ਪ੍ਰੋਫੈਸਰ ਗੋਸਵਾਮੀ ਦੇ ਅਕਾਲ ਚਲਾਣੇ ਉਤੇ ਪੰਜਾਬ, ਹਿਮਾਚਲ ਅਤੇ ਪੱਛਮੀ ਆਰਟ ਨੂੰ ਪਿਆਰ ਕਰਨ ਵਾਲੇ ਪ੍ਰੇਮੀਆ ਨੂੰ ਇਕ ਵੱਡਾ ਘਾਟਾ ਪਿਆ : ਮਾਨ

ਫ਼ਤਹਿਗੜ੍ਹ ਸਾਹਿਬ, 18 ਨਵੰਬਰ ( ) “ਪ੍ਰੋਫੈਸਰ ਗੋਸਵਾਮੀ ਜੋ ਉਸ ਅਕਾਲ ਪੁਰਖ ਵੱਲੋ ਮਿਲੀ ਆਪਣੇ ਸਵਾਸਾਂ ਦੀ ਪੂੰਜੀ ਨੂੰ ਪੂਰਨ ਕਰਕੇ ਉਸ ਅਕਾਲ ਪੁਰਖ ਦੇ ਚਰਨਾਂ ਵਿਚ ਜਾ ਬਿਰਾਜੇ ਹਨ । ਜਿਨ੍ਹਾਂ ਦੇ ਚਲੇ ਜਾਣ ਨਾਲ ਪੰਜਾਬ, ਹਿਮਾਚਲ ਅਤੇ ਵਿਸ਼ਾਲ ਪੱਧਰ ਤੇ ਪੱਛਮੀ ਆਰਟ ਨੂੰ ਪਿਆਰ ਕਰਨ ਵਾਲਿਆ ਨੂੰ ਜਿਥੇ ਗਹਿਰਾ ਸਦਮਾ ਪਹੁੰਚਿਆ ਹੈ, ਉਥੇ ਇਕ ਆਰਟ ਨੂੰ ਹਰ ਪੱਧਰ ਤੇ ਪ੍ਰਸਾਰਣ ਤੇ ਪ੍ਰਚਾਰ ਕਰਨ ਵਾਲੀ ਇਕ ਅਹਿਮ ਸਖਸ਼ੀਅਤ ਤੋਂ ਵਾਂਝੇ ਹੋਣ ਦਾ ਘਾਟਾ ਪਿਆ ਹੈ ।”

