ਤਰਨਤਾਰਨ ਦੀ ਘਰਿਆਲਾ ਮੰਡੀ ਵਿਚ ਝੋਨਾ ਵੇਚਣ ਲਈ ਕਿਸਾਨਾਂ ਤੋ ਆੜਤੀਏ ਅਤੇ ਸੈਲਰ ਮਾਲਕ ਵੱਲੋਂ 200 ਰੁਪਏ ਪ੍ਰਤੀ ਕੁਇੰਟਲ ਰਿਸਵਤ ਲੈਣਾ ਅਤਿ ਸ਼ਰਮਨਾਕ : ਮਾਨ

ਫ਼ਤਹਿਗੜ੍ਹ ਸਾਹਿਬ, 26 ਨਵੰਬਰ ( ) “ਤਰਨਤਾਰਨ ਦੇ ਘਰਿਆਲਾ ਮੰਡੀ ਵਿਚ ਬਾਸਮਤੀ ਦੀ ਫਸਲ ਤਾਂ ਚੁੱਕੀ ਜਾ ਰਹੀ ਹੈ, ਲੇਕਿਨ ਝੋਨੇ ਦੀ ਫਸਲ ਨੂੰ ਚੁੱਕਣ ਲਈ ਆੜਤੀਆ ਅਤੇ ਸੈਲਰ ਮਾਲਕਾਂ ਵੱਲੋਂ ਕਿਸਾਨਾਂ ਤੋਂ 200 ਰੁਪਏ ਪ੍ਰਤੀ ਕੁਇੰਟਲ ਰਿਸਵਤ ਲਈ ਜਾ ਰਹੀ ਹੈ । ਜੋ ਕਿ ਜਿੰਮੀਦਾਰ ਵਰਗ ਨਾਲ ਬਹੁਤ ਵੱਡੀ ਬੇਇਨਸਾਫ਼ੀ ਅਤੇ ਅਤਿ ਸ਼ਰਮਨਾਕ ਕਾਰਵਾਈ ਹੈ । ਜਿਸਦੀ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਥੇ ਸਖਤ ਸ਼ਬਦਾਂ ਵਿਚ ਨਿੰਦਾ ਕਰਦਾ ਹੈ, ਉਥੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਖਬਰਦਾਰ ਕਰਦਾ ਹੈ ਕਿ ਉਹ ਕਿਹੜੀ ਜਗ੍ਹਾ ਕੁੰਭਕਰਨੀ ਨੀਂਦ ਸੁੱਤੇ ਪਏ ਹਨ ? ਜਦੋਕਿ ਮੁਲਕ ਦਾ ਢਿੱਡ ਭਰਨ ਵਾਲੇ ਕਿਸਾਨ ਵਰਗ ਨਾਲ ਇਹ ਵੱਡੀ ਜਿਆਦਤੀ ਹੋ ਰਹੀ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਤਰਨਤਾਰਨ ਦੀ ਘਰਿਆਲਾ ਮੰਡੀ ਦਾ ਬੀਤੇ ਦਿਨੀ ਦੌਰਾ ਕਰਨ ਉਪਰੰਤ ਜਿੰਮੀਦਾਰਾਂ ਨਾਲ ਹੋ ਰਹੀ ਵੱਡੀ ਜਿਆਦਤੀ ਅਤੇ ਸਰਕਾਰ ਵੱਲੋਂ ਇਸ ਗੰਭੀਰ ਵਿਸੇ ਤੇ ਕੋਈ ਵੀ ਅਮਲ ਨਾ ਹੋਣ ਉਤੇ ਗਹਿਰੀ ਚਿੰਤਾ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋਂ ਯੂਕਰੇਨ ਤੇ ਰੂਸ ਵਿਚ ਜੰਗ ਲੱਗੀ ਹੋਣ ਕਾਰਨ ਇਨ੍ਹਾਂ ਦੋਵੇ ਕਣਕ ਪੈਦਾ ਕਰਨ ਵਾਲੇ ਵੱਡੇ ਮੁਲਕਾਂ ਵਿਚ ਕਣਕ ਪੈਦਾ ਨਹੀ ਹੋਈ ਅਤੇ ਪੰਜਾਬ ਤੇ ਹਰਿਆਣੇ ਦੇ ਕਿਸਾਨਾਂ ਜਿਨ੍ਹਾਂ ਵੱਲੋ ਇੰਡੀਆ ਦੀ ਕਣਕ ਦੀ ਮੰਗ ਨੂੰ ਵੱਡੇ ਪੱਧਰ ਤੇ ਪੂਰਾ ਕੀਤਾ ਜਾ ਰਿਹਾ ਹੈ, ਉਨ੍ਹਾਂ ਨਾਲ ਅਜਿਹੀ ਜਿਆਦਤੀ ਕਰਕੇ ਕੀ ਕਿਸਾਨ ਵਰਗ ਦੀ ਮਾਲੀ ਹਾਲਤ ਨੂੰ ਕੰਮਜੋਰ ਕਰਨ ਦੀ ਸਰਕਾਰ ਤੇ ਉਨ੍ਹਾਂ ਦਾ ਪ੍ਰਬੰਧ ਜਿੰਮੇਵਾਰ ਨਹੀਂ ? ਉਨ੍ਹਾਂ ਕਿਹਾ ਕਿ ਜਿਸ ਕਿਸਾਨ ਵੱਲੋ ਅੱਤ ਦੀ ਗਰਮੀ-ਸਰਦੀ ਵਿਚ ਮਿਹਨਤ, ਮੁਸੱਕਤ ਕਰਕੇ ਆਪਣੀ ਫਸਲ ਨੂੰ ਪਾਲਿਆ ਜਾਂਦਾ ਹੈ, ਉਸ ਨੂੰ ਜੇਕਰ ਉਸਦੀ ਫਸਲ ਦੀ ਬਣਦੀ ਸਹੀ ਕੀਮਤ ਨਾ ਪ੍ਰਾਪਤ ਹੋਵੇ ਇਹ ਤਾਂ ਸਮੁੱਚੇ ਮੁਲਕ ਦੀ ਮਾਲੀ ਹਾਲਤ ਨੂੰ ਵੱਡੀ ਸੱਟ ਮਾਰਨ ਵਾਲੀ ਕਾਰਵਾਈ ਹੈ । ਉਨ੍ਹਾਂ ਮੰਗ ਕੀਤੀ ਕਿ ਇਹ ਕੇਵਲ ਤਰਨਤਾਰਨ ਜਾਂ ਘਰਿਆਲਾ ਵਿਚ ਹੀ ਨਹੀ ਹੋ ਰਿਹਾ, ਬਲਕਿ ਸਮੁੱਚੇ ਪੰਜਾਬ ਤੇ ਹਰਿਆਣੇ ਵਿਚ ਅਜਿਹੇ ਹਾਲਾਤ ਪੈਦਾ ਹੋ ਚੁੱਕੇ ਹਨ । ਲੇਕਿਨ ਇਸ ਵਿਸੇ ਤੇ ਸੈਟਰ ਤੇ ਪੰਜਾਬ ਦੀਆਂ ਸਰਕਾਰਾਂ ਵੱਲੋਂ ਕੋਈ ਨੋਟਿਸ ਨਾ ਲੈਣਾ ਜਾਹਰ ਕਰਦਾ ਹੈ ਕਿ ਦੋਵੇ ਸਰਕਾਰਾਂ ਪੰਜਾਬ ਤੇ ਹਰਿਆਣੇ ਸੂਬੇ ਦੇ ਜਿੰਮੀਦਾਰਾਂ ਵਰਗ ਨਾਲ ਬਹੁਤ ਵੱਡਾ ਵਿਤਕਰਾ ਕਰ ਰਹੀਆ ਹਨ । ਜਦੋਕਿ ਚਾਹੀਦਾ ਇਹ ਹੈ ਕਿ ਕਿਸਾਨ ਵਰਗ ਵੱਲੋ ਪੈਦਾ ਕੀਤੀ ਜਾਣ ਵਾਲੀ ਫਸਲ ਸਹੀ ਸਮੇ ਤੇ ਉਠਾਈ ਜਾਵੇ ਅਤੇ ਉਸਦੀ ਉਚਿਤ ਕੀਮਤ ਦਾ ਵੀ ਉਸਨੂੰ ਸਹੀ ਸਮੇ ਤੇ ਭੁਗਤਾਨ ਹੋਵੇ। ਕਿਉਂਕਿ ਪੰਜਾਬ ਸੂਬਾ ਖੇਤੀ ਪ੍ਰਧਾਨ ਸੂਬਾ ਹੈ ਜੇਕਰ ਜਿੰਮੀਦਾਰ ਵਰਗ ਨਾਲ ਅਜਿਹੀ ਜਿਆਦਤੀ ਬੰਦ ਨਾ ਕੀਤੀ ਗਈ, ਤਾਂ ਇਸ ਨਾਲ ਤਾਂ ਜਿੰਮੀਦਾਰ ਵਰਗ ਨਿਰਉਤਸਾਹਿਤ ਹੋ ਕੇ ਨਡਾਲ ਹੋ ਜਾਵੇਗਾ ਅਤੇ ਆਉਣ ਵਾਲੀ ਕਣਕ ਦੀ ਫਸਲ ਦਾ ਵੱਡੀ ਮਾਤਰਾ ਵਿਚ ਉਤਪਾਦ ਨਹੀ ਕਰ ਸਕੇਗਾ । ਜਿਸ ਨਾਲ ਸਮੁੱਚੇ ਮੁਲਕ ਦੀ ਮੰਗ ਅਨੁਸਾਰ ਕਣਕ ਪੈਦਾ ਨਹੀ ਹੋ ਸਕੇਗੀ ਅਤੇ ਇਸਦੀ ਵਜਹ ਕਾਰਨ ਭੁੱਖਮਰੀ ਵੀ ਹੋ ਸਕਦੀ ਹੈ । ਇਸ ਲਈ ਸਾਡੀ ਇਹ ਜੋਰਦਾਰ ਮੰਗ ਹੈ ਕਿ ਸਰਕਾਰੀ ਪੱਧਰ ਤੇ ਪੰਜਾਬ ਦੀਆਂ ਸਭ ਮੰਡੀਆਂ ਵਿਚ ਇਸ ਗੱਲ ਦਾ ਨਿਰੀਖਣ ਕੀਤਾ ਜਾਵੇ ਕਿ ਕੋਈ ਵੀ ਆੜਤੀ ਜਾਂ ਸੈਲਰ ਮਾਲਕ ਝੋਨੇ ਦੀ ਫਸਲ ਨੂੰ ਚੁੱਕਣ ਸਮੇ ਕਿਸੇ ਤਰ੍ਹਾਂ ਦੀ ਕਿਸਾਨ ਵਰਗ ਤੋ ਰਿਸਵਤ ਪ੍ਰਾਪਤ ਕਰਨ ਦੀ ਗੁਸਤਾਖੀ ਨਾ ਕਰੇ । ਜਿਥੇ ਅਜਿਹਾ ਹੋਵੇ ਉਥੇ ਉਸ ਨਾਲ ਸਖਤ ਤੋ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ।

ਸ. ਮਾਨ ਨੇ ਕਿਸਾਨ ਵਰਗ ਵੱਲੋ ਚੰਡੀਗੜ੍ਹ ਵਿਖੇ ਦਿੱਤੇ ਜਾ ਰਹੇ ਤਿੰਨ ਦਿਨਾਂ ਤੋ ਧਰਨੇ ਦੀ ਪੂਰਨ ਹਮਾਇਤ ਕਰਦੇ ਹੋਏ ਕਿਹਾ ਕਿ ਕਿਸਾਨ ਵਰਗ ਇਥੋ ਦੀ ਕਾਨੂੰਨੀ ਵਿਵਸਥਾਂ ਨੂੰ ਕਦੀ ਵੀ ਕਿਸੇ ਤਰ੍ਹਾਂ ਦਾ ਨੁਕਸਾਨ ਨਹੀ ਪਹੁੰਚਾਉਣਾ ਚਾਹੁੰਦਾ । ਲੇਕਿਨ ਜਦੋ ਉਸਦੀ ਫਸਲ ਦੀ ਐਮ.