪਾਰਲੀਮੈਟ ਜਿਸਦੇ ਕੋਲ ਸੁਰੱਖਿਆ ਦੇ ਪ੍ਰਬੰਧ ਹਨ, ਉਹ ਸੁਰੱਖਿਆ ਰੱਖਣ ਵਿਚ ਅਸਫਲ ਸਾਬਤ ਹੋ ਗਏ ਹਨ । ਜੋ ਹੁਕਮਰਾਨ (ਸਪੀਕਰ ਓਮ ਬਿਰਲਾ) ਹਊਮੈ ਨਾਲ ਭਰੇ ਪਏ ਸਨ, ਅਕਾਲ ਪੁਰਖ ਨੇ ਆਪਣੀ ਖੇਡ ਦੁਆਰਾ ਉਨ੍ਹਾਂ ਦਾ ਹੰਕਾਰ ਤੋੜ ਦਿੱਤਾ । ਇਨ੍ਹਾਂ ਦਾ ਹਸ਼ਰ ਵੀ ਹਰਨਾਖਸ ਦੀ ਤਰ੍ਹਾਂ ਹੀ ਸਾਹਮਣੇ ਆਇਆ ਹੈ ।

9. ਜਿੰਮੀਦਾਰਾਂ ਦੀਆਂ ਫ਼ਸਲਾਂ ਦੀ ਐਮ.ਐਸ.ਪੀ ਅਤੇ ਸੁਆਮੀਨਾਥਨ ਰਿਪੋਰਟ ਤੁਰੰਤ ਲਾਗੂ ਕੀਤੀ ਜਾਵੇ:- ਅੱਜ ਦਾ ਇਕੱਠ ਇਥੋ ਦੇ ਜਿੰਮੀਦਾਰਾਂ ਦੇ ਜੀਵਨ ਪੱਧਰ ਨੂੰ ਸਹੀ ਕਰਨ ਹਿੱਤ ਇਹ ਮੰਗ ਕਰਦਾ ਹੈ ਕਿ ਉਨ੍ਹਾਂ ਵੱਲੋ ਉਤਪਾਦ ਕੀਤੀਆ ਜਾਣ ਵਾਲੀਆ ਫਸਲਾਂ, ਸਬਜੀਆ ਆਦਿ ਦੀ ਐਮ.ਐਸ.ਪੀ ਨੂੰ ਕਾਨੂੰਨ ਜਾਮਾ ਬਣਾਇਆ ਜਾਵੇ ਅਤੇ ਸੁਆਮੀਨਾਥਨ ਰਿਪੋਰਟ ਵਿਚ ਉਨ੍ਹਾਂ ਦੀ ਬਿਹਤਰੀ ਲਈ ਦਿੱਤੇ ਗਏ ਉਸਾਰੂ ਸੁਝਾਵਾਂ ਨੂੰ ਪ੍ਰਵਾਨ ਕਰਦੇ ਹੋਏ ਇਸ ਸੁਆਮੀਨਾਥਨ ਰਿਪੋਰਟ ਨੂੰ ਅਮਲੀ ਰੂਪ ਵਿਚ ਲਾਗੂ ਕੀਤਾ ਜਾਵੇ ।

ਪੰਜਾਬ ਦੇ ਜਿੰਮੀਦਾਰਾਂ ਦੀਆਂ ਫਸਲਾਂ ਦਾ ਉਨ੍ਹਾਂ ਨੂੰ ਸਹੀ ਮੁੱਲ ਮਿਲੇ ਉਸ ਲਈ ਪੰਜਾਬ ਦੇ ਨਾਲ ਲੱਗਦੀਆਂ ਸਰਹੱਦਾਂ ਨੂੰ ਖੇਤੀ ਉਤਪਾਦ ਅਤੇ ਵਪਾਰੀਆ ਵੱਲੋ ਬਣਾਈਆ ਵਸਤਾਂ ਦੇ ਖੁੱਲ੍ਹੇ ਵਪਾਰ ਲਈ ਤੁਰੰਤ ਖੋਲੀਆ ਜਾਣ । ਜਿਸ ਨਾਲ ਬੇਰੁਜਗਾਰੀ ਦੀ ਸਮੱਸਿਆ ਨੂੰ ਵੀ ਕੁਝ ਹੱਲ ਕਰਨ ਵਿਚ ਮਦਦ ਮਿਲੇਗੀ ।