ਇਸ ਦੁੱਖ ਦਾ ਪ੍ਰਗਟਾਵਾ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਰਟ ਦੀਆਂ ਸਮੁੱਚੀਆ ਬਾਰੀਕੀਆ ਅਤੇ ਇਸਦੀ ਪ੍ਰਗਤੀ ਦੇ ਤੱਥਾਂ ਨੂੰ ਜਾਨਣ ਵਾਲੇ ਪ੍ਰੋਫੈਸਰ ਗੋਸਵਾਮੀ ਦੇ ਚਲੇ ਜਾਣ ਉਤੇ ਗਹਿਰਾ ਦੁੱਖ ਜਾਹਰ ਕਰਦੇ ਹੋਏ, ਪ੍ਰੋ. ਗੋਸਵਾਮੀ ਦੇ ਪਰਿਵਾਰਿਕ ਮੈਬਰਾਂ, ਸੰਬੰਧੀਆਂ, ਹਿਮਾਚਲ ਨਿਵਾਸੀਆ ਅਤੇ ਸਮੁੱਚੇ ਇੰਡੀਆ ਦੇ ਉਨ੍ਹਾਂ ਨਿਵਾਸੀਆ ਜੋ ਆਰਟ ਨੂੰ ਪਿਆਰ ਕਰਦੇ ਹਨ ਉਨ੍ਹਾਂ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਅਤੇ ਉਸ ਨੇਕ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਪ੍ਰੋ. ਗੋਸਵਾਮੀ ਕੇਵਲ ਇਕ ਅੱਛੇ ਪ੍ਰੋਫੈਸਰ ਤੇ ਅਧਿਆਪਕ ਹੀ ਨਹੀ ਸਨ ਬਲਕਿ ਉਹ ਆਪਣੀ ਲਾਇਨ ਦੇ ਬਾਦਲੀਲ ਢੰਗ ਨਾਲ ਵੱਡੇ ਅਲੋਚਕ ਵੀ ਸਨ । ਉਹ ਸੰਸਾਰ ਦੇ ਹਰ ਤਰ੍ਹਾਂ ਦੇ ਆਰਟ ਨੂੰ ਡੂੰਘਾਈ ਤੋ ਜਾਨਣ ਵਾਲੇ ਅਤੇ ਉਸ ਨੂੰ ਸਮਝਣ ਵਾਲੀ ਸਖਸ਼ੀਅਤ ਸਨ । ਜਿਨ੍ਹਾਂ ਨੇ ਕਾਂਗੜਾ ਦੇ ਆਰਟ ਸਕੂਲ ਤੋ ਇਹ ਮੁਹਾਰਤ ਹਾਸਿਲ ਕੀਤੀ ਅਤੇ ਕਦੀ ਵੀ ਪਿੱਛੇ ਮੁੜਕੇ ਨਾ ਦੇਖਿਆ ਬਲਕਿ ਆਪਣੇ ਖੇਤਰ ਵਿਚ ਸੁਹਿਰਦਤਾ ਨਾਲ ਅੱਗੇ ਵੱਧਦੇ ਗਏ । ਅਸੀ ਇਹ ਮਹਿਸੂਸ ਕਰਦੇ ਹਾਂ ਕਿ ਪੰਜਾਬ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਵੱਲੋਂ ਪ੍ਰੋਫੈਸਰ ਗੋਸਵਾਮੀ ਦੀ ਨਿੱਘੀ ਯਾਦ ਵਿਚ ਸੰਬੰਧਤ ਦੋਵੇ ਮੁਲਕਾਂ ਦੀਆਂ ਯੂਨੀਵਰਸਿਟੀਆਂ ਵਿਚ ਚੇਅਰ ਸਥਾਪਿਤ ਹੋਣੀ ਚਾਹੀਦੀ ਹੈ ਤਾਂ ਕਿ ਉਨ੍ਹਾਂ ਵੱਲੋ ਆਰਟ ਖੇਤਰ ਵਿਚ ਆਪਣੇ ਤੁਜਰਬਿਆ ਰਾਹੀ ਪ੍ਰਦਾਨ ਕੀਤੀ ਗਈ ਵਿਦਵਤਾ ਅਤੇ ਨੁਕਤਿਆ ਨੂੰ ਆਉਣ ਵਾਲੀਆ ਪੀੜ੍ਹੀਆ ਨੂੰ ਸਿਖਾਉਦੇ ਅਤੇ ਟ੍ਰੇਨਡ ਕਰਦੇ ਹੋਏ ਉਨ੍ਹਾਂ ਦੀ ਯਾਦ ਨੂੰ ਸਦਾ ਤਾਜਾ ਰੱਖਿਆ ਜਾ ਸਕੇ । ਜੋ ਕਾਂਗੜੇ ਦਾ ਆਰਟ ਸਕੂਲ ਸੀ ਉਸਦਾ ਲਾਹੌਰ ਖ਼ਾਲਸਾ ਰਾਜ ਦਰਬਾਰ ਦੇ ਸਮੇ ਤੋ ਹੀ ਵੱਡੀ ਮਹੱਤਤਾ ਹੈ ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਸਮੇ ਵੀ ਉਸ ਆਰਟ ਤੋ ਅਗਵਾਈ ਲੈਦੇ ਹੋਏ ਪ੍ਰਫੁੱਲਿਤ ਕੀਤਾ । ਇਹ ਬਹੁਤ ਘੱਟ ਲੋਕਾਂ ਨੂੰ ਜਾਣਕਾਰੀ ਹੈ ਕਿ ਪ੍ਰੋਫੈਸਰ ਗੋਸਵਾਮੀ ਕਾਂਗੜੇ ਦੀ ਇਕ ਸਾਹੀ ਪਰਿਵਾਰ ਵਿਚ ਵਿਆਹੇ ਹੋਏ ਸਨ, ਇਹ ਕੇਵਲ ਕਾਂਗੜੇ ਦੀ ਮਹਾਰਾਣੀ ਸੀ, ਜੋ ਮਹਾਰਾਜਾ ਰਣਜੀਤ ਸਿੰਘ ਦੀ ਚਿਤਾ ਨਾਲ ਸਤੀ ਹੋਈ ਸੀ । ਇਥੇ ਇਹ ਵਰਣਨ ਕਰਨਾ ਜਰੂਰੀ ਹੈ ਕਿ ਪ੍ਰੋਫੈਸਰ ਗੋਸਵਾਮੀ ਭਾਰਤੀ ਅਤੇ ਕਾਂਗੜਾ ਪੇਟਿੰਗ ਤੋ ਇਲਾਵਾ ਮੱਧਕਾਲੀ ਕਲਾਂ, ਪੁਨਰਜਾਗਰਣ, ਨਿਓਕਲਾਸਿਸਿਜ਼ਮ, ਰੋਮਾਸਵਾਦ, ਆਧੁਨਿਕ ਕਲਾਂ ਅਤੇ ਸਮਕਾਲੀ ਕਲਾਂ ਦੀ ਭਰਪੂਰ ਵਾਕਫੀਅਤ ਰੱਖਦੇ ਸਨ ।

Leave a Reply

Your email address will not be published. Required fields are marked *