ਐਸ.ਪੀ ਨਹੀ ਦਿੱਤੀ ਜਾ ਰਹੀ, ਗੰਨੇ ਦੀ ਸਹੀ ਕੀਮਤ ਅਦਾ ਨਹੀ ਕੀਤੀ ਜਾ ਰਹੀ ਅਤੇ ਗੰਨੇ ਦਾ ਬਕਾਇਆ ਭੁਗਤਾਨ ਨਹੀ ਕੀਤਾ ਜਾ ਰਿਹਾ, ਤਾਂ ਮਜਬੂਰਨ ਕਿਸਾਨ ਵਰਗ ਨੂੰ ਅਜਿਹੇ ਧਰਨੇ ਦੇਣੇ ਪੈਦੇ ਹਨ । ਦੂਸਰਾ ਉਨ੍ਹਾਂ ਕਿਹਾ ਕਿ ਜੋ ਨਾੜ ਨੂੰ ਅੱਗ ਲਗਾਉਣ ਸੰਬੰਧੀ ਕਿਸਾਨ ਵਰਗ ਦੀ ਐਮ.ਐਸ.ਪੀ ਖਤਮ ਕਰਨ ਦੀ ਗੱਲ ਕੀਤੀ ਜਾ ਰਹੀ ਹੈ, ਉਹ ਤਾਂ ਸਰਕਾਰ ਦੀ ਵੱਡੀ ਅਣਗਹਿਲੀ ਹੈ । ਕਿਉਂਕਿ ਜਦੋ ਗੰਢਾ ਬੰਨਣ ਵਾਲੀਆ ਮਸੀਨਾਂ ਹੀ ਸਰਕਾਰ ਵੱਲੋ ਉਪਲੱਬਧ ਨਹੀ ਕਰਵਾਈਆ ਜਾ ਰਹੀਆ, ਫਿਰ ਕਿਸਾਨ ਵਰਗ ਕੋਲ ਨਾੜ ਨੂੰ ਅੱਗ ਲਗਾਉਣ ਤੋ ਬਿਨ੍ਹਾਂ ਹੋਰ ਕਿਹੜਾ ਰਾਹ ਰਹਿ ਜਾਂਦਾ ਹੈ ? ਉਨ੍ਹਾਂ ਸੈਟਰ ਤੇ ਪੰਜਾਬ ਦੀਆਂ ਸਰਕਾਰਾਂ ਨੂੰ ਖਬਰਦਾਰ ਕਰਦੇ ਹੋਏ ਕਿਹਾ ਕਿ ਇਹ ਹੋ ਰਹੀਆ ਜਿਆਦਤੀਆਂ ਬਿਲਕੁਲ ਸਹਿਣਯੋਗ ਨਹੀ । ਇਸ ਲਈ ਤੁਰੰਤ ਕਿਸਾਨ ਵਰਗ ਦੀਆਂ ਇਨ੍ਹਾਂ ਮੁਸਕਿਲਾਂ ਨੂੰ ਹੱਲ ਕੀਤਾ ਜਾਵੇ ਅਤੇ ਮਾਹੌਲ ਨੂੰ ਸ਼ਾਂਤ ਕੀਤਾ ਜਾਵੇ । ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕਿਸਾਨ ਵਰਗ ਦੀਆਂ ਜਾਇਜ ਮੰਗਾਂ ਦਾ ਪੂਰਨ ਸਮਰੱਥਨ ਕਰਦਾ ਹੈ ।

Leave a Reply

Your email address will not be published. Required fields are marked *