10. ਪੰਜਾਬ ਦੇ ਹੈੱਡਵਰਕਸਾਂ ਦਾ ਕੰਟਰੋਲ ਯੂ.ਐਨ ਦੇ ਅਧੀਨ ਹੋਵੇ ਜਾਂ ਪੰਜਾਬ ਸਰਕਾਰ ਦੇ:- ਕਿਉਂਕਿ ਬੀਤੇ ਸਮੇ 1988 ਵਿਚ ਸੈਂਟਰ ਦੇ ਮੰਦਭਾਵਨਾ ਭਰੇ ਹੁਕਮਰਾਨਾਂ ਨੇ ਭਾਖੜਾ ਡੈਮ ਦੇ ਰਾਤੋ-ਰਾਤ ਗੇਟ ਖੋਲ੍ਹਕੇ ਸਮੁੱਚੇ ਪੰਜਾਬ ਤੇ ਪੰਜਾਬ ਨਿਵਾਸੀਆ ਨੂੰ ਡੁਬੋ ਦਿੱਤਾ ਸੀ ਜਿਸ ਨਾਲ ਜਾਨੀ ਤੇ ਮਾਲੀ ਨੁਕਸਾਨ ਹੋਇਆ ਸੀ । ਇਸੇ ਤਰ੍ਹਾਂ ਹੁਣ 2023 ਵਿਚ ਇਸ ਹਾਈਡ੍ਰੋਕੋਰਿਕ ਜੰਗ  (Hydrological War) ਦੇ ਅਧੀਨ ਇਨ੍ਹਾਂ ਹੈਡਵਰਕਸਾਂ ਨੂੰ ਖੋਲ੍ਹਕੇ ਫਿਰ ਪੰਜਾਬ ਦਾ ਜਾਨੀ-ਮਾਲੀ ਨੁਕਸਾਨ ਕੀਤਾ ਗਿਆ । ਇਨ੍ਹਾਂ ਹੈੱਡਵਰਕਸਾਂ ਨੂੰ ਸੈਟਰ ਦੇ ਜਾਬਰ ਹੁਕਮਰਾਨ ਜੰਗੀ ਹਥਿਆਰ ਵੱਜੋ ਨਾ ਵਰਤ ਸਕਣ । ਪੰਜਾਬ ਤੇ ਪੰਜਾਬੀਆਂ ਦਾ ਨੁਕਸਾਨ ਨਾ ਕਰ ਸਕਣ । ਇਸ ਲਈ ਇਸਦਾ ਕੰਟਰੋਲ ਤੁਰੰਤ ਕੌਮਾਂਤਰੀ ਸੰਗਠਨ ਯੂ.ਐਨ. ਦੇ ਅਧੀਨ ਜਾਂ ਫਿਰ ਮੁਕੰਮਲ ਰੂਪ ਵਿਚ ਪੰਜਾਬ ਦੀ ਸਰਕਾਰ ਅਧੀਨ ਕੀਤਾ ਜਾਵੇ । ਤਾਂ ਜੋ ਇਸਦੀ ਦੁਰਵਰਤੋ ਨਾ ਹੋ ਸਕੇ । ਦੂਸਰਾ ਇਨ੍ਹਾਂ ਡੈਮਾਂ ਤੋ ਪੈਦਾ ਹੋਣ ਵਾਲੀ ਕੀਮਤੀ ਬਿਜਲੀ ਨੂੰ ਸੈਟਰ ਦੇ ਹੁਕਮਰਾਨ ਖੋਹਕੇ ਦਿੱਲੀ, ਹਰਿਆਣਾ, ਰਾਜਸਥਾਂਨ ਨੂੰ ਦੇ ਰਹੇ ਹਨ । ਜਦੋਕਿ ਇਨ੍ਹਾਂ ਡੈਮਾਂ ਤੋ ਪੈਦਾ ਹੋਣ ਵਾਲੀ ਬਿਜਲੀ ਨਾਲ ਪੰਜਾਬ ਦੀ ਵੀ ਮੰਗ ਪੂਰੀ ਨਹੀ ਹੋ ਸਕਦੀ । ਇਨ੍ਹਾਂ ਹੈੱਡਵਰਕਸਾਂ ਦੀ ਪੂਰੀ ਮਲਕੀਅਤ ਅਤੇ ਪੈਦਾ ਹੋਣ ਵਾਲੀ ਬਿਜਲੀ ਦਾ ਪੂਰਨ ਕੰਟਰੋਲ ਪੰਜਾਬ ਸਰਕਾਰ ਦੇ ਅਧੀਨ ਕੀਤਾ ਜਾਵੇ ।

ਇਹ ਡੈਮ ਸਤਲੁਜ ਉਤੇ ਭਾਖੜਾ ਡੈਮ, ਬਿਆਸ ਦਰਿਆ ਦੇ ਉਤੇ ਪੌਗ ਡੈਮ, ਰਣਜੀਤ ਸਾਗਰ ਡੈਮ ਰਾਵੀ ਦਰਿਆ ਉਤੇ, ਚੇਨਾਬ ਦੇ ਉਤੇ ਬਗਲੀਹਰ ਡੈਮ, ਜੇਹਲਮ ਦੇ ਉਤੇ ਊੜੀ ਡੈਮ ਅਤੇ ਅਫਗਾਨੀਸਤਾਨ ਵਿਚ ਕਾਬਲ ਦਰਿਆ ਦੇ ਉਤੇ ਡੈਮ, ਨਵੀਆ ਡੈਮਾਂ ਲਦਾਖ ਵਿਚ ਇੰਡਸ-ਦਰਿਆ ਦੇ ਉਤੇ, ਇਨ੍ਹਾਂ ਸਾਰੀਆ ਡੈਮਾਂ ਦਾ ਕੰਟਰੋਲ ਸਵਾਏ ਅਫਗਾਨੀਸਤਾਨ ਦੀ ਕਾਬਲ ਡੈਮ ਨੂੰ ਹਿੰਦ ਹਕੂਮਤ ਅਧੀਨ ਹੈ, ਇਸ ਨਾਲ ਹਾਈਡਰੋਲੋਜੀਕਲ ਵਾਰ   (Hydrological War)  ਨਾਲ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੀ ਵਸੋ  (civilization) ਨੂੰ ਤਬਾਹ ਕੀਤਾ ਜਾ ਸਕਦਾ ਹੈ। ਇਹ ਓਨਾ ਵੱਡਾ ਹੀ ਖਤਰਾ ਹੈ, ਜਿਵੇ ਐਟਮ ਬੰਬ ਦੀ ਤਬਾਹੀ ਨੂੰ ਰੋਕਣ ਲਈ ਐਨ.ਪੀ.ਟੀ ਸੰਧੀ ਬਣਾਈ ਗਈ ਹੈ  (Treaty on the Non-Proliferation of Nuclear Weapons)। ਯੂ.ਐਨ. ਦੀ ਸੁਰੱਖਿਆ ਕੌਸਲ ਨੂੰ ਇਸ ਵਿਸੇ ਉਤੇ ਅਮਲ ਕਰਨਾ ਚਾਹੀਦਾ ਹੈ । ਕਿਉਂਕਿ ਨਿਊਕਲੀਅਰ ਜੰਗ ਤੇ ਹਾਈਡਰੋਲੋਜੀਕਲ ਜੰਗ ਇਕੋ ਜਿਹੇ ਹਨ ।

ਇਸੇ ਤਰ੍ਹਾਂ ਪੰਜਾਬ ਦੇ ਦਰਿਆਵਾ ਅਤੇ ਨਹਿਰਾਂ ਦੇ ਜ਼ਬਰੀ ਖੋਹੇ ਜਾ ਰਹੇ ਪਾਣੀ ਨੂੰ ਰੀਪੇਰੀਅਨ ਕਾਨੂੰਨ ਦੀ ਉਲੰਘਣਾ ਕਰਕੇ ਖੋਹਿਆ ਜਾ ਰਿਹਾ ਹੈ ਅਤੇ ਨਾ ਹੀ ਬੀਤੇ ਲੰਮੇ ਸਮੇ ਤੋਂ ਇਸ ਖੋਹੇ ਜਾ ਰਹੇ ਪਾਣੀ ਦੀ ਰੀਐਲਟੀ ਕੀਮਤ ਜੋ 16 ਹਜਾਰ ਕਰੋੜ ਰੁਪਏ ਤੋ ਵੱਧ ਮੁਆਵਜਾ ਪੰਜਾਬ ਨੂੰ ਨਹੀ ਦਿੱਤਾ ਜਾ ਰਿਹਾ । ਸਾਡੇ ਕੀਮਤੀ ਪਾਣੀ ਤੇ ਦਰਿਆਵਾ ਦਾ ਕੰਟਰੋਲ ਪੰਜਾਬ ਦੇ ਹਵਾਲੇ ਕੀਤਾ ਜਾਵੇ ।

11. ਪੰਜਾਬੀ ਬੋਲਦੇ ਇਲਾਕੇ ਅਤੇ ਚੰਡੀਗੜ੍ਹ ਤੁਰੰਤ ਪੰਜਾਬ ਦੇ ਹਵਾਲੇ ਕੀਤੇ ਜਾਣ:- ਅੱਜ ਦਾ ਇਕੱਠ ਕੌਮਾਂਤਰੀ ਅਤੇ ਇਥੋ ਦੇ ਕਾਨੂੰਨਾਂ ਅਨੁਸਾਰ ਸੰਜ਼ੀਦਾ ਮੰਗ ਕਰਦਾ ਹੈ ਕਿ ਜੋ ਪੰਜਾਬੀ ਬੋਲਦੇ ਇਲਾਕੇ ਹੁਕਮਰਾਨਾਂ ਵੱਲੋ 1966 ਵਿਚ ਮੰਦਭਾਵਨਾ ਅਧੀਨ ਬਹੁਤ ਪਹਿਲੇ ਪੰਜਾਬ ਤੋ ਬਾਹਰ ਕੱਢ ਦਿੱਤੇ ਗਏ ਸਨ ਅਤੇ ਜੋ ਪੰਜਾਬੀਆਂ ਨੂੰ ਉਜਾੜਕੇ ਪੰਜਾਬ ਦੀ ਮਲਕੀਅਤ ਜਮੀਨ ਉਤੇ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਬਣਾਈ ਗਈ ਹੈ ਅਤੇ ਕਰਨਾਲ ਤੋ ਪਹਾੜ ਵਾਲੇ ਉਤਰੀ ਜਿਲ੍ਹੇ ਜਿਵੇ ਅੰਬਾਲਾ, ਸਿਰਸਾ, ਪੰਚਕੂਲਾ ਆਦਿ ਹਿਮਚਾਲ ਦੇ ਕਾਂਗੜਾ, ਚੰਬਾ, ਹਮੀਰਪੁਰ, ਊਨਾ, ਨਾਲਾਗੜ੍ਹ ਤੇ ਕਸੌਲੀ, ਪਾਊਟਾ ਸਾਹਿਬ ਆਦਿ ਨੂੰ ਪੰਜਾਬ ਵਿਚ ਸਾਮਿਲ ਕੀਤਾ ਜਾਵੇ ਅਤੇ ਚੰਡੀਗੜ੍ਹ ਨੂੰ ਲਾਹੌਰ ਦੇ ਸਥਾਂਨ ਤੇ ਅਤੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨੂੰ ਕਾਨੂੰਨੀ ਰੂਪ ਵਿਚ ਪੰਜਾਬ ਦੇ ਹਵਾਲੇ ਕੀਤੀ ਜਾਵੇ ।

12. ਗੰਨੇ ਦੀ ਫਸਲ ਦੇ ਬਕਾਏ ਦਾ ਤੁਰੰਤ ਭੁਗਤਾਨ ਕੀਤਾ ਜਾਵੇ:- ਅੱਜ ਦਾ ਇਕੱਠ ਇਹ ਮਹਿਸੂਸ ਕਰਦਾ ਹੈ ਕਿ ਸਰਕਾਰ ਗੰਨੇ ਦੇ ਉਤਪਾਦਕ ਜਿੰਮੀਦਾਰਾਂ ਨੂੰ ਗੰਨੇ ਦੀ ਸਹੀ ਕੀਮਤ ਪ੍ਰਦਾਨ ਨਹੀ ਕਰ ਰਹੀ ਅਤੇ ਨਾ ਹੀ ਉਨ੍ਹਾਂ ਦੀ ਫਸਲ ਨੂੰ ਗੰਨਾ ਮਿੱਲਾ ਵਿਚ ਸਹੀ ਸਮੇ ਤੇ ਉਠਾ ਰਹੀ ਹੈ । ਜਿਸ ਕਾਰਨ ਉਨ੍ਹਾਂ ਨੂੰ ਗੰਨਾ ਮਿੱਲਾ ਅੱਗੇ ਰੋਸ ਧਰਨੇ ਦੇਣੇ ਪੈ ਰਹੇ ਹਨ । ਜਿਸ ਨੂੰ ਸਰਕਾਰ ਪੁਲਿਸ ਰਾਹੀ ਲਾਠੀਚਾਰਜ ਕਰਵਾਕੇ ਜਿੰਮੀਦਾਰਾਂ ਨਾਲ ਬੇਇਨਸਾਫ਼ੀ ਕਰ ਰਹੀ ਹੈ । ਜਿਸਦੀ ਅੱਜ ਦਾ ਇਕੱਠ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦਾ ਹੋਇਆ ਇਹ ਮੰਗ ਕਰਦਾ ਹੈ ਕਿ ਜੋ ਪੰਜਾਬ ਦੀਆਂ ਗੰਨਾ ਮਿੱਲਾਂ ਹਨ, ਉਨ੍ਹਾਂ ਵਿਚ ਬਹੁਤੀਆ ਬੰਦ ਕਰ ਦਿੱਤੀਆ ਗਈਆ ਹਨ, ਉਹ ਚਲਾਈਆ ਜਾਣ । ਜਿਸ ਨਾਲ ਪਾਣੀ ਦੀ ਵਰਤੋ ਘੱਟ ਹੋਵੇ ਅਤੇ ਜਿੰਮੀਦਾਰ ਗੰਨੇ ਦੀ ਫਸਲ ਨੂੰ ਪੈਦਾ ਕਰਨ ਲਈ ਉਤਸਾਹਿਤ ਹੋਵੇ ।

