ਸੁਲਤਾਨਪੁਰ ਲੋਧੀ ਨਿਹੰਗ ਸਿੰਘਾਂ ਦੀ ਛਾਊਣੀ ਵਿਖੇ ਹੋਏ ਓਪੱਦਰ ਲਈ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੀਆਂ ਦਿਸ਼ਾਹੀਣ ਆਪਹੁਦਰੀਆਂ ਜਿੰਮੇਵਾਰ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 28 ਨਵੰਬਰ ( ) “ਜੇਕਰ ਪੁਲਿਸ ਵੱਲੋਂ ਤੜਕੇ 4 ਵਜੇ ਹਨ੍ਹੇਰੇ ਵਿਚ ਭਾਰੀ ਫੋਰਸ ਲੈਕੇ ਗੁਰੂ ਦੀਆਂ ਲਾਡਲੀਆ ਫ਼ੌਜਾਂ ਨਿਹੰਗ ਸਿੰਘਾਂ ਦੀ ਛਾਊਣੀ ਉਤੇ ਧਾਵਾ ਬੋਲਕੇ ਕਬਜਾ ਕਰਨ ਦੀ ਕਾਰਵਾਈ ਕੀਤੀ ਗਈ ਹੈ, ਤਾਂ ਇਹ ਅਮਲ ਖੁਦ-ਬ-ਖੁਦ ਦਰਸਾਉਦਾ ਹੈ ਕਿ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੀ ਇਸ ਵਿਚ ਸਿਆਸੀ ਮੰਦਭਾਵਨਾ ਸੀ । ਜੇਕਰ ਪੁਲਿਸ ਨੇ ਕੋਈ ਕਾਨੂੰਨ ਅਨੁਸਾਰ ਅਮਲ ਕਰਨਾ ਸੀ, ਤਾਂ ਉਸਨੂੰ ਇਸ ਤਰ੍ਹਾਂ ਛੁਪਕੇ ਹਨ੍ਹੇਰੇ ਵਿਚ ਅਜਿਹਾ ਕਰਨ ਦੀ ਕੀ ਲੋੜ ਸੀ ? ਇਸ ਤਰ੍ਹਾਂ ਦਹਿਸਤ ਦਾ ਮਾਹੌਲ ਉਤਪੰਨ ਕਰਕੇ ਹੁਕਮਰਾਨ ਦਾ ਨਿਹੰਗ ਸਿੰਘਾਂ ਦੇ ਪਵਿੱਤਰ ਬਾਣੇ ਨੂੰ ਬਦਨਾਮ ਕਰਨ ਪਿੱਛੇ ਕੀ ਮਕਸਦ ਹੈ ? ਫਿਰ ਨਿਹੰਗ ਸਿੰਘਾਂ ਦੇ ਇਕ ਗਰੁੱਪ ਦੀ ਸਰਕਾਰ ਤੇ ਪੁਲਿਸ ਵੱਲੋ ਪੈਰਵੀ ਕਰਕੇ ਭਰਾਮਾਰੂ ਜੰਗ ਨੂੰ ਉਤਸਾਹਿਤ ਕਰਨ ਪਿੱਛੇ ਕੀ ਮੰਦਭਾਵਨਾ ਹੈ ? ਜੇਕਰ ਸਰਕਾਰ ਤੇ ਪੁਲਿਸ ਕਾਨੂੰਨ ਤੇ ਇਨਸਾਫ ਦੀ ਨਜਰ ਵਿਚ ਸਹੀ ਹੈ, ਫਿਰ ਉਨ੍ਹਾਂ ਨੇ ਇਹ ਅਮਲ ਕਾਨੂੰਨ ਅਨੁਸਾਰ ਦਿਨ ਵਿਚ ਕਿਉਂ ਨਾ ਕੀਤਾ ? ਇਸ ਲਈ ਜੇਕਰ ਸੁਲਤਾਨਪੁਰ ਲੋਧੀ ਵਿਖੇ ਅਜਿਹਾ ਮਾਹੌਲ ਉਤਪੰਨ ਹੋਇਆ ਹੈ, ਤਾਂ ਉਸ ਵਿਚ ਸਰਕਾਰ ਦੀਆਂ ਦਿਸ਼ਾਹੀਣ, ਪੱਖਪਾਤੀ ਨੀਤੀਆ ਅਤੇ ਨਿਹੰਗ ਸਿੰਘਾਂ ਦੇ ਬਾਣੇ ਨੂੰ ਬਦਨਾਮ ਕਰਨ ਦੀ ਮੰਦਭਾਵਨਾ ਵਾਲੇ ਅਮਲ ਹੀ ਦੋਸ਼ੀ ਹਨ । ਜਿਨ੍ਹਾਂ ਨੇ 2 ਨਿਹੰਗ ਸਿੰਘਾਂ ਦੇ ਗਰੁੱਪਾਂ ਨੂੰ ਬਿਠਾਕੇ ਸਹਿਜ ਢੰਗ ਨਾਲ ਇਸ ਮਸਲੇ ਨੂੰ ਹੱਲ ਕਰਨ ਦੀ ਬਜਾਇ ਪੱਖਪਾਤੀ ਕਾਰਵਾਈ ਸਾਬਤ ਕਰਕੇ ਉਸ ਕਹਾਵਤ ਨੂੰ ਸਾਬਤ ਕਰ ਦਿੱਤਾ ਹੈ ਕਿ ਜਿਸਦੀ ਲਾਠੀ ਉਸਦੀ ਮੱਝ । ਇਸ ਕਾਰਵਾਈ ਨੂੰ ਸੂਝਵਾਨ, ਅਮਨ ਚੈਨ ਚਾਹੁੰਣ ਵਾਲੇ ਵੱਡੀ ਗਿਣਤੀ ਵਿਚ ਪੰਜਾਬੀਆਂ ਤੇ ਸਿੱਖਾਂ ਨੇ ਬਿਲਕੁਲ ਵੀ ਪ੍ਰਵਾਨ ਨਹੀ ਕੀਤਾ । ਇਸ ਲਈ ਸਿੱਖ ਕੌਮ ਅਤੇ ਨਿਹੰਗ ਸਿੰਘਾਂ ਦੇ ਪਵਿੱਤਰ ਬਾਣੇ ਨੂੰ ਫਿਰ ਤੋ ਬਦਨਾਮ ਕਰਨ ਦੀ ਇਸ ਕਾਰਵਾਈ ਦੀ ਉੱਚ ਪੱਧਰੀ ਨਿਰਪੱਖਤਾ ਨਾਲ ਜਾਂਚ ਹੋਣੀ ਚਾਹੀਦੀ ਹੈ । ਜੇਕਰ ਇਸ ਵਿਚ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੀਆਂ ਆਪਹੁਦਰੀਆ ਕਾਰਵਾਈਆ ਦੋਸ਼ੀ ਪਾਈਆ ਜਾਣ, ਜਿਸਦੀ ਸੰਭਾਵਨਾ ਜਿਆਦਾ ਹੈ, ਤਾਂ ਇਨ੍ਹਾਂ ਦੋਵਾਂ ਨੂੰ ਜਨਤਕ ਤੌਰ ਤੇ ਮੁਆਫੀ ਮੰਗਦੇ ਹੋਏ ਪਸਚਾਤਾਪ ਕਰਨਾ ਬਣਦਾ ਹੈ । ਤਾਂ ਕਿ ਪੰਜਾਬ ਦੇ ਕਿਸੇ ਵੀ ਖੇਤਰ ਵਿਚ ਸਰਕਾਰ ਦੀ ਸਹਿ ਉਤੇ ਪੰਜਾਬ ਪੁਲਿਸ ਕਿਸੇ ਵੀ ਜਾਇਦਾਦ, ਘਰ, ਜਮੀਨ ਆਦਿ ਸੰਸਥਾਂ ਉਤੇ ਗੈਰ ਕਾਨੂੰਨੀ ਢੰਗ ਨਾਲ ਕਬਜਾ ਨਾ ਕਰ ਸਕੇ ਅਤੇ ਜੰਗਲ ਦੇ ਰਾਜ ਵਾਲੇ ਅਮਲ ਕਰਕੇ ਅਮਨ ਚੈਨ ਵਾਲੇ ਮਾਹੌਲ ਨੂੰ ਵਿਸਫੋਟਕ ਬਣਾਉਣ ਦੀ ਗੁਸਤਾਖੀ ਨਾ ਕਰ ਸਕੇ ।”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਕੁਝ ਦਿਨ ਪਹਿਲੇ ਨਿਹੰਗ ਸਿੰਘਾਂ ਦੀ ਸੁਲਤਾਨਪੁਰ ਲੋਧੀ ਵਿਖੇ ਇਕ ਛਾਊਣੀ ਵਿਖੇ ਤੜਕੇ ਹਨ੍ਹੇਰੇ ਵਿਚ ਕਬਜਾ ਕਰਨ ਦੀ ਮੰਦਭਾਵਨਾ ਅਧੀਨ ਕੀਤੇ ਗਏ ਦੁੱਖਦਾਇਕ ਅਮਲ ਅਤੇ ਇਸ ਕਾਰਵਾਈ ਦੌਰਾਨ ਇਕ ਪੰਜਾਬ ਪੁਲਿਸ ਦੇ ਮੁਲਾਜਮ ਦੀ ਮੌਤ ਹੋ ਜਾਣ ਉਤੇ ਡੂੰਘਾਂ ਦੁੱਖ ਜਾਹਰ ਕਰਦੇ ਹੋਏ ਅਤੇ ਇਸ ਲਈ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੀਆਂ ਆਪਹੁਦਰੀਆ ਗੈਰ ਕਾਨੂੰਨੀ ਕਾਰਵਾਈਆ ਨੂੰ ਜਿੰਮੇਵਾਰ ਠਹਿਰਾਉਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਬੀਤੇ ਸਮੇ ਵਿਚ ਬਰਗਾੜੀ ਵਿਖੇ 2015 ਵਿਚ ਸ਼ਹੀਦ ਕੀਤੇ ਗਏ ਕ੍ਰਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ, ਇਸੇ ਤਰ੍ਹਾਂ ਗੁਰਦਾਸਪੁਰ ਵਿਖੇ ਭਾਈ ਜਸਪਾਲ ਸਿੰਘ ਚੌੜਸਿੱਧਵਾ ਦੀ ਸ਼ਹਾਦਤ ਸਮੇ, ਇਸੇ ਤਰ੍ਹਾਂ ਲੁਧਿਆਣਾ ਵਿਖੇ ਦਰਸ਼ਨ ਸਿੰਘ ਲੋਹਾਰਾ ਦੀ ਸ਼ਹਾਦਤ ਸਮੇ ਅਤੇ ਕਈ ਹੋਰ ਮੌਕਿਆ ਉਤੇ ਸਰਕਾਰ ਅਤੇ ਪੁਲਿਸ ਦੀਆਂ ਆਪਹੁਦਰੀਆ ਅਣਮਨੁੱਖੀ ਕਾਰਵਾਈਆ ਦੀ ਬਦੌਲਤ ਕੇਵਲ ਮਨੁੱਖੀ ਜਾਨਾਂ ਦਾ ਹੀ ਨੁਕਸਾਨ ਨਹੀ ਹੋਇਆ ਬਲਕਿ ਸਮਾਜ ਵਿਚ ਨਫਰਤ ਪੈਦਾ ਕਰਨ ਦੀਆਂ ਸਾਜਿਸਾਂ ਵੀ ਰਚੀਆ ਜਾਂਦੀਆ ਰਹੀਆ ਹਨ । ਜਦੋ ਵੀ ਸਰਕਾਰ ਤੇ ਪੁਲਿਸ ਵੱਲੋ ਅਜਿਹੀ ਗੈਰ ਕਾਨੂੰਨੀ ਤੇ ਅਣਮਨੁੱਖੀ ਕਾਰਵਾਈ ਦੀ ਬਦੌਲਤ ਜਾਨੀ-ਮਾਲੀ ਨੁਕਸਾਨ ਹੁੰਦਾ ਹੈ ਤਾਂ ਉਸ ਸੱਚ ਨੂੰ ਸਾਹਮਣੇ ਆਉਣ ਤੋ ਰੋਕਣ ਲਈ ਸਰਕਾਰ ਅਤੇ ਪੁਲਿਸ ਹੀ ਮੋਹਰੀ ਹੁੰਦੀ ਹੈ । ਜਦੋਕਿ ਅਜਿਹੇ ਸੱਚ ਕਾਨੂੰਨ ਦੇ ਕਟਹਿਰੇ ਵਿਚ ਜੱਗ ਜਾਹਰ ਹੋਣੇ ਚਾਹੀਦੇ ਹਨ । ਤਾਂ ਕਿ ਕੋਈ ਵੀ ਉਚੇ ਤੋ ਉੱਚੇ ਅਹੁਦੇ ਤੇ ਬੈਠਾ ਸਿਆਸਤਦਾਨ ਜਾਂ ਅਫਸਰਾਨ ਹਊਮੈ ਵਿਚ ਆ ਕੇ ਕਿਸੇ ਵੀ ਮਨੁੱਖੀ ਜਾਨ ਦਾ ਨੁਕਸਾਨ ਨਾ ਕਰ ਸਕੇ ਅਤੇ ਪੰਜਾਬ ਵਰਗੇ ਸਰਹੱਦੀ ਸੂਬੇ ਦੇ ਮਾਹੌਲ ਨੂੰ ਵਿਸਫੋਟਕ ਨਾ ਬਣਾ ਸਕੇ ।

