03 ਮਾਰਚ ਨੂੰ ਚੰਡੀਗੜ੍ਹ ਵਿਖੇ ਮਨੁੱਖੀ ਅਧਿਕਾਰਾਂ ਉਤੇ ਸੈਮੀਨਰ, 06 ਮਾਰਚ ਨੂੰ ਬਰਗਾੜੀ ਵਿਖੇ ਅਰਦਾਸ-ਧੰਨਵਾਦ ਸਮਾਗਮ ਅਤੇ 18 ਮਾਰਚ ਨੂੰ ਹੋਲੇ-ਮਹੱਲੇ ਦੇ ਆਨੰਦਪੁਰ ਸਾਹਿਬ ਵਿਖੇ ਇਕੱਠ ਹੋਣਗੇ : ਮਾਨ
ਫ਼ਤਹਿਗੜ੍ਹ ਸਾਹਿਬ, 24 ਫਰਵਰੀ ( ) “03 ਮਾਰਚ 2022 ਨੂੰ ਸਾਡੀ ਪਾਰਟੀ ਦੀ ਬਹੁਤ ਹੀ ਸਤਿਕਾਰਯੋਗ ਸਖਸ਼ੀਅਤ ਸਵ: ਸ. ਜਸਵੰਤ ਸਿੰਘ ਮਾਨ ਜੀ ਦੀ ਨਿੱਘੀ ਅਤੇ ਮਿੱਠੀ ਯਾਦ ਨੂੰ ਤਾਜ਼ਾ ਕਰਦੇ ਹੋਏ ਚੰਡੀਗੜ੍ਹ ਵਿਖੇ ਮਨੁੱਖੀ ਅਧਿਕਾਰਾਂ, ਧਾਰਮਿਕ ਆਜ਼ਾਦੀ ਅਤੇ ਬਰਾਬਰਤਾ ਦੀ ਸੋਚ ਅਤੇ ਭਾਵਨਾ ਦੇ ਵਿਸਿਆ ਨੂੰ ਲੈਕੇ ਸੈਮੀਨਰ ਕੀਤਾ ਜਾਵੇਗਾ । ਜਿਸਦਾ ਸਮੁੱਚਾ ਪ੍ਰਬੰਧ ਸ. ਕੁਸਲਪਾਲ ਸਿੰਘ ਮਾਨ ਜਰਨਲ ਸਕੱਤਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਕਰਨਗੇ । ਉਪਰੰਤ 6 ਮਾਰਚ ਨੂੰ ਬਰਗਾੜੀ ਦੇ ਸਥਾਂਨ ਉਤੇ ਜਿਥੋ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ, 328 ਪਾਵਨ ਸਰੂਪਾਂ ਦੇ ਲਾਪਤਾ ਹੋਣ ਅਤੇ ਬਹਿਬਲ ਕਲਾਂ ਵਿਖੇ ਸ਼ਹੀਦ ਕੀਤੇ ਗਏ 2 ਸਿੱਖ ਨੌਜ਼ਵਾਨਾਂ ਦੇ ਇਨਸਾਫ਼ ਲਈ ਅਰਦਾਸ ਕਰਕੇ ਮੋਰਚੇ ਦੀ ਸੁਰੂਆਤ ਕੀਤੀ ਸੀ, ਉਸੇ ਸਥਾਂਨ ਤੇ 6 ਮਾਰਚ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਪਾਰਟੀ ਦੀਆਂ ਨੀਤੀਆ ਤੇ ਸੋਚ ਨਾਲ ਜੁੜੀ ਨੌਜ਼ਵਾਨੀ ਅਤੇ ਪਾਰਟੀ ਮੈਬਰਾਂ, ਅਹੁਦੇਦਾਰਾਂ ਦਾ ਇਕ ਇਕੱਠ ਕਰਕੇ ਅਰਦਾਸ ਕਰਦੇ ਹੋਏ ਸਮੁੱਚੇ ਪੰਜਾਬੀਆਂ ਅਤੇ ਸਿੱਖ ਕੌਮ ਦਾ ਧੰਨਵਾਦ ਤੇ ਗੁਰੂ ਸਾਹਿਬ ਜੀ ਦਾ ਸੁਕਰਾਨਾ ਕੀਤਾ ਜਾਵੇਗਾ । ਉਪਰੰਤ 18 ਮਾਰਚ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਇਤਿਹਾਸਿਕ ਕਾਨਫਰੰਸ ਸਰੋਵਰ ਦੇ ਨਜਦੀਕ ਤਖਤ ਕੇਸਗੜ੍ਹ ਸਾਹਿਬ ਦੇ ਸਾਹਮਣੇ ਕੀਤੀ ਜਾਵੇਗੀ । ਇਨ੍ਹਾਂ ਸਭ ਪਾਰਟੀ ਪ੍ਰੌਗਰਾਮਾਂ ਵਿਚ ਪਾਰਟੀ ਅਹੁਦੇਦਾਰਾਂ, ਮੈਬਰਾਂ, ਸਮਰਥਕਾਂ ਅਤੇ ਸਿੱਖ ਕੌਮ ਦੀ ਵੱਡਮੁੱਲੀ ਸ਼ਕਤੀ ਨੌਜ਼ਵਾਨੀ ਨੂੰ ਉਚੇਚੇ ਤੌਰ ਤੇ ਸਤਿਕਾਰ ਸਹਿਤ ਸਮੂਲੀਅਤ ਕਰਨ ਦੀ ਪਾਰਟੀ ਵੱਲੋਂ ਸੰਜ਼ੀਦਾ ਅਪੀਲ ਕੀਤੀ ਜਾਂਦੀ ਹੈ ।”
ਇਹ ਫੈਸਲੇ ਬੀਤੇ ਕੱਲ੍ਹ ਕਿਲ੍ਹਾ ਸ. ਹਰਨਾਮ ਸਿੰਘ (ਫ਼ਤਹਿਗੜ੍ਹ ਸਾਹਿਬ) ਵਿਖੇ ਪਾਰਟੀ ਦੀ ਸਿਆਸੀ ਮਾਮਲਿਆ ਦੀ ਕਮੇਟੀ ਦੀ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਪ੍ਰਧਾਨਗੀ ਹੇਠ ਹੋਈ ਇਕ ਹੋਈ ਇਕੱਤਰਤਾ ਵਿਚ ਵਿਚਾਰਾਂ ਕਰਦੇ ਹੋਏ ਸਰਬਸੰਮਤੀ ਨਾਲ ਫੈਸਲੇ ਕੀਤੇ ਗਏ । ਇਹ ਜਾਣਕਾਰੀ ਪਾਰਟੀ ਦੇ ਮੁੱਖ ਬੁਲਾਰੇ, ਸਿਆਸੀ ਤੇ ਮੀਡੀਆ ਸਲਾਹਕਾਰ ਸ. ਇਕਬਾਲ ਸਿੰਘ ਟਿਵਾਣਾ ਨੇ ਮੁੱਖ ਦਫਤਰ ਤੋਂ ਜਾਰੀ ਇਕ ਨੀਤੀ ਬਿਆਨ ਵਿਚ ਪ੍ਰਗਟਾਏ । ਇਸ ਮੀਟਿੰਗ ਵਿਚ ਪਾਰਟੀ ਨੇ ਸ. ਦੀਪ ਸਿੰਘ ਸਿੱਧੂ ਦੇ ਹੋਏ ਅਸਹਿ ਅਤੇ ਅਕਹਿ ਵਿਛੋੜੇ ਉਤੇ ਡੂੰਘਾਂ ਦੁੱਖ ਤੇ ਅਫਸੋਸ ਕਰਦੇ ਹੋਏ ਇਸ ਵਰਤਾਰੇ ਨੂੰ ਕੌਮ ਲਈ ਇਕ ਵੱਡਾ ਘਾਟਾ ਕਰਾਰ ਦਿੱਤਾ । ਕਿਉਂਕਿ ਉਨ੍ਹਾਂ ਦੀ ਨਿੱਗਰ ਅਤੇ ਦੂਰਅੰਦੇਸ਼ੀ ਵਾਲੀ ਸੋਚ ਨੇ ਕੇਵਲ ਸਾਨੂੰ ਹੀ ਵੱਡਾ ਬਲ ਨਹੀਂ ਦਿੱਤਾ, ਬਲਕਿ ਸਮੁੱਚੇ ਪੰਜਾਬੀਆਂ ਤੇ ਸਿੱਖ ਕੌਮ ਨੂੰ ਆਪਣੇ ਵਿਚਾਰਾਂ ਰਾਹੀ ਸਹੀ ਦਿਸ਼ਾ ਵੱਲ ਅਗਵਾਈ ਦੇਣ ਦੀ ਜਿ਼ੰਮੇਵਾਰੀ ਨਿਭਾਕੇ ਪੰਜਾਬ ਦੇ ਸਮੁੱਚੇ ਨਿਵਾਸੀਆਂ ਅਤੇ ਵਿਸ਼ੇਸ਼ ਤੌਰ ਤੇ ਸਿੱਖ ਕੌਮ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿਚ ਜੋੜਦੇ ਹੋਏ ਅਗਲੇ ਕੌਮੀ ਨਿਸ਼ਾਨੇ ‘ਤੇ ਕੇਦਰਿਤ ਕਰਦੇ ਹੋਏ ਵੱਡੀ ਕੌਮੀ ਤੇ ਇਨਸਾਨੀ ਸੇਵਾ ਕੀਤੀ ਹੈ । ਜਿਸਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਮੁੱਚੀ ਸਿੱਖ ਕੌਮ ਕਦਾਚਿਤ ਨਹੀਂ ਭੁਲਾਏਗੀ । ਬਲਕਿ ਉਨ੍ਹਾਂ ਦੇ ਵਿਚਾਰਾਂ ਤੋ ਤਾਕਤ ਲੈਕੇ ਨੌਜ਼ਵਾਨੀ ਨੂੰ ਸਹੀ ਦਿਸ਼ਾ ਵੱਲ ਤੋਰਦੇ ਹੋਏ ਆਪਣੀ ਮੰਜਿਲ ਵੱਲ ਤੋਰਨ ਵਿਚ ਆਪਣੀ ਜਿ਼ੰਮੇਵਾਰੀ ਨਿਭਾਏਗੀ । ਉਨ੍ਹਾਂ ਦੀ ਨੇਕ ਪਵਿੱਤਰ ਆਤਮਾ ਦੀ ਸਾਂਤੀ ਲਈ ਸਮੁੱਚੇ ਹਾਊਸ ਨੇ ਅਰਦਾਸ ਵੀ ਕੀਤੀ । ਪਾਰਟੀ ਦੀ ਨਿਰਸਵਾਰਥ ਹੋਕੇ ਲੰਮਾਂ ਸਮਾਂ ਸੇਵਾ ਕਰਨ ਵਾਲੇ ਜੋ ਮੈਬਰ ਆਪਣੀ ਸੰਸਾਰਿਕ ਯਾਤਰਾ ਅਤੇ ਸਵਾਸਾਂ ਨੂੰ ਪੂਰਨ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ, ਜਿਨ੍ਹਾਂ ਵਿਚ ਸ. ਰਾਜਪਾਲ ਸਿੰਘ ਭਿੰਡਰ, ਸ. ਮੱਖਣ ਸਿੰਘ ਤਾਹਰਪੁਰੀ ਅਤੇ ਸ. ਸੁਖਮਿੰਦਰ ਸਿੰਘ ਹੰਸਰਾ ਕੈਨੇਡਾ ਦੇ ਤੁਰ ਜਾਣ ਉਤੇ ਡੂੰਘੇ ਦੁੱਖ ਦਾ ਇਜਹਾਰ ਕਰਦੇ ਹੋਏ ਅਤੇ ਸਮੁੱਚੀ ਪਾਰਟੀ ਮੈਬਰਾਂ ਨੇ ਵਿਛੜੀਆ ਆਤਮਾਵਾ ਦੀ ਸ਼ਾਂਤੀ ਲਈ ਸਮੂਹਿਕ ਰੂਪ ਵਿਚ ਅਰਦਾਸ ਕਰਦੇ ਹੋਏ ਸੰਬੰਧਤ ਪਰਿਵਾਰਾਂ ਨਾਲ ਡੂੰਘੀ ਹਮਦਰਦੀ ਕਰਦੇ ਹੋਏ ਸੋਕ ਮਤਾ ਪਾਇਆ ਗਿਆ ।
ਇਸ ਤੋਂ ਇਲਾਵਾ ਪਾਰਟੀ ਦੇ ਮੈਬਰਾਂ ਵੱਲੋਂ ਵਿਚਾਰਾਂ ਕਰਦੇ ਹੋਏ ਜਿਥੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਪਾਰਟੀ ਵੱਲੋਂ ਵੱਖ-ਵੱਖ ਵਿਧਾਨ ਸਭਾ ਹਲਕਿਆ ਵਿਚ ਚੋਣ ਲੜ੍ਹ ਰਹੇ ਉਮੀਦਵਾਰਾਂ ਨੂੰ ਸਮੁੱਚੇ ਪੰਜਾਬੀਆਂ ਅਤੇ ਸਿੱਖ ਕੌਮ ਨੇ ਜਿਸ ਸਿੱਦਤ, ਦ੍ਰਿੜਤਾਂ ਅਤੇ ਸੰਜ਼ੀਦਗੀ ਨਾਲ ਹਰ ਪੱਖੋ ਮਦਦ ਕਰਕੇ ਇਨ੍ਹਾਂ ਚੋਣਾਂ ਵਿਚ ਡੂੰਘਾਂ ਸਹਿਯੋਗ ਦਿੰਦੇ ਹੋਏ ਪਾਰਟੀ ਦੀ ਮਜ਼ਬੂਤੀ ਵਿਚ ਯੋਗਦਾਨ ਪਾਇਆ ਹੈ, ਉਸ ਲਈ ਸਮੁੱਚੇ ਪੰਜਾਬੀਆਂ, ਸਿੱਖ ਕੌਮ ਦਾ ਉਚੇਚੇ ਤੌਰ ਤੇ ਧੰਨਵਾਦ ਮਤਾ ਵੀ ਪਾਇਆ ਗਿਆ । ਇਸ ਮੀਟਿੰਗ ਵਿਚ ਸ. ਸਿਮਰਨਜੀਤ ਸਿੰਘ ਮਾਨ ਤੋ ਇਲਾਵਾ ਸ. ਇਕਬਾਲ ਸਿੰਘ ਟਿਵਾਣਾ, ਸ. ਜਸਕਰਨ ਸਿੰਘ ਕਾਹਨਸਿੰਘਵਾਲਾ, ਮਾਸਟਰ ਕਰਨੈਲ ਸਿੰਘ ਨਾਰੀਕੇ, ਪ੍ਰੋ. ਮਹਿੰਦਰਪਾਲ ਸਿੰਘ, ਕੁਸਲਪਾਲ ਸਿੰਘ ਮਾਨ, ਅਮਰੀਕ ਸਿੰਘ ਬੱਲੋਵਾਲ, ਗੁਰਸੇਵਕ ਸਿੰਘ ਜਵਾਹਰਕੇ, ਹਰਪਾਲ ਸਿੰਘ ਬਲੇਰ, ਕੁਲਦੀਪ ਸਿੰਘ ਭਾਗੋਵਾਲ (ਸਾਰੇ ਜਰਨਲ ਸਕੱਤਰ), ਇਮਾਨ ਸਿੰਘ ਮਾਨ ਸਰਪ੍ਰਸਤ ਯੂਥ, ਅੰਮ੍ਰਿਤਪਾਲ ਸਿੰਘ ਛੰਦੜਾ ਯੂਥ ਪ੍ਰਧਾਨ, ਸ. ਗੋਬਿੰਦ ਸਿੰਘ, ਗੁਰਨੈਬ ਸਿੰਘ ਰਾਮਪੁਰਾ, ਗੁਰਬਚਨ ਸਿੰਘ ਭੁੱਲਰ, ਬਹਾਦਰ ਸਿੰਘ ਭਸੌੜ, ਗੁਰਜੰਟ ਸਿੰਘ ਕੱਟੂ, ਪਰਮਿੰਦਰ ਸਿੰਘ ਬਾਲਿਆਵਾਲੀ ਆਗੂਆਂ ਨੇ ਫੈਸਲਿਆ ਵਿਚ ਯੋਗਦਾਨ ਪਾਉਦੇ ਹੋਏ ਸਮੂਲੀਅਤ ਕੀਤੀ ।