13. ਪੰਜਾਬ ਦੇ ਨੌਜ਼ਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆ ਵਿਚ ਖਤਮ ਕਰਨ ਦੇ ਅਮਲ ਬੰਦ ਕੀਤੇ ਜਾਣ:- ਅੱਜ ਦਾ ਇਕੱਠ ਇਹ ਮਹਿਸੂਸ ਕਰਦਾ ਹੈ ਕਿ ਬੀਤੇ ਸਮੇ ਵਿਚ ਸਿੱਖ ਕੌਮ ਦੀ ਆਜਾਦੀ ਦੇ ਚੱਲ ਰਹੇ ਸੰਘਰਸ਼ ਨੂੰ ਦਬਾਉਣ ਅਤੇ ਸਿੱਖ ਕੌਮ ਨੂੰ ਬਦਨਾਮ ਕਰਨ ਲਈ ਸਰਕਾਰ ਅਤੇ ਪੁਲਿਸ ਵੱਲੋ ਵੱਡੇ ਪੱਧਰ ਉਤੇ ਝੂਠੇ ਪੁਲਿਸ ਮੁਕਾਬਲੇ ਬਣਾਕੇ ਨੌਜਵਾਨੀ ਦਾ ਘਾਣ ਕੀਤਾ ਗਿਆ ਸੀ । ਉਨ੍ਹਾਂ ਵਿਚੋ ਪੁਲਿਸ ਅਫਸਰਾਂ ਦੀ ਵੱਡੀ ਗਿਣਤੀ ਅੱਜ ਵੀ ਪੰਜਾਬ ਵਿਚ ਤਾਇਨਾਤ ਹੈ ਅਤੇ ਉਹ ਪੁਰਾਤਨ ਢੰਗਾਂ ਰਾਹੀ ਅੱਜ ਵੀ ਨੌਜਵਾਨੀ ਨੂੰ ਸਮੱਗਲਰ, ਗੈਗਸਟਰ, ਅਪਰਾਧੀ ਗਰਦਾਨਕੇ ਝੂਠੇ ਪੁਲਿਸ ਮੁਕਾਬਲਿਆ ਵਿਚ ਮਾਰਨ ਦੇ ਕਾਨੂੰਨ ਵਿਰੋਧੀ ਅਮਲ ਕਰ ਰਹੇ ਹਨ । ਜਿਵੇਕਿ ਬੀਤੇ ਦਿਨੀ ਜੰਡਿਆਲਾ ਗੁਰੂ ਦੇ ਕੋਲ ਅੰਮ੍ਰਿਤਪਾਲ ਅਮਰੀ ਅਤੇ ਤਰਨਤਾਰਨ ਵਿਖੇ ਪੁਲਿਸ ਨੇ ਝੂਠੇ ਪੁਲਿਸ ਮੁਕਾਬਲੇ ਵਿਚ ਮਾਰਿਆ ਹੈ । ਅਸੀ ਮੰਗ ਕਰਦੇ ਹਾਂ ਕਿ ਕਿੰਨੇ ਤੋ ਕਿੰਨਾ ਵੱਡਾ ਅਪਰਾਧੀ ਕਿਉਂ ਨਾ ਹੋਵੇ ਉਸ ਨੂੰ ਕਾਨੂੰਨੀ ਪ੍ਰਕਿਰਿਆ ਰਾਹੀ ਅਦਾਲਤ ਵਿਚ ਪੇਸ ਕਰਕੇ ਕਾਨੂੰਨ ਅਨੁਸਾਰ ਸਜ਼ਾ ਦਿਵਾਉਣ ਦਾ ਪ੍ਰਬੰਧ ਹੋਵੇ ਨਾ ਕਿ ਪੁਲਿਸ ਨੂੰ ਇਸ ਤਰ੍ਹਾਂ ਦੇ ਅਮਲ ਕਰਨ ਦੇ ਅਧਿਕਾਰ ਹੋਣੇ ਚਾਹੀਦੇ ਹਨ । ਇਸਦੀ ਜਾਂਚ ਕੌਮੀ ਮਨੁੱਖੀ ਅਧਿਕਾਰ ਸੰਗਠਨ ਦਿੱਲੀ ਵੱਲੋ ਤੁਰੰਤ ਹੋਵੇ । ਇਸੇ ਤਰ੍ਹਾਂ ਜੰਮੂ-ਕਸਮੀਰ ਦੀ ਸਰਹੱਦ ਵਿਖੇ ਬੀਤੇ ਦਿਨੀ ਸਫ਼ੀਰ ਹੂਸੈਨ, ਮੁਹੰਮਦ ਸੌਂਕਤ ਅਤੇ ਸਬੀਰ ਅਹਿਮਦ ਨੂੰ ਫ਼ੌਜ ਦੇ ਅਫਸਰਾਂ ਵੱਲੋ ਝੂਠੇ ਮੁਕਾਬਲੇ ਵਿਚ ਮਾਰੇ ਗਏ ਕਸਮੀਰੀਆਂ ਦੀ ਵੀ ਜਾਂਚ ਨਿਰਪੱਖਤਾ ਨਾਲ ਇਹੀ ਕਮਿਸਨ ਵੱਲੋ ਕੀਤੀ ਜਾਵੇ।

14. ਨਸ਼ੀਲੀਆਂ ਵਸਤਾਂ ਅਤੇ ਗੈਰ-ਕਾਨੂੰਨੀ ਹਥਿਆਰ ਦੇ ਵੱਧਦੇ ਜਾ ਰਹੇ ਕਾਰੋਬਾਰ ਨੂੰ ਸਖ਼ਤੀ ਨਾਲ ਬੰਦ ਕੀਤਾ ਜਾਵੇ:-ਅੱਜ ਦਾ ਇਕੱਠ ਇਹ ਮਹਿਸੂਸ ਕਰਦਾ ਹੈ ਕਿ ਜੋ ਸਰਹੱਦਾਂ ਜਾਂ ਪੰਜਾਬ ਵਿਚੋਂ ਨਸ਼ੀਲੀਆਂ ਵਸਤਾਂ ਅਤੇ ਗੈਰ-ਕਾਨੂੰਨੀ ਹਥਿਆਰ ਪੁਲਿਸ ਵੱਲੋ ਫੜੇ ਜਾਂਦੇ ਹਨ, ਉਨ੍ਹਾਂ ਦਾ ਹਿਸਾਬ-ਕਿਤਾਬ ਜੋ ਮਾਲਖਾਨਿਆ ਵਿਚ ਹੋਣਾ ਚਾਹੀਦਾ ਹੈ, ਉਹ ਸੰਬੰਧਤ ਹਾਈਕੋਰਟ ਦੇ ਜੱਜ ਵੱਲੋਂ ਜੋ ਮੁਲਾਜਾ ਕਰਨ ਦਾ ਅਧਿਕਾਰ ਹੁੰਦਾ ਹੈ ਉਸਦੀ ਵਰਤੋ ਹੀ ਨਹੀ ਹੋ ਰਹੀ ਅਤੇ ਸਰਕਾਰ ਕੋਲ ਕੋਈ ਰਿਪੋਰਟ ਹੀ ਨਹੀ ਕਿ ਇਨ੍ਹਾਂ ਮਾਲਖਾਨਿਆ ਵਿਚ ਨਸ਼ੀਲੀਆਂ ਤੇ ਗੈਰ-ਕਾਨੂੰਨੀ ਹਥਿਆਰਾਂ ਦਾ ਕਿੰਨਾ ਭੰਡਾਰ ਹੈ ਅਤੇ ਉਨ੍ਹਾਂ ਦੀ ਦੁਰਵਰਤੋ ਕਿਥੇ ਹੋ ਰਹੀ ਹੈ ਜਾਂ ਨਹੀ । ਹਾਈਕੋਰਟ ਦੇ ਜੱਜ ਜੋ ਜਿ਼ਲ੍ਹਾ ਪੱਧਰ ਤੇ ਸੈਸਨ ਕੋਰਟਾਂ ਦਾ ਮੁਲਾਜਾ ਕਰਦੇ ਹਨ, ਉਸ ਸਮੇ ਉਹ ਮਾਲਖਾਨਿਆ ਵਿਚ ਇਨ੍ਹਾਂ ਨਸੀਲੇ ਪਦਾਰਥਾਂ ਅਤੇ ਗੈਰ-ਕਾਨੂੰਨੀ ਅਸਲੇ ਦਾ ਵੀ ਮੁਲਾਜਾ ਕਰਕੇ ਰਿਪੋਰਟ ਵਿਚ ਦਰਜ ਕਰਨ ।