ਸ. ਟਿਵਾਣਾ ਨੇ ਇਤਿਹਾਸਿਕ ਸਥਾਂਨ ਸੁਲਤਾਨਪੁਰ ਲੋਧੀ ਵਿਖੇ ਸਰਕਾਰ ਤੇ ਪੁਲਿਸ ਦੀਆਂ ਆਪਹੁਦਰੀਆ ਕਾਰਨ ਵਾਪਰੇ ਦੁਖਾਂਤ ਅਤੇ ਇਕ ਪੁਲਿਸ ਮੁਲਾਜਮ ਦੇ ਮਾਰੇ ਜਾਣ ਉਤੇ ਡੂੰਘਾਂ ਦੁੱਖ ਜਾਹਰ ਕਰਦੇ ਹੋਏ ਕਿਹਾ ਕਿ ਅਜਿਹੇ ਸਮਿਆ ਵਿਚ ਭਾਵੇ ਸਰਕਾਰਾਂ ਤੇ ਪੁਲਿਸ ਆਪਣੇ ਸਵਾਰਥੀ ਹਿੱਤਾ ਦੀ ਪੂਰਤੀ ਲਈ ਗੈਰ ਕਾਨੂੰਨੀ ਅਤੇ ਗੈਰ ਸਮਾਜਿਕ ਅਮਲ ਕਰਨ ਤੱਕ ਚਲੀਆ ਜਾਂਦੀਆ ਹਨ, ਪਰ ਉਸ ਵਿਚ ਜਾਨ ਗੁਆਉਣ ਵਾਲੇ ਦੋਵਾਂ ਧਿਰਾਂ ਵਿਚੋ ਕਿਸੇ ਵੀ ਧਿਰ ਦਾ ਸਾਥੀ ਹੋਵੇ ਉਹ ਪਹਿਲੇ ਪੰਜਾਬੀ ਤੇ ਸਿੱਖ ਹੀ ਹੁੰਦਾ ਹੈ । ਜੋ ਕਿ ਕਿਸੇ ਮਾਂ ਦਾ ਪੁੱਤ, ਕਿਸੇ ਬੀਬੀ ਦਾ ਪਤੀ, ਕਿਸੇ ਭੈਣ ਦਾ ਭਰਾ, ਕਿਸੇ ਪਿਤਾ ਦਾ ਪੁੱਤਰ ਹੁੰਦਾ ਹੈ । ਸਰੀਰਕ ਤੌਰ ਤੇ ਜਾ ਚੁੱਕੇ ਇਨਸਾਨ ਨੂੰ ਕੋਈ ਵੀ ਵਾਪਸ ਨਹੀ ਬੁਲਾ ਸਕਦਾ । ਸਰਕਾਰਾਂ ਤੇ ਸਿਆਸਤਦਾਨਾਂ ਨੂੰ ਕਿਸੇ ਦੇ ਜਾਨ ਉਤੇ ਕੋਈ ਦੁੱਖ ਨਹੀ ਹੁੰਦਾ, ਘਾਟਾ ਤਾਂ ਉਸ ਸੰਬੰਧਤ ਪਰਿਵਾਰ ਤੇ ਕੌਮ ਨੂੰ ਪੈਦਾ ਹੈ ਜਿਸ ਵਿਚੋ ਕੋਈ ਆਤਮਾ ਦੂਰ ਹੋ ਜਾਂਦੀ ਹੈ । ਇਸ ਲਈ ਅਜਿਹੇ ਸਮਿਆ ਉਤੇ ਸਰਕਾਰਾਂ ਅਤੇ ਸਿਆਸਤਦਾਨਾਂ ਨੂੰ ਆਪਣੇ ਸਿਆਸੀ, ਮਾਲੀ ਅਤੇ ਪਰਿਵਾਰਿਕ ਸਵਾਰਥਾਂ ਦੀ ਪੂਰਤੀ ਲਈ ਅਜਿਹੀਆ ਸਾਜਿਸਾਂ ਰਚਣ ਦੀ ਬਜਾਇ, ਹੋਣ ਵਾਲੇ ਮਨੁੱਖੀ ਅਤੇ ਸਮਾਜਿਕ ਨੁਕਸਾਨ ਦੇ ਦਰਦ ਨੂੰ ਆਪਣੇ ਜਹਿਨ ਵਿਚ ਰੱਖਿਆ ਜਾਣਾ ਚਾਹੀਦਾ ਹੈ ਤਾਂ ਕਿ ਕੋਈ ਵੀ ਸਾਜਿਸਕਾਰ, ਸਰਕਾਰ, ਹੁਕਮਰਾਨ ਜਾਂ ਸਿਆਸਤਦਾਨ ਅਜਿਹੀ ਮਨੁੱਖਤਾ ਮਾਰੂ ਅਤੇ ਨਫਰਤ ਪੈਦਾ ਕਰਨ ਵਾਲੀਆ ਕਾਰਵਾਈਆ ਨਾ ਕਰ ਸਕੇ ਅਤੇ ਸਮਾਜ ਵਿਰੋਧੀ ਮਾਹੌਲ ਹੀ ਨਾ ਬਣਨ ਦੇਵੇ ।

Leave a Reply

Your email address will not be published. Required fields are marked *