15. ਬਿਨ੍ਹਾਂ ਬਹਿਸ ਕੀਤਿਆ ਸਰਕਾਰ ਵੱਲੋਂ 3 ਬਿਲ ਪਾਸ ਕਰਕੇ ਜਮਹੂਰੀਅਤ ਅਤੇ ਵਿਧਾਨਿਕ ਲੀਹਾਂ ਦਾ ਜਨਾਜ਼ਾਂ ਕੱਢਿਆ:- ਅੱਜ ਦਾ ਇਕੱਠ ਇਹ ਮਹਿਸੂਸ ਕਰਦਾ ਹੈ ਕਿ ਜਦੋਂ ਵੀ ਕੋਈ ਕਾਨੂੰਨ ਬਣਦਾ ਹੈ, ਤਾਂ ਉਸ ਸੰਬੰਧੀ ਸੰਬੰਧਤ ਬਿਲ ਨੂੰ ਪਾਰਲੀਮੈਟ ਦੀ ਟੇਬਲ ਉਪਰ ਰੱਖਕੇ ਵਿਰੋਧੀ ਧਿਰ ਨਾਲ ਖੁੱਲ੍ਹੀ ਬਹਿਸ ਹੋਣ ਉਪਰੰਤ ਉਸ ਬਿਲ ਨੂੰ ਬਹੁਸੰਮਤੀ ਨਾਲ ਪਾਸ ਕਰਕੇ ਪ੍ਰੈਜੀਡੈਟ ਕੋਲ ਭੇਜਿਆ ਜਾਂਦਾ ਹੈ। ਫਿਰ ਜਾ ਕੇ ਕਾਨੂੰਨ ਬਣਦਾ ਹੈ । ਪਰ ਦੁੱਖ ਅਤੇ ਅਫ਼ਸੋਸ ਹੀ ਕਿ ਜਦੋਂ ਸਪੀਕਰ ਲੋਕ ਸਭਾ ਵੱਲੋ ਵਿਰੋਧੀ ਪਾਰਟੀ ਨਾਲ ਸੰਬੰਧਤ 141 ਮੈਬਰਾਂ ਨੂੰ ਮੁਅੱਤਲ ਕੀਤਾ ਹੋਇਆ ਸੀ, ਤਾਂ ਸਰਕਾਰ ਨੇ ਭਾਰਤੀ ਨਿਆਂ ਸੰਹਿਤਾ ਬਿਲ 2023, ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਬਿਲ 2023 ਅਤੇ ਭਾਰਤੀ ਸਬੂਤ ਬਿਲ 2023, ਬਿਲ ਬਿਨ੍ਹਾਂ ਕਿਸੇ ਬਹਿਸ ਦੇ ਪਾਸ ਕਰ ਦਿੱਤੇ । ਜਿਸ ਰਾਹੀ ਅਸੀ ਬਹੁਤ ਪਹਿਲੇ ਤੋ ਹੀ ਮੌਤ ਦੀ ਸਜ਼ਾ ਦੇ ਸਖਤ ਵਿਰੁੱਧ ਹਾਂ, ਸਰਕਾਰ ਨੇ ਇਸ ਮੌਤ ਦੀ ਸਜ਼ਾ ਨੂੰ ਕਾਇਮ ਰੱਖਣ ਤੇ ਵਧਾਉਣ ਲਈ ਕਾਨੂੰਨ ਬਣਾ ਦਿੱਤਾ। ਅਜਿਹਾ ਅਮਲ ਕਰਕੇ ਸਪੀਕਰ ਅਤੇ ਸਰਕਾਰ ਵੱਲੋ ਜਮਹੂਰੀਅਤ ਅਤੇ ਵਿਧਾਨਿਕ ਨਿਯਮਾਂ ਨੂੰ ਕੁੱਚਲਕੇ ਜਮਹੂਰੀਅਤ ਕਦਰਾਂ-ਕੀਮਤਾਂ ਦਾ ਜਨਾਜ਼ਾਂ ਕੱਢ ਦਿੱਤਾ ਹੈ । ਇਸ ਤਾਨਾਸਾਹੀ ਪ੍ਰਕਿਰਿਆ ਦੀ ਅੱਜ ਦਾ ਇਕੱਠ ਸਖਤ ਨਿੰਦਾ ਕਰਦਾ ਹੈ ਅਤੇ ਬਣਾਏ ਇਨ੍ਹਾਂ ਨਵੇ ਕਾਨੂੰਨਾਂ ਨੂੰ ਇਥੋ ਦੀਆਂ ਘੱਟ ਗਿਣਤੀ ਕੌਮਾਂ ਵਿਰੋਧੀ ਕਰਾਰ ਦਿੰਦਾ ਹੈ । ਕਿਉਂਕਿ ਅਜਿਹੇ ਕਾਨੂੰਨ ਘੱਟ ਗਿਣਤੀ ਕੌਮਾਂ ਉਤੇ ਦਹਿਸਤ ਪਾਉਣ ਅਤੇ ਉਨ੍ਹਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਉਣ ਲਈ ਜ਼ਬਰੀ ਬਣਾਏ ਜਾ ਰਹੇ ਹਨ ।

16. ਕਸ਼ਮੀਰ ਦੇ 1948 ਦੇ ਯੂ.ਐਨ. ਦੇ ਮਤੇ ਅਨੁਸਾਰ ਰਾਏਸੁਮਾਰੀ ਕਰਵਾਉਣ ਦਾ ਹੱਕ ਪ੍ਰਦਾਨ ਕੀਤਾ ਜਾਵੇ:- ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜਮਹੂਰੀ ਕਦਰਾਂ-ਕੀਮਤਾਂ ਅਤੇ ਅਮਨ-ਚੈਨ ਦਾ ਵੱਡਾ ਹਾਮੀ ਹੈ । ਜੇਕਰ ਅੱਜ ਕਸ਼ਮੀਰ, ਸਰਹੱਦੀ ਸੂਬਿਆਂ ਛੱਤੀਸਗੜ੍ਹ, ਝਾਂਰਖੰਡ, ਮਹਾਰਾਸਟਰਾਂ, ਨਾਗਾਲੈਡ, ਉੜੀਸਾ, ਬਿਹਾਰ ਵਿਚ ਵੱਡੀ ਅਫਰਾ-ਤਫਰੀ ਅਤੇ ਉਥੋ ਦੇ ਨਿਵਾਸੀਆ ਵਿਚ ਸਰਕਾਰ ਪ੍ਰਤੀ ਵੱਡਾ ਰੋਹ ਉੱਠ ਰਿਹਾ ਹੈ ਤਾਂ ਲੋਕਾਂ ਦੀਆਂ ਭਾਵਨਾਵਾ ਅਨੁਸਾਰ ਉਨ੍ਹਾਂ ਨੂੰ ਵਿਧਾਨਿਕ, ਸਮਾਜਿਕ ਅਤੇ ਧਾਰਮਿਕ ਤੌਰ ਤੇ ਮਿਲੀ ਖੁੱਲ੍ਹ ਉਤੇ ਹੁਕਮਰਾਨਾਂ ਵੱਲੋ ਜ਼ਬਰੀ ਪਾਬੰਦੀਆਂ ਲਗਾਉਣ ਅਤੇ ਤਾਨਾਸਾਹੀ ਕਾਰਵਾਈਆ ਜਿੰਮੇਵਾਰ ਹਨ । ਕਸਮੀਰੀਆਂ ਅਤੇ ਪੰਜਾਬੀਆਂ ਨਾਲ ਵਿਸੇਸ ਤੌਰ ਤੇ ਹੁਕਮਰਾਨ ਲੰਮੇ ਸਮੇ ਤੋ ਜਾਬਰ ਨੀਤੀਆ ਅਧੀਨ ਜ਼ਬਰ ਕਰਦਾ ਆ ਰਿਹਾ ਹੈ । ਜਿਸਦੀ ਬਦੌਲਤ ਇਨ੍ਹਾਂ ਸੂਬਿਆਂ ਦੇ ਨਿਵਾਸੀ ਸੈਟਰ ਦੇ ਮੁਤੱਸਵੀ ਹੁਕਮਰਾਨਾਂ ਦੀਆਂ ਜਾਲਮਨਾਂ ਨੀਤੀਆ ਦਾ ਵਿਰੋਧ ਕਰ ਰਹੇ ਹਨ । ਆਜਾਦੀ ਤੋ ਬਾਅਦ 1948 ਵਿਚ ਉਸ ਸਮੇ ਦੇ ਇੰਡੀਆ ਦੇ ਵਜੀਰ ਏ ਆਜਮ ਪੰਡਿਤ ਜਵਾਹਰ ਲਾਲ ਨਹਿਰੂ ਨੇ ਕੌਮਾਂਤਰੀ ਜਥੇਬੰਦੀ ਯੂ.ਐਨ. ਵਿਚ ਮਤਾ ਰੱਖਦੇ ਹੋਏ ਕਸਮੀਰੀਆਂ ਨੂੰ ਰਾਏਸੁਮਾਰੀ ਦਾ ਹੱਕ ਦੇਣ ਦੀ ਗੱਲ ਕੀਤੀ ਸੀ । ਜੋ ਅੱਜ ਤੱਕ ਪੂਰੀ ਨਹੀ ਕੀਤੀ ਗਈ ਬਲਕਿ ਕਸਮੀਰੀਆਂ ਦੀ ਖੁਦਮੁਖਤਿਆਰੀ ਦੇਣ ਵਾਲੇ ਆਰਟੀਕਲ 370 ਅਤੇ ਧਾਰਾ 35ਏ ਨੂੰ ਜਬਰੀ ਖਤਮ ਕਰਕੇ, ਕਸ਼ਮੀਰ ਦੀ ਅਸੈਬਲੀ ਨੂੰ ਭੰਗ ਕਰਕੇ ਉਨ੍ਹਾਂ ਦੀ ਆਜਾਦੀ ਉਤੇ ਡਾਕਾ ਮਾਰਿਆ ਗਿਆ ਹੈ । ਜਿਸ ਨਾਲ ਕਸਮੀਰੀਆ ਵਿਚ ਅੱਜ ਵੀ ਵੱਡਾ ਰੋਹ ਹੈ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਸੁਪਰੀਮ ਕੋਰਟ ਇੰਡੀਆ ਨੇ ਕਸਮੀਰੀਆ ਉਤੇ ਹੋ ਰਹੇ ਜ਼ਬਰ ਦਾ ਇਨਸਾਫ ਦੇਣ ਦੀ ਬਜਾਇ, ਸਰਕਾਰ ਵੱਲੋਂ 05 ਅਗਸਤ 2019 ਨੂੰ ਉਨ੍ਹਾਂ ਦੇ ਖੁਦਮੁਖਤਿਆਰੀ ਦੇ ਹੱਕਾਂ ਨੂੰ ਕੁੱਚਲਣ ਵਾਲੀਆ ਕਾਰਵਾਈਆ ਦੇ ਹੱਕ ਵਿਚ ਭੁਗਤਕੇ ਅਸੈਬਲੀ ਭੰਗ ਕਰ ਦਿੱਤੀ, ਸੂਬੇ ਨੂੰ ਭੰਗ ਕਰਕੇ ਯੂ.ਟੀ. ਅਧੀਨ ਕਰ ਦਿੱਤਾ ਸੀ, ਉਸ ਨੂੰ ਸੁਪਰੀਮ ਕੋਰਟ ਨੇ 12 ਦਸੰਬਰ 2023 ਨੂੰ ਆਪਣੇ ਦਿੱਤੇ ਫੈਸਲੇ ਵਿਚ ਜਾਇਜ ਠਹਿਰਾ ਦਿੱਤਾ ਹੈ । ਜੋ ਕਿ ਜਮਹੂਰੀਅਤ ਅਤੇ ਵਿਧਾਨਿਕ ਉਲੰਘਣਾ ਹੈ । ਇਸ ਸੰਬੰਧ ਵਿਚ ਜਿਸ ਜੱਜ ਨੇ ਫੈਸਲਾ ਦਿੱਤਾ ਹੈ, ਸਾਨੂੰ ਨਹੀ ਜਾਣਕਾਰੀ ਕਿ ਉਸਨੂੰ ਹੁਕਮਰਾਨਾਂ ਨੇ ਕੀ ਦਿੱਤਾ ਹੈ ? ਅੱਜ ਦਾ ਇਕੱਠ 1948 ਦੇ ਮਤੇ ਅਨੁਸਾਰ ਕਸਮੀਰੀਆਂ ਦੀ ਰਾਏਸੁਮਾਰੀ ਦਾ ਹੱਕ ਦੇ ਕੇ ਉਨ੍ਹਾਂ ਦੀ ਖੁਦਮੁਖਤਿਆਰੀ ਨੂੰ ਫਿਰ ਤੋ ਬਹਾਲ ਕੀਤਾ ਜਾਵੇ । ਕੋਸੋਵੋ ਦੀ ਤਰ੍ਹਾਂ ਸਿੱਖ ਕੌਮ ਨੂੰ ਉਨ੍ਹਾਂ ਦੀ ਆਜਾਦ ਬਾਦਸਾਹੀ ਸਿੱਖ ਰਾਜ ਜੋ ਇਸਲਾਮਿਕ-ਪਾਕਿਸਤਾਨ, ਕਾਮਰੇਡ-ਚੀਨ ਅਤੇ ਹਿੰਦੂ-ਇੰਡੀਆ ਦੇ ਵਿਚਕਾਰ ਸਿੱਖ ਵਸੋ ਵਾਲਾ ਇਲਾਕਾ ਹੈ, ਉਥੇ ਕੌਮਾਂਤਰੀ ਕਾਨੂੰਨਾਂ ਅਨੁਸਾਰ ਬਤੌਰ ਬਫਰ ਸਟੇਟ ਕਾਇਮ ਕੀਤੀ ਜਾਵੇ ।

ਖ਼ਾਲਿਸਤਾਨ ਜਿ਼ੰਦਾਬਾਦ !!!

ਗੁਰੂਘਰ ਤੇ ਪੰਥ ਦਾ ਦਾਸ,
 
ਸਿਮਰਨਜੀਤ ਸਿੰਘ ਮਾਨ,
ਪ੍ਰਧਾਨ,
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)।

Leave a Reply

Your email address will not be published. Required fields